ਕੋਲਕਾਤਾ, 5 ਮਈ
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ.ਆਨੰਦ ਬੋਸ ਨੇ ਰਾਜ ਭਵਨ ਵਿਚਲੇ ਸਾਰੇ ਸਟਾਫ਼ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੋਲਕਾਤਾ ਪੁਲੀਸ ਵੱਲੋਂ ਭੇਜੇ ਜਾਣ ਵਾਲੇ ਕਿਸੇ ਵੀ ਸੰਮਨ ਨੂੰ ਨਜ਼ਰਅੰਦਾਜ਼ ਕਰਨ। ਰਾਜ ਭਵਨ ਦੀ ਆਰਜ਼ੀ ਮਹਿਲਾ ਸਟਾਫ਼ਰ ਨੇ ਪਿਛਲੇ ਦਿਨੀਂ ਬੋਸ ’ਤੇ ਛੇੜਛਾੜ ਦੇ ਦੋਸ਼ ਲਾਉਂਦਿਆਂ ਕੋਲਕਾਤਾ ਪੁਲੀਸ ਕੋਲ ਸ਼ਿਕਾਇਤ ਦਰਜ ਕੀਤੀ ਸੀ। ਰਾਜਪਾਲ ਬੋਸ ਨੇ ਇਹ ਹਦਾਇਤ ਅਜਿਹੇ ਮੌਕੇ ਕੀਤੀ ਹੈ ਜਦੋਂ ਕੋਲਕਾਤਾ ਪੁਲੀਸ ਨੇ ਸ਼ਿਕਾਇਤ ਦੀ ਪੜਤਾਲ ਲਈ ਜਾਂਚ ਟੀਮ ਬਣਾਈ ਹੈ। ਉਂਜ ਰਾਜਪਾਲ ਬੋਸ ਮਹਿਲਾ ਸਟਾਫ਼ਰ ਵੱਲੋਂ ਲਾਏ ਦੋਸ਼ਾਂ ਨੂੰ ‘ਫ਼ਜ਼ੂਲ ਦਾ ਡਰਾਮਾ’ ਦੱਸ ਕੇ ਖਾਰਜ ਕਰ ਚੁੱਕੇ ਹਨ।
ਬੋਸ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਰਤ ਦੇ ਸੰਵਿਧਾਨ ਦੀ ਧਾਰਾ 361(2) ਤੇ (3) ਦੇ ਮੱਦੇਨਜ਼ਰ ਸੂਬਾਈ ਪੁਲੀਸ ਮਾਣਯੋਗ ਰਾਜਪਾਲ ਖਿਲਾਫ਼ ਕਿਸੇ ਤਰ੍ਹਾਂ ਦੀ ਜਾਂਚ ਜਾਂ ਹੋਰ ਕਾਰਵਾਈ ਨਹੀਂ ਕਰ ਸਕਦੀ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਰਾਸ਼ਟਰਪਤੀ ਜਾਂ ਰਾਜਪਾਲ ਜਦੋਂ ਅਹੁਦੇ ’ਤੇ ਬਣੇ ਹੋਣ, ਉਨ੍ਹਾਂ ਖਿਲਾਫ਼ ਕਿਸੇ ਵੀ ਕੋਰਟ ਵਿਚ ਕੋਈ ਫੌਜਦਾਰੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਰਾਜਪਾਲ ਨੇ ਰਾਜ ਭਵਨ ਦੇ ਮੁਲਾਜ਼ਮਾਂ ਨੂੰ ਭੇਜੇ ਪੱਤਰ ਵਿਚ ਕਿਹਾ, ‘‘ਉਨ੍ਹਾਂ (ਰਾਜਪਾਲ) ਦੇ ਕਾਰਜਕਾਲ ਦੌਰਾਨ ਕਿਸੇ ਵੀ ਕੋਰਟ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਕੈਦ ਕਰਨ ਦੇ ਹੁਕਮ ਨਹੀਂ ਜਾਰੀ ਕੀਤੇ ਜਾ ਸਕਦੇ।’’ ਬੋਸ ਨੇ ਪੱਤਰ ਵਿਚ ਅੱਗੇ ਕਿਹਾ, ‘‘ਮੀਡੀਆ ਰਿਪੋਰਟ ਤੋਂ ਸੰਕੇਤ ਮਿਲੇ ਹਨ ਕਿ ਪੁਲੀਸ ਨੇ ਇਸ ਮਾਮਲੇ ਵਿਚ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਤੇ ਉਹ ਰਾਜ ਭਵਨ ਦੇ ਸਟਾਫ਼ ਤੋਂ ਪੁੱਛ-ਪੜਤਾਲ ਕਰ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਜਾਂਚ ਟੀਮਾਂ ਰਾਜ ਭਵਨ ਦੀ ਸੀਸੀਟੀਵੀ ਫੁਟੇਜ ਇਕੱਤਰ ਕਰਨ ਦੀ ਕੋੋਸ਼ਿਸ਼ ਵਿਚ ਹਨ।’’ ਬੋਸ ਨੇ ਕਿਹਾ, ‘‘ਇਥੇ ਸਵਾਲ ਉੱਠਦਾ ਹੈ ਕਿ ਰਾਜਪਾਲ ਨੂੰ ਮਿਲੀ ਛੋਟ ਦੇ ਬਾਵਜੂਦ ਕੀ ਪੁਲੀਸ ਜਾਂਚ ਤੇ ਸਬੂਤ ਇਕੱਤਰ ਕਰ ਸਕਦੀ ਹੈ।’’ -ਪੀਟੀਆਈ