ਸਵਰਾਜਬੀਰ
ਦਿਲੀਪ ਕੁਮਾਰ ਹਿੰਦੀ ਫ਼ਿਲਮ ਜਗਤ ਦਾ ਵੱਡਾ ਸਿਤਾਰਾ ਸੀ। ਉਸ ਨੇ ਯਥਾਰਥਵਾਦੀ ਸ਼ੈਲੀ ਦੀ ਅਦਾਕਾਰੀ ਕੀਤੀ ਅਤੇ ਸਮੇਂ ਦੇ ਯਥਾਰਥ ਨੂੰ ਫ਼ਿਲਮੀ ਪਰਦੇ ’ਤੇ ਬਾਖ਼ੂਬੀ ਪੇਸ਼ ਕੀਤਾ। ਉਹ ਬਿਹਤਰੀਨ ਅਦਾਕਾਰ ਹੋਣ ਦੇ ਨਾਲ ਨਾਲ ਉਰਦੂ ਅਦਬ ਦਾ ਗਿਆਤਾ ਵੀ ਸੀ, ਸਮਾਜ ਨਾਲ ਜੁੜੇ ਮੁੱਦਿਆਂ ਬਾਰੇ ਪੂਰਾ ਚੇਤੰਨ। ਵੱਡਾ ਸਿਤਾਰਾ ਹੋਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ। ਇਸ ਪੰਨੇ ਦੇ ਲੇਖ ਪਿਛਲੇ ਦਿਨੀਂ ਫ਼ੌਤ ਹੋਏ ਦਿਲੀਪ ਕੁਮਾਰ ਨੂੰ ਅਕੀਦਤ ਪੇਸ਼ ਕਰਦੇ ਹਨ।
ਦਿਲੀਪ ਕੁਮਾਰ, ਫ਼ਿਲਮਾਂ ਦਾ ਅਦਾਕਾਰ। ਫ਼ਿਲਮਾਂ ਦੀ ਦੁਨੀਆਂ ਵਿਚ ਇਕ ਹੋਰ ਸ਼ਬਦ ‘ਫ਼ਿਲਮੀ ਸਿਤਾਰਾ, ਫ਼ਿਲਮੀ ਸਟਾਰ’ ਵੀ ਪ੍ਰਚਲਿਤ ਹੈ; ਅਜਿਹਾ ਅਦਾਕਾਰ ਜਿਹੜਾ ਸਾਰੀ ਫ਼ਿਲਮ ਦਾ ਬੋਝ ਆਪਣੇ ਮੋਢਿਆਂ ’ਤੇ ਚੁੱਕ ਲੈਂਦਾ ਹੈ; ਜਿਸ ਦੀ ਅਦਾਕਾਰੀ ਦੀ ਸ਼ੈਲੀ ਉਸ ਦੀ ਪਛਾਣ ਬਣ ਜਾਂਦੀ ਹੈ। ਸ਼ੈਲੀ ਬਾਅਦ ਵਿਚ ਅਦਾਕਾਰੀ ’ਤੇ ਹਾਵੀ ਹੋ ਜਾਂਦੀ ਹੈ; ਲੋਕ ਉਸ ਸ਼ੈਲੀ ਨੂੰ ਪਸੰਦ ਕਰਦੇ ਤੇ ਉਸ ਦੇ ਦੀਵਾਨੇ ਹੋ ਜਾਂਦੇ ਹਨ; ਉਹ ਸ਼ੈਲੀ ਫ਼ਿਲਮਾਂ ’ਤੇ ਵੀ ਹਾਵੀ ਹੋ ਜਾਂਦੀ ਹੈ; ਅਦਾਕਾਰ ਉਸ ਸ਼ੈਲੀ ਵਿਚ ਕੈਦ ਹੋ ਜਾਂਦਾ ਹੈ ਅਤੇ ਫ਼ਿਲਮਾਂ ਅਦਾਕਾਰ ਤੇ ਉਸ ਦੀ ਸ਼ੈਲੀ ਦੇ ਆਲੇ-ਦੁਆਲੇ ਘੁੰਮਦੀਆਂ ਹਨ, ਉਸ ਸ਼ੈਲੀ ਦੀਆਂ ਬੰਦੀਵਾਨ। ਕਿਹਾ ਜਾਂਦਾ ਹੈ ਕਿ ਦਿਲੀਪ ਕੁਮਾਰ ਸਟਾਰ ਤੇ ਅਦਾਕਾਰ ਦਾ ਸੰਗਮ ਸੀ।
ਉਹ ਸ਼ੈਲੀ ਕੀ ਸੀ? ਉਨ੍ਹਾਂ ਸਮਿਆਂ ਵਿਚ ਮੁੰਬਈ ਵਿਚ ਅਦਾਕਾਰਾਂ ਦੀ ਤਿੱਕੜੀ ਉੱਭਰੀ : ਦਿਲੀਪ ਕੁਮਾਰ, ਰਾਜ ਕਪੂਰ ਤੇ ਦੇਵ ਆਨੰਦ। ਰਾਜ ਕਪੂਰ ਨੇ ਹੌਲੀਵੁੱਡ ਦੇ ਮਹਾਨ ਅਦਾਕਾਰ-ਸਟਾਰ ਚਾਰਲੀ ਚੈਪਲਿਨ ਦੀ ਆਮ ਆਦਮੀ ਦੀ ਵਿਚਾਰਗੀ ਨੂੰ ਇਕ ਵਿਸ਼ੇਸ਼ ਤਰ੍ਹਾਂ ਨਾਲ ਪੇਸ਼ ਕਰਦੀ ਅਦਾਕਾਰੀ ਨੂੰ ਆਪਣੀ ਸ਼ੈਲੀ ਵਿਚ ਸਮੋਣਾ ਚਾਹਿਆ ਅਤੇ ਦੇਵ ਆਨੰਦ ਨੇ ਹੌਲੀਵੁੱਡ ਦੇ ਉੱਘੇ ਸਟਾਰ ਗਰੈਗਰੀ ਪੈਕ ਦੀ ਚੁਲਬੁਲੀ ਸ਼ੈਲੀ ਨੂੰ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਉਨ੍ਹਾਂ ਸਮਿਆਂ ਦੇ ਨੌਜਵਾਨ ਮੁੰਡਿਆਂ ਦੇ ਅੱਥਰੇਪਣ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ।
ਪਰ ਦਿਲੀਪ ਕੁਮਾਰ ਦੀ ਸ਼ੈਲੀ ਕਿਹੋ ਜਿਹੀ ਸੀ? ਕਿਸ ਤੋਂ ਪ੍ਰਭਾਵਿਤ ਸੀ? ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਸ਼ਹਿਰ ਪਿਸ਼ਾਵਰ ਦੇ ਜਨਮੇ ਇਕ ਹੋਰ ਅਦਾਕਾਰ-ਸਟਾਰ ਪ੍ਰੇਮ ਨਾਥ ਨੇ ਕਦੇ ਕੁਝ ਅਜਿਹਾ ਲਿਖਿਆ/ਕਿਹਾ ਸੀ ਜਿਸ ਦਾ ਤੱਤ-ਸਾਰ ਯਾਦ ਦੇ ਸਹਾਰੇ ਨਾਲ ਕੁਝ ਏਦਾਂ ਨਿਕਲਦਾ ਹੈ, ‘‘ਮੈਂ ਵੀ ਫ਼ਿਲਮਾਂ ’ਚ ਕੰਮ ਕਰਨ ਗਿਆ ਸਾਂ; ਉੱਚਾ ਲੰਮਾ ਸਾਂ, ਸੋਹਣਾ ਸਾਂ, ਮੇਰੀ ਆਵਾਜ਼ ਦਮਦਾਰ ਸੀ; ਮੈਂ ਹੀਰੋ ਬਣ ਰਿਹਾ ਸਾਂ; ਸੋਹਣੇ ਤੇ ਦਮਦਾਰ ਆਵਾਜ਼ ਵਾਲੇ ਹੋਰ ਅਦਾਕਾਰ ਵੀ ਹੀਰੋ ਬਣ ਰਹੇ ਸਨ; ਪਰ ਪਤਾ ਨਹੀਂ ਉਹ (ਭਾਵ ਫ਼ਿਲਮਾਂ ਬਣਾਉਣ ਵਾਲੇ ਡਾਇਰੈਕਟਰ) ਕਿੱਥੋਂ ਇਕ ਮਧਰਾ ਜਿਹਾ ਮੁੰਡਾ ਲੈ ਆਏ, ਵਾਲ ਮੱਥੇ ’ਤੇ ਲਟਕਦੇ; ਹੌਲੀ ਹੌਲੀ ਬੋਲਦਾ। ਸੰਘ ’ਚੋਂ ਆਵਾਜ਼ ਮਸਾਂ ਨਿਕਲਦੀ; ਪਤਾ ਨਹੀਂ ਕੀ ਹੋਇਆ, ਉਹ ਹਿੱਟ ਹੋ ਗਿਆ, ਲੋਕ ਉਸ ਦੇ ਦੀਵਾਨੇ ਹੋ ਗਏ। ਉਹ ਸਟਾਰ ਬਣ ਗਿਆ। ਅਸੀਂ ਪਿੱਛੇ ਰਹਿ ਗਏ।’’
ਇਹ ਕੇਹੀ ਸ਼ੈਲੀ ਸੀ; ਧੀਮੀ ਆਵਾਜ਼ ਪਰ ਆਪਣੀ ਤਰ੍ਹਾਂ ਨਾਲ ਦਮਦਾਰ; ਆਵਾਜ਼ ਵਿਚ ਆਉਂਦੇ ਉਤਰਾ-ਚੜ੍ਹਾਅ; ਅਦਾਕਾਰੀ ਵਿਚ ਚਿਹਰੇ ’ਤੇ ਆਉਂਦੇ ਹਾਵ-ਭਾਵ ਨਾਲ ਬਾਹਾਂ ਤੇ ਹੱਥਾਂ ਦੇ ਹਿੱਲਣ-ਜੁੱਲਣ ਦਾ ਸੁਰਮਈ ਸੰਗਮ; ਅੱਖਾਂ ਅਤੇ ਸਰੀਰਕ ਭਾਸ਼ਾ ਵਿਚ ਇਕ ਅਜੀਬ ਤਰ੍ਹਾਂ ਦੀ ਉਦਾਸੀ। ਦਲੀਲ ਦਿੱਤੀ ਜਾਂਦੀ ਹੈ ਕਿ ਉਸ ਨੇ ਅਦਾਕਾਰੀ ਦੀ ਯਥਾਰਥਵਾਦੀ ਸ਼ੈਲੀ ਨੂੰ ਗਹਿਰਾਈ ਦਿੱਤੀ; ਉਸ ਸ਼ੈਲੀ ਨੇ ਉਸ ਸਮੇਂ ਦੇ ਪ੍ਰਛਾਵਿਆਂ ਤੇ ਹਨੇਰਿਆਂ ਨੂੰ ਆਪਣੇ ਅੰਦਰ ਸਮੋਇਆ; ਦੂਸਰੀ ਆਲਮੀ ਜੰਗ ਤੇ ਬੇਰੁਜ਼ਗਾਰੀ ਤੋਂ ਪੈਦਾ ਹੋਈ ਬੇਚੈਨੀ ਤੇ ਉਦਾਸੀ, ਦੇਸ਼ ਦੀ ਵੰਡ, ਕਤਲੋਗਾਰਤ, ਆਗੂਆਂ ਪ੍ਰਤੀ ਲੋਕਾਂ ਦੀ ਖਿਝ ਤੇ ਉਦਾਸੀ, ਸਭ ਕੁਝ ਉਸ ਸ਼ੈਲੀ ਵਿਚ ਮੌਜੂਦ ਸੀ ਅਤੇ ਸਭ ਤੋਂ ਉੱਪਰ ਇਸ ਸ਼ੈਲੀ ਵਿਚ ਮੌਜੂਦ ਸੀ ਹਿੰਦੋਸਤਾਨ ਦੇ ਜਾਗੀਰਵਾਦੀ ਸਮਾਜ ਦੀ ਜਕੜਨ ਵਿਚੋਂ ਮੁਕਤ ਹੋਣ ਲਈ ਲੜ ਰਹੇ ਨੌਜਵਾਨਾਂ ਦੀ ਬੇਬਸੀ ਅਤੇ ਲਾਚਾਰੀ।
ਨੌਜਵਾਨਾਂ ਦੀ ਇਸ ਬੇਬਸੀ ਅਤੇ ਲਾਚਾਰੀ ਨੂੰ ਅਦਾਕਾਰੀ ਦੀ ਇਸ ਭਾਸ਼ਾ ਵਿਚ ਪੇਸ਼ ਕਰਨ ਸਦਕਾ ਹੀ ਦਿਲੀਪ ਕੁਮਾਰ ਨੇ ਸ਼ਰਤ ਚੰਦਰ ਦੇ ਕਲਾਸਿਕ ਨਾਵਲ ‘ਦੇਵਦਾਸ’ ਦੀ ਭੂਮਿਕਾ ਵਿਚ ਅਜਿਹੀ ਕਮਾਲ ਦਿਖਾਈ ਕਿ ਜੇ ਉਹ ਬਾਅਦ ਵਿਚ ਫ਼ਿਲਮਾਂ ਵਿਚ ਕੋਈ ਹੋਰ ਰੋਲ ਨਾ ਵੀ ਕਰਦਾ ਤਾਂ ਉਸੇ ਰੋਲ ਕਾਰਨ ਯਾਦ ਕੀਤਾ ਜਾਂਦਾ। ਹੁਣ ਵੀ ‘ਦੇਵਦਾਸ’ ਨੂੰ ਉਸ ਦੀ ਕਲਾ ਦੀ ਸਿਖ਼ਰ ਮੰਨਿਆ ਜਾਂਦਾ ਹੈ। ਕਿਹੜਾ ਹੋਰ ਕਲਾਕਾਰ ਉਨ੍ਹਾਂ ਸਮਿਆਂ ਦੇ ਜਾਗੀਰਦਾਰੀ ਸਮਾਜ ਦੀ ਜਕੜਨ ਵਿਚ ਜਕੜੇ ਇਕ ਬੇਬਸ ਅਤੇ ਲਾਚਾਰ ਨੌਜਵਾਨ ਦੇ ਮਨ ਵਿਚਲੇ ਹਨੇਰਿਆਂ, ਪ੍ਰਛਾਵਿਆਂ, ਪ੍ਰੇਸ਼ਾਨੀਆਂ, ਦੁਚਿੱਤੀਆਂ, ਉਦਾਸੀਆਂ, ਪ੍ਰੇਮ ਕਰਨ ਤੇ ਪਾਉਣ ਦੀ ਲੋਚਾ, ਉਸ ਲੋਚਾ ਵਿਚ ਮਿਲਦੀਆਂ ਹਾਰਾਂ ਤੇ ਹਾਰਾਂ ਦੀ ਕੁੜੱਤਣ ਨੂੰ ਉਵੇਂ ਪੇਸ਼ ਕਰ ਸਕਦਾ ਸੀ ਜਿਵੇਂ ਦਿਲੀਪ ਕੁਮਾਰ ਨੇ ਕੀਤਾ। ਨਿਰਦੇਸ਼ਕ ਬਿਮਲ ਰਾਏ ਦੀ ਨਿਗਾਹਬਾਨੀ ਵਿਚ ਦਿਲੀਪ ਕੁਮਾਰ ਨੇ ਜਾਗੀਰਦਾਰੀ ਸਮਾਜ ਦੀ ਘੁਟਣ, ਉਦਾਸੀ, ਬੇਗਾਨਗੀ, ਬੇਬਸੀ ਤੇ ਸੂਖ਼ਮ ਹਿੰਸਾ ਨੂੰ ਫ਼ਿਲਮੀ ਪਰਦੇ ’ਤੇ ਇਸ ਤਰ੍ਹਾਂ ਉਭਾਰਿਆ ਕਿ ਉਹ ਦੁਖਾਂਤ ਲੋਕਾਂ ਦੇ ਮਨਾਂ ਵਿਚ ਡੂੰਘਾ ਵਸ ਗਿਆ। ‘ਦੇਵਦਾਸ’ ਦਾ ਪਾਤਰ ਇਕ ਪ੍ਰਤੀਕ ਬਣ ਗਿਆ ਹੈ ਤੇ ਦਿਲੀਪ ਕੁਮਾਰ ‘ਦੇਵਦਾਸ’ ਜਾਂ ‘ਦੇਵਦਾਸ’ ਦਾ ਅਕਸ। ਇਹ ਗ਼ੁਲਾਮ, ਬਸਤੀਵਾਦੀ ਦੇਸ਼ ਦੇ ਜਾਗੀਰਦਾਰੀ ਸਮਾਜ ਵਿਚ ਜਕੜੇ ਤੇ ਵੰਡੇ ਹੋਏ ਮਨੁੱਖ ਦੀ ਕਹਾਣੀ ਸੀ, ਉਸ ਦੀ ਟੁੱਟਦੀ-ਭੱਜਦੀ, ਬਣਦੀ, ਪ੍ਰੇਸ਼ਾਨ ਹੁੰਦੀ ਮਨੁੱਖਤਾ ਦੀ ਕਥਾ ਤੇ ਦਿਲੀਪ ਕੁਮਾਰ ਇਸ ਕਥਾ ਦਾ ਮਹਾਂ-ਨਾਇਕ ਬਣ ਗਿਆ। ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ‘ਦੇਵਦਾਸ’ ਮਹਾਨ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਦੀ ਕਿਰਤ ਹੈ। ਇਹ ਨਾਵਲ 1901 ਵਿਚ ਲਿਖਿਆ ਗਿਆ ਅਤੇ 1917 ਵਿਚ ਪ੍ਰਕਾਸ਼ਿਤ ਹੋਇਆ। ਸ਼ਰਤ ਚੰਦਰ ਨੇ ਆਪਣੇ ਦੋਸਤ ਨੂੰ ਲਿਖਿਆ, ‘‘ਦੇਵਦਾਸ ਕੋਈ ਤਸੱਲੀਬਖ਼ਸ਼ ਕਿਰਤ ਨਹੀਂ ਹੈ, ਬਿਲਕੁਲ ਤਸੱਲੀਬਖ਼ਸ਼ ਨਹੀਂ। ਮੈਂ ਨਹੀਂ ਚਾਹੁੰਦਾ ਕਿ ਇਹ ਪ੍ਰਕਾਸ਼ਿਤ ਹੋਵੇ।’’ ਟਾਲਸਟਾਏ ਨੇ ਇਕ ਵਾਰ ਆਪਣੇ ਨਾਵਲ ‘ਅੰਨਾ ਕੋਰੀਨੀਨਾ’ ਬਾਰੇ ਕਿਹਾ ਸੀ, ‘‘ਮੈਥੋਂ ‘ਅੰਨਾ ਕੋਰੀਨੀਨਾ’ ਪੂਰਾ ਨਹੀਂ ਹੋ ਰਿਹਾ… ਕੋਈ… ਕੋਈ ਮੇਰੇ ਲਈ ਅੰਨਾ ਕੋਰੀਨੀਨਾ ਨੂੰ ਪੂਰਾ/ਮੁਕੰਮਲ ਕਰ ਦੇਵੇ।’’ ਜਟਿਲ ਤੇ ਮਹਾਨ ਲਿਖ਼ਤਾਂ ਅਜਿਹੀਆਂ ਹੀ ਹੁੰਦੀਆਂ ਹਨ, ਉਨ੍ਹਾਂ ਦੇ ਕਿਰਦਾਰ ਵੀ ਇਹੋ ਜਿਹੇ ਹੁੰਦੇ ਹਨ ਕਿ ਉਨ੍ਹਾਂ ਤੋਂ ਉਨ੍ਹਾਂ ਦੇ ਕਰਤਿਆਂ (ਲੇਖਕਾਂ) ਨੂੰ ਵੀ ਡਰ ਆਉਂਦਾ ਹੈ। ਦੇਵਦਾਸ ਵੀ ਅਜਿਹਾ ਕਿਰਦਾਰ ਹੈ। ਇਸ ਨਾਵਲ ’ਤੇ 15 ਤੋਂ ਜ਼ਿਆਦਾ ਫ਼ਿਲਮਾਂ ਬਣੀਆਂ ਹਨ ਪਰ ਅਜੇ ਤਕ ਕੋਈ ਅਦਾਕਾਰ ਬਿਮਲ ਰਾਏ ਦੀ ਨਿਰਦੇਸ਼ਨਾ ਅਤੇ ਉਸ ਵਿਚ ਚਿਤਰੇ ਗਏ ‘ਦੇਵਦਾਸ’ ਦਾ ਮੁਕਾਬਲਾ ਨਹੀਂ ਕਰ ਸਕਿਆ।
ਦਿਲੀਪ ਕੁਮਾਰ ਦੀ ਜ਼ਿੰਦਗੀ ਵਿਚ ਵੀ ਇਸ ਵੰਡੀ ਹੋਈ ਜ਼ਿੰਦਗੀ ਦੇ ਪ੍ਰਛਾਵੇਂ ਮੌਜੂਦ ਰਹੇ। ਉਸ ਨੇ ਹੋਰ ਵੀ ਬਹੁਤ ਦੁਖਾਂਤਕ ਭੂਮਿਕਾਵਾਂ ਨਿਭਾਈਆਂ ਜਿਸ ਕਾਰਨ ਉਸ ਨੂੰ ‘ਟ੍ਰੈਜਡੀ-ਕਿੰਗ’ (ਦੁਖਾਂਤ ਦਾ ਬਾਦਸ਼ਾਹ) ਕਿਹਾ ਗਿਆ (ਇਹ ਵਿਰੋਧਾਭਾਸ, ‘ਦੁਖਾਂਤ ਦਾ ਬਾਦਸ਼ਾਹ’ ਵੀ ਨੋਟ ਕਰਨ ਵਾਲਾ ਹੈ।) ਦਿਲੀਪ ਕੁਮਾਰ ਨੂੰ ਲੈ ਕੇ ‘ਦੇਵਦਾਸ’ ਜਿਹੇ ਸਮਾਜਿਕ ਅਤੇ ਜਾਗੀਰਦਾਰੀ ਜਕੜਨਾਂ ਅਤੇ ਦਵੰਦਾਂ ਵਾਲੀਆਂ ਕਈ ਹੋਰ ਫ਼ਿਲਮਾਂ ਵੀ ਬਣਾਈਆਂ ਗਈਆਂ ਜਿਨ੍ਹਾਂ ਵਿਚੋਂ ਪ੍ਰਮੁੱਖ ‘ਸਿਕਸ਼ਤ’ ਸੀ। ਇਸ ਦੀ ਨਿਰਦੇਸ਼ਨਾ ਰਮੇਸ਼ ਸਹਿਗਲ ਨੇ ਕੀਤੀ ਸੀ। ਇਹ ਬੰਗਾਲੀ ਫ਼ਿਲਮ ‘ਪਾਲੀ ਸਮਾਜ’ ਦੀ ਰੀਮੇਕ ਸੀ। ‘ਨਯਾ ਦੌਰ’ ਵਿਚ ਨਿਰਦੇਸ਼ਕ ਬੀਆਰ ਚੋਪੜਾ ਨੇ ਮਸ਼ੀਨ ਤੇ ਮਨੁੱਖ ਦੀ ਟੱਕਰ ਨੂੰ ਪੇਸ਼ ਕੀਤਾ ਅਤੇ ਇਤਿਹਾਸ-ਵਿਰੋਧੀ ਨਤੀਜਾ ਕੱਢਦਿਆਂ ਮਨੁੱਖ ਦੀ ਜਿੱਤ ਦਰਸਾਈ। ਲੋਕਾਂ ਨੂੰ ਮਸ਼ੀਨ ’ਤੇ ਮਨੁੱਖ ਦੀ ਰੁਮਾਂਸਵਾਦੀ ਜਿੱਤ ਪਸੰਦ ਆਈ। ਇਸੇ ਤਰ੍ਹਾਂ 1953 ਵਿਚ ਜਿਆ ਸਰਹੱਦੀ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਫੁੱਟਪਾਥ’ ਸਮਾਜਿਕ ਸਰੋਕਾਰਾਂ ਵਾਲੀ ਫ਼ਿਲਮ ਸੀ।
‘ਜਵਾਰ ਭਾਟਾ’ ਉਸ ਦੀ ਪਹਿਲੀ ਫ਼ਿਲਮ ਸੀ ਅਤੇ ‘ਜੁਗਨੂੰ’ ਉਸ ਦੀ ਪਹਿਲੀ ਹਿੱਟ ਫ਼ਿਲਮ। 1947 ਵਿਚ ਬਣੀ ‘ਜੁਗਨੂੰ’ ਵਿਚ ਤਿੰਨ ਬਹੁਤ ਵੱਡੇ ਪੰਜਾਬੀ ਇਕੱਠੇ ਸਨ: ਦਿਲੀਪ ਕੁਮਾਰ, ਨੂਰਜਹਾਂ ਅਤੇ ਮੁਹੰਮਦ ਰਫ਼ੀ। ਉਸ ਦੀਆਂ ਫ਼ਿਲਮਾਂ ਸ਼ਹੀਦ, ਮੇਲਾ, ਅੰਦਾਜ਼, ਜੋਗਨ, ਆਰਜ਼ੂ, ਦਾਗ, ਗੰਗਾ ਜਮਨਾ, ਆਦਮੀ, ਮਧੂਮਤੀ, ਪੈਗਾਮ, ਆਨ, ਆਜ਼ਾਦ, ਕੋਹਿਨੂਰ, ਮੁਗ਼ਲੇ-ਆਜ਼ਮ, ਦਿਲ ਦੀਆ ਦਰਦ ਲੀਆ, ਰਾਮ ਔਰ ਸ਼ਾਮ, ਸੰਘਰਸ਼, ਗੋਪੀ ਤੇ ਹੋਰ ਫ਼ਿਲਮਾਂ ਬਾਰੇ ਬਹੁਤ ਲਿਖਿਆ ਜਾ ਚੁੱਕਾ ਹੈ ਪਰ ਮੈਂ ਉਸ ਦੀਆਂ ਦੋ ਫ਼ਿਲਮਾਂ ‘ਸਗੀਨਾ ਮਹਾਤੋ’ (ਬੰਗਾਲੀ ਵਿਚ) ਅਤੇ ‘ਸਗੀਨਾ’ (ਹਿੰਦੀ ਵਿਚ) ਦਾ ਜ਼ਿਕਰ ਕਰਨਾ ਚਾਹਵਾਂਗਾ। ‘ਸਗੀਨਾ ਮਹਾਤੋ’ ਗੌਰ ਕਿਸ਼ੋਰ ਘੋਸ਼ ਦੀ ਕਹਾਣੀ ਤੇ ਤਪਨ ਘੋਸ਼ ਦੀ ਹਿਦਾਇਤਕਾਰੀ ਵਿਚ ਬਣੀ। ਇਸ ਫ਼ਿਲਮ ਵਿਚ ਉਹ ਪਹਿਲਾਂ ਮਜ਼ਦੂਰ ਤੇ ਬਾਅਦ ਵਿਚ ਮਜ਼ਦੂਰ ਆਗੂ ਬਣਿਆ। ਫ਼ਿਲਮ ਦੇ ਸ਼ੁਰੂ ਹੋਣ ’ਤੇ ਮਿਹਨਤ ਕਰਨ, ਹੱਸਣ-ਖੇਡਣ, ਲੜਨ, ਸ਼ਰਾਬ ਪੀਣ ਵਾਲਾ ਮਜ਼ਦੂਰ ਹੈ। ਕਹਾਣੀ ਸਿਲੀਗੁੜੀ ਦੇ ਚਾਹ ਬਾਗਾਨ ਦੀ ਹੈ। ਬਾਅਦ ਵਿਚ ਇਕ ਨੌਜਵਾਨ ਕਮਿਊਨਿਸਟ ਅਰਾਜਕਤਾਵਾਦੀ ਆਗੂ ਵਿਚਾਰਧਾਰਕ ਪਕਿਆਈਆਂ-ਕਚਿਆਈਆਂ ਦੀ ਵਿੱਦਿਆ ਉਸ ’ਤੇ ਥੋਪਦਾ ਤੇ ਉਸ ਨੂੰ ਮਜ਼ਦੂਰ ਆਗੂ ਬਣਾ ਦਿੰਦਾ ਹੈ ਪਰ ਨਾਲ ਹੀ ਉਹ (ਸਗੀਨਾ) ਮਜ਼ਦੂਰਾਂ ਤੋਂ ਵੱਖਰਾ ਤੇ ਦੂਰ (alienate) ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਅਦ ਵਿਚ ਇਨਕਲਾਬੀ ਜਾਂ ਤਥਾਕਥਿਤ ਇਨਕਲਾਬੀ ਲੋਕ-ਅਦਾਲਤ ਵਿਚ ਸਗੀਨਾ ’ਤੇ ਮੁਕੱਦਮਾ ਚਲਾਉਂਦੇ ਹਨ। ਉਸ ’ਤੇ ਮਜ਼ਦੂਰ-ਵਿਰੋਧੀ, ਪਾਰਟੀ ਨਾਲ ਧ੍ਰੋਹ ਕਰਨ ਵਾਲਾ ਅਤੇ ਲੋਕ-ਵਿਰੋਧੀ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਹਨ; ਮਜ਼ਦੂਰਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲੱਗਦਾ ਹੈ। ਇਹ ਵਿਚਾਰਧਾਰਾ ਰਾਹੀਂ ਵੰਡੇ ਗਏ ਮਨੁੱਖ ਦੀ ਕਹਾਣੀ ਹੈ।
ਦਿਲੀਪ ਕੁਮਾਰ ‘ਦੇਵਦਾਸ’ ਵੀ ਸੀ ਤੇ ‘ਸਗੀਨਾ ਮਹਾਤੋ’ ਵੀ। ਬਹੁਤ ਲੋਕਾਂ ਲਈ ਉਹ ‘ਮੁਗ਼ਲੇ-ਆਜ਼ਮ’ ਦਾ ‘ਸਲੀਮ’ ਹੈ, ਰਾਮ ਤੇ ਸ਼ਾਮ ਹੈ ਅਤੇ ਹੋਰ ਬਹੁਤ ਕੁਝ ਹੈ ਅਤੇ ਰਹੇਗਾ।
ਉਸ ਨੇ ਰੂਸੀ ਨਾਟਕ ਨਿਰਦੇਸ਼ਕ ਸਤਾਨਿਸਲਾਵਸਕੀ (Stanislavski) ਦੇ ਅਦਾਕਾਰੀ ਦੇ ਤਰੀਕੇ ਨੂੰ ਆਪਣੇ ਢੰਗ ਨਾਲ ਅਪਣਾਇਆ ਜਿਸ ਵਿਚ ਅਦਾਕਾਰ ਭੂਮਿਕਾ ਨਿਭਾਉਣ ਤੋਂ ਪਹਿਲਾਂ ਆਪਣੇ ਕਿਰਦਾਰ ਬਾਰੇ ਏਨੀ ਜਾਣਕਾਰੀ ਹਾਸਲ ਕਰ ਲੈਂਦਾ ਅਤੇ ਏਨੀ ਰਿਹਰਸਲ ਕਰਦਾ ਹੈ ਕਿ ਉਹ ਕਿਰਦਾਰ ਦੀ ਆਤਮਾ ਦੇ ਲਾਗੇ-ਚਾਗੇ ਪਹੁੰਚ ਜਾਂਦਾ ਹੈ। ਸਤਾਨਿਸਲਾਵਸਕੀ ਨੇ ਪ੍ਰਚਲਿਤ ਯਥਾਰਥਵਾਦੀ ਵਿਧੀ ਨਾਲੋਂ ਜ਼ਿਆਦਾ ਜ਼ੋਰ ਮਨੋਵਿਗਿਆਨਕ ਯਥਾਰਥ ’ਤੇ ਦਿੱਤਾ ਤਾਂ
ਕਿ ਅਦਾਕਾਰੀ ਵਿਚ ਮਨੁੱਖ ਦੀ ਅੰਦਰੂਨੀ ਕਸ਼ਮਕਸ਼ ਮੰਚ ਉੱਤੇ ਪੇਸ਼ ਹੋਵੇ। ਦਿਲੀਪ ਕੁਮਾਰ ਨੇ ਇਸ
ਸ਼ੈਲੀ ਰਾਹੀਂ ਆਪਣੇ ਪਾਤਰਾਂ ਨੂੰ ਜੀਵਿਆ ਤੇ ਇਸ ਸ਼ੈਲੀ ਦਾ ਅਜਿਹਾ ਉੱਤਮ ਅਦਾਕਾਰ ਹੋ ਨਿੱਬੜਿਆ ਕਿ ਉਸ ਦਾ ਮੁਕਾਬਲਾ ਹੌਲੀਵੁੱਡ ਦੇ ਅਜਿਹੀ ਸ਼ੈਲੀ ਅਨੁਸਾਰ ਅਦਾਕਾਰੀ ਕਰਨ ਵਾਲੇ ਮਰਲਿਨ ਬਰੈਂਡੋ ਨਾਲ ਕੀਤਾ ਜਾਂਦਾ ਹੈ। ਹੋਰ ਕਿਸੇ ਨਾਲ ਉਸ ਦਾ ਮੁਕਾਬਲਾ ਹੋ ਹੀ ਨਹੀਂ ਸਕਦਾ।