ਪੱਤਰ ਪ੍ਰੇਰਕ
ਲੰਬੀ, 4 ਅਗਸਤ
ਕੇਂਦਰੀ ਫੂਡ ਪ੍ਰਾਸੈਸਿੰਗ ਮਾਮਲਿਆਂ ਬਾਰੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰੀਬ 115 ਜ਼ਿੰਦਗੀਆਂ ਖੋਹਣ ਵਾਲੇ ਜ਼ਹਿਰੀਲੀ ਸ਼ਰਾਬ ਕਾਂਡ ਸਬੰਧੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਅਤੇ ਸੂਬੇ ‘ਚ ਸਿਆਸੀ ਲੁੱਟ-ਖਸੁੱਟ ਬਾਰੇ ਵੱਡੇ ਸੁਆਲ ਚੁੱਕੇ ਹਨ। ਉਨ੍ਹਾਂ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਸੂਬਾ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਸੂਬੇ ਵਿਚ ਕਾਂਗਰਸੀ ਆਗੂਆਂ ਵੱਲੋਂ ਆਪੋ-ਆਪਣੇ ਪੱਧਰ ’ਤੇ ਲੁੱਟ ਕੀਤੀ ਜਾ ਰਹੀ ਹੈ, ਜਿਸ ਦਾ ਨਤੀਜਾ ਜ਼ਹਿਰੀਲੀ ਸ਼ਰਾਬ ਕਾਂਡ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ ‘ਚ ਵੱਡੀ ਗਿਣਤੀ ਪਰਿਵਾਰ ਉੱਜੜ ਗਏ ਪਰ ਸਰਕਾਰ ਕੁਝ ਕੁ ਮੁਲਾਜ਼ਮਾਂ ਨੂੰ ਸਸਪੈਂਡ ਕਰ ਕੇ ਜ਼ਖ਼ਮਾਂ ’ਤੇ ਨਮਕ ਛਿੜਕਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਅੰਮ੍ਰਿਤਸਰ ਦਸਹਿਰਾ ਰੇਲ ਹਾਦਸੇ ਵਾਂਗ ਕਿਤੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਦਾ ਅੰਤ ਵੀ ਸੂਬਾ ਸਰਕਾਰ ਵੱਲੋਂ ਅਸਲ ਮੁਲਜ਼ਮਾਂ ਨੂੰ ਬਚਾਉਣ ਵਾਲਾ ਸਾਬਤ ਨਾ ਹੋ ਨਿੱਬੜੇ।