ਸਵਾਮੀ ਰਾਮਦੇਵ ਅਤੇ ਉਸ ਦੇ ਸਹਿਯੋਗੀ ਬਾਲ ਕ੍ਰਿਸ਼ਨ ਦੀ ਫ਼ਰਮ ਪਤੰਜਲੀ ਆਯੁਰਵੇਦ ਨੂੰ ਕੋਵਿਡ-19 ਦੀ ਬਿਮਾਰੀ ਦੀ ਦਵਾਈ ਬਣਾਉਣ ਅਤੇ ਇਸ ਦੀ ਇਸ਼ਤਿਹਾਰਬਾਜ਼ੀ ਕਾਰਨ ਕਾਨੂੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤਰਾਖੰਡ ਸਰਕਾਰ ਨੇ ਕੰਪਨੀ ਨੂੰ ਨੋਟਿਸ ਦਿੱਤਾ ਹੈ ਕਿ ਉਸ ਨੇ ਉਚਿਤ ਆਗਿਆ ਲਏ ਬਗ਼ੈਰ ਅਜਿਹੀ ਦਵਾਈ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਰਾਮਦੇਵ ਨੇ ‘ਕੋਰੋਨਿਲ’ ਨਾਂ ਦੀ ਦਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਇਸ ਦਵਾਈ ਨਾਲ ਬਹੁਤ ਸਾਰੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਸਫ਼ਲਤਾ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਹ ਦਾਅਵਾ ਕੀਤਾ ਗਿਆ ਕਿ ਮਰੀਜ਼ਾਂ ਵਿਚੋਂ 69 ਫ਼ੀਸਦੀ ਤਿੰਨ ਦਿਨਾਂ ਵਿਚ ਠੀਕ ਹੋ ਗਏ ਹਨ ਅਤੇ 7 ਦਿਨ ਦਵਾਈ ਖਾਣ ਤੋਂ ਬਾਅਦ 100 ਫ਼ੀਸਦੀ ਮਰੀਜ਼ ਸਿਹਤਮੰਦ ਹੋ ਗਏ। ਬਾਅਦ ਦੀਆਂ ਖ਼ਬਰਾਂ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਦਵਾਈ ਜੈਪੁਰ ਦੀ ਨਿਮਸ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵਿਚ 95 ਮਰੀਜ਼ਾਂ ਨੂੰ ਦਿੱਤੀ ਗਈ ਅਤੇ ਇਹ ਦਾਅਵਾ ਉਨ੍ਹਾਂ ਮਰੀਜ਼ਾਂ ਦੇ ਇਲਾਜ ’ਤੇ ਆਧਾਰਿਤ ਹੈ। ਦਵਾਈ ਦੀ ਵਰਤੋਂ ਦਾ ਪ੍ਰਯੋਗ ਸ਼ੁਰੂ ਕਰਨ ਦੀ ਤਰੀਕ ਮਈ 29 ਦੱਸੀ ਜਾ ਰਹੀ ਹੈ ਜਿਸ ਦਾ ਮਤਲਬ ਹੈ ਕਿ ਦਵਾਈ ਦੇ 100 ਫ਼ੀਸਦੀ ਸਫ਼ਲ ਹੋਣ ਬਾਰੇ ਨਤੀਜੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਕੱਢ ਲਏ ਗਏ।
ਇਸ ਵੇਲੇ ਸਾਰੀ ਦੁਨੀਆਂ ਕਰੋਨਾਵਾਇਰਸ ਦੀ ਮਹਾਮਾਰੀ ਨਾਲ ਯੁੱਧ ਕਰ ਰਹੀ ਹੈ। ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ’ਤੇ ਅਜ਼ਮਾਈਆਂ ਜਾ ਰਹੀਆਂ ਹਨ ਅਤੇ ਯੂਨੀਵਰਸਿਟੀਆਂ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਹੋਰ ਵਿਗਿਆਨਕ ਅਦਾਰੇ ਵੱਡੀ ਪੱਧਰ ’ਤੇ ਦਵਾਈਆਂ ਤੇ ਵੈਕਸੀਨ ਬਣਾਉਣ ਦੀ ਖੋਜ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਹਾਈਡ੍ਰੋਕਲੋਰੋਕਿਨ ਨੂੰ ਇਸ ਦੇ ਇਲਾਜ ਲਈ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਗਿਆ ਪਰ ਬਾਅਦ ਵਿਚ ਡਾਕਟਰਾਂ ਨੂੰ ਇਸ ਦੀ ਵਰਤੋਂ ਬਾਰੇ ਫਿਰ ਵਿਚਾਰ ਕਰਨਾ ਪਿਆ। ਇੰਗਲੈਂਡ ਵਿਚ ਹੋਈ ਖੋਜ ਵਿਚ ਡੈਕਸਾਮੀਥਾਸੋਨ ਲਾਭਕਾਰੀ ਦੱਸੀ ਗਈ ਹੈ। ਡਾਕਟਰਾਂ ਤੇ ਸਿਹਤ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਨਿਸ਼ਚਤ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ ਬਾਬਾ ਰਾਮਦੇਵ ਦਾ ਇਹ ਦਾਅਵਾ ਹੈਰਾਨ ਕਰਨ ਵਾਲਾ ਹੈ। 95 ਮਰੀਜ਼ਾਂ ’ਤੇ ਕੀਤੀ ਗਈ ਖੋਜ ਨੂੰ ਕਦੇ ਵੀ ਨਿਰਣਾਇਕ ਨਹੀਂ ਮੰਨਿਆ ਜਾ ਸਕਦਾ। ਇਸ ਦਵਾਈ ਵਿਚ ਵਰਤੇ ਗਏ ਤੱਤ ਨਿਸ਼ਚੇ ਹੀ ਮਨੁੱਖ ਦੀ ਬਿਮਾਰੀਆਂ ਵਿਰੁੱਧ ਲੜਨ ਵਾਲੀ ਅੰਦਰੂਨੀ ਸ਼ਕਤੀ (Immunity) ਨੂੰ ਵਧਾਉਣ ਵਾਲੇ ਹਨ ਪਰ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਉਹ ਤੱਤ ਕੋਵਿਡ-19 ਨੂੰ ਮਾਰ ਮੁਕਾਉਂਦੇ ਹਨ। ਸਿਹਤ ਦੇ ਖੇਤਰ ਵਿਚ ਇਹ ਤੱਥ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਵਾਇਰਸ ਨੂੰ ਸਿੱਧੇ ਤੌਰ ’ਤੇ ਮਾਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਇਸ ਸਬੰਧ ਵਿਚ ਬਹੁਤ ਘੱਟ ਦਵਾਈਆਂ ਕਾਰਗਰ ਸਾਬਤ ਹੋਈਆਂ ਹਨ।
ਆਯੁਰਵੇਦ ਵਾਂਗ ਦੁਨੀਆਂ ਦੇ ਲਗਭੱਗ ਸਾਰੇ ਦੇਸ਼ਾਂ ਵਿਚ ਐਲੋਪੈਥੀ ਦੇ ਆਉਣ ਤੋਂ ਪਹਿਲਾਂ ਵੱਖਰੇ ਵੱਖਰੇ ਤਰ੍ਹਾਂ ਦੇ ਸਿਸਟਮ ਸਨ। ਉਦਾਹਰਣ ਦੇ ਤੌਰ ’ਤੇ ਅਰਬ ਦੇਸ਼ਾਂ, ਇਰਾਨ ਤੇ ਭਾਰਤ ਵਿਚ ‘ਯੂਨਾਨੀ ਦਵਾਈਆਂ’ ਕਾਫ਼ੀ ਪ੍ਰਚੱਲਿਤ ਰਹੀਆਂ ਹਨ। ਇਨ੍ਹਾਂ ਨੂੰ ਯੂਨਾਨੀ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਅਰਬ-ਇਰਾਨ ਵਿਚ ਵਿਕਸਤ ਹੋਇਆ ਇਹ ਸਿਸਟਮ ਯੂਨਾਨ ਦੇ ਪੁਰਾਣੇ ਸਿਹਤ ਵਿਗਿਆਨੀਆਂ, ਹਿਪੋਕਰੇਟਸ ਤੇ ਗੈਲਨ ਤੋਂ ਪ੍ਰਭਾਵਿਤ ਸੀ। ਯੂਰਪ ਅਤੇ ਏਸ਼ੀਆ ਦੇ ਸਭ ਦੇਸ਼ਾਂ ਵਿਚ ਜੜ੍ਹੀ ਬੂਟੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਜੜ੍ਹੀ ਬੂਟੀਆਂ ਬਾਰੇ ਵਿਗਿਆਨਕ ਢੰਗ ਨਾਲ ਖੋਜ ਹੁੰਦੀ ਹੈ ਖੋਜ ਕਰਕੇ ਬਣਾਈਆਂ ਗਈਆਂ ਦਵਾਈਆਂ ਨੂੰ ਬਿਮਾਰੀਆਂ ਦਾ ਇਲਾਜ ਕਰਨ ਲਈ ਐਲੋਪੈਥਿਕ ਦਵਾਈਆਂ ਦੇ ਨਾਲ ਨਾਲ ਵਰਤਿਆ ਜਾਂਦਾ ਹੈ। ਪਤਜੰਲੀ ਫ਼ਰਮ ਦੁਆਰਾ ਕੀਤੇ ਗਏ ਗ਼ੈਰ ਵਿਗਿਆਨਕ ਦਾਅਵੇ ਸਾਡੇ ਦੇਸ਼ ਵਿਚ ਹੀ ਸੰਭਵ ਹਨ। ਕਈ ਹੋਰ ਫ਼ਰਮਾਂ ਵੀ ਦੇਸੀ ਆਯੁਰਵੇਦ ਤੇ ਯੂਨਾਨੀ ਦਵਾਈਆਂ ਬਣਾ ਕੇ ਕਈ ਬਿਮਾਰੀਆਂ ਦਾ ਪੂਰਾ ਇਲਾਜ ਕਰਨ ਦਾ ਦਾਅਵਾ ਕਰਦੀਆਂ ਹਨ। ਜੜ੍ਹੀਆਂ ਬੂਟੀਆਂ ਵਿਚ ਨਿਸ਼ਚੇ ਹੀ ਬਿਮਾਰੀਆਂ ਨਾਲ ਲੜਨ ਵਾਲੇ ਕੁਝ ਤੱਤ ਹੁੰਦੇ ਹਨ ਪਰ ਯੋਜਨਾਬੱਧ ਤਰੀਕੇ ਨਾਲ ਹੋਈ ਖੋਜ ਤੋਂ ਬਿਨਾਂ ਅਜਿਹੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਮਰੀਜ਼ਾਂ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੀ ਇਸ਼ਤਿਹਾਰਬਾਜ਼ੀ ਤੇ ਰੋਕ ਲਗਾਉਂਦਿਆਂ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਫ਼ਰਮਾਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।