ਗੁਰਬਖਸ਼ਪੁਰੀ
ਤਰਨ ਤਾਰਨ, 17 ਨਵੰਬਰ
ਅੱਜ ਤੜਕਸਾਰ ਇਥੋਂ ਦੀ ਮੁੱਖ ਸੜਕ ’ਤੇ ਇੱਕ ਦੋ-ਮੰਜ਼ਿਲਾ ਬਹੁਮੰਤਵੀ ‘ਖਾਲਸਾ ਸਟੋਰਜ਼’ ਨੂੰ ਲੱਗੀ ਅੱਗ ਨੇ ਕਰੋੜਾਂ ਰੁਪਏ ਦਾ ਸਮਾਨ ਸਾੜ ਕੇ ਸਵਾਹ ਕਰ ਦਿੱਤਾ| ਅੱਗ ਨੇ ਸਟੋਰ ਦੀ ਇਮਾਰਤ ਵੀ ਨਕਾਰਾ ਬਣਾ ਕੇ ਰੱਖ ਦਿੱਤੀ ਹੈ| ਸਟੋਰ ਦੇ ਮਾਲਕ ਭਗਵਾਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਅੱਗ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਲੱਗੀ ਹੈ| ਉਨ੍ਹਾਂ ਕਿਹਾ ਕਿ ਇਸ ਦੁਖਾਂਤ ਵਿੱਚ ਉਨ੍ਹਾਂ ਦਾ ਕੋਈ 40 ਕਰੋੜ ਰੁਪਏ ਤੋਂ ਵੀ ਜਿਆਦਾ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ| ਅੱਗ ’ਤੇ ਕਾਬੂ ਪਾਉਣ ਲਈ ਤਰਨ ਤਾਰਨ ਤੋਂ ਇਲਾਵਾ ਪੱਟੀ ਅਤੇ ਅੰਮ੍ਰਿਤਸਰ ਦੇ ਚਾਰ ਫ਼ਾਇਰ ਬ੍ਰਿਗੇਡਾਂ ਨੇ ਪੰਜ ਘੰਟੇ ਤੱਕ ਜਦੋਦਜਹਿਦ ਕਰਕੇ ਕਾਬੂ ਪਾਇਆ।ਇਸ ਦੁਖਾਂਤ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੇ ਢੋਲ ਦੀ ਪੋਲ ਬੁਰੀ ਤਰ੍ਹਾ ਖੋਲ੍ਹ ਕੇ ਰੱਖ ਦਿੱਤੀ ਹੈ| ਪੀੜਤ ਪਰਿਵਾਰ ਦੇ ਮੁਖੀ ਭਗਵਾਨ ਸਿੰਘ ਨੇ ਦੱਸਿਆ ਕਿ ਅੱਗ ਲੱਗੀ ਹੋਣ ਬਾਰੇ ਉਨ੍ਹਾਂ ਨੂੰ ਸੂਚਨਾ ਇਲਾਕੇ ਦੇ ਚੌਕੀਦਾਰ ਨੇ ਪੰਜ ਵਜੇ ਦੇ ਕਰੀਬ ਦਿੱਤੀ ਜਿਸ ਤੇ ਉਨ੍ਹਾਂ ਨੇ ਤੁਰੰਤ ਆਪਣੇ ਦੋਵਾਂ ਲੜਕਿਆਂ ਸਮੇਤ ਆਸ-ਪਾਸ ਦੇ ਲੋਕਾਂ ਨੂੰ ਮੱਦਦ ਲਈ ਬੁਲਾਇਆ| ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪਹਿਲਾਂ ਸਥਾਨਕ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਜਿਹੜਾ ਮੌਕੇ ਤੇ ਤਾਂ ਤੁਰੰਤ ਆ ਗਿਆ ਪਰ ਫਾਇਰ ਬ੍ਰਿਗੇਡ ਦੀ ਪਾਣੀ ਵਾਲੀ ਟੈਂਕੀ ਪੂਰੀ ਭਰੀ ਨਾ ਹੋਣ ਕਰਕੇ ਪਾਣੀ ਛੇਤੀ ਹੀ ਖਤਮ ਹੋ ਗਿਆ| ਅੰਮ੍ਰਿਤਸਰ ਅਤੇ ਪੱਟੀ ਦੇ ਫਾਇਰ ਬ੍ਰਿਗੇਡ ਸੱਤ ਵਜੇ ਤੱਕ ਆ ਸਕੇ| ਅੰਮ੍ਰਿਤਸਰ ਦੇ ਸਟੇਸ਼ਨ ਫ਼ਾਇਰ ਅਧਿਕਾਰੀ ਅਨਿਲ ਲੂਥਰਾ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਤਰਨ ਤਾਰਨ ਤੋਂ ਪਾਣੀ ਭਰਨ ਲਈ ਡਾਢੀ ਮੁਸ਼ਕਲ ਆਈ|
ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਨਿਰਧਾਰਿਤ ਨੇਮਾਂ ਅਨੁਸਾਰ ਅੱਗ ਲੱਗਣ ਦੀ ਸੂਰਤ ਵਿੱਚ ਪਾਣੀ ਦੇਣ ਲਈ ਚਾਰ ਇੰਚ ਦੀ ਪਾਣੀ ਵਾਲੀ ਪਾਇਪ ਨਾ ਲਗਾਈ ਹੋਣ ਕਰਕੇ ਉਨ੍ਹਾਂ ਨੂੰ ਪਾਣੀ ਭਰਨ ਦੀ ਬਹੁਤ ਦਿੱਕਤ ਆਈ। ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਣ ਦਾ ਪਤਾ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ ਜਦਕਿ ਅੱਗ ਲੱਗਣ ਲਈ ਚਾਰ ਇੰਚ ਦੀ ਪਾਇਪ ਨਾ ਹੋਣ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਉਹ ਨਿਯਮਾਂ ਦੀ ਘੋਖ ਕਰ ਰਹੇ ਹਨ| ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਘਟਨਾ ਸਥਾਨ ਦਾ ਦੌਰਾ ਕੀਤਾ|