ਨਵੀਂ ਦਿੱਲੀ, 4 ਅਗਸਤ
ਇਜ਼ਰਾਈਲ ਦੀ ਅਖ਼ਬਾਰ ‘ਹਾਰੇਟਜ਼’ ਦੇ ਤਕਨੀਕੀ ਸੰਪਾਦਕ ਓਮਰ ਬੈਂਜਾਕੋਬ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2017 ਵਿੱਚ ਇਜ਼ਰਾਈਲ ਦਾ ਦੌਰਾ ਕਰਨ ਮਗਰੋਂ ਹੀ ਪੈਗਾਸਸ ਜਾਸੂਸੀ ਸੂਚੀ ਵਿੱਚ ਉਨ੍ਹਾਂ ਸ਼ੱਕੀ ਭਾਰਤੀਆਂ ਦੇ ਨੰਬਰ ਸ਼ਾਮਲ ਹੋਏ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ। ਇਜ਼ਰਾਈਲ ਉਸ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਦਾ ਪਿੱਤਰੀ ਦੇਸ਼ ਹੈ ਜਿਸ ਵੱਲੋਂ ਉਹ ਸਪਾਈਵੇਅਰ ਵਿਕਸਿਤ ਕੀਤਾ ਗਿਆ, ਜੋ ਕਥਿਤ ਤੌਰ ’ਤੇ ਸਰਕਾਰੀ ਜਾਸੂਸੀ ’ਤੇ ਕੇਂਦਰਿਤ ਇੱਕ ਆਲਮੀ ਘੁਟਾਲੇ ਦਾ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਹੈ।
ਬੈਂਜਾਕੋਬ ਨੇ ‘ਦਿ ਪ੍ਰਿੰਟ’ ਦੀ ਸੀਨੀਅਰ ਸਲਾਹਕਾਰ ਸੰਪਾਦਕ ਜਯੋਤੀ ਮਲਹੋਤਰਾ ਨਾਲ ਐਤਵਾਰ ਨੂੰ ਪੈਗਾਸਸ ਮਾਮਲੇ ’ਤੇ ਚਰਚਾ ਦੌਰਾਨ ਕਿਹਾ, ‘ਜੇਕਰ ਅਸੀਂ ਇਸ ਸਾਰੇ ਮਾਮਲੇ ਦੇ ਕਾਲ-ਕ੍ਰਮ ਦੇਖੀਏ ਤਾਂ ਪਹਿਲੀ ਵਾਰ ਇਸ ਲੀਕ ’ਚ ਸ਼ਾਮਲ ਹੋਏ ਭਾਰਤ ਨਾਲ ਸਬੰਧਤ ਨਿਸ਼ਾਨਾ ਬਣਾਏ ਗਏ ਲੋਕਾਂ ਦੇ ਨੰਬਰ ਠੀਕ ਉਸ ਮਹੀਨੇ ਨਜ਼ਰ ਆਉਂਦੇ ਹਨ, ਜਿਸ ਮਹੀਨੇ (2017 ’ਚ) ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ।’ ਪੈਗਾਸਸ ਸਪਾਈਵੇਅਰ ਕਥਿਤ ਤੌਰ ’ਤੇ ਦੁਨੀਆ ਭਰ ’ਚ ਕਈ ਸਿਆਸਤਦਾਨਾਂ, ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਤੋਂ ਇਲਾਵਾ ਹੋਰਨਾਂ ਦੀ ਕਥਿਤ ਜਾਸੂਸੀ ਦੀ ਕੋੋਸ਼ਿਸ਼ ਕਰਨ ਲਈ ਵਰਤਿਆ ਗਿਆ ਸੀ। ਇਸ ਦਾ ਖੁਲਾਸਾ ਪਿਛਲੇ ਮਹੀਨੇ ਪੈਗਾਸਸ ਪ੍ਰਾਜੈਕਟ ਵੱਲੋਂ ਕੀਤਾ ਗਿਆ, ਜੋ ਕਿ 17 ਮੀਡੀਆ ਸੰਸਥਾਵਾਂ ਦਾ ਇੱਕ ਕੌਮਾਂਤਰੀ ਸੰਘ ਹੈ। ਇਸ ਖੁਲਾਸੇ ਦਾ ਮੁੱਖ ਆਧਾਰ ਜਾਸੂਸੀ ਦੇ ਸੰਭਾਵਿਤ ਨਿਸ਼ਾਨੇ ਵਾਲੀ 50 ਹਜ਼ਾਰ ਫੋਨ ਨੰਬਰਾਂ ਦੀ ਇੱਕ ਸੂਚੀ ਹੈ, ਜਿਸ ਨਾਲ ਸਬੰਧਤ ਯੰਤਰਾਂ ਨੂੰ ਪੈਗਾਸਸ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ। ਹਾਲਾਂਕਿ ਐੱਨਐੱਸਓ ਗਰੁੱਪ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕਰ ਚੁੱਕਾ ਹੈ।
ਬੈਂਜਾਕੋਬ ਨੇ ਇਹ ਵੀ ਜ਼ਿਕਰ ਕੀਤਾ ਕਿ ਕਥਿਤ ਤੌਰ ’ਤੇ ਇਸ ਸੂਚੀ ਵਿੱਚ ਸ਼ਾਮਲ ਹੰਗਰੀ ਦੇ ਨਿਸ਼ਾਨੇ (ਨੰਬਰ) ਵੀ ਜੁਲਾਈ 2018 ’ਚ ਸਾਬਕਾ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਸ (ਹੰਗਰੀ) ਦੇਸ਼ ਦਾ ਦੌਰਾ ਕਰਨ ਦੇ ਕੁਝ ਮਹੀਨੇ ਬਾਅਦ ਦਿਖਾਈ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਨੇਤਨਯਾਹੂ ਐੱਨਐੱਸਓ ਦੀ ਤਕਨੀਕ ਦਾ ਸ਼ਰ੍ਹੇਆਮ ਪ੍ਰਦਰਸ਼ਨ ਕਰ ਰਹੇ ਸਨ ਤੇ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਨ੍ਹਾਂ ਦੌਰਿਆਂ ਅਤੇ ਪੈਗਾਸਸ ਦੇ ਸੰਭਾਵਿਤ ਨਿਸ਼ਾਨਿਆਂ ਵਿਚਾਲੇ ਇੱਕ ਤਰ੍ਹਾਂ ਦਾ ‘ਸਬੰਧ’ ਹੈ। ਪੈਗਾਸਸ ਪ੍ਰਾਜੈਕਟ ਨੇ ਖੁਲਾਸਾ ਕੀਤਾ ਸੀ ਕਿ ਸੂਚੀ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਸਣੇ 14 ਵਿਦੇਸ਼ੀ ਨੇਤਾਵਾਂ ਦੇ ਫੋਨ ਨੰਬਰ ਵੀ ਸ਼ਾਮਲ ਸਨ। ਭਾਰਤ ਵਿੱਚ ਜਾਸੂਸੀ ਦੀ ਇਸ ਕੋਸ਼ਿਸ਼ ਦੇ ਸ਼ੱਕੀ ਨਿਸ਼ਾਨਿਆਂ ’ਚ ਮੌਜੂਦਾ ਕੇਂਦਰੀ ਮੰਤਰੀ, ਮੁੱਖ ਵਿਰੋਧੀ ਨੇਤਾ ਅਤੇ 40 ਤੋਂ ਵੱਧ ਪੱਤਰਕਾਰ ਅਤੇ ਕਾਰਕੁਨ ਸ਼ਾਮਲ ਸਨ। ਫਰਾਂਸ ਅਤੇ ਹੰਗਰੀ ਇਸ ਸਬੰਧੀ ਜਾਂਚ ਦੇ ਹੁਕਮ ਦੇ ਚੁੱਕੇ ਹਨ ਪਰ ਭਾਰਤ ਸਰਕਾਰ ਨੇ ਹਾਲੇ ਤੱਕ ਇਸ ਨੂੰ ਇੱਕ ‘ਮੁੱਦਾ ਨਹੀਂ’ ਮੰਨਿਆ ਹੈ।
ਪੈਗਾਸਸ ਮਾਮਲਾ: ਸੁਪਰੀਮ ਕੋਰਟ ਵੱਲੋਂ ਜਾਂਚ ਸਬੰਧੀ ਪਟੀਸ਼ਨਾਂ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਦੀਆਂ ਪਟੀਸ਼ਨਾਂ ’ਤੇ ਵੀਰਵਾਰ 5 ਅਗਸਤ ਨੂੰ ਸੁਣਵਾਈ ਕਰੇਗੀ। ਇਨ੍ਹਾਂ ਵਿੱਚ ਐਡੀਟਰਜ਼ ਗਿਲਡ ਆਫ ਇੰਡੀਆ ਅਤੇ ਪੱਤਰਕਾਰਾਂ ਐੱਨ. ਰਾਮ ਅਤੇ ਸ਼ਸ਼ੀ ਕੁਮਾਰ ਵੱਲੋਂ ਦਾਇਰ ਪਟੀਸ਼ਨਾਂ ਵੀ ਸ਼ਾਮਲ ਹਨ। ਸਰਬਉੱਚ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਸੂਚੀ ਮੁਤਾਬਕ ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਅਤੇ ਜਸਟਿਸ ਸੂਰਿਆਕਾਂਤ ਇਸ ਮਾਮਲੇ ਸਬੰਧੀ 9 ਵੱਖ-ਵੱਖ ਪਟੀਸ਼ਨਾਂ, ਜਿਨ੍ਹਾਂ ਵਿੱਚ ਇਜ਼ਰਾਇਲੀ ਕੰਪਨੀ ਐੱਨਐੱਸਓ ਦੇ ਸਪਾਈਵੇਅਰ ਪੈਗਾਸਸ ਰਾਹੀਂ ਸਮਾਜਿਕ ਕਾਰਕੁਨਾਂ, ਕੁਝ ਸਿਆਸਤਦਾਨਾਂ ਅਤੇ ਪੱਤਰਕਾਰਾਂ ਦੀ ਕਥਿਤ ਜਾਸੂਸੀ ਹੋਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ, ’ਤੇ ਸੁਣਵਾਈ ਕਰਨਗੇ। -ਪੀਟੀਆਈ