ਨਿੱਜੀ ਪੱਤਰ ਪ੍ਰੇਰਕ
ਮਲੋਟ, 16 ਜਨਵਰੀ
ਇੱਥੇ ਅੱਜ ਗੈਸਟ ਹਾਊਸ ਵਿੱਚ ਅੱਧੀ ਦਰਜਨ ਦੇ ਕਰੀਬ ਸਥਾਨਕ ਕਾਂਗਰਸੀ ਆਗੂਆਂ ਨੇ ਮੀਟਿੰਗ ਕਰਦਿਆਂ ਹਲਕੇ ਤੋਂ ਬਾਹਰਲੀ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦੇਣ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਮਲੋਟ ਹਲਕੇ ’ਤੇ ਹਰ ਵਾਰ ਬਾਹਰ ਦਾ ਉਮੀਦਵਾਰ ਥੋਪ ਦਿੱਤਾ ਜਾਂਦਾ ਹੈ। ਕਾਂਗਰਸ ਸੇਵਾ ਦਲ ਦੇ ਨੁਮਾਇੰਦੇ ਓਮ ਪ੍ਰਕਾਸ਼ ਖਿੱਚੀ, ਜ਼ਿਲ੍ਹਾ ਪਰਿਸ਼ਦ ਮੈਂਬਰ ਮਾਸਟਰ ਜਸਪਾਲ ਸਿੰਘ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੰਮੀ, ਰਿੰਕੂ ਕੁਮਾਰ, ਬਲਵਿੰਦਰ ਸਿੰਘ ਅਤੇ ਲਖਵੀਰ ਸਿੰਘ ਲੱਖਾ ਸਮੇਤ ਮਲੋਟ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਮਲੋਟ ਰਿਜ਼ਰਵ ਹਲਕੇ ਵਿੱਚ ਐੱਸਸੀ ਭਾਈਚਾਰੇ ਨਾਲ ਸਬੰਧਤ ਬਹੁਤ ਸਾਰੇ ਕਾਬਲ, ਸੂਝਵਾਨ ਅਤੇ ਪੜ੍ਹੇ-ਲਿਖੇ ਵਿਅਕਤੀ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਚੰਗਾ ਆਧਾਰ ਹੈ ਪਰ ਪਾਰਟੀ ਨੇ ਹਰ ਵਾਰ ਦੀ ਤਰ੍ਹਾਂ ਇੱਥੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅਜਾਇਬ ਸਿੰਘ ਭੱਟੀ ਹਲਕਾ ਬਠਿੰਡਾ ਨਾਲ ਸਬੰਧ ਰੱਖਦੇ ਸਨ ਅਤੇ ਹੁਣ ਰੁਪਿੰਦਰ ਕੌਰ ਰੂਬੀ ਵੀ ਬਠਿੰਡਾ ਹਲਕੇ ਦੀ ਵਸਨੀਕ ਹੈ। ਆਗੂਆਂ ਨੇ ਕਿਹਾ ਕਿ ਜੇਕਰ ਰੂਬੀ ਜਿੱਤ ਵੀ ਜਾਂਦੀ ਹੈ ਤਾਂ ਮਲੋਟ ਹਲਕੇ ਦੇ ਲੋਕਾਂ ਨੂੰ ਆਪਣੇ ਕੰਮ-ਧੰਦਿਆਂ ਲਈ ਪਹਿਲਾਂ ਵਾਂਗ ਬਠਿੰਡਾ ਗੇੜੇ ਮਾਰਨੇ ਪੈਣਗੇ, ਜਿਸ ਕਰਕੇ ਉਹ ਬਾਹਰੀ ਉਮੀਦਵਾਰ ਦਾ ਵਿਰੋਧ ਕਰਦੇ ਹਨ। ਰੁਪਿੰਦਰ ਕੌਰ ਨੇ ਕਿਹਾ ਕਿ ਬਾਹਰ ਦੇ ਉਮੀਦਵਾਰ ਦਾ ਕੋਈ ਮਸਲਾ ਨਹੀਂ, ਸੰਵਿਧਾਨ ਅਨੁਸਾਰ ਕੋਈ, ਕਿਤੋਂ ਵੀ ਚੋਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਮਲੋਟ ਹੀ ਰਹਿ ਰਹੇ ਹਨ ਅਤੇ ਉਹ ਜਲਦੀ ਹੀ ਰੁੱਸੇ ਕਾਂਗਰਸੀ ਆਗੂਆਂ ਨੂੰ ਵੀ ਮਨਾ ਲੈਣਗੇ।