ਪੱਤਰ ਪ੍ਰੇਰਕ
ਸੰਗਰੂਰ, 25 ਜਨਵਰੀ
ਲੋਕ ਲਹਿਰਾਂ ਦੀ ਉਸਾਰੀ ਵਿਚ ਜੁਝਾਰੂ ਕਲਮਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ| ਇਹ ਸ਼ਬਦ ਉੱਘੇ ਲੋਕ ਗਾਇਕ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਨਾਮਵਰ ਗਜ਼ਲਕਾਰ ਰਣਜੀਤ ਸਿੰਘ ਧੂਰੀ ਦੇ ਰੂ-ਬ-ਰੂ ਸਮਾਗਮ ਵਿਚ ਬੋਲਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਖੇ| ਉਨ੍ਹਾਂ ਕਿਹਾ ਕਿ ਕਾਫ਼ੀ ਤਸੱਲੀ ਵਾਲੀ ਗੱਲ ਹੈ ਕਿ ਸਾਹਿਤਕਾਰ ਕਿਸਾਨ ਅੰਦੋਲਨ ਵਿਚ ਬਹੁਤ ਜ਼ਿਕਰਯੋਗ ਅਤੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ| ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਕਾਮਰੇਡ ਸੁਖਦੇਵ ਸ਼ਰਮਾ ਨੇ ਗਣਤੰਤਰ ਦਿਵਸ ਬਾਰੇ ਚਰਚਾ ਕੀਤੀ| ਇਸ ਮੌਕੇ ਰਣਜੀਤ ਸਿੰਘ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਆਰੰਭ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ| ਸੁਰਜੀਤ ਸਿੰਘ ਮੌਜੀ ਵੱਲੋਂ ਗਾਏ ਗਏ ਇਨਕਲਾਬੀ ਗੀਤ ‘ਮੋਦੀ ਨੂੰ ਚਿੱਠੀ’ ਨਾਲ ਸ਼ੁਰੂ ਹੋਏ ਗਣਤੰਤਰ ਦਿਵਸ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ ਵਿਚ ਗੁਰਦਿਆਲ ਨਿਰਮਾਣ, ਦਲਬਾਰ ਸਿੰਘ ਚੱਠੇ ਸੇਖਵਾਂ ਸਣੇ ਹੋਰਨਾਂ ਕਵੀਆਂ ਨੇ ਭਾਗ ਲਿਆ।