ਮੁੰਬਈ, 13 ਅਗਸਤ
ਮਸ਼ਹੂਰ ਸ਼ੋਅ ‘ਚੁੜੇਲਜ਼’ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਾਕਿਸਤਾਨੀ ਕਲਾਕਾਰ ਸਰਵਤ ਗਿਲਾਨੀ ਨੂੰ ਇਰਫ਼ਾਨ ਖ਼ਾਨ ਨਾਲ ਕੰਮ ਨਾ ਕਰਨ ਦਾ ਅਫ਼ਸੋਸ ਹੈ। ਸਰਵਤ ਨੇ ਦਾਅਵਾ ਕੀਤਾ ਕਿ ਉਸ ਨੂੰ ਇਰਫ਼ਾਨ ਖ਼ਾਨ ਨਾਲ ਫਿਲਮ ਦੀ ਪੇਸ਼ਕਸ਼ ਮਿਲੀ ਸੀ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਊਸ ਨੇ ਕਿਹਾ ਕਿ ਇਰਫ਼ਾਨ, ਜਿਸ ਦਾ ਅਪਰੈਲ ’ਚ ਦੇਹਾਂਤ ਹੋ ਗਿਆ ਸੀ, ਪਾਕਿਸਤਾਨ ’ਚ ਵੀ ਮਕਬੂਲ ਸੀ। ਕਰਾਚੀ ਤੋਂ ਫੋਨ ’ਤੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਗਿਲਾਨੀ ਨੇ ਦੱਸਿਆ,‘‘ਇਰਫ਼ਾਨ ਖ਼ਾਨ ਦੀ ਟੀਮ ਪਾਕਿਸਤਾਨ ਤੋਂ ਕਲਾਕਾਰ ਦੀ ਭਾਲ ਕਰ ਰਹੀ ਸੀ। ਉਨ੍ਹਾਂ ‘ਮਾਤਾ-ਏ-ਜਾਨ ਹੈ ਤੂ’ ਵਿਚ ਮੇਰੇ ਕੰਮ ਨੂੰ ਪਸੰਦ ਕੀਤਾ ਸੀ। ਉਨ੍ਹਾਂ ਮਹਿਰੀਨ ਜੱਬਾਰ ਨਾਲ ਸੰਪਰਕ ਕੀਤਾ ਜੋ ਸਾਡੇ ਸ਼ੋਅ ਦੀ ਡਾਇਰੈਕਟਰ ਹੈ। ਮਹਿਰੀਨ ਨੇ ਮੈਨੂੰ ਦੱਸਿਆ ਸੀ ਕਿ ਇਰਫ਼ਾਨ ਖ਼ਾਨ ਨਾਲ ਭੂਮਿਕਾ ਲਈ ਉਹ ਹੀਰੋਇਨ ਲੱਭ ਰਹੇ ਹਨ। ਪਰ ਦੋਵੇਂ ਮੁਲਕਾਂ ਵਿਚਕਾਰ ਸਿਆਸੀ ਡਰਾਮੇ ਨੇ ਕੀਤੇ ਕਰਾਏ ’ਤੇ ਪਾਣੀ ਫੇਰ ਦਿੱਤਾ।’’ ਗਿਲਾਨੀ ਨੇ ਦੱਸਿਆ ਕਿ ਜਦੋਂ ਇਰਫ਼ਾਨ ਦੀ ਮੌਤ ਹੋਈ ਤਾਂ ਉਸ ਦੀ ਮਾਂ ਦੇ ਹੰਝੂ ਰੁਕ ਨਹੀਂ ਰਹੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦੇ ਲੋਕ ਇਕ-ਦੂਜੇ ਦੇ ਵਿਰੁੱਧ ਨਹੀਂ ਹਨ ਪਰ ਸਿਆਸਤ ਕਲਾ ਅਤੇ ਸੰਗੀਤ ਦੇ ਆਦਾਨ-ਪ੍ਰਦਾਨ ’ਚ ਅੜਿੱਕੇ ਖੜ੍ਹੇ ਕਰਦੀ ਹੈ। -ਪੀਟੀਆਈ