ਪੱਤਰ ਪ੍ਰੇਰਕ
ਏਲਨਾਬਾਦ, 29 ਅਪਰੈਲ
ਪਿੰਡ ਹਿੰਮਤਪੁਰਾ ਵਿੱਚ ਇੱਕ ਔਰਤ ਦਲਜੀਤ ਕੌਰ ਦੇ ਕਤਲ ਦੇ ਮਾਮਲੇ ਵਿੱਚ ਥਾਣਾ ਰਾਣੀਆਂ ਪੁਲੀਸ ਨੇ ਕਥਿਤ ਦੋਸ਼ੀ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਰਾਣੀਆਂ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਗੁਰਸੇਵਕ ਸਿੰਘ ਵਾਸੀ ਮਰਾੜ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਵਜੋਂ ਹੋਈ ਹੈ। ਮ੍ਰਿਤਕਾ ਦਲਜੀਤ ਕੌਰ ਦੇ ਪੁੱਤਰ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਗੁਰਸੇਵਕ ਸਿੰਘ ਖਿਲਾਫ਼ ਥਾਣਾ ਰਾਣੀਆਂ ਵਿੱਚ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਥਾਣਾ ਰਾਣੀਆਂ ਦੀ ਪੁਲੀਸ ਟੀਮ ਨੇ ਅਹਿਮ ਸੁਰਾਗ ਇਕੱਠੇ ਕਰ ਕੇ ਮੁਲਜ਼ਮ ਦੇ ਸੰਭਾਵੀ ਟਿਕਾਣੇ ’ਤੇ ਛਾਪੇ ਮਾਰ ਕੇ ਉਸਨੂੰ ਓਟੂ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 27 ਅਪਰੈਲ ਦੀ ਰਾਤ ਨੂੰ ਰਾਣੀਆਂ ਥਾਣਾ ਖੇਤਰ ਦੇ ਪਿੰਡ ਹਿੰਮਤਪੁਰਾ ਵਿੱਚ ਗੁਰਸੇਵਕ ਸਿੰਘ ਨੇ ਕਿਸੇ ਗੱਲ ਨੂੰ ਲੈ ਕੇ ਲੜਾਈ ਤੋਂ ਬਾਅਦ ਆਪਣੀ ਪਤਨੀ ਦਲਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।