ਬੇਅੰਤ ਸਿੰਘ ਸੰਧੂ
ਪੱਟੀ, 23 ਅਕਤੂਬਰ
ਪੱਟੀ ਸ਼ਹਿਰ ਦੇ ਖੇਮਕਰਨ ਰੋਡ ’ਤੇ ਨਵੀਂ ਬਣੀ ਸੜਕ ਵਿਚਾਲੇ ਡਿਵਾਈਡਰ ਲਗਾਉਣ ਤੋਂ ਦੁਖੀ ਦੁਕਾਨਦਾਰਾਂ ਵੱਲੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਧਰਨਾਂ ਦਿੱਤਾ।
ਵਿਧਾਇਕ ਗਿੱਲ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾਕਾਰੀ ਦੁਕਾਨਦਾਰਾਂ ਅਤੇ ਆਪ ਆਗੂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਖੇਮਕਰਨ ਰੋਡ ਸੜਕ ਦੀ ਚੌੜਾਈ ਘੱਟ ਹੋਣ ਕਰਕੇ ਲਾਹੌਰ ਚੌਕ ਅੰਦਰ ਪਹਿਲਾਂ ਹੀ ਵਾਹਨਾਂ ਦਾ ਜਾਮ ਲੱਗਾ ਰਹਿੰਦਾ ਹੈ ਤੇ ਸੜਕ ਦੇ ਵਿਚਕਾਰ ਡਿਵਾਈਡਰ ਲਗਾਉਣ ਨਾਲ ਦੋਵੇਂ ਪਾਸੀ ਸੜਕ ਦੀ ਚੌੜਾਈ ਘੱਟ ਜਾਵੇਗੀ, ਜਿਸ ਕਾਰਨ ਹਾਦਸੇ ਵਧਣ ਦਾ ਖਤਰਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸੜਕ ਦੇ ਵਿਚਕਾਰ ਡਿਵਾਈਡਰ ਨਾ ਬਣਾਉਣ ਦਾ ਵਿਧਾਇਕ ਗਿੱਲ ਵੱਲੋਂ ਵਾਅਦਾ ਕੀਤਾ ਗਿਆ ਸੀ ,ਪਰ ਹੁਣ ਵਿਧਾਇਕ ਵਾਅਦਾਖਿਲਾਫ਼ੀ ਕਰ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂ ਲਾਲਜੀਤ ਭੁੱਲਰ ਨੇ ਕਿਹਾ ਕਿ ਵਿਧਾਇਕ ਗਿੱਲ ਦੀ ਮਨਮਾਨੀਆਂ ਤੋਂ ਪੱਟੀ ਹਲਕੇ ਦੇ ਲੋਕ ਬੇਹੱਦ ਦੁਖੀ ਹਨ। ਦੁਕਾਨਦਾਰਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਖੇਮਕਰਨ ਰੋਡ ਦੀ ਸੜਕ ਉਪਰ ਡਿਵਾਈਡਰ ਲਗਾਉਣ ਵਾਲਾ ਫੈਸਲਾ ਨਾ ਬਦਲਿਆ ਗਿਆ ਤਾਂ ਸਮੂਹ ਦੁਕਾਨਦਾਰ ਅਗਲੇਰੇ ਸਮੇਂ ਅੰਦਰ ਰੋਸ ਧਰਨੇ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਰੋਸ ਧਰਨੇ ਨੂੰ ਸ਼ਾਤ ਕਰਵਾਉਣ ਪਹੁੰਚੇ ਥਾਣਾ ਸਿਟੀ ਪੱਟੀ ਦੇ ਐੱਸਐਚਓ ਅਜੇ ਕੁਮਾਰ ਖੁੱਲਰ ਨੇ ਦੁਕਾਨਦਾਰਾਂ ਦੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਗੱਲ ਕਰਵਾਈ ਅਤੇ ਵਿਧਾਇਕ ਵੱਲੋਂ ਇਸ ਮਸਲੇ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਉਣ ’ਤੇ ਦੁਕਾਨਦਾਰਾਂ ਨੇ ਧਰਨਾ ਸਮਾਪਤ ਕੀਤਾ।