ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਮਰਗ ਵਿਚ ਦੂਜੀਆਂ ਖੇਲੋ ਇੰਡੀਆ ਸਰਦ ਖੇਡਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਜੰਮੂ ਕਸ਼ਮੀਰ ਨੂੰ ਸਰਦ ਰੁੱਤ ਦੀਆਂ ਖੇਡਾਂ ਦਾ ਕੇਂਦਰ ਬਣਾਉਣ ਦਾ ਯਤਨ ਕੀਤਾ ਜਾਵੇਗਾ। ਇਹ ਖੇਡਾਂ ਦੋ ਮਾਰਚ ਤਕ ਹੋਣਗੀਆਂ ਤੇ ਇਸ ਵਿਚ 27 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਖੇਡਾਂ ਦਾ ਵਰਚੁਅਲ ਉਦਘਾਟਨ ਕਰਦਿਆਂ ਕਿਹਾ ਕਿ ਗੁਲਮਰਗ ਵਿਚ ਖੇਡਾਂ ਹੋਣ ਨਾਲ ਪਤਾ ਲੱਗੇਗਾ ਕਿ ਇਹ ਖਿੱਤਾ ਸ਼ਾਂਤੀ ਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਯਤਨਸ਼ੀਲ ਹੈ। ਇਨ੍ਹਾਂ ਖੇਡਾਂ ਲਈ ਜੰਮੂ ਕਸ਼ਮੀਰ ਵਿਚ ਦੋ ਨਵੇਂ ਕੇਂਦਰ ਬਣਾਏ ਜਾ ਰਹੇ ਹਨ ਜਿਥੇ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਅਜਿਹੇ ਕੇਂਦਰ ਦੇਸ਼ ਭਰ ਵਿਚ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿਚ ਅਲਪਾਈਨ ਸਕੀਇੰਗ, ਨੌਰਡਿਕ ਸਕਾਈ, ਸਨੋਅ ਬੋਰਡਿੰਗ, ਆਈਸ ਹਾਕੀ ਤੇ ਆਈਸ ਸਕੇਟਿੰਗ ਸ਼ਾਮਲ ਹਨ। -ਪੀਟੀਆਈ