ਮੁੰਬਈ, 9 ਅਗਸਤ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਭਿਨੇਤਾ ਰੀਆ ਚੱਕਰਬਰਤੀ ਦੇ ਭਰਾ ਸ਼ੋਵਿਕ ਚੱਕਰਬਰਤੀ ਤੋਂ ਤਕਰੀਬਨ 18 ਘੰਟਿਆਂ ਲਈ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਅੱਜ ਕਿਹਾ ਕਿ ਸ਼ੋਵਿਕ ਤੋਂ ਸ਼ਨਿਚਰਵਾਰ ਦੁਪਹਿਰ ਦੇ ਕਰੀਬ ਸ਼ੁਰੂ ਹੋਈ ਪੁੱਛ-ਪੜਤਾਲ ਰਾਤ ਭਰ ਚੱਲੀ ਤੇ ਊਸ ਮਗਰੋਂ ਅੱਜ ਸਵੇਰੇ 6:30 ਵਜੇ ਦੇ ਕਰੀਬ ਬਾਲਾਰਡ ਅਸਟੇਟ ਖੇਤਰ ਵਿਚਲੀ ਕੇਂਦਰੀ ਜਾਂਚ ਏਜੰਸੀ ਦੇ ਦਫਤਰ ਵਿੱਚ ਨਿਕਲਿਆ। ਅਧਿਕਾਰੀਆਂ ਨੇ ਕਿਹਾ ਕਿ ਸ਼ੋਵਿਕ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੇ ਤਹਿਤ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਉਸ ਦੀ ਭੈਣ ਅਤੇ ਰਾਜਪੂਤ ਨਾਲ ਉਸ ਦੇ ਨਿੱਜੀ ਕਾਰੋਬਾਰ, ਆਮਦਨੀ, ਨਿਵੇਸ਼ਾਂ ਅਤੇ ਵਿੱਤੀ ਲੈਣ-ਦੇਣ ਬਾਰੇ ਪੁੱਛਿਆ ਗਿਆ। ਉਸ ਨੂੰ ਏਜੰਸੀ ਨੇ 7 ਅਗਸਤ ਨੂੰ ਕੁਝ ਘੰਟਿਆਂ ਲਈ ਸੱਦਿਆ ਸੀ। ਰੀਆ ਅਤੇ ਉਸ ਦੇ ਪਿਤਾ ਇੰਦਰਜੀਤ ਚੱਕਰਬਰਤੀ ਨੂੰ ਸੋਮਵਾਰ ਨੂੰ ਦੁਬਾਰਾ ਏਜੰਸੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ।