ਕੁਲਦੀਪ ਨਈਅਰ
ਪੰਡਿਤ ਜਵਾਹਰ ਲਾਲ ਨਹਿਰੂ ਮੇਰੇ ਲਈ ਨਾਇਕ ਸਨ ਅਤੇ ਮੈਨੂੰ ਲੱਗਦਾ ਸੀ ਕਿ ਜੇਕਰ ਨਹਿਰੂ ਚੀਨ ਨਾਲ ਕਿਸੇ ਵਿਵਾਦ ’ਚ ਨਹੀਂ ਪੈਣਾ ਚਾਹੁੰਦੇ ਸਨ ਤਾਂ ਇਸ ਦਾ ਕੋਈ ਕਾਰਨ ਤਾਂ ਹੋਵੇਗਾ। ਅਸਲ ਵਿਚ ਉਸ ਮੌਕੇ ਨਹਿਰੂ ਦੇਸ਼ ਦੇ ਵਿਕਾਸ ਤੋਂ ਧਿਆਨ ਲਾਂਭੇ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਭਾਰਤ ਅਤੇ ਚੀਨ ਦੀ 2400 ਮੀਲ ਲੰਬੀ ਸਰਹੱਦ ’ਤੇ ਨਿਗਰਾਨੀ ਦਾ ਪ੍ਰਬੰਧ ਕਰਨ ਦਾ ਮਤਲਬ ਸੀ ਕਿ ਭਾਰਤ ਨੂੰ ਇਕ ਮੋਟੀ ਰਾਸ਼ੀ ਹਥਿਆਰ ਖਰੀਦਣ ’ਤੇ ਖਰਚਣੀ ਪੈਣੀ ਸੀ। ਨਹਿਰੂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਇਨ੍ਹਾਂ ਦੋ ਵੱਡੀਆਂ ਤਾਕਤਾਂ ਦਾ ਟਕਰਾਅ ਹੋ ਸਕਦਾ ਹੈ ਜਿਸ ਦੇ ਸਿੱਟਿਆਂ ਤੋਂ ਊਹ ਭਲੀ-ਭਾਂਤ ਜਾਣੂ ਸਨ। ਉਹ ਕਿਸੇ ਵੀ ਸੂਰਤ ਇਹ ਟਕਰਾਅ ਟਾਲਣਾ ਚਾਹੁੰਦੇ ਸਨ। ਨਹਿਰੂ ਦੇ ਆਪਣੇ ਸ਼ਬਦਾਂ ਅਨੁਸਾਰ ‘ਇਸ ਟਕਰਾਅ ਦੇ ਝਟਕੇ ਵਿਸ਼ਵ ਭਰ ’ਚ ਮਹਿਸੂਸ ਕੀਤੇ ਜਾਣਗੇ।’ ਕਾਰਨ ਭਾਵੇਂ ਕੋਈ ਵੀ ਹੋਵੇ ਪ੍ਰੰਤੂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਨਹਿਰੂ ਨੇ ਚੀਨ ਪ੍ਰਤੀ ਹਮਲਾਵਰ ਰੁਖ਼ ਅਪਣਾਉਣ ਦੀ ਥਾਂ ਖ਼ਾਮੋਸ਼ ਸਫ਼ਾਰਤੀ ਸੰਪਰਕਾਂ ਰਾਹੀਂ ਬਹੁਤ ਹਲੀਮੀ ਨਾਲ ਚੀਨ ਕੋਲ ਇਹ ਮਸਲਾ ਉਠਾਉਣ ਨੂੰ ਤਰਜੀਹ ਦਿੱਤੀ। ਭਾਰਤੀ ਅਧਿਕਾਰੀਆਂ ਨੇ ਚੀਨੀ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਗੱਲ ਵੱਲ ਧਿਆਨ ਦੁਆਇਆ ਕਿ ਚੀਨ ਵੱਲੋਂ ਦੋਹਾਂ ਦੇਸ਼ਾਂ ਦੀ ਰਵਾਇਤੀ ਸੀਮਾ ਰੇਖਾ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ਲਈ ਸਭ ਤੋਂ ਫ਼ਿਕਰ ਵਾਲੀ ਗੱਲ ਇਹ ਸੀ ਕਿ ਚੀਨ ਵੱਲੋਂ ਭੁਟਾਨ ਦੇ ਕੁਝ ਹਿੱਸੇ ਨੂੰ ਤਿੱਬਤ ਵਿਚ ਦਰਸਾ ਕੇ ਚੀਨ ਦਾ ਹਿੱਸਾ ਦਰਸਾਇਆ ਜਾ ਰਿਹਾ ਸੀ।
ਚੀਨ ਨੇ ਭਾਰਤੀ ਅਧਿਕਾਰੀਆਂ ਦੇ ਇਸ ਮਾਮਲੇ ਸਬੰਧੀ ਲਿਖੇ ਪੱਤਰ ਦੇ ਜਵਾਬ ਵਿਚ ਆਖਿਆ ਕਿ ਉਨ੍ਹਾਂ ਦੇ ਨਕਸ਼ਿਆਂ ਵਿਚਲੀ ਉਕਾਈ ਦਾ ਕਾਰਨ ਇਹ ਹੈ ਕਿ ਇਹ ਨਕਸ਼ੇ ਪੁਰਾਣੇ ਨਕਸ਼ਿਆਂ ’ਤੇ ਆਧਾਰਿਤ ਹਨ ਅਤੇ ਛੇਤੀ ਇਸ ਸਬੰਧੀ ਨਵੇਂ ਸਿਰਿਓਂ ਸਲਾਹ-ਮਸ਼ਵਰਾ ਅਤੇ ਸਰਵੇ ਕਰਵਾ ਕੇ ਲੋੜੀਂਦੀ ਸੋਧ ਕਰ ਲਈ ਜਾਵੇਗੀ। ਅਸਲ ਵਿਚ ਚੀਨ ਨੇ ਅਜਿਹਾ ਜਵਾਬ ਦੇ ਕੇ ਭਾਰਤ ਦਾ ਧਿਆਨ ਇਸ ਪਾਸਿਓਂ ਹਟਾ ਦਿੱਤਾ ਕਿ ਉਹ ਭਾਰਤ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਧਰ ਜਦੋਂ ਕਾਫ਼ੀ ਸਮਾਂ ਬੀਤਣ ’ਤੇ ਵੀ ਚੀਨ ਨੇ ਭਾਰਤ ਵੱਲੋਂ ਪ੍ਰਗਟਾਏ ਤੌਖ਼ਲੇ ਦੂਰ ਕਰਨ ਸਬੰਧੀ ਕੋਈ ਗੱਲ ਨਾ ਕੀਤੀ ਤਾਂ ਨਹਿਰੂ ਨੂੰ ਚੀਨ ਦੀ ਨੀਅਤ ’ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ।
ਸੰਨ 1961 ਦੇ ਮੱਧ ਤੱਕ ਚੀਨ ਦੀਆਂ ਸਰਹੱਦੀ ਫ਼ੌਜਾਂ ਆਪਣੀ 1958 ਵਾਲੀ ਪੁਜ਼ੀਸ਼ਨ ਨੂੰ ਛੱਡ ਕੇ ਸਿਨਕਿਆਂਗ-ਤਿੱਬਤ ਸੜਕ ਤੋਂ 70 ਮੀਲ ਪੱਛਮ ਤੱਕ ਦਾਖਲ ਹੋ ਗਈਆਂ। ਇਸ ਦਾ ਮਤਲਬ ਸੀ ਕਿ ਚੀਨ ਨੇ ਭਾਰਤ ਦੇ 12,000 ਵਰਗ ਮੀਲ ਖੇਤਰ ’ਤੇ ਕਬਜ਼ਾ ਕਰ ਲਿਆ ਸੀ। ਬਹੁਤ ਵਰ੍ਹਿਆਂ ਮਗਰੋਂ ਇਕ ਵਾਰ ਕ੍ਰਿਸ਼ਨਾ ਮੈਨਨ ਨੇ ਮੈਨੂੰ ਆਖਿਆ ਸੀ ਕਿ ਕਦੇ ਕਿਸੇ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਭਾਰਤ ਨੇ ਵੀ ਚੀਨ ਦੇ 4000 ਵਰਗ ਮੀਲ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ।
ਅਜਿਹੀਆਂ ਘਟਨਾਵਾਂ ਦਾ ਸਿੱਟਾ ਅੰਤ ਜੰਗ ਦੇ ਰੂਪ ਵਿਚ ਸਾਹਮਣੇ ਆਇਆ। ਉਸ ਵੇਲੇ ਦੇ ਥਲ ਸੈਨਾ ਮੁਖੀ ਜਨਰਲ ਪੀ.ਐੱਨ. ਥਾਪਰ ਅਤੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨਾਲ ਗੱਲਬਾਤ ਕਰਕੇ ਮੈਂ ਜੰਗ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕੀਤਾ। ਅਸਲ ਵਿਚ ਦੇਸ਼ ਵਿਚ ਚੀਨ ਦੇ ਮੁੱਦੇ ’ਤੇ ਆਪਣੀ ਲਗਾਤਾਰ ਹੋ ਰਹੀ ਆਲੋਚਨਾ ਤੋਂ ਖਿਝ ਕੇ ਨਹਿਰੂ ਨੇ ਜਨਰਲ ਥਾਪਰ ਨੂੰ ਹੁਕਮ ਦਿੱਤਾ ਕਿ ਉਹ ਚੀਨ ਵੱਲੋਂ ਭਾਰਤੀ ਖੇਤਰ ਅੰਦਰ ਉਸਾਰੀਆਂ ਗਈਆਂ ਚੌਕੀਆਂ ’ਚੋਂ ਉਸ ਦੇ (ਚੀਨੀ) ਫ਼ੌਜੀਆਂ ਨੂੰ ਖਦੇੜ ਦੇਣ। ਸੈਨਾ ਮੁਖੀ ਵੱਲੋਂ ਇਹ ਕਾਰਵਾਈ ਕਰਨ ’ਚ ਥੋੜ੍ਹੀ ਝਿਜਕ ਦਿਖਾਈ ਗਈ ਕਿਉਂਕਿ ਊਸ ਅਨੁਸਾਰ ਅਜਿਹਾ ਕਰਨਾ ਭੂੰਡਾਂ ਦੇ ਖੱਖਰ ਨੂੰ ਛੇੜਨ ਵਾਲੀ ਗੱਲ ਹੋਵੇਗੀ। ਇਸ ਮੌਕੇ ਕ੍ਰਿਸ਼ਨਾ ਮੈਨਨ ਦੀ ਅਗਵਾਈ ਹੇਠ ਇਕ ਮੀਟਿੰਗ ਸੱਦੀ ਗਈ। ਮੀਟਿੰਗ ਵਿਚ ਜਨਰਲ ਥਾਪਰ ਨੇ ਆਪਣੇ ਖਦਸ਼ੇ ਜ਼ਾਹਰ ਕਰਦਿਆਂ ਦਲੀਲ ਦਿੱਤੀ ਕਿ ਚੀਨ ਦੇ ਮੁਕਾਬਲੇ ਭਾਰਤ ਦੀ ਇਸ ਜੰਗ ਲਈ ਕੋਈ ਬਹੁਤੀ ਤਿਆਰੀ ਨਹੀਂ ਹੈ ਕਿਉਂਕਿ ਮੌਜੂਦਾ ਸਥਿਤੀ ਵਿਚ ਜੇਕਰ ਅਨੁਪਾਤ ਦੇਖਿਆ ਜਾਵੇ ਤਾਂ ਚੀਨ ਦੇ ਛੇ ਫ਼ੌਜੀਆਂ ਦੇ ਮੁਕਾਬਲੇ ਭਾਰਤ ਕੋਲ ਕੇਵਲ ਇਕ ਫ਼ੌਜੀ ਹੈ।
ਮੈਨਨ ਨੇ ਇਸ ਮੌਕੇ ਬਹੁਤ ਹੀ ਭਰੋਸੇ ਨਾਲ ਆਖਿਆ ਕਿ ਜਨੇਵਾ ’ਚ ਉਸ ਦੀ ਚੀਨ ਦੇ ਉੱਪ ਪ੍ਰਧਾਨ ਮੰਤਰੀ ਚੇਨ ਯੀ ਨਾਲ ਮੁਲਾਕਾਤ ਹੋਈ ਹੈ ਅਤੇ ਉਸ ਨੇ ਭਰੋਸਾ ਦਿਵਾਇਆ ਹੈ ਕਿ ਚੀਨ ਕਿਸੇ ਵੀ ਸੂਰਤ ਸਰਹੱਦ ਦੇ ਮੁੱਦੇ ’ਤੇ ਭਾਰਤ ਨਾਲ ਜੰਗ ’ਚ ਨਹੀਂ ਉਲਝੇਗਾ। ਇਕ ਵਾਰੀ ਜਦੋਂ ਮੈਂ ਮੈਨਨ ਨੂੰ ਪੁੱਛਿਆ ਕਿ ਜਨਰਲ ਥਾਪਰ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਕੀ ਸਹੀ ਹੈ ਤਾਂ ਉਸ ਨੇ ਵਿਅੰਗ ਨਾਲ ਜਵਾਬ ਦਿੱਤਾ, ‘‘ਉਹ ਦੰਦ ਬੋੜਾ ਬੁੱਢਾ (ਜਨਰਲ ਥਾਪਰ), ਉਸ ਨੂੰ ਕੀ ਪਤਾ ਹੈ ਕਿ ਜੰਗ ਕਿਵੇਂ ਲੜੀ ਜਾਂਦੀ ਹੈ।’’
ਥਾਪਰ ਨੇ 1960 ਵਿਚ ਜਦੋਂ ਫ਼ੌਜ ਮੁਖੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਸ ਨੇ ਸਰਕਾਰ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਹਥਿਆਰਾਂ ਅਤੇ ਹੋਰ ਸਾਜ਼ੋ-ਸਮਾਨ ਪੱਖੋਂ ਭਾਰਤ ਦੀ ਹਾਲਤ ਏਨੀ ਮਾੜੀ ਹੈ ਕਿ ਜੇਕਰ ਇਸ ਵੇਲੇ ਪਾਕਿਸਤਾਨ ਜਾਂ ਚੀਨ ਭਾਰਤ ’ਤੇ ਹਮਲਾ ਕਰ ਦੇਵੇ ਤਾਂ ਉਹ ਭਾਰਤ ਨੂੰ ਬਹੁਤ ਆਸਾਨੀ ਨਾਲ ਹਰਾ ਸਕਦਾ ਹੈ। ਇਹ ਤੱਥ ਨਹਿਰੂ ਵੱਲੋਂ ਸੰਸਦ ਵਿਚ ਦਿੱਤੇ ਇਸ ਬਿਆਨ ਤੋਂ ਕੋਹਾਂ ਦੂਰ ਸੀ ਜਿਸ ਵਿਚ ਉਨ੍ਹਾਂ ਆਖਿਆ ਸੀ, ‘‘ਮੈਂ ਸੰਸਦ ਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਆਜ਼ਾਦੀ ਹਾਸਲ ਕਰਨ ਮਗਰੋਂ ਭਾਰਤ ਦੀ ਸੁਰੱਖਿਆ ਪੱਖੋਂ ਸਥਿਤੀ ਏਨੀ ਮਜ਼ਬੂਤ ਪਹਿਲਾਂ ਕਦੇ ਵੀ ਨਹੀਂ ਸੀ, ਜਿੰਨੀ ਹੁਣ ਹੈ।’’
ਸਮੁੱਚੀ ਪ੍ਰਸਥਿਤੀ ਦੇ ਮੱਦੇਨਜ਼ਰ ਜਾਪਦਾ ਹੈ ਕਿ ਫ਼ੌਜ ਦੇ ਪੁਨਰਗਠਨ ਅਤੇ ਉਸ ਨੂੰ ਨਵੇਂ ਸਿਰਿਓਂ ਹਥਿਆਰਬੰਦ ਕੀਤੇ ਬਗੈਰ ਹੀ ਭਾਰਤ ਚੀਨ ਨਾਲ ਜੰਗ ਲੜਨ ਲਈ ਦ੍ਰਿੜ ਸੀ। ਮੈਨਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਗ੍ਰਹਿ ਮੰਤਰਾਲੇ ਦੇ ਊਸ ਵੇਲੇ ਦੇ ਐਡੀਸ਼ਨਲ ਸੈਕਟਰੀ ਵੀ. ਵਿਸ਼ਵਨਾਥਨ ਨੂੰ ਛੱਡ ਕੇ ਹੋਰ ਕਿਸੇ ਨੇ ਵੀ ਥਾਪਰ ਦਾ ਪੱਖ ਨਹੀਂ ਪੂਰਿਆ। ਵਿਸ਼ਵਨਾਥਨ ਨੇ ਇਹ ਦਲੀਲ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ਜੇਕਰ ਜਨਰਲ ਥਾਪਰ ਇਹ ਮਹਿਸੂਸ ਕਰਦੇ ਹਨ ਕਿ ਭਾਰਤ ਜੰਗ ਲਈ ਤਿਆਰ ਨਹੀਂ ਹੈ ਤਾਂ ਸਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਪ੍ਰੰਤੂ ਮੈਨਨ ਚੀਨ ਉੱਤੇ ਹਮਲਾ ਕਰਨ ਲਈ ਦ੍ਰਿੜ ਸੀ।
ਜਨਰਲ ਥਾਪਰ ਨੇ ਜਦੋਂ ਮਹਿਸੂਸ ਕਰ ਲਿਆ ਕਿ ਹੁਣ ਫ਼ੌਜੀ ਕਾਰਵਾਈ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ ਤਾਂ ਉਸ ਨੇ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ। ਜਨਰਲ ਥਾਪਰ ਵੱਲੋਂ ਨਹਿਰੂ ਦੇ ਨਿਵਾਸ ਲਈ ਰਵਾਨਾ ਹੋਣ ਤੋਂ ਕੁਝ ਮਿੰਟ ਪਹਿਲਾਂ ਉਸ ਵੇਲੇ ਦੇ ਕੈਬਨਿਟ ਸਕੱਤਰ ਐੱਸ.ਐੱਸ. ਖੇੜਾ ਨੇ ਉਸ ਨੂੰ ਆਖਿਆ, ‘‘ਜਨਰਲ, ਜੇ ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਕਦੇ ਵੀ ਪੰਡਿਤ ਜੀ ਮੂਹਰੇ ਆਪਣੇ ਤੌਖ਼ਲੇ ਜ਼ਾਹਰ ਨਾ ਕਰਦਾ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਪ੍ਰਧਾਨ ਮੰਤਰੀ ਨੂੰ ਲੱਗੇਗਾ ਕਿ ਤੁਸੀਂ ਜੰਗ ਲੜਨ ਤੋਂ ਡਰ ਰਹੇ ਹੋ।’’ ਥਾਪਰ ਨੇ ਇਸ ’ਤੇ ਬਹੁਤ ਹੀ ਹਲੀਮੀ ਨਾਲ ਖੇੜਾ ਨੂੰ ਜਵਾਬ ਦਿੱਤਾ, ‘‘ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਪ੍ਰਧਾਨ ਮੰਤਰੀ ਨੂੰ ਹਕੀਕਤ ਤੋਂ ਜਾਣੂ ਕਰਵਾਵਾਂ ਤੇ ਅੱਗੋਂ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਕੀ ਫ਼ੈਸਲਾ ਲੈਂਦੇ ਹਨ।’’
ਥਾਪਰ ਦੇ ਕਾਰ ਵਿਚ ਬੈਠਣ ਤੋਂ ਪਹਿਲਾਂ ਖੇੜਾ ਨੇ ਇਕ ਵਾਰੀ ਫੇਰ ਆਖਿਆ ਕਿ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਭਾਰਤ ਨੇ ਇਹ ਜੰਗ ਨਾ ਲੜੀ ਤਾਂ ਸਰਕਾਰ ਡਿੱਗ ਜਾਵੇਗੀ। ਥਾਪਰ ਨੇ ਇਸ ਤੋਂ ਬਾਅਦ ਕੋਈ ਦਲੀਲ ਨਾ ਦਿੱਤੀ ਪ੍ਰੰਤੂ ਉਸ ਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਚੀਨ ਨਾਲ ਟਕਰਾਅ ਦਾ ਰਾਹ ਅਖਤਿਆਰ ਕਰਨ ਦਾ ਫ਼ੈਸਲਾ ਸਿਆਸੀ ਮਜਬੂਰੀਆਂ ਤੋਂ ਪ੍ਰੇਰਿਤ ਹੈ।
ਜਨਰਲ ਥਾਪਰ ਨੇ ਨਹਿਰੂ ਨਾਲ ਮੁਲਾਕਾਤ ’ਚ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਭਾਰਤੀ ਫ਼ੌਜ ਨੂੰ ਜਿਹੜੀ ਫ਼ੌਜੀ ਕਾਰਵਾਈ ਕਰਨ ਲਈ ਆਖਿਆ ਜਾ ਰਿਹਾ ਹੈ, ਉਸ ਦੇ ਲਈ ਨਾ ਤਾਂ ਉਹ ਤਿਆਰ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਿੱਖਿਅਤ ਹੈ। ਇਸ ਤੋਂ ਇਲਾਵਾ ਫ਼ੌਜ ਕੋਲ ਲੋੜੀਂਦਾ ਸਾਜ਼ੋ-ਸਾਮਾਨ ਵੀ ਨਹੀਂ ਹੈ। ਮੈਨਨ ਨੇ ਰੱਖਿਆ ਮੰਤਰੀ ਬਣਨ ਤੋਂ ਪਹਿਲਾਂ ਇਕ ਵਾਰੀ ਮੈਨੂੰ ਦੱਸਿਆ ਸੀ ਕਿ ਹਕੀਕਤ ਇਹ ਹੈ ਕਿ ਭਾਰਤ ਕੋਲ ਮਹਿਜ਼ ਨਾਂ ਦੀ ਹੀ ਫ਼ੌਜ ਹੈ ਅਤੇ ਇਸ ਕੋਲ ਲੋੜੀਂਦਾ ਸਾਜ਼ੋ-ਸਾਮਾਨ ਵੀ ਨਹੀਂ ਹੈ।
ਉੱਧਰ ਦੂਜੇ ਪਾਸੇ ਨਹਿਰੂ ਦਾ ਕਹਿਣਾ ਸੀ ਕਿ ਮੈਨਨ ਨੇ ਉਸ ਨੂੰ ਦੱਸਿਆ ਹੈ ਕਿ ਭਾਰਤ ਵੱਲੋਂ ਲੋੜੀਂਦੇ ਫ਼ੌਜੀ ਸਾਜ਼ੋ-ਸਾਮਾਨ ਦਾ ਵੱਡਾ ਹਿੱਸਾ ਖ਼ੁਦ ਤਿਆਰ ਕੀਤਾ ਜਾਂਦਾ ਹੈ। ਥਾਪਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਜੰਗ ਲਈ ਲੋੜੀਂਦੇ ਹਥਿਆਰਾਂ ਦੇ ਮਾਮਲੇ ’ਚ ਭਾਰਤ ਦੀ ਹਾਲਤ ਕਾਫ਼ੀ ਖਸਤਾ ਹੈ। ਇਸ ਮੌਕੇ ਉਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵੱਲੋਂ ਲਿਖੇ ਉਸ ਪੱਤਰ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਫ਼ੌਜ ਦੀ ਮਾੜੀ ਹਾਲਤ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਸੀ। ਜਨਰਲ ਥਾਪਰ ਦੀ ਗੱਲ ਸੁਣ ਕੇ ਪੰਡਿਤ ਨਹਿਰੂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਅਜਿਹਾ ਕੋਈ ਪੱਤਰ ਨਹੀਂ ਮਿਲਿਆ।
ਪੰਡਿਤ ਨਹਿਰੂ ਨੇ ਇਸ ਮੌਕੇ ਥਾਪਰ ਦਾ ਹੌਸਲਾ ਵਧਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਮਿਲੀ ਹੈ ਕਿ ਜੇਕਰ ਇਨ੍ਹਾਂ ਸਰਹੱਦੀ ਚੌਕੀਆਂ ਨੂੰ ਚੀਨੀ ਫ਼ੌਜੀਆਂ ਦੇ ਕਬਜ਼ੇ ’ਚੋਂ ਛੁਡਾਉਣ ਲਈ ਭਾਰਤੀ ਫ਼ੌਜ ਨੇ ਕੋਈ ਕਾਰਵਾਈ ਕੀਤੀ ਤਾਂ ਚੀਨ ਮੂਹਰਿਓਂ ਜਵਾਬੀ ਕਾਰਵਾਈ ਨਹੀਂ ਕਰੇਗਾ। ਥਾਪਰ ਨੂੰ ਫੌਰੀ ਸਮਝ ਆ ਗਈ ਸੀ ਕਿ ਪੰਡਿਤ ਨਹਿਰੂ ਨੂੰ ਇਹ ਪੱਕੀ ਜਾਣਕਾਰੀ ਕਿੱਥੋਂ ਮਿਲੀ ਹੈ। ਭਾਰਤ ਸਰਕਾਰ ਨੇ ਚੀਨ ਦੀ ਉਸ ਚਿਤਾਵਨੀ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ ਜਿਸ ਵਿਚ ਆਖਿਆ ਗਿਆ ਸੀ ਕਿ ਭਾਰਤੀ ਹਮਲਾਵਰਾਂ ਨੂੰ ਆਪਣੀ ਇਸ ਕਾਰਵਾਈ ਦਾ ਮੁੱਲ ਚੁਕਾਉਣਾ ਪਵੇਗਾ।
ਜਨਰਲ ਥਾਪਰ ਅਜੇ ਵੀ ਜੋਖ਼ਮ ਉਠਾਉਣ ਲਈ ਤਿਆਰ ਨਹੀਂ ਸੀ। ਉਸ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਉਹ ਇਸ ਮੁੱਦੇ ’ਤੇ ਕੁਝ ਹੋਰ ਫ਼ੌਜੀ ਕਮਾਂਡਰਾਂ ਨਾਲ ਵੀ ਗੱਲ ਕਰ ਲੈਣ ਅਤੇ ਭਾਰਤ ਦੀ ਪੂਰਬੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਪ੍ਰਦੀਪ ਸੇਨ, ਜੋ ਉਸ ਵੇਲੇ ਰੱਖਿਆ ਮੰਤਰਾਲੇ ਵਿਚਲੇ ਜਨਰਲ ਥਾਪਰ ਦੇ ਕਮਰੇ ’ਚ ਬੈਠੇ ਸਨ, ਨੂੰ ਪੰਡਿਤ ਨਹਿਰੂ ਨੇ ਫੌਰੀ ਗੱਲਬਾਤ ਲਈ ਸੱਦ ਲਿਆ। ਪ੍ਰਦੀਪ ਸੇਨ ਨੇ ਵੀ ਜਨਰਲ ਥਾਪਰ ਵਾਲੇ ਵਿਚਾਰਾਂ ਦਾ ਹੀ ਪ੍ਰਗਟਾਵਾ ਕੀਤਾ। ਉਸ ਦਾ ਵੀ ਇਹੀ ਕਹਿਣਾ ਸੀ ਕਿ ਭਾਰਤੀ ਫ਼ੌਜ ਜੰਗ ਲੜਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਇਸ ’ਤੇ ਪੰਡਿਤ ਨਹਿਰੂ ਨੇ ਇਕ ਵਾਰ ਫਿਰ ਆਖਿਆ ਕਿ ਉਨ੍ਹਾਂ ਕੋਲ ਇਸ ਗੱਲ ਦੀ ਪੱਕੀ ਸੂਚਨਾ ਹੈ ਕਿ ਚੀਨ ਜਵਾਬੀ ਕਾਰਵਾਈ ਨਹੀਂ ਕਰੇਗਾ।
ਨਹਿਰੂ ਦੀ ਇਸ ਗੱਲ ਨਾਲ ਜਨਰਲ ਥਾਪਰ ਨੂੰ ਥੋੜ੍ਹਾ ਹੌਸਲਾ ਹੋ ਗਿਆ, ਉਸ ਨੂੰ ਲੱਗਿਆ ਕਿ ਜੇਕਰ ਵਾਕਈ ਚੀਨ ਨੇ ਜਵਾਬੀ ਕਾਰਵਾਈ ਨਹੀਂ ਕਰਨੀ ਤਾਂ ਭਾਰਤੀ ਫ਼ੌਜ ਵੱਲੋਂ ਜੰਗ ਲਈ ਪੂਰੀ ਤਰ੍ਹਾਂ ਤਿਆਰ ਨਾ ਹੋਣ ਦੇ ਬਾਵਜੂਦ ਜਿੱਤ ਦਾ ਸਿਹਰਾ ਉਸ ਦੇ ਸਿਰ ਹੀ ਬੱਝੇਗਾ। ਕੋਈ ਵੀ ਜਰਨੈਲ ਜਿੱਤਣ ਵਾਲੀ ਫ਼ੌਜ ਦਾ ਮੁਖੀ ਕਹਾਉਣ ਦਾ ਲਾਲਚ ਨਹੀਂ ਛੱਡ ਸਕਦਾ। ਥਾਪਰ ਨੇ ਮਗਰੋਂ 29 ਜੁਲਾਈ 1970 ਨੂੰ ਮੇਰੇ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਹੁਣ ਜਦੋਂ ਮੈਂ ਸਾਰੀ ਸਥਿਤੀ ਬਾਰੇ ਸੋਚਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਉਸ ਵੇਲੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਤਾਂ ਜੋ ਦੇਸ਼ ਨੂੰ ਹਾਰ ਦੀ ਨਮੋਸ਼ੀ ਤੋਂ ਬਚਾਇਆ ਜਾ ਸਕਦਾ।’’
ਨਹਿਰੂ ਨੇ ਜਿਸ ਵੇਲੇ ਸ਼ਾਸਤਰੀ ਨੂੰ ਉੱਤਰ-ਪੂਰਬੀ ਖੇਤਰ ਦੀ ਸਥਿਤੀ ਦਾ ਖ਼ੁਦ ਜਾਇਜ਼ਾ ਲੈਣ ਲਈ ਆਖਿਆ ਤਾਂ ਸ਼ਾਸਤਰੀ ਜੀ ਨੇ ਆਪਣੇ ਨਾਲ ਮੈਨੂੰ ਵੀ ਲੈ ਲਿਆ। ਅਸਾਮ ਵਿਚ ਜਦੋਂ ਅਸੀਂ ਤੇਜਪੁਰ ਪੁੱਜੇ ਤਾਂ ਉੱਥੇ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਨੇ ਕਮਾਨ ਸੰਭਾਲੀ ਹੋਈ ਸੀ। ਵਿਵਾਦਗ੍ਰਸਤ ਕਮਾਂਡਰ ਬੀ.ਐੱਨ. ਕੌਲ ਛੁੱਟੀ ’ਤੇ ਦਿੱਲੀ ਗਿਆ ਹੋਇਆ ਸੀ। ਹਰਬਖ਼ਸ਼ ਸਿੰਘ ਨੇ ਸਾਨੂੰ ਦੱਸਿਆ ਕਿ ਬਹੁਤ ਸਾਰੀਆਂ ਕਮੀਆਂ-ਪੇਸ਼ੀਆਂ ਦੇ ਬਾਵਜੂਦ ਚੀਨ ਨਾਲ ਟਕਰਾਅ ਦੀ ਸੂਰਤ ਵਿਚ ਭਾਰਤ ਦੀ ਸਥਿਤੀ ਠੀਕ ਰਹੇਗੀ। ਉਸ ਨੇ ਸ਼ਾਸਤਰੀ ਨੂੰ ਭਰੋਸਾ ਦਿਵਾਇਆ ਕਿ ਚੀਨ ਨਾਲ ਜੰਗ ਹੋਣ ਦੀ ਸੂਰਤ ਵਿਚ ਚੀਨ ਲਈ ਇਹ ਜੰਗ ਜਿੱਤਣੀ ਕੋਈ ਬਹੁਤੀ ਸੌਖੀ ਨਹੀਂ ਹੋਵੇਗੀ। ਸ਼ਾਸਤਰੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਗੱਲ ਸੁਣ ਕੇ ਬਹੁਤ ਖ਼ੁਸ਼ ਸਨ। ਉਨ੍ਹਾਂ ਅਸਾਮ ਤੋਂ ਪਰਤਿਦਆਂ ਮੈਨੂੰ ਕਿਹਾ ਕਿ ਉਹ ਪੰਡਿਤ ਜੀ ਨੂੰ ਆਖਣਗੇ ਕਿ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਕੌਲ ਦੀ ਜਗ੍ਹਾ ਇੱਥੇ ਰਹਿਣ ਦੇਣ। ਉਸੇ ਹੀ ਸ਼ਾਮ ਅਸੀਂ ਰੇਡੀਓ ’ਤੇ ਸੁਣਿਆ ਕਿ ਕੌਲ ਨੇ ਵਾਪਸ ਆ ਕੇ ਆਪਣੀ ਡਿਊਟੀ ਸੰਭਾਲ ਲਈ ਹੈ।
ਰੱਖਿਆ ਮੰਤਰੀ ਮੈਨਨ ਦੀ ਖ਼ਾਸ ਹਦਾਇਤ ਸੀ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਇਕ ਵੀ ਭਾਰਤੀ ਫ਼ੌਜੀ ਨੂੰ ਨਹੀਂ ਹਟਾਇਆ ਜਾਵੇਗਾ। ਜਦੋਂ ਤੋਂ ਪਾਕਿਸਤਾਨ ਹੋਂਦ ਵਿਚ ਆਇਆ ਸੀ ਉਦੋਂ ਤੋਂ ਹੀ ਭਾਰਤ ਦਾ ਹਮੇਸ਼ਾ ਇਹ ਖ਼ਿਆਲ ਸੀ ਕਿ ਇਕ ਨਾ ਇਕ ਦਿਨ ਉਸ ਨੂੰ ਪਾਕਿਸਤਾਨ ਨਾਲ ਜੰਗ ਲੜਨੀ ਪਵੇਗੀ। ਰੱਖਿਆ ਮੰਤਰਾਲੇ ਨੇ ਲੋੜ ਪੈਣ ਦੀ ਸੂਰਤ ਵਿਚ ਪਹਿਲਾਂ ਹੀ ਇਕ ਵਿਸਤ੍ਰਿਤ ਯੋਜਨਾ ਤਿਆਰ ਕਰਕੇ ਰੱਖੀ ਹੋਈ ਸੀ। ਉਧਰ ਭਾਰਤ ਦੀ ਚੀਨ ਨਾਲ ਲੱਗਦੀ ਸਰਹੱਦ ’ਤੇ ਸੁਰੱਖਿਆ ਦੇ ਕੋਈ ਖ਼ਾਸ ਪ੍ਰਬੰਧ ਨਹੀਂ ਸਨ ਕਿਉਂਕਿ ਭਾਰਤ ਨੇ ਚੀਨ ਵੱਲੋਂ ਹਮਲਾ ਕੀਤੇ ਜਾਣ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ।
ਚੀਨ ਵੱਲੋਂ ਹਮਲਾ ਕੀਤੇ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਅਗਸਤ 1962 ਵਿਚ ਮੈਨਨ ਵੱਲੋਂ ਪਾਕਿਸਤਾਨ ਦੀ ਭਾਰਤ ਵਿਰੁੱਧ ਫ਼ੌਜੀ ਕਾਰਵਾਈ ਦੀ ਤਿਆਰੀ ਬਾਰੇ ਕਈ ਵਾਰੀ ਗੱਲ ਕੀਤੀ ਗਈ ਸੀ। ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਵਿਚਲਾ ਭਾਰਤੀ ਹਾਈ ਕਮਿਸ਼ਨਰ ਰਾਜੇਸ਼ਵਰ ਦਿਆਲ ਦਿੱਲੀ ਵਿਚ ਸੀ। ਦਿਆਲ ਨੇ ਮੈਨੂੰ ਦੱਸਿਆ ਕਿ ਇਕ ਦਿਨ ਰੱਖਿਆ ਮੰਤਰਾਲੇ ਵੱਲੋਂ ਉਸ ਨੂੰ ਮੀਟਿੰਗ ਲਈ ਫੋਨ ਆਇਆ। ਜਦੋਂ ਉਹ ਮੰਤਰਾਲੇ ਵਿਚ ਪੁੱਜਿਆ ਤਾਂ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ, ਥਾਪਰ ਅਤੇ ਫ਼ੌਜੀ ਕਮਾਂਡਰਾਂ ਸਣੇ ਇਕ ਕਮਰੇ ਵਿਚ ਵਿਚਾਰ-ਵਟਾਂਦਰੇ ’ਚ ਰੁੱਝੇ ਹੋਏ ਸੀ। ਦਿਆਲ ਅਜੇ ਆਪਣੀ ਕੁਰਸੀ ’ਤੇ ਵੀ ਨਹੀਂ ਬੈਠਿਆ ਸੀ ਕਿ ਕ੍ਰਿਸ਼ਨਾ ਮੈਨਨ ਨੇ ਉਸ ਨੂੰ ਆਖਿਆ ਕਿ ਉਹ ਕਮਾਂਡਰਾਂ ਨੂੰ ਦੱਸੇ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਲੱਗਦੀ ਸਰਹੱਦ ’ਤੇ ਕੀ ਫ਼ੌਜੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਕਿ ਦਿਆਲ ਕੁਝ ਬੋਲਦਾ ਥਾਪਰ ਨੇ ਉਸ ਨੂੰ ਪੰਜਾਬੀ ਵਿਚ ਚੌਕਸ ਕਰਦਿਆਂ ਆਖਿਆ ਕਿ ਉਹ ਇਨ੍ਹਾਂ ਦੇ ਜਾਲ ’ਚ ਨਾ ਫਸੇ ਕਿਉਂਕਿ ਪਾਕਿਸਤਾਨ ਵੱਲੋਂ ਹਮਲੇ ਕੀਤੇ ਜਾਣ ਦਾ ਹਊਆ ਖੜ੍ਹਾ ਕਰਨਾ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਥਾਪਰ ਨੇ ਦਿਆਲ ਨਾਲ ਪੰਜਾਬੀ ’ਚ ਗੱਲ ਇਸ ਲਈ ਕੀਤੀ ਕਿਉਂਕਿ ਮੈਨਨ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ।
ਦਿਆਲ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕਿਸੇ ਫ਼ੌਜੀ ਤਿਆਰੀ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਅਤੇ ਨਵੀਂ ਦਿੱਲੀ ਆਉਣ ਵੇਲੇ ਉਸ ਨੂੰ ਸਰਹੱਦ ’ਤੇ ਕਿਧਰੇ ਵੀ ਅਜਿਹੇ ਕੋਈ ਸੰਕੇਤ ਨਹੀਂ ਮਿਲੇ। ਉਸ ਦੀ ਇਹ ਗੱਲ ਸੁਣ ਕੇ ਮੈਨਨ ਖਫ਼ਾ ਹੋ ਗਿਆ ਅਤੇ ਉਸ ਨੇ ਦਿਆਲ ਨੂੰ ਕਿਹਾ ਕਿ ਉਹ ਉਸ ਨੂੰ ਇਸ ਗੱਲ ਬਾਰੇ ਪੱਕੀ ਰਿਪੋਰਟ ਭੇਜੇ ਕਿ ਪਾਕਿਸਤਾਨ ਵੱਲੋਂ ਭਾਰਤ ’ਤੇ ਹਮਲਾ ਕੀਤੇ ਜਾਣ ਦੀ ਕੋਈ ਤਿਆਰੀ ਨਹੀਂ ਕੀਤੀ ਜਾ ਰਹੀ।
ਇਸ ਸਥਿਤੀ ਦੇ ਮੱਦੇਨਜ਼ਰ ਥਾਪਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਤਾਇਨਾਤ ਫ਼ੌਜੀ ਦਸਤਿਆਂ ਨੂੰ ਵਾਪਸ ਬੁਲਾਉਣ ਤੋਂ ਝਿਜਕ ਰਿਹਾ ਸੀ। ਪ੍ਰੰਤੂ ਹੁਣ ਹਾਲਾਤ ਬਿਲਕੁੁੁਲ ਵੱਖਰੇ ਸਨ। ਉਹ ਚਾਹੁੰਦਾ ਸੀ ਕਿ ਇਸ ਖੇਤਰ ’ਚ ਤਾਇਨਾਤ ਫ਼ੌਜ ਦੀ ਇਕ ਡਿਵੀਜ਼ਨ ਨੂੰ ਫੌਰੀ ਵਾਪਸ ਸੱਦਿਆ ਜਾਵੇ। ਨਹਿਰੂ ਨੇ ਥਾਪਰ ਦੀ ਇਹ ਬੇਨਤੀ ਫੌਰੀ ਪ੍ਰਵਾਨ ਕਰ ਲਈ। ਥਾਪਰ ਨੇ ਦੱਸਿਆ ਕਿ ਆਮ ਤੌਰ ’ਤੇ ਕੋਈ ਵੀ ਹਮਲਾ ਕਰਨ ਲਈ ਫ਼ੌਜ ਨੂੰ ਤਿਆਰੀ ਲਈ ਘੱਟੋ-ਘੱਟ ਪੰਜ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਹਮਲਾ ਹਮੇਸ਼ਾ ਪਹੁ-ਫੁਟਾਲੇ ’ਤੇ ਕੀਤਾ ਜਾਂਦਾ ਹੈ। ਚੀਨ ਨੇ 20 ਅਕਤੂਬਰ ਨੂੰ ਸਵੇਰੇ 5 ਵਜੇ ਪੂਰਬੀ ਖੇਤਰ ਵਿਚ ਹਮਲਾ ਕੀਤਾ ਕਿਉਂਕਿ ਇੱਥੇ ਸੂਰਜ ਛੇਤੀ ਚੜ੍ਹ ਜਾਂਦਾ ਹੈ ਅਤੇ ਲੱਦਾਖ ਵਿਚ ਸਵੇਰੇ 7 ਵਜੇ ਹਮਲਾ ਕੀਤਾ ਗਿਆ ਕਿਉਂਕਿ ਉੱਥੇ ਸੂਰਜ ਦੇਰ ਨਾਲ ਚੜ੍ਹਦਾ ਹੈ।
ਚੀਨ ਵੱਲੋਂ ਭਾਰਤ ’ਤੇ ਹਮਲਾ ਕੀਤੇ ਜਾਣ ਮਗਰੋਂ ਇਰਾਨ ਦੇ ਸ਼ਾਹ ਨੇ ਅਯੂਬ ਖ਼ਾਨ ਨੂੰ ਇਕ ਪੱਤਰ ਲਿਖਿਆ ਜਿਸ ਦੀ ਇਕ ਕਾਪੀ ਉਸ ਨੇ ਨਹਿਰੂ ਨੂੰ ਵੀ ਭੇਜੀ। ਇਸ ਪੱਤਰ ਵਿਚ ਸ਼ਾਹ ਨੇ ਅਯੂਬ ਖ਼ਾਨ ਨੂੰ ਸਲਾਹ ਦਿੱਤੀ ਕਿ ਉਹ ‘ਲਾਲ’ ਬੁਰਾਈ ਦੇ ਟਾਕਰੇ ਲਈ ਪਾਕਿਸਤਾਨੀ ਫ਼ੌਜ ਨੂੰ ਭਾਰਤ ਦੀ ਮਦਦ ’ਤੇ ਭੇਜੇ। ਮੈਂ ਸ਼ਾਹ ਵੱਲੋਂ ਲਿਖੇ ਗਏ ਇਸ ਪੱਤਰ ਦੀ ਕਾਪੀ ਆਪਣੀ ਅੱਖੀਂ ਦੇਖੀ ਹੈ।
ਮੈਨੂੰ ਉਸ ਵੇਲੇ ਜਿਨਾਹ ਵੱਲੋਂ ਲਾਹੌਰ ਦੇ ਲਾਅ ਕਾਲਜ ਵਿਚ ਕਹੀ ਗਈ ਉਹ ਗੱਲ ਯਾਦ ਆ ਗਈ ਕਿ ਜੇਕਰ ਕਈ ਹੋਰ ਮੁਲਕ ਭਾਰਤ ’ਤੇ ਹਮਲਾ ਕਰੇਗਾ ਤਾਂ ਪਾਕਿਸਤਾਨ ਦੇ ਫ਼ੌਜੀ ਭਾਰਤੀ ਫ਼ੌਜੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜਨਗੇ। ਅਯੂਬ ਨੂੰ ਭਾਰਤ ਦੀ ਮਦਦ ਕਰਨ ਲਈ ਕਹਿਣ ਵਾਲੀਆਂ ਤਾਕਤਾਂ ਨੂੰ ਉਸ ਦਾ ਜਵਾਬ ਸੀ ਕਿ ਮੌਜੂਦਾ ਸਥਿਤੀ ਦਾ ਪਾਕਿਸਤਾਨ ਨੇ ਕੋਈ ਲਾਹਾ ਨਹੀਂ ਲਿਆ, ਇਸ ਲਈ ਇਹ ਆਪਣੇ ਆਪ ਵਿਚ ਹੀ ਭਾਰਤ ਦੀ ਬਹੁਤ ਵੱਡੀ ਮਦਦ ਹੈ। ਜੇਕਰ ਪਾਕਿਸਤਾਨ ਚਾਹੁੰਦਾ ਤਾਂ ਸਥਿਤੀ ਦਾ ਫਾਇਦਾ ਉਠਾਉਂਦਿਆਂ ਭਾਰਤ ’ਤੇ ਹਮਲਾ ਕਰ ਸਕਦਾ ਸੀ।
* ਕੁਲਦੀਪ ਨਈਅਰ ਦੀ ਸਵੈ-ਜੀਵਨੀ ‘ਅਜੋਕੇ ਭਾਰਤ ਦੀ ਅਣਕਹੀ ਦਾਸਤਾਨ’ (ਯੂਨੀਸਟਾਰ ਬੁਕਸ) ਵਿਚੋਂ ਧੰਨਵਾਦ ਸਹਿਤ ਜਿਸ ਦਾ ਅਨੁਵਾਦ ਅਰਵਿੰਦਰ ਜੌਹਲ ਨੇ ਕੀਤਾ ਹੈ।