ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 25 ਜੂਨ
ਗਿੱਦੜਬਾਹਾ ਦੇ ਇੱਕ ਵਿਅਕਤੀ ਵੱਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੂੰ ਅਗਵਾ ਕਰ ਕੇ ਫਿਰੌਤੀ ਦੀ ਮੰਗ ਕੀਤੀ ਗਈ, ਜਿਸ ਦੌਰਾਨ ਉਸ ਨੇ ਚਲਦੀ ਕਾਰ ਵਿੱਚੋਂ ਛਾਲ ਮਾਰ ਕੇ ਖ਼ੁਦ ਨੂੰ ਬਚਾਇਆ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਭੱਠੀ ਵਾਲੇ ਮੌੜ ’ਚ ਰਹਿਣ ਵਾਲੇ ਵਰੁਣ ਗਰਗ ਪੁੱਤਰ ਹਰਮੰਦਰ ਸਿੰਘ ਗਰਗ ਨੂੰ ਬੀਤੇ ਕੱਲ੍ਹ ਇੱਕ ਜਾਣਕਾਰ ਰੰਮੀ ਨੇ ਫੋਨ ਕਰ ਕੇ ਮਿਲਣ ਲਈ ਬੁਲਾਇਆ ਸੀ। ਇਸ ਮਗਰੋਂ ਰੰਮੀ ਆਈਸਕ੍ਰੀਮ ਖਾਣ ਦੇ ਬਹਾਨੇ ਵਰੁਣ ਨੂੰ ਕਾਰ ਵਿੱਚ ਬਿਠਾ ਕੇ ਲੈ ਗਿਆ। ਕੁਝ ਦੇਰ ਬਾਅਦ ਰੰਮੀ ਨੇ ਵਰੁਣ ਦੇ ਸਿਰ ’ਤੇ ਪਿਸਤੌਲ ਤਾਣ ਲਈ ਤੇ ਕਾਰ ਮਲੋਟ ਵੱਲ ਲੈ ਗਿਆ ਤੇ ਉੱਥੇ ਉਸ ਨੇ ਵਰੁਣ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਤੇ ਪੈਸੇ ਨਾ ਦੇਣ ’ਤੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਵੀ ਦਿੱਤੀ। ਵਰੁਣ ਨੇ ਚੱਲਦੀ ਕਾਰ ’ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਹ ਭੱਜ ਕੇ ਇੱਕ ਪੈਲੇਸ ਵਿੱਚ ਵੜ ਗਿਆ ਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ। ਵਰੁਣ ਨੂੰ ਜ਼ਖ਼ਮੀ ਹਾਲਤ ਵਿੱਚ ਗਿੱਦੜਬਾਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ: ਡੀਐੱਸਪੀ
ਡੀਐੱਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਵਰੁਣ ਗਰਗ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।