ਐੱਸ ਪੀ ਸਿੰਘ*
ਸੁਰਖ਼ੀਆਂ ਵਰੋਲੇ ਵਾਂਗ ਆਈਆਂ, ਰਾਤ ਨੌਂ ਵਜੇ ਵਾਲੀਆਂ ਬਹਿਸਾਂ ਨੂੰ ਥਿਆਈਆਂ, ਫਿਰ ਚੱਲੀਆਂ ਗਈਆਂ। ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ, ਕਿਉਂ ਅਸਰਦਾਰ ਤਰੀਕੇ ਨਾਲ ਅਗਵਾਈ ਨਹੀਂ ਕਰ ਸਕੀ, ਕੀ ਪਾਰਟੀ ਉੱਤੇ ਗਾਂਧੀ ਪਰਿਵਾਰ ਦਾ ਕਬਜ਼ਾ ਹੀ ਖੜ੍ਹੋਤ ਲਈ ਜ਼ਿੰਮੇਵਾਰ ਹੈ, ਕੀ ਨੌਜਵਾਨ ਲੀਡਰਾਂ ਨੂੰ ਮੂਹਰਲੀਆਂ ਸਫ਼ਾਂ ਵਿੱਚ ਆਉਣੋਂ ਰੋਕਿਆ ਜਾ ਰਿਹਾ ਹੈ, ਇਨ੍ਹਾਂ ਸਵਾਲਾਂ ਨੂੰ ਲੈ ਕੇ ਬਹਿਸ ਬਸ ਉਦੋਂ ਤੱਕ ਚੱਲਦੀ ਹੈ ਜਦੋਂ ਤੱਕ ਕੋਈ ਹੋਰ ਸੁਰਖ਼ੀਆਂ ਮੰਜ਼ਰਨਾਮੇ ਉੱਤੇ ਕਾਬਜ਼ ਨਾ ਹੋ ਜਾਣ।
ਜਦੋਂ ਦੇਸ਼ ਵਿੱਚ ਲੋਕਤੰਤਰੀ ਪ੍ਰੰਪਰਾਵਾਂ ਉੱਤੇ ਗੰਭੀਰ ਸਵਾਲ ਉੱਠ ਰਹੇ ਹੋਣ ਤਾਂ ਸਾਡਾ ਰਾਜਨੀਤਕ, ਸਮਾਜਿਕ ਅਤੇ ਨਿੱਜੀ ਜੀਵਨ ਤਾਂ ਕੀ, ਸਾਡਾ ਵਜੂਦ ਤੱਕ ਵੀ ਵਿਰੋਧੀ ਪਾਰਟੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੀ ਅਵਾਮ ਨੂੰ ਵਡੇਰੇ ਸਾਰਥਕ ਚਿੰਤਨ ਨਾਲ ਜੋੜ ਲੈਣ ਦੀ ਸਮਰੱਥਾ ਉੱਤੇ ਨਿਰਭਰ ਹੋ ਜਾਂਦਾ ਹੈ। ਜੇ ਇਹ ਰਾਜਨੀਤਕ ਜੰਗ ਸਾਡੇ ਵਜੂਦ ਤੱਕ ਲਈ ਇੰਨੀ ਮਹੱਤਵਪੂਰਨ ਹੈ ਤਾਂ ਫਿਰ ਅਸੀਂ ਸੁਰਖ਼ੀਆਂ ਦੇ ਚੌਂਹ ਦਿਨਾਂ ਦੇ ਤੂਫ਼ਾਨੀ ਖ਼ਬਰੀ-ਚੱਕਰ ਤਕ ਹੀ ਕਿਉਂ ਮਹਿਦੂਦ ਕਰ ਦਿੱਤੇ ਜਾਂਦੇ ਹਾਂ? ਇਹ ਅਤਿ-ਮਹੱਤਵਪੂਰਨ ਹੈ ਕਿ ਅਸੀਂ ਕਾਂਗਰਸ ਪਾਰਟੀ ਵਿਚਲੇ ਤੂਫ਼ਾਨ ਬਾਰੇ ਕੁਝ ਮੌਲਿਕ ਪ੍ਰਸ਼ਨ ਪੁੱਛੀਏ, ਇਹ ਤਾਂ ਗੌਲ਼ੀਏ ਕਿ ਉਹ ਵਿਰੋਧੀ ਪਾਰਟੀ ਜ਼ਰੂਰ ਹੈ ਪਰ ਕੀ ਵਿਰੋਧੀ ਧਿਰ ਬਣਨਾ ਵੀ ਲੋਚਦੀ ਹੈ?
ਸੱਤਾ ਵਿਚ ਆਈਆਂ ਰਾਜਨੀਤਕ ਪਾਰਟੀਆਂ ਅਤੇ ਨੇਤਾ ਅਕਸਰ ਮਜਬੂਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਇਹ ਵਰਤਾਰਾ ਲੋਕਤੰਤਰੀ ਨਿਜ਼ਾਮ ਦੇ ਵਿਦਿਆਰਥੀਆਂ ਨੂੰ ਸਮਝ ਆਉਂਦਾ ਹੈ, ਠੀਕ ਉਵੇਂ ਹੀ ਜਿਵੇਂ ਅਸੀਂ ਜਾਣਦੇ ਹਾਂ ਕਿ ਵਿਰੋਧੀ ਧਿਰ ਵਿੱਚ ਬੈਠੇ ਨੇਤਾ ਅਤੇ ਪਾਰਟੀਆਂ ਲੋਕ-ਸਰੋਕਾਰਾਂ ਅਤੇ ਲੋਕਤੰਤਰੀ ਪਰੰਪਰਾਵਾਂ ਦੀ ਦੁਹਾਈ ਦੇਣ, ਇਨਸਾਫ਼-ਫ਼ਰਹਾਮੀ ਦੀ ਮੰਗ ਕਰਨ ਅਤੇ ਇਨਕਲਾਬੀ ਬਦਲ ਦੇ ਵਾਅਦੇ ਕਰਨ ਲਈ ਵਧੇਰੇ ਆਜ਼ਾਦ ਹੁੰਦੀਆਂ ਹਨ।
ਕੁਝ ਕਾਂਗਰਸੀ ਲੀਡਰਾਂ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਅਤੇ ਫਿਰ ਸਾਵਧਾਨੀ ਨਾਲ ਮੀਡੀਆ ਨੂੰ ਲੀਕ ਕੀਤੀ ਚਿੱਠੀ ਅਤੇ ਉਸ ਤੋਂ ਉਪਜੀਆਂ ਬਹਿਸਾਂ ਤੋਂ ਭਾਵੇਂ ਹੀ ਇਹ ਭਾਸਦਾ ਹੋਵੇ ਕਿ ਪ੍ਰਮੁੱਖ ਮੁੱਦਾ ਇਹੀ ਹੈ ਕਿ ਰਾਹੁਲ ਗਾਂਧੀ ਪਾਰਟੀ ਦਾ ਪ੍ਰਧਾਨ ਬਣੇ ਜਾਂ ਕੋਈ ਗੈਰ-ਗਾਂਧੀ ਕੁਰਸੀ ਸੰਭਾਲੇ, ਪਰ ਵਧੇਰੇ ਹਕੀਕੀ ਮੁੱਦਾ ਇਹ ਹੈ ਕਿ ਕੀ ਕਾਂਗਰਸ ਵਿਰੋਧ ਦੀ ਰਾਜਨੀਤੀ ਕਰਨ ਦੀ ਕੋਈ ਮਨਸ਼ਾ ਰੱਖਦੀ ਵੀ ਹੈ?
ਸੱਤਾ ਧਿਰ ਨੇ ਖੁੱਲ੍ਹਮ-ਖੁੱਲ੍ਹਾ ਧਰਮ-ਆਧਾਰਿਤ ਰਾਜਨੀਤੀ ਕੀਤੀ ਤਾਂ ਵਿਰੋਧੀ ਧਿਰ ਕਾਂਗਰਸ ਹੁਣ ਲਗਭਗ ਖੁੱਲ੍ਹਮ-ਖੁੱਲ੍ਹਾ ਇਸੇ ਰਾਜਨੀਤੀ ਦੇ ਬਗਲਗੀਰ ਹੋ ਗਈ ਦਿਸਦੀ ਹੈ। ਹੁਣ ਇਹਦੀ ਰਾਜਨੀਤੀ ਸੱਤਾ-ਧਿਰ ਨੂੰ ਕੇਵਲ ਅਰਥਚਾਰਾ ਆਧਾਰਿਤ ਸਵਾਲ ਕਰਦੀ ਹੈ। ਪੁੱਛਦੀ ਹੈ ਕਿ ਵਿਕਾਸ ਦੀ ਦਰ ਕਿਉਂ ਡਿੱਗੀ, ਮਜ਼ਦੂਰਾਂ ਨੂੰ ਲੌਕਡਾਊਨ ਦੇ ਦਿਨਾਂ ਦੀ ਤਨਖਾਹ ਕਿਉਂ ਨਹੀਂ ਮਿਲੀ, ਬੇਰੁਜ਼ਗਾਰਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ, ਪਰ ਇਹ ਪੁੱਛਣ ਤੋਂ ਸਦੀਵੀ ਤੌਰ ਉੱਤੇ ਅਸਮਰੱਥ ਹੋ ਗਈ ਹੈ ਕਿ ਗੁਜਰਾਤ ਵਿੱਚ ਮੌਤ ਦੀ ਸੌਦਾਗਰੀ ਕਿਸ ਧਿਰ ਨੇ, ਕਿਹੜੇ ਨੇਤਾਵਾਂ ਨੇ ਕੀਤੀ?
ਮਜ਼ਦੂਰਾਂ, ਕਿਸਾਨਾਂ ਅਤੇ ਬੇਰੁਜ਼ਗਾਰਾਂ ਬਾਰੇ ਪੁੱਛੇ ਜਾ ਰਹੇ ਸਭ ਸਵਾਲ ਜਾਇਜ਼ ਹਨ, ਜ਼ਰੂਰੀ ਵੀ ਹਨ, ਪਰ ਉਹ ਉਸ ਸਿਆਸਤ ਉੱਤੇ ਚੁੱਕੇ ਜਾਣ ਵਾਲੇ ਸਵਾਲਾਂ ਨੂੰ ਮਨਫ਼ੀ ਕਰਕੇ ਹੀ ਪੁੱਛਣੇ ਕਿਉਂ ਜ਼ਰੂਰੀ ਹਨ ਜਿਸ ਦੇ ਸਿਰ ’ਤੇ ਅੱਜ ਹਾਕਮ ਸੱਤਾ ’ਤੇ ਕਾਬਜ਼ ਹੈ? ਕੋਈ ਵੀ ਵਿਰੋਧੀ ਪਾਰਟੀ ਉਸ ਵੇਲੇ ਤੱਕ ਹਕੀਕੀ ਤੌਰ ਉੱਤੇ ਵਿਰੋਧ ਦੀ ਪਾਰਟੀ ਨਹੀਂ ਬਣ ਸਕਦੀ ਜਦੋਂ ਤੱਕ ਉਹ ਆਪਣੇ ਹੀ ਆਦਰਸ਼ਾਂ, ਅਸੂਲਾਂ ਅਤੇ ਵਿਰਸੇ ਨੂੰ ਲੁਕਾਉਂਦੀ ਫਿਰੇ ਅਤੇ ਭੀੜ ਨੂੰ ਨਾਰਾਜ਼ ਕਰ ਲੈਣ ਦੇ ਡਰੋਂ ਨਾਪਤੋਲ ਵਾਲੇ ਬਿਆਨੀਏ ਦੇ ਸਹਾਰੇ ਦੁਬਾਰਾ ਸੱਤਾ ਦੇ ਖ਼ਵਾਬ ਵੇਖੇ।
ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਤਾਂ ਆਪਣੇ ਹੀ ਕੀਤੇ ਉੱਤੇ ਸਵਾਲ ਚੁੱਕਣੋਂ ਅਸਮਰੱਥ ਰਹੀ ਹੈ। ਸੱਤਰਵਿਆਂ ਵਿੱਚ ਦੇਸ਼, ਵਿਰੋਧੀਆਂ ਅਤੇ ਨਿਮਾਣਿਆਂ ਉੱਤੇ ਥੋਪੀ ਐਮਰਜੈਂਸੀ ਬਾਰੇ ਪਾਰਟੀ ਨੇ ਕਦੋਂ ਕਿਸੇ ਵੱਡੀ ਬਹਿਸ ਨਾਲ ਆਪਣੇ-ਆਪ ਨੂੰ ਜੋੜਿਆ ਹੈ? ਨਿੱਜੀਕਰਨ ਨੀਤੀਆਂ ਬਾਰੇ ਕਦੋਂ ਵਡੇਰਾ ਚਿੰਤਨ-ਮੰਥਨ ਅਰੰਭਿਆ ਹੈ? ਪਾਰਟੀ ਦਾ ਕਿਹੜਾ ਇਹੋ ਜਿਹਾ ਇਤਿਹਾਸਕ ਦਸਤਾਵੇਜ਼ ਹੈ ਜਿਹੜਾ ਪੰਜਾਬੀਆਂ ਨਾਲ ਇੱਕ ਸਾਰਥਕ ਸੰਵਾਦ ਰਚਦਾ ਹੋਵੇ, ਹੋਈਆਂ ਭੁੱਲਾਂ ਅਤੇ ਬੱਜਰ ਅਪਰਾਧਾਂ ਦੀ ਨਿਸ਼ਾਨਦੇਹੀ ਕਰਦਾ ਹੋਵੇ, ਡੂੰਘੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਂਦਾ ਹੋਵੇ?
ਇਹ ਚੰਗੀ ਗੱਲ ਹੈ ਕਿ ਡਾ.ਕਾਫ਼ੀਲ ਖਾਨ ਦੇ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ ਪ੍ਰਿਯੰਕਾ ਗਾਂਧੀ ਨੇ ਟੈਲੀਫੋਨ ਕਰਕੇ ਸੰਵੇਦਨਾ ਪ੍ਰਗਟ ਕੀਤੀ ਹੈ ਪਰ ਪਾਰਟੀ ਵਿਚਲੀ ਉਹ ਬਹਿਸ ਕਿੱਥੇ ਹੈ ਕਿ ਜਿਹੜੇ ਰਾਸ਼ਟਰੀ ਸੁਰੱਖਿਆ ਕਾਨੂੰਨ ਥੱਲੇ ਸਿਆਸੀ ਅਤੇ ਸਮਾਜਿਕ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ, ਉਹ ਕਾਂਗਰਸੀ ਸਰਕਾਰਾਂ ਵੇਲੇ ਹੀ ਭਰਪੂਰ ਵਿਰੋਧ ਦੇ ਬਾਵਜੂਦ ਪਾਸ ਕੀਤੇ ਗਏ ਸਨ ਅਤੇ ਇਉਂ ਹੀ ਵਰਤੇ ਗਏ ਸਨ? ਜੇ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਇਨ੍ਹਾਂ ਮਾਰੂ ਕਨੂੰਨਾਂ ਦੀ ਵਰਤੋਂ ਕਰਕੇ ਸੰਘਰਸ਼ੀ ਆਵਾਜ਼ਾਂ ਦਬਾਉਂਦੀਆਂ ਰਹਿਣਗੀਆਂ ਤਾਂ ਵਫ਼ਾਕ ਵਿੱਚ ਪਾਰਟੀ ਆਪਣੇ ਆਪ ਨੂੰ ਜਾਇਜ਼ ਵਿਰੋਧੀ ਧਿਰ ਦੇ ਤੌਰ ’ਤੇ ਕਿਵੇਂ ਪੇਸ਼ ਕਰ ਸਕੇਗੀ?
ਅੱਜ ਜਿਸ ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਕਾਂਗਰਸ ਹੱਕੀ ਸਵਾਲ ਪੁੱਛ ਰਹੀ ਹੈ, ਕੀ ਉਹਦੇ ਹੀ ਪ੍ਰਮੁੱਖ ਨੇਤਾ ਕਪਿਲ ਸਿੱਬਲ ਦੀ ਰਹਿਨੁਮਾਈ ਥੱਲੇ ਉੱਚੇਰੀ ਸਿੱਖਿਆ ਦਾ ਪ੍ਰਚੰਡ ਨਿੱਜੀਕਰਨ ਕਰਨ ਦਾ ਮਨਸੂਬਾ ਪ੍ਰਵਾਨ ਨਹੀਂ ਚੜ੍ਹ ਰਿਹਾ ਸੀ? ਜਿਹੜੇ ਪੀ. ਚਿਦੰਬਰਮ ਅੱਜ ਸ਼ਖ਼ਸੀ ਆਜ਼ਾਦੀ ਬਾਰੇ ਹਫ਼ਤਾਵਰੀ ਲਘੂ-ਨਬਿੰਧ ਲਿਖਦੇ ਹਨ, ਕੀ ਉਹੀ ਗ੍ਰਹਿ-ਮੰਤਰੀ ਹੁੰਦਿਆਂ ਵਰ੍ਹਿਆਂ ਤੱਕ ਮਾਓਵਾਦੀਆਂ ਨੂੰ ਮਾਰਨ ਲਈ ਹੈਲੀਕਾਪਟਰ ਉੱਤੇ ਮਸ਼ੀਨਗੰਨਾਂ ਲਾ ਕੇ ਉਨ੍ਹਾਂ ਦਾ ਸ਼ਿਕਾਰ ਕਰਨ ਦੇ ਮਨਸੂਬੇ ਦੀ ਪੈਰਵਾਈ ਨਹੀਂ ਕਰਦੇ ਰਹੇ? ਅੱਜ ਇਹੀ ਚਿਹਰੇ ਕਾਂਗਰਸ ਪਾਰਟੀ ਵਿੱਚ ਕਿਸੇ ਇਨਕਲਾਬੀ ਬਦਲਾਅ ਲਿਆਉਣ ਵਾਲੀ ਮੁਹਿੰਮ ਦੀ ਪ੍ਰਤੀਨਿਧਤਾ ਕਰ ਰਹੇ ਹਨ, ਟੀਵੀ ਉੱਤੇ ਪਾਰਟੀ ਦੇ ਨਫ਼ੀਸ ਨੁਮਾਇੰਦੇ ਦੇ ਤੌਰ ’ਤੇ ਵਿਚਰਦੇ ਹਨ।
ਕਿਉਂਕਿ ਤੁਸੀਂ ਡੋਨਲਡ ਟਰੰਪ ਦੀ ਰਾਜਨੀਤੀ, ਉਹਦੇ ਕਾਰਿਆਂ, ਉਹਦੀ ਅਤਿ-ਬਚਨੀ ਅਤੇ ਉਹਦੀ ਹੈਰਤ-ਅੰਗੇਜ਼ ਮੂਰਖਤਾ ਤੋਂ ਦੁਖੀ ਆ ਚੁੱਕੇ ਹੋ, ਇਸ ਲਈ ਤੁਸੀਂ ਜੋਅ ਬਾਈਡਨ ਨੂੰ ਵੋਟਾਂ ਪਾ ਦਿਓ। ਇਹ ਨਾ ਪੁੱਛੋ ਕਿ ਨਾਜਾਇਜ਼ ਛੇੜੇ ਯੁੱਧਾਂ ਵਿੱਚ ਬਾਈਡਨ ਦਾ ਕਿਰਦਾਰ ਕੀ ਸੀ, ਫਲਸਤੀਨ ਦੇ ਮੁੱਦੇ ’ਤੇ ਉਹ ਕਿਵੇਂ ਕੱਟੜਵਾਦੀ ਜ਼ਿਉਨਵਾਦੀ (die-hard Zionist) ਹੈ, ਕਿਵੇਂ ਉਹ ਟਰੰਪ ਵਾਂਗ ਹੀ, ਸਗੋਂ ਉਸ ਤੋਂ ਕਿਤੇ ਸਿਆਣਾ, ਵਿਸ਼ਵੀ ਕਾਰਪੋਰੇਟ-ਮਿਲਟਰੀ ਸਲਤਨਤ ਦਾ ਪ੍ਰਤੀਨਿਧ ਹੈ?
ਤੁਸੀਂ ਨਰਿੰਦਰ ਮੋਦੀ-ਅਮਿਤ ਸ਼ਾਹ-ਯੋਗੀ ਆਦਿੱਤਿਆਨਾਥ ਵਾਲੀ ਰਾਜਨੀਤੀ ਤੋਂ ਦੁਖੀ ਹੋ ਤਾਂ ਸਾਨੂੰ ਵੋਟ ਪਾ ਦਿਓ, ਅਸੀਂ ਤਾਂ ਸਿਰਫ਼ ਅਯੁੱਧਿਆ ਦੇ ਦਰਵਾਜ਼ੇ ਖੋਲ੍ਹਣ, ਐਮਰਜੈਂਸੀ ਲਾਉਣ, ਆਪ੍ਰੇਸ਼ਨ ਬਲੂਸਟਾਰ, ਚੁਰਾਸੀ ਦੇ ਕਤਲੇਆਮ ਅਤੇ ਸਿੱਖਿਆ ਤੇ ਸਿਹਤ ਦੇ ਅੰਨ੍ਹੇ ਨਿੱਜੀਕਰਨ ਵਾਲੀ ਪਾਰਟੀ ਹਾਂ।
ਜਰਮਨ ਸਮਾਜ ਵਿਗਿਆਨੀ ਮੈਕਸ ਵੈਬਰ ਆਪਣੇ ਮਸ਼ਹੂਰ-ਏ-ਜ਼ਮਾਨਾ ਲੇਖ Politics As Vocation (1919) ਵਿੱਚ ‘ਜ਼ਿੰਮੇਵਾਰੀ ਦੀ ਇਖ਼ਲਾਕਿਯਾਤ’ (‘ethics of responsibility’) ਅਤੇ ‘ਅੰਤਿਮ ਉਦੇਸ਼ ਪ੍ਰਾਪਤੀ ਦੀ ਇਖ਼ਲਾਕਿਯਾਤ’ (‘ethics of ultimate end’’) ਵਿਚਲੇ ਫ਼ਰਕ ਦੀ ਬਾਤ ਪਾਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਡੀ ਰਾਜਨੀਤੀ ਇਨ੍ਹਾਂ ਦੋ ਇੱਕੋ ਜਿਹੇ ਜਾਪਦੇ ਪਰ ਇੱਕ ਦੂਜੇ ਤੋਂ ਬਿਲਕੁਲ ਭਿੰਨ ਸਿਮਤ ਵੱਲ ਨੂੰ ਅਗਵਾਈ ਦਿੰਦੇ ਨੈਤਿਕ ਰਾਹਦਸੇਰੇ ਬਚਨਾਂ ਵਿੱਚੋਂ ਕਿਸੇ ਇੱਕ ਪ੍ਰਤੀ ਹੀ ਵਫ਼ਾਦਾਰ ਹੋ ਸਕਦੀ ਹੈ।
ਬਿਨਾ-ਸ਼ੱਕ ਕਿਸੇ ‘ਅੰਤਿਮ ਉਦੇਸ਼ ਪ੍ਰਤੀ ਇਖ਼ਲਾਕ’ ਪਾਲਣ ਦਾ ਮਤਲਬ ਹਾਲੀਆ ਜ਼ਿੰਮੇਵਾਰੀ ਤੋਂ ਬਚਣਾ ਨਹੀਂ, ਨਾ ਹੀ ‘ਜ਼ਿੰਮੇਵਾਰੀ ਦੀ ਇਖ਼ਲਾਕਿਯਾਤ’ ਦਾ ਮਾਇਨਾ ਗੈਰ-ਅਸੂਲੀ ਮੌਕਾਪ੍ਰਸਤੀ ਹੋ ਸਕਦਾ ਹੈ, ਸਗੋਂ ਮੈਕਸ ਵੈਬਰ ਦੇ ਰੇਖਾਂਕਿਤ ਕੀਤੇ ਦੋਵੇਂ ਬਚਨ ਸਾਨੂੰ ਇੱਕ ਤੀਸਰੀ ਰਾਹ ਦੱਸਦੇ ਹਨ: ਸਿਖਰਲੀ ਜ਼ਿੰਮੇਵਾਰੀ ਦੀ ਇਖ਼ਲਾਕਿਯਾਤ (ethic of ultimate responsibility)। ਇਹ ਰਾਜਨੀਤਕ ਜ਼ਿੰਮੇਵਾਰੀ ਦੀ ਸਿਖਰ ਹੈ।
ਸਿਖਰਲੀ ਜ਼ਿੰਮੇਵਾਰੀ ਇਹ ਮੰਗ ਕਰਦੀ ਸੀ ਕਿ ਬਰਾਕ ਓਬਾਮਾ ਆਪਣੇ ਤੋਂ ਪਹਿਲਾਂ ਗੱਦੀਨਸ਼ੀਨ ਜਾਰਜ ਬੁਸ਼ ਨੂੰ ਉਹਦੇ ਬੱਜਰ ਗੁਨਾਹਾਂ ਲਈ ਕਾਨੂੰਨ ਸਾਹਵੇਂ ਕਰਦਾ। ਮਫ਼ਰੂਜ਼ਿਆਂ ਦੇ ਆਧਾਰ ’ਤੇ ਛੇੜੀ ਗਈ ਇਰਾਕ ਜੰਗ, ਮੱਧ-ਪੂਰਬ ਵਿਚਲੀ ਅਸਥਿਰਤਾ, ਪੈਟਰੀਆਟ ਐਕਟ ਰਾਹੀਂ ਨਾਗਰਿਕ ਅਧਿਕਾਰਾਂ ’ਤੇ ਛਾਪਾ ਅਤੇ ਮੁਲਕ ਨੂੰ security state ਵਿੱਚ ਬਦਲ ਦੇਣ ਬਾਰੇ ਉਹਦੇ ਤੋਂ ਜਵਾਬ ਮੰਗੇ ਜਾਂਦੇ।
ਅਜਿਹਾ ਹੁੰਦਾ ਤਾਂ ਸਾਨੂੰ ਰਾਜਨੀਤੀ ਵਿੱਚ ਡੋਨਲਡ ਟਰੰਪ ਦੀ ਚੜ੍ਹਾਈ ਨਾ ਦਿਸਦੀ, ਅੱਜ ਟਰੰਪ ਅਤੇ ਜੋਅ ਬਾਈਡਨ ’ਚੋਂ ਕਿਸੇ ਇੱਕ ਨੂੰ ਚੁਣਨ ਲਈ ਨਾ ਕਿਹਾ ਜਾ ਰਿਹਾ ਹੁੰਦਾ। ਸਿਖਰਲੀ ਜ਼ਿੰਮੇਵਾਰੀ ਇਹ ਮੰਗ ਕਰਦੀ ਸੀ ਕਿ ਕਾਂਗਰਸ ਇਸ ਗੱਲ ’ਤੇ ਅਡਿੱਗ ਰਹਿੰਦੀ ਕਿ ਜਿਨ੍ਹਾਂ ਨੇ ਮੌਤ ਦੀ ਸੌਦਾਗਰੀ ਕੀਤੀ ਹੈ, ਉਹ ਬਖ਼ਸ਼ੇ ਨਹੀਂ ਜਾਣਗੇ। ਸਿਖਰਲੀ ਜ਼ਿੰਮੇਵਾਰੀ ਇਹ ਮੰਗ ਕਰਦੀ ਹੈ ਕਿ ਕਾਂਗਰਸ ਗੰਭੀਰ ਆਤਮ-ਚਿੰਤਨ ਕਰੇ ਕਿ ਉਹਦੀਆਂ ਨਿੱਜੀਕਰਨ ਵਾਲੀਆਂ ਆਰਥਿਕ ਨੀਤੀਆਂ ਨੇ ਕਿਵੇਂ ਕਿਸਾਨ, ਮਜ਼ਦੂਰ, ਗ਼ਰੀਬ ਉੱਤੇ ਕਹਿਰ ਢਾਇਆ ਹੈ। ਸਿਖਰਲੀ ਜ਼ਿੰਮੇਵਾਰੀ ਇਹ ਮੰਗ ਕਰਦੀ ਸੀ ਕਿ ਬੀਤੇ ਵਿੱਚ ਹੋਏ ਬੱਜਰ ਜੁਰਮਾਂ ਦਾ ਇਕਬਾਲ ਕੀਤਾ ਜਾਂਦਾ।
ਵਿਰੋਧੀ ਪਾਰਟੀ ਦੀ ਮੁਸ਼ਕਿਲ ਨਹੀਂ ਕਿ ਉਹਦਾ ਲੀਡਰ ਕੌਣ ਹੋਵੇ। ਉਹਦੀ ਮੁਸ਼ਕਿਲ ਇਹ ਹੈ ਕਿ ਉਹਦੀ ਰਾਜਨੀਤੀ ਕਿਹੜੀ ਹੋਵੇ। ਆਪਣੀ ਰਾਜਨੀਤੀ ਲੱਭ ਲਵੇ, ਲੀਡਰ ਲੱਭ ਪੈਸੀ।
* (ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਡੋਨਲਡ ਟਰੰਪ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਨੂੰ ਚੁਣੌਤੀ ਦੇਣ ਵਾਲਿਆਂ ਦੀ ਇਖ਼ਲਾਕਿਯਾਤ ’ਤੇ ਸ਼ੱਕੀ ਨਜ਼ਰ ਰੱਖਦਾ ਹੈ।)