ਪੱਤਰ ਪ੍ਰੇਰਕ
ਯਮੁਨਾਨਗਰ, 19 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਿਲਾਸਪੁਰ ਸਥਿੱਤ ਮੇਲਾ ਕਪਾਲ ਮੋਚਨ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਗੁਰਦੁਆਰਾ ਦਸਵੀਂ ਪਾਤਸਾਹੀ ਮੱਥਾ ਟੇਕਿਆ ਅਤੇ ਕਪਾਲ ਮੋਚਨ ਤੀਰਥ ਦੇ ਪਵਿੱਤਰ ਗਊ ਬੱਛਾ ਘਾਟ ’ਤੇ ਰਿਣ ਮੋਚਨ, ਸੂਰਜ ਕੁੰਡ ਸਰੋਵਰਾਂ ਤੇ ਪੰਜ ਇਸਨਾਨ ਕਰਕੇ ਪੂਜਾ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਕਲੇਸਰ ਤੋਂ ਕਾਲਕਾ ਤੱਕ ਦੇ ਖੇਤਰ ਨੂੰ ਧਾਰਮਿਕ ਤੌਰ ’ਤੇ ਸੈਰਸਪਾਟੇ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਸ੍ਰੀ ਬੱਦਰੀ ਨਰਾਇਣ ਮੰਦਰ, ਮਾਤਾ ਮੰਤਰਾ ਦੇਵੀ ਦਾ ਮੰਦਰ, ਸਰਸਵਤੀ ਨਦੀ ਦਾ ਉੱਦਗਮ ਸੱਥਲ, ਆਦਿ ਬੱਦਰੀ ਸਰਸਵਤੀ ਨਦੀ ਵਣ ਖੇਤਰ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਯੁੱਧ ਕਲਾ ਅਜਾਇਬ ਘਰ ਵੀ ਹੈ ਜਿਸ ਕਰਕੇ ਇਸ ਤੀਰਥ ਸਥਾਨ ਵੀ ਹੈ, ਜਿਸ ਨੂੰ ਧਿਆਨ ਵਿੱਚ ਰਖਦਿਆਂ ਕਰੋੜਾਂ ਰੁਪੇ ਦੀ ਲਾਗਤ ਨਾਲ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਮੇਲਾ ਕਪਾਲ ਮੋਚਨ ਦੇ ਦਰਸ਼ਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਧਾਰਣਾ ਹੈ ਕਿ ਕੋਈ ਵੀ ਮੰਤਰੀ ਜੋ ਕਿ ਇਸ ਮੇਲੇ ਵਿੱਚ ਸ਼ਿਰਕਤ ਕਰਦਾ ਹੈ ਉਹ ਅਪਣੇ ਅਹੁਦੇ ’ਤੇ ਨਹੀਂ ਰਹਿੰਦਾ, ਜਿਸ ਤੋਂ ਡਰਦਿਆਂ ਸੰਨ 1970 ਤੋਂ ਬਾਅਦ ਕੋਈ ਵੀ ਮੁੱਖ ਮੰਤਰੀ ਇਸ ਮੇਲੇ ਵਿੱਚ ਨਹੀਂ ਆਇਆ। ਉਨ੍ਹਾਂਕਿਹਾ ਕਿ ਜਦੋਂ ਉਨਾਂ੍ਹ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਆਪਣੀਆਂ 2 ਬੈਠਕਾਂ ਰੱਦ ਕਰਕੇ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਆਏ ਹਨ। ਇਸ ਮੌਕੇ ਤੇ ਸਿੱਖਿਆ ਮੰਤਰੀ ਕੰਵਰਪਾਲ, ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ, ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਹੋਰ ਅਧਿਕਾਰੀ ਮੌਜੂਦ ਸਨ।