ਨਵੀਂ ਦਿੱਲੀ, 29 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਘਰੇਲੂ ਪੇਟੈਂਟ ਫਾਈਲਿੰਗ ਨੇ ਦੇਸ਼ ਦੀਆਂ ਵਿਦੇਸ਼ੀ ਪੇਟੈਂਟ ਫਾਈਲਿੰਗਜ਼ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤ ਦਾ ‘ਟੈਕੇਡ’ (ਤਕਨੀਕੀ ਰੂਪ ‘ਚ ਸਮਰੱਥ ਬਣਨ) ਦਾ ਸੁਪਨਾ ਇਸ ਦੇ ਖੋਜਕਾਰਾਂ ਦੇ ਬਲ ‘ਤੇ ਪੂਰਾ ਹੋਵੇਗਾ। ਨਵੇਂ ਸਾਲ ਦੇ ਆਪਣੇ ਪਹਿਲੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ ਵੱਧ ਰਹੀ ਵਿਗਿਆਨਕ ਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੇਟੈਂਟ ਫਾਈਲਿੰਗ ਵਿੱਚ ਭਾਰਤ ਦਾ ਵਿਸ਼ਵ ਪੱਧਰ ‘ਤੇ ਸੱਤਵਾਂ ਦਰਜਾ ਹੈ ਜਦੋਂ ਕਿ ਟਰੇਡਮਾਰਕ ਰਜਿਸਟਰੇਸ਼ਨ ਵਿੱਚ ਪੰਜਵੇਂ ਸਥਾਨ ‘ਤੇ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਦੀ ਪੇਟੈਂਟ ਰਜਿਸਟਰੇਸ਼ਨ ਵਿੱਚ 50 ਫੀਸਦੀ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਭਾਰਤੀ ਵਿਗਿਆਨ ਸੰਸਥਾਨ ਕੋਲ 2022 ਵਿੱਚ 145 ਪੇਟੈਂਟ ਸਨ, ਜੋ ਕਿ ਇੱਕ ਦੁਰਲੱਭ ਰਿਕਾਰਡ ਹੈ। ਪਿਛਲੇ ਦਿਨੀਂ ਐਲਾਨੇ ਪਦਮ ਪੁਰਸਕਾਰਾਂ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਪਦਮ ਪੁਰਸਕਾਰਾਂ ਵਿੱਚ ਬਹੁਤ ਸਾਰੇ ਆਦਿਵਾਸੀ ਲੋਕ ਜਾਂ ਭਾਈਚਾਰੇ ਲਈ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਪਦਮ ਪੁਰਸਕਾਰ ਜੇਤੂਆਂ ਬਾਰੇ ਪੜ੍ਹਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੀਆਂ। -ਪੀਟੀਆਈ