ਨਵੀਂ ਦਿੱਲੀ, 16 ਅਕਤੂਬਰ
ਆਰਐੱਸਐੱਸ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਨੇ ਆਲਮੀ ਭੁੱਖ ਇੰਡੈਕਸ ਰਿਪੋਰਟ ਨੂੰ ਗ਼ੈਰਜ਼ਿੰਮੇਵਾਰਾਨਾ ਅਤੇ ਸ਼ਰਾਰਤਪੂਰਨ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨੂੰ ਬਦਨਾਮ ਕਰਨ ਲਈ ਰਿਪੋਰਟ ਦੇ ਪ੍ਰਕਾਸ਼ਕਾਂ ਖ਼ਿਲਾਫ਼ ਕਾਰਵਾਈ ਕਰੇ। ਆਲਮੀ ਭੁੱਖ ਇੰਡੈਕਸ 2022 ’ਚ ਭਾਰਤ ਨੂੰ 121 ਮੁਲਕਾਂ ’ਚੋਂ 107ਵਾਂ ਰੈਂਕ ਮਿਲਿਆ ਹੈ। ਇਹ ਰਿਪੋਰਟ ਆਇਰਲੈਂਡ ਅਤੇ ਜਰਮਨੀ ਦੀਆਂ ਗ਼ੈਰ ਸਰਕਾਰੀ ਜਥੇਬੰਦੀਆਂ ਵੱਲੋਂ ਜਾਰੀ ਕੀਤੀ ਗਈ ਹੈ। ਸਵਦੇਸ਼ੀ ਜਾਗਰਣ ਮੰਚ ਨੇ ਰਿਪੋਰਟ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ,‘‘ਜਰਮਨੀ ਦੀ ਜਥੇਬੰਦੀ ਵੈਲਟ ਹੰਗਰ ਹਿਲਫ਼ ਨੇ ਰਿਪੋਰਟ ਗ਼ੈਰਜ਼ਿੰਮੇਵਾਰਾਨਾ ਢੰਗ ਨਾਲ ਤਿਆਰ ਕੀਤੀ ਹੈ ਤਾਂ ਜੋ ਭਾਰਤ ਨੂੰ ਬਦਨਾਮ ਕੀਤਾ ਜਾ ਸਕੇ। ਇਹ ਹਕੀਕਤ ਤੋਂ ਕੋਹਾਂ ਦੂਰ ਹੈ। ਇਹ ਰਿਪੋਰਟ ਅੰਕੜਿਆਂ, ਅਧਿਐਨ ਅਤੇ ਇਸ ਦੀ ਵਿਧੀ ਦੇ ਨਜ਼ਰੀਏ ਤੋਂ ਨਾ ਸਿਰਫ਼ ਗਲਤ ਹੈ ਸਗੋਂ ਹਾਸੋਹੀਣੀ ਵੀ ਹੈ। ਪਿਛਲੇ ਸਾਲ ਅਕਤੂਬਰ ’ਚ ਭਾਰਤ ਨੂੰ 116 ਮੁਲਕਾਂ ’ਚੋਂ 101ਵਾਂ ਰੈਂਕ ਮਿਲਿਆ ਸੀ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਭਾਰਤ ਨੇ ਇਸ ਰਿਪੋਰਟ ਦਾ ਵਿਰੋਧ ਕੀਤਾ ਸੀ। ਮੰਚ ਨੇ ਕਿਹਾ ਕਿ ਉਸ ਸਮੇਂ ਵਰਲਡ ਫੂਡ ਆਰਗੇਨਾਈਜ਼ੇਸ਼ਨ ਨੇ ਕਿਹਾ ਸੀ ਕਿ ਇਨ੍ਹਾਂ ਗਲਤੀਆਂ ਨੂੰ ਸੁਧਾਰਿਆ ਜਾਵੇਗਾ ਪਰ ਇਕ ਵਾਰ ਫਿਰ ਉਸੇ ਗਲਤ ਅੰਕੜਿਆਂ ਅਤੇ ਢੰਗ-ਤਰੀਕਿਆਂ ਦੀ ਵਰਤੋਂ ਕਰਕੇ ਇਸ ਸਾਲ ਵੀ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਸਵਦੇਸ਼ੀ ਜਾਗਰਣ ਮੰਚ ਨੇ ਰਿਪੋਰਟ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਰੱਦ ਕਰੇ ਅਤੇ ਖੁਰਾਕ ਸੁਰੱਖਿਆ ਬਾਰੇ ਭਾਰਤ ਨੂੰ ਬਦਨਾਮ ਕਰਨ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ। ਕੇਂਦਰ ਨੇ ਸ਼ਨਿਚਰਵਾਰ ਨੂੰ ਇਹ ਰਿਪੋਰਟ ਰੱਦ ਕਰਦਿਆਂ ਦੋਸ਼ ਲਾਇਆ ਸੀ ਕਿ ਦੇਸ਼ ਦੀ ਦਿਖ ਨੂੰ ਵਿਗਾੜਨ ਦੀ ਇਹ ਕੋਸ਼ਿਸ਼ ਹੈ। ਸਵਦੇਸ਼ੀ ਜਾਗਰਣ ਮੰਚ ਦੇ ਸਹਿ ਕਨਵੀਨਰ ਅਸ਼ਵਨੀ ਮਹਾਜਨ ਨੇ ਕਿਹਾ ਕਿ ਭਾਰਤ ਅਨਾਜ ਅਤੇ ਹੋਰ ਖੁਰਾਕੀ ਵਸਤਾਂ ਦੇ ਮਾਮਲੇ ’ਚ ਨਾ ਸਿਰਫ਼ ਆਤਮ ਨਿਰਭਰ ਹੈ ਸਗੋਂ ਅੱਜ ਉਹ ਹੋਰ ਮੁਲਕਾਂ ਨੂੰ ਇਹ ਵਸਤਾਂ ਬਰਾਮਦ ਵੀ ਕਰ ਰਿਹਾ ਹੈ। -ਪੀਟੀਆਈ
ਸੰਘ-ਭਾਜਪਾ ਭਾਰਤ ਨੂੰ ਕਮਜ਼ੋਰ ਕਰਨ ਲਈ ਕਦੋਂ ਤੱਕ ਕੰਮ ਕਰਦੇ ਰਹਿਣਗੇ: ਰਾਹੁਲ
ਨਵੀਂ ਦਿੱਲੀ: ਮੁਲਕ ਦੇ ਆਲਮੀ ਭੁੱਖ ਇੰਡੈਕਸ ’ਚ 107ਵੇਂ ਸਥਾਨ ’ਤੇ ਆਉਣ ਲਈ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਆਰਐੱਸਐੱਸ-ਭਾਜਪਾ ਲੋਕਾਂ ਨੂੰ ਅਸਲੀਅਤ ਤੋਂ ਗੁਮਰਾਹ ਕਰਕੇ ਭਾਰਤ ਨੂੰ ਕਦੋਂ ਤੱਕ ਕਮਜ਼ੋਰ ਕਰਦੇ ਰਹਿਣਗੇ। ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਆਖਣਗੇ ਕਿ ਭਾਰਤ ’ਚ ਭੁੱਖ ਨਹੀਂ ਵਧ ਰਹੀ ਹੈ ਸਗੋਂ ਹੋਰ ਮੁਲਕਾਂ ਦੇ ਲੋਕ ਆਪਣੇ ਆਪ ਨੂੰ ਭੁੱਖੇ ਮਹਿਸੂਸ ਕਰ ਰਹੇ ਹਨ। -ਪੀਟੀਆਈ