ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਕਤੂੁਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਸਟੇਸ਼ਨ ’ਤੇ 25ਵੇਂ ਦਿਨ ਰੋਸ ਧਰਨਾ ਜਾਰੀ ਰਿਹਾ। ਇਸ ਦੌਰਾਨ ਸੈਂਕੜੇ ਕਿਸਾਨਾਂ ਵੱਲੋਂ ਰੋਸ ਮਾਰਚ ਕਰਦਿਆਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਵਾਲ, ਬੀਕੇਯੂ ਸਿੱਧੂਪੁਰ ਦੇ ਆਗੂ ਕਰਨੈਲ ਸਿੰਘ ਕਾਕੜਾ, ਬੀਕੇਯੂ ਡਕੌਂਦਾ ਦੇ ਆਗੂ ਸ਼ਿਆਮ ਦਾਸ ਕਾਂਝਲੀ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਊਧਮ ਸਿੰਘ ਸੰਤੋਖਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਗੁਰਮੀਤ ਸਿੰਘ ਕੁੰਨਰਾਂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਹਰਮੇਲ ਸਿੰਘ ਮਹਿਰੋਕ ਨੇ ਸੰਬੋਧਨ ਕੀਤਾ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕਾਰਪੋਰੇਟ ਘਰਾਣਿਆਂ ਦੇ ਆਦਮ ਕੱਦ ਪੁਤਲੇ ਫ਼ੂਕੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕੀਤਾ। ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਡਾ. ਸਾਹਿਬ ਸਿੰਘ, ਡਾ. ਨਵਸ਼ਰਨ ਕੌਰ, ਜਮਾਤ ਏ ਇਸਲਾਮੀ ਹਿੰਦ ਦੇ ਪ੍ਰਧਾਨ ਅਬਦੁਲ ਸ਼ਕੂਰ, ਡਾ. ਮੁਹੰਮਦ ਇਰਸ਼ਾਦ, ਨਜ਼ਮਾ, ਗਾਇਕ ਪੰਮੀ ਬਾਈ, ਜਸਵਿੰਦਰ ਸਿੰਘ ਸੁਨਾਮ, ਮੁਸਲਿਮ ਲੀਗ ਦੇ ਸੂਬਾਈ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਇਨਕਲਾਬੀ ਗੀਤ, ਨਾਟਕ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਇਥੋਂ ਦੇ ਸਟੇਡੀਅਮ ਵਿੱਚ ਕਿਸਾਨ ਯੂਨੀਅਨ ਵੱਲੋਂ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਦਾ ਪੁਤਲਾ ਫੂਕ ਕੇ ਦਸਹਿਰਾ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੀਆਂ ਕਿਸਾਨ ਔਰਤਾਂ ਵੱਲੋਂ ਮੋਦੀ, ਬਾਦਲ ਅਤੇ ਕੈਪਟਨ ਖਿਲਾਫ਼ ਵੈਣ ਪਾਏ ਗਏ ਅਤੇ ਜ਼ੋਰਦਾਰ ਨਾਹਰੇਬਾਜ਼ੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਲੌਂਗੋਵਾਲ (ਪੱਤਰ ਪ੍ਰੇਰਕ): ਲੌਂਗੋਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿੱਤੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ ਇੱਥੋਂ ਦੀ ਦਾਣਾ ਮੰਡੀ ਵਿੱਚ ਲੋਕ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਕਾਰਪੋਰੇਟਰਾਂ, ਸਾਮਰਾਜੀਆਂ ਅਤੇ ਨਰਿੰਦਰ ਮੋਦੀ ਦੇ ਦਿਓ ਕੱਦ ਪੁਤਲੇ ਫੂਕੇ ਗਏ ਅਤੇ ਇਸ ਤੋਂ ਪਹਿਲਾਂ ਅਨਾਜ ਮੰਡੀ ਵਿੱਚ ਰੱਖੀ ਵਿਸ਼ਾਲ ਰੋਸ ਰੈਲੀ ਮੌਕੇ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ, ਰਮਨ ਲੌਂਗੋਵਾਲ, ਰਣਜੀਤ ਸਿੰਘ ਜੀਤੀ, ਕੁਲਵਿੰਦਰ ਸੋਨੀ, ਸੁਰਜੀਤ ਸਿੰਘ ਅਤੇ ਅਮਰ ਸਿੰਘ ਨੇ ਸੰਬੋਧਨ ਕੀਤਾ।
ਧੂਰੀ (ਖੇਤਰੀ ਪ੍ਰਤੀਨਿਧ): ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਤੇ ਐਨ.ਆਰ.ਆਈ ਕਲੱਬ ਧੂਰੀ ਵੱਲੋਂ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਬੈਨਰ ਹੇਠ ਕੇਂਦਰ ਵੱਲੋਂ ਬਣਾਏ ਗਏ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਦਸਹਿਰੇ ਮੌਕੇ ਪਿੰਡ ਭਸੌੜ ਵਿਖੇ ਯੂਥ ਕਿਸਾਨ ਆਗੂ ਦਵਿੰਦਰ ਮਲੇਰਕੋਟਲਾ ਤੇ ਇਕਬਾਲ ਸਿੰਘ ਬਾਦਸ਼ਾਹਪੁਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਅਮਰਗੜ੍ਹ (ਪੱਤਰ ਪ੍ਰੇਰਕ): ਜਬਰ ਜ਼ੁਲਮ ਵਿਰੋੋਧੀ ਫਰੰਟ ਪੰਜਾਬ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਹੇਠ ਦਲਿਤ ਜਥੇਬੰਦੀਆਂ ਵੱਲੋਂ ਨਵੇਂ ਬੱਸ ਸਟੈਡ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਮੋਹਨ ਭਾਗਵਤ ਦਾ ਪੁਤਲਾ ਫੂਕਿਆ ਗਿਆ।
ਦਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਲੋਕਾਂ ਨੇ ਕਰੋਨਾ ਮਹਾਂਮਾਰੀ ਨੂੰ ਭੁੱਲ ਕੇ ਬੇਪ੍ਰਵਾਹੀ ਨਾਲ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਉਤਸ਼ਾਹ ਨਾਲ ਮਨਾਇਆ। ਬਹੁਗਿਣਤੀ ਪਰਿਾਵਾਰਾਂ ਨੇ ਸਵੇਰੇ ਆਪਣੇ ਘਰਾਂ ਵਿੱਚ ਮੱਥਾ ਟੇਕਿਆ। ਜੈ ਸ਼੍ਰੀ ਰਾਮ ਲੀਲਾ ਕਲੱਬ ਵੱਲੋ ਰਾਵਨ ਦਹਿਨ ਸਮਾਰੋਹ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਬੱਚਿਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਕਲੱਬ ਵੱਲੋਂ ਪ੍ਰਧਾਨ ਬਰਿੰਦਰ ਬੰਟੀ ਦੀ ਅਗਵਾਈ ’ਚ ਬਾਜ਼ਾਰ ਵਿੱਚ ਸ਼੍ਰੀ ਰਾਮ ਚੰਦਰ ਅਤੇ ਰਾਵਨ ਤੇ ਹੋਰਾਂ ਦੀਆਂ ਝਾਕੀਆਂ ਕੱਢੀਆਂ ਗਈਆਂ।