ਗੁਰਦੇਵ ਸਿੰਘ ਸਿੱਧੂ
ਭਗਤ ਸਿੰਘ ਜਿਉਂ ਹੀ ਅੱਖਰ ਉਠਾਲਣ ਯੋਗ ਹੋਇਆ, ਆਪਣੇ ਘਰ ਵਿਚ ਪਈਆਂ ਭਾਰਤ ਮਾਤਾ ਬੁੱਕ ਏਜੰਸੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਪੜ੍ਹਨ ਲੱਗ ਪਿਆ। ਪੇਂਡੂ ਅੱਧਪੜ੍ਹ ਲੋਕਾਂ ਨੂੰ ਦੇਸ਼ ਦੀ ਤਤਕਾਲੀਨ ਦੁਰਦਸ਼ਾ ਤੋਂ ਜਾਣੂ ਕਰਵਾਉਣ ਲਈ ਸਿੱਧੀ ਪੱਧਰੀ ਭਾਸ਼ਾ ਵਿਚ ਲਿਖੀਆਂ ਇਹ ਪੁਸਤਕਾਂ ਪੜ੍ਹਨ ਅਤੇ ਸਮਝਣ ਵਿਚ ਉਸ ਨੂੰ ਕੋਈ ਦਿੱਕਤ ਨਹੀਂ ਸੀ ਆਉਂਦੀ। ਇਸ ਪੁਸਤਕ ਪਾਠ ਨੇ ਇਕ ਪਾਸੇ ਤਾਂ ਉਸ ਨੂੰ ਸਮਕਾਲੀ ਸਮਾਜੀ-ਸਿਆਸੀ ਮਸਲੇ ਸਮਝਣ ਦੇ ਰਾਹ ਤੋਰਿਆ, ਦੂਜੇ ਪਾਸੇ ਉਸ ਅੰਦਰ ਜਗਿਆਸੂ ਪਾਠਕ ਨੂੰ ਜਨਮ ਦਿੱਤਾ ਜਿਸ ਨੇ ਗਿਆਨ ਪ੍ਰਾਪਤੀ ਦੀ ਅਭਿਲਾਸ਼ਾ ਸੰਤੁਸ਼ਟ ਕਰਨ ਲਈ ਉਮਰ ਭਰ ਪੁਸਤਕਾਂ ਨੂੰ ਆਪਣਾ ਸੰਗੀ ਬਣਾਈ ਰੱਖਿਆ।
ਨੈਸ਼ਨਲ ਕਾਲਜ ਲਾਹੌਰ ਵਿਚ ਵਿਦਿਆਰਥੀ ਜੀਵਨ ਦੌਰਾਨ ਉਹ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਤੇ ਆਜ਼ਾਦੀ ਅੰਦੋਲਨ ਦੇ ਇਤਿਹਾਸਕਾਰ ਸ੍ਰੀ ਸਨਿਆਲ ਦੇ ਸੰਪਰਕ ਵਿਚ ਆਇਆ ਤਾਂ ਉਸ ਦੀ ਪ੍ਰੇਰਨਾ ਸਦਕਾ ਪੜ੍ਹਨਾ ਉਸ ਲਈ ਖਬਤ ਬਣ ਗਿਆ। ਇਸ ਮਨੋਰਥ ਲਈ ਉਸ ਨੇ ਦਵਾਰਕਾ ਦਾਸ ਲਾਇਬਰੇਰੀ ਦਾ ਪੂਰਾ ਲਾਭ ਉਠਾਇਆ। ਇਸ ਲਾਇਬਰੇਰੀ ਦੀ ਵਿਸ਼ੇਸ਼ਤਾ ਇਹ ਸੀ ਕਿ ਪਾਠਕਾਂ ਨੂੰ ਸਹੀ ਸਿਆਸਤ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਦੇਸ਼ ਦੀ ਹੋਣੀ ਦੇ ਖੁਦ ਘਾੜੇ ਬਣਨ ਦੀ ਪ੍ਰੇਰਨਾ ਦੇਣ ਵਾਲੀਆਂ ਪੁਸਤਕਾਂ ਜੋ ਸ਼ਹਿਰ ਦੀ ਕਿਸੇ ਹੋਰ ਲਾਇਬਰੇਰੀ ਨਹੀਂ ਸੀ ਮਿਲਦੀਆਂ, ਇੱਥੇ ਮਿਲਦੀਆਂ ਸਨ। ਭਗਤ ਸਿੰਘ ਇਸ ਲਾਇਬਰੇਰੀ ਦਾ ਨਿਯਮਿਤ ਪਾਠਕ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਦੇ ਸਿਰ ਉੱਤੇ ਪੁਸਤਕਾਂ, ਵਿਸ਼ੇਸ਼ ਕਰ ਕੇ ਸਿਆਸਤ ਅਤੇ ਇਤਿਹਾਸ ਦੇ ਵਿਸ਼ੇ ਦੀਆਂ ਪੁਸਤਕਾਂ ਪੜ੍ਹਨ ਦਾ ਭੂਤ ਸਵਾਰ ਸੀ। ਇਸ ਲਾਇਬਰੇਰੀ ਦੇ ਆਸਰੇ ਇਸ ਸਮੇਂ ਉਸ ਦਾ ਅਧਿਐਨ ਖੇਤਰ ਕਿੰਨਾ ਵਿਸ਼ਾਲ ਹੋਇਆ, ਇਸ ਤੱਥ ਦਾ ਕੁਝ ਕੁ ਅਨੁਮਾਨ ਉਸ ਦੇ 1924 ਵਿਚ ਹਿੰਦੀ ਵਿਚ ਲਿਖੇ ਲੇਖ ‘ਪੰਜਾਬ ਕੀ ਭਾਸ਼ਾ ਤਥਾ ਲਿਪੀ ਸਮੱਸਿਆ’ ਤੋਂ ਲਗਾਇਆ ਜਾ ਸਕਦਾ ਹੈ। ਇਸ ਵਿਚ ਉਸ ਨੇ ਪੰਜਾਬ ਦੀ ਭਾਸ਼ਾ ਅਤੇ ਲਿਪੀ ਸਮੱਸਿਆ ਨੂੰ ਹੱਲ ਕਰਨ ਬਾਰੇ ਸੁਝਾਅ ਦੇਣ ਤੋਂ ਪਹਿਲਾਂ ਸਮੱਸਿਆ ਦਾ ਪਿਛੋਕੜ ਦੱਸਣ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਪੰਜਾਬ ਦੇ ਇਤਿਹਾਸ ਉੱਤੇ ਪੰਛੀ ਝਾਤ ਪਾਈ ਸੀ। ਲੇਖਕ ਨੇ ‘ਸਤਿਆਰਥ ਪ੍ਰਕਾਸ਼’ ਵਿਚ ਦਰਜ ਸੁਆਮੀ ਦਇਆ ਨੰਦ ਦੇ ਕਥਨਾਂ ਕਾਰਨ ਸਿੱਖਾਂ ਅਤੇ ਆਰੀਆ ਸਮਾਜੀਆਂ ਦਰਮਿਆਨ ਉਪਜੇ ਵਿਵਾਦ ਬਾਰੇ ਵੀ ਟਿੱਪਣੀ ਕੀਤੀ ਸੀ। ਲੇਖ ਵਿਚ ਗੈਰੀਬਾਲਡੀ, ਮੈਜ਼ਿਨੀ, ਰੂਸੋ, ਵਾਲਟੇਅਰ, ਟਾਲਸਟਾਏ, ਕਾਰਲ ਮਾਰਕਸ, ਮੈਕਸਮ ਗੋਰਕੀ ਬਾਰੇ ਆਏ ਹਵਾਲੇ ਲੇਖਕ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੇ ਹਨ। ਇਸ ਲੇਖ ਤੋਂ ਇਹ ਤੱਥ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਲੇਖ ਲਿਖੇ ਜਾਣ ਤੱਕ ਭਗਤ ਸਿੰਘ ਕਾਰਲ ਮਾਰਕਸ, ਕਮਿਊਨਿਜ਼ਮ ਅਤੇ ਰੂਸੀ ਇਨਕਲਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕਾ ਸੀ। ਕਿਸੇ ਦੇਸ਼ ਦੇ ਸਾਹਿਤ ਕਾਰਨ ਉਸ ਦੇਸ਼ ਦੀ ਸਿਆਸਤ ਉੱਪਰ ਪੈਣ ਵਾਲੇ ਪ੍ਰਭਾਵ ਦਾ ਬਿਆਨ ਕਰਦਿਆਂ ਉਸ ਨੇ ਲਿਖਿਆ ਸੀ, “ਜੇ ਟਾਲਸਟਾਏ, ਕਾਰਲ ਮਾਰਕਸ, ਮੈਕਸਿਮ ਗੋਰਕੀ ਆਦਿ ਨੇ ਨਵਾਂ ਸਾਹਿਤ ਪੈਦਾ ਕਰਨ ਵਿਚ ਸਾਲਾਂ ਭਰ ਦੀ ਮਿਹਨਤ ਨਾ ਪਾਈ ਹੁੰਦੀ ਤਾਂ ਕਮਿਊਨਿਜ਼ਮ ਦਾ ਪ੍ਰਚਾਰ ਤੇ ਪ੍ਰਸਾਰ ਤਾਂ ਦੂਰ ਰਿਹਾ, ਰੂਸ ਵਿਚ ਕ੍ਰਾਂਤੀ ਨਹੀਂ ਸੀ ਹੋ ਸਕਦੀ।”
ਦਵਾਰਕਾ ਦਾਸ ਲਾਇਬ੍ਰੇਰੀ ਵਿਚ ਭਗਤ ਸਿੰਘ ਦੇ ਅਧਿਐਨ ਦਾ ਹਿੱਸਾ ਬਣੀਆਂ ਪੁਸਤਕਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਵਰਗ ਵਿਚ ਉਹ ਪੁਸਤਕਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਇਨਕਲਾਬੀਆਂ ਦੇ ਲੁਕ ਛਿਪ ਕੇ ਇਨਕਲਾਬੀ ਕੰਮ ਕਰਨ ਅਤੇ ਜਾਨ ਤਲੀ ਉੱਤੇ ਧਰ ਕੇ ਹਕੂਮਤਾਂ ਦਾ ਵਿਰੋਧ ਕਰਨ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਸਨ। ਅਜਿਹੀਆਂ ਪੁਸਤਕਾਂ ਵਿਚ ਡਾਨ ਬ੍ਰੀਨ ਰਚਿਤ ‘ਮਾਈ ਫਾਈਟ ਫਾਰ ਆਇਰਿਸ਼ ਫਰੀਡਮ’, ਸਚਿੰਦਰਨਾਥ ਸਨਿਆਲ ਦੀ ਪੁਸਤਕ ‘ਬੰਦੀ ਜੀਵਨ’, ‘ਹਿਸਟਰੀ ਆਫ ਫ੍ਰੈਂਚ ਰੈਵੋਲਿਊਸ਼ਨ’ ਮੈਜ਼ਿਨੀ ਤੇ ਗੈਰੀਬਾਲਡੀ ਦੀਆਂ ਜੀਵਨੀਆਂ ਆਦਿ ਸ਼ਾਮਲ ਹਨ। ਉਨ੍ਹੀਂ ਦਿਨੀਂ ਅੰਗਰੇਜ਼ੀ ਵਿਚ ਛਪੀ ਵੀਰ ਸਾਵਰਕਰ ਦੀ ਸੰਖੇਪ ਜੀਵਨੀ ਭਗਤ ਸਿੰਘ ਨੂੰ ਬਹੁਤ ਪਸੰਦ ਸੀ। ਇਸ ਕਿਤਾਬਚੇ ਦਾ ਉਹ ਭਾਗ ਜਿਸ ਵਿਚ ਸਾਵਰਕਰ ਦੇ ਸਮੁੰਦਰੀ ਜਹਾਜ਼ ਵਿਚੋਂ ਛਾਲ ਮਾਰ ਕੇ ਫਰਾਰ ਹੋਣ ਦੇ ਯਤਨ ਦੀ ਰੁਮਾਂਚਕਾਰੀ ਘਟਨਾ ਬਿਆਨ ਕੀਤੀ ਗਈ ਸੀ, ਭਗਤ ਸਿੰਘ ਲਈ ਵਧੇਰੇ ਆਕਰਸ਼ਕ ਸੀ। ‘ਹੀਰੋਜ਼ ਐਂਡ ਹੀਰੋਇਨਜ਼ ਆਫ ਰਸ਼ੀਆ’ ਉਸ ਦੀ ਇਕ ਹੋਰ ਮਨਪਸੰਦ ਕਿਤਾਬ ਸੀ। ਫਰਾਂਸ ਦੀ ਮਜ਼ਦੂਰ ਜਥੇਬੰਦੀ ਦੇ ਅਰਾਜਕਤਾਵਾਦੀ ਨੌਜਵਾਨ ਆਗੂ ਵੇਲਾਂ ਦੀ ਲਿਖਤ ‘ਸਾਈਕਾਲੋਜੀ ਆਫ ਵਾਇਲੈਂਸ’ ਜੋ ‘ਅਨਾਰਕਿਜ਼ਮ ਐਂਡ ਅਦਰ ਐਸੇਜ਼’ ਨਾਮੀ ਪੁਸਤਕ ਵਿਚ ਪ੍ਰਕਾਸ਼ਿਤ ਹੋਈ, ਉਸ ਦੀ ਮਨਭਾਉਂਦੀ ਲਿਖਤ ਸੀ। ਇਹ ਅਸਲ ਵਿਚ ਵੇਲਾਂ ਦਾ ਅਦਾਲਤ ਵਿਚ ਦਿੱਤਾ ਬਿਆਨ ਸੀ ਜੋ ਉਸ ਵੱਲੋਂ ਭਾਸ਼ਣਾਂ, ਜਲਸੇ ਜਲੂਸਾਂ, ਲਿਖਤਾਂ ਆਦਿ ਰਾਹੀਂ ਲੋਕ ਹਿਤ ਵਿਚ ਆਖੀਆਂ ਗੱਲਾਂ ਵੱਲ ਸਰਕਾਰ ਵੱਲੋਂ ਬੇਧਿਆਨੀ ਵਰਤਣ ਦੇ ਫਲਸਰੂਪ ਫਰਾਂਸ ਦੀ ਅਸੈਂਬਲੀ ਵਿਚ ਬੰਬ ਸੁੱਟ ਕੇ ਗ੍ਰਿਫਤਾਰੀ ਦੇਣ ਪਿੱਛੋਂ ਮੈਜਿਸਟਰੇਟ ਦੇ ਸਾਹਮਣੇ ਦਿੱਤਾ ਸੀ। ਇਸ ਬਿਆਨ ਵਿਚ ਉਸ ਨੇ ਕਿਹਾ ਸੀ, “ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ, ਇਹ ਸੋਚ ਕੇ ਮੈਂ ਅਸੈਂਬਲੀ ਵਿਚ ਬੰਬ ਸੁੱਟਿਆ ਸੀ। ਉਦੇਸ਼ ਬਿਲਕੁਲ ਸਪਸ਼ਟ ਸੀ- ‘ਸੁੱਤੇ ਹੋਏ ਹਾਕਮ ਨੂੰ ਖੂਨੀ ਇਨਕਲਾਬ ਬਾਰੇ ਖ਼ਬਰਦਾਰ ਕਰ ਦੇਣਾ’।” ਇਸ ਕਥਨ ਨੇ ਭਗਤ ਸਿੰਘ ਦੇ ਦਿਲ ਨੂੰ ਕਿਸ ਗਹਿਰਾਈ ਤੱਕ ਮੱਲਿਆ ਸੀ, ਇਸ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਜੁਲਾਈ 1928 ਦੇ ‘ਕਿਰਤੀ’ ਵਿਚ ਛਪੇ ਆਪਣੇ ਲੇਖ ‘ਅਨਾਰਕਿਜ਼ਮ ਦਾ ਇਤਿਹਾਸ’ ਵਿਚ ਉਸ ਨੇ ਇਸ ਬਿਆਨ ਦਾ ਆਰੰਭਕ ਅੰਸ਼ ਇਉਂ ਉਧਰਿਤ ਕੀਤਾ, “ਬੋਲੇ ਆਦਮੀ ਨੂੰ ਸੁਣਾਉਣ ਵਾਸਤੇ ਬੜੀ ਉੱਚੀ ਆਵਾਜ਼ ਦੀ ਲੋੜ ਪੈਂਦੀ ਹੈ। ਤੁਸੀਂ ਮੈਨੂੰ ਹੁਣ ਸਜ਼ਾ ਦੇਣੀ ਹੈ ਪਰ ਮੈਨੂੰ ਉਸ ਦਾ ਕੋਈ ਡਰ ਨਹੀਂ।” ਅਸੈਂਬਲੀ ਵਿਚ ਬੰਬ ਸੁੱਟਣ ਸਮੇਂ ਸੁੱਟੇ ਇਸ਼ਤਿਹਾਰਾਂ ਵਿਚ ਵੀ ਇਹੋ ਇਬਾਰਤ ਲਿਖੀ ਗਈ ਸੀ। ‘ਅਮਲ ਰਾਹੀਂ ਪ੍ਰਚਾਰ’ ਦਾ ਵਿਚਾਰ ਭਗਤ ਸਿੰਘ ਨੇ ਕਰਪਾਟਕਿਨ ਦੀਆਂ ਲਿਖਤਾਂ ਵਿਚੋਂ ਗ੍ਰਹਿਣ ਕੀਤਾ। ਕਿਰਤੀ ਵਿਚ ਛਪੇ ਉਪਰੋਕਤ ਲੇਖ ਵਿਚ ਉਸ ਨੇ ਕਰਪਾਟਕਿਨ ਦਾ ਇਹ ਕਥਨ ਵੀ ਉਧਰਿਤ ਕੀਤਾ, “ਇਕ ਹੀ ਅਮਲੀ ਕੰਮ ਹਜ਼ਾਰਾਂ ਕਿਤਾਬਾਂ ਅਤੇ ਪਰਚਿਆਂ ਨਾਲੋਂ ਵਧੀਕ ਪ੍ਰਚਾਰ ਕਰ ਸਕਦਾ ਹੈ।… ਪ੍ਰਚਾਰ ਦੇ ਕੰਮ ਵਾਸਤੇ ਨਾ ਤਾਂ ਰੁਪਏ ਦੀ ਜ਼ਰੂਰਤ ਹੈ ਤੇ ਨਾ ਵੱਡੀਆਂ ਪੋਥੀਆਂ ਦੀ ਅਤੇ ਨਾ ਬੜੀ ਭਾਰੀ ਜਥੇਬੰਦੀ ਦੀ। ਕਿਸੇ ਇਕ ਭੀ ਆਦਮੀ ਜਿਸ ਨੇ ਹੱਥ ਵਿਚ ਮਸ਼ਾਲ ਫੜੀ ਹੋਵੇ ਜਿਸ ਨਾਲ ਉਹ ਅੱਗ ਲਾ ਸਕੇ ਜਾਂ ਡਾਇਨਮਾਈਟ ਹੋਵੇ ਜਿਸ ਨਾਲ ਉਹ ਇਕ ਵਾਰੀ ਮਕਾਨਾਂ ਤੇ ਇਹੋ ਜਿਹੇ ਇਨਸਾਨਾਂ ਨੂੰ ਉਡਾ ਸਕੇ, ਉਹ ਸਾਰੀ ਦੁਨੀਆ ਨੂੰ ਆਪਣੀ ਮਰਜ਼ੀ ਮੁਤਾਬਕ ਸਿੱਖਿਆ ਦੇ ਸਕਦਾ ਹੈ।” ਅਸੈਂਬਲੀ ਬੰਬ ਕਾਂਡ ਦੀ ਘਟਨਾ ਇਸ ਤੱਥ ਦੀ ਗਵਾਹ ਹੈ ਕਿ ਭਗਤ ਸਿੰਘ ਨੇ ਆਪਣੇ ਜੀਵਨ ਵਿਚ ਇਹ ਸਿਧਾਂਤ ਗ੍ਰਹਿਣ ਕੀਤਾ ਅਤੇ ਇਸ ਉੱਪਰ ਅਮਲ ਵੀ ਕੀਤਾ। ਭਗਤ ਸਿੰਘ ਦੇ ਗੂੜ੍ਹੇ ਮਿੱਤਰ ਰਾਜਾ ਰਾਮ ਸ਼ਾਸਤਰੀ ਨੇ ਭਗਤ ਸਿੰਘ ਦੀ ਅਜਿਹੀ ਸੋਚ ਦਾ ਬਿਆਨ ਇਉਂ ਕੀਤਾ ਹੈ, “ਉਨ੍ਹਾਂ (ਭਗਤ ਸਿੰਘ) ਦਾ ਇਹ ਵੀ ਕਹਿਣਾ ਸੀ ਕਿ ਸਾਨੂੰ ਨਿਡਰ ਹੋ ਕੇ ਆਪਣੇ ਇਨਕਲਾਬੀ ਵਿਚਾਰਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਦੁਸ਼ਮਣ ਦੀ ਅਦਾਲਤ ਵਿਚ ਖਲੋ ਕੇ ਸਾਨੂੰ ਉਸ ਨੂੰ ਚੁਣੌਤੀ ਦੇਣੀ ਚਾਹੀਦੀ ਹੈ ਅਤੇ ਸਪੱਸ਼ਟ ਸ਼ਬਦਾਂ ਵਿਚ ਆਪਣੇ ਆਦਰਸ਼ ਦਾ ਐਲਾਨ ਕਰਨਾ ਚਾਹੀਦਾ ਹੈ। ਆਪਣਾ ਬਲੀਦਾਨ ਦੇ ਕੇ ਅਸੀਂ ਜਿਹੜੀ ਗੱਲ ਕਹਾਂਗੇ, ਉਸ ਦਾ ਆਮ ਲੋਕਾਂ ਉੱਤੇ ਅਤੇ ਨੌਜਵਾਨਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ।”
ਭਗਤ ਸਿੰਘ ਵਿਕਟਿਰ ਹਿਊਗੋ, ਤੁਰਗਨੇਵ ਆਦਿ ਦੇ ਨਾਵਲ ਵੀ ਬਹੁਤ ਸ਼ੌਕ ਨਾਲ ਪੜ੍ਹਦਾ ਸੀ।
ਭਗਤ ਸਿੰਘ ਦੁਆਰਾ ਪੜ੍ਹੀਆਂ ਦੂਜੇ ਵਰਗ ਦੀਆਂ ਕਿਤਾਬਾਂ ਵਿਚ ਸਮਾਜਵਾਦ ਦੀ ਸਿਧਾਂਤਕ ਤੇ ਵਿਹਾਰਕ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਆਉਂਦੀਆਂ ਹਨ। ‘ਰੈਵੋਲਿਊਸ਼ਨਰੀ ਆਈਡੀਆਜ਼ ਆਫ ਵਾਲਟੇਅਰ’, ‘ਇੰਪੀਰੀਅਲਿਜ਼ਮ’, ‘ਦਿ ਕਮਿੰਗ ਆਫ ਸੋਸ਼ਲਿਜ਼ਮ’, ‘ਥਿਊਰੀ ਐਂਡ ਪ੍ਰੈਕਟਿਸਜ਼ ਆਫ ਲੈਨਿਨਿਜ਼ਮ’, ‘ਕਰਾਈ ਫਾਰ ਜਸਟਿਸ’, ਰੌਲਟ ਕਮੇਟੀ ਦੀ ਰਿਪੋਰਟ ਆਦਿ ਇਸ ਵਰਗ ਦੀਆਂ ਪੁਸਤਕਾਂ ਦੀ ਛੋਟੀ ਜਿਹੀ ਵੰਨਗੀ ਹੈ। ਇਨ੍ਹਾਂ ਸਾਰੀਆਂ ਪੁਸਤਕਾਂ ਨੇ ਘੱਟ ਵੱਧ ਰੂਪ ਵਿਚ ਭਗਤ ਸਿੰਘ ਨੂੰ ਆਪਣੇ ਭਾਵੀ ਜੀਵਨ ਦਾ ਰਸਤਾ ਤੈਅ ਕਰਨ ਵਿਚ ਪ੍ਰਭਾਵਿਤ ਕੀਤਾ।
ਭਗਤ ਸਿੰਘ ਦੀ ਜੇਲ੍ਹ ਡਾਇਰੀ ਜਿਸ ਵਿਚ ਉਸ ਨੇ ਜੇਲ੍ਹ-ਵਾਸ ਦੌਰਾਨ ਪੜ੍ਹੀਆਂ ਪੁਸਤਕਾਂ ਵਿਚੋਂ ਟੂਕਾਂ ਅਤੇ ਹੋਰ ਜਾਣਕਾਰੀ ਦਰਜ ਕੀਤੀ ਹੈ, ਵਾਚਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਗਤ ਸਿੰਘ ਕਿਸੇ ਪੁਸਤਕ ਨੂੰ ਪੜ੍ਹਨ ਤਕ ਹੀ ਸੀਮਤ ਨਹੀਂ ਸੀ ਰਹਿੰਦਾ, ਉਹ ਉਸ ਵਿਚੋਂ ਮਹੱਤਵਪੂਰਨ ਪੰਕਤੀਆਂ ਲਿਖ ਲੈਂਦਾ ਸੀ। ਫਿਰ ਇਨ੍ਹਾਂ ਪੰਕਤੀਆਂ ਬਾਰੇ ਪਹਿਲਾਂ ਆਪ ਵਾਰ ਵਾਰ ਵਿਚਾਰ ਕਰਦਾ ਅਤੇ ਫਿਰ ਦੋਸਤਾਂ ਨਾਲ ਵਿਚਾਰਨ ਉਪਰੰਤ ਕਸੌਟੀ ਉੱਤੇ ਖਰੇ ਉੱਤਰਨ ਵਾਲੇ ਵਿਚਾਰਾਂ ਨੂੰ ਆਪਣੀ ਸਮਝ ਦਾ ਭਾਗ ਬਣਾ ਕੇ ਉਨ੍ਹਾਂ ਅਨੁਸਾਰ ਚੱਲਣ ਦਾ ਯਤਨ ਕਰਦਾ।
ਸਾਥੀਆਂ ਨੂੰ ਅਧਿਐਨ ਵੱਲ ਲਾਉਣ ਦੇ ਯਤਨ
ਭਗਤ ਸਿੰਘ ਪ੍ਰਿੰਸੀਪਲ ਛਬੀਲ ਦਾਸ ਤੋਂ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਸੀ। ਪ੍ਰਿੰਸੀਪਲ ਛਬੀਲ ਦਾਸ ਦਾ ਝੁਕਾਅ ਸਮਾਜਵਾਦ ਵੱਲ ਹੋਣ ਕਾਰਨ ਭਗਤ ਸਿੰਘ ਵੀ ਦਿਨੋਂ ਦਿਨ ਸਮਾਜਵਾਦ ਨਾਲ ਜੁੜਦਾ ਗਿਆ। ਉਸ ਨੇ ਜੋ ਨਵੀਆਂ ਪੁਸਤਕਾਂ ਪੜ੍ਹੀਆਂ, ਉਹ ਉਸ ਦੇ ਚਿੰਤਨ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਨ ਬਣੀਆਂ। ਉਸ ਨੇ ਇਨ੍ਹੀਂ ਦਿਨੀਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ ਜਿਨ੍ਹਾਂ ਦੇ ਪ੍ਰਭਾਵ ਕਾਰਨ ਉਹ ਰੋਮਾਂਟਿਕ ਅਰਾਜਕਤਾਵਾਦ ਦਾ ਲੜ ਛੱਡ ਕੇ ਸਮਾਜਵਾਦ ਨਾਲ ਜੁੜ ਗਿਆ ਅਤੇ ਅੰਤਲੇ ਦਿਨ ਤੱਕ ਕੀਤੇ ਅਧਿਐਨ ਕਾਰਨ ਉਸ ਦੀ ਸਮਾਜਵਾਦ ਪ੍ਰਤੀ ਸਮਝ ਵਧੇਰੇ ਤੋਂ ਵਧੇਰੇ ਨਿਖਰਦੀ ਗਈ।
ਚੰਗੀਆਂ ਪੁਸਤਕਾਂ ਕੇਵਲ ਆਪ ਪੜ੍ਹਨਾ ਹੀ ਭਗਤ ਸਿੰਘ ਦਾ ਸ਼ੌਕ ਨਹੀਂ ਸੀ, ਉਸ ਦੀ ਇੱਛਾ ਹੁੰਦੀ ਸੀ ਕਿ ਇਹ ਪੁਸਤਕਾਂ ਹੋਰਨਾਂ ਪਾਠਕਾਂ ਦੇ ਹੱਥਾਂ ਵਿਚ ਵੀ ਜਾਣ। ਜਦੋਂ ਉਸ ਨੇ ਵੀਰ ਸਾਵਰਕਰ ਦੀ ਲਿਖਤ ‘ਫਰਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ’ ਪੜ੍ਹੀ ਤਾਂ ਝੂਮ ਉਠਿਆ। 1857 ਦੇ ਗਦਰ ਬਾਰੇ ਪੜ੍ਹਨ ਲਈ ਆਮ ਤੌਰ ‘ਤੇ ਜੋ ਕਿਤਾਬਾਂ ਮਿਲਦੀਆਂ ਸਨ, ਉਹ ਜਾਂ ਤਾਂ ਅੰਗਰੇਜ਼ ਲੇਖਕਾਂ ਦੀਆਂ ਲਿਖੀਆਂ ਹੋਈਆਂ ਸਨ, ਜਾਂ ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਵਾਲੇ ਇਤਿਹਾਸਕਾਰਾਂ ਦੀਆਂ, ਜਿਨ੍ਹਾਂ ਨੇ ਦੇਸ਼ ਆਜ਼ਾਦੀ ਦੀ ਸ਼ਮ੍ਹਾ ਉੱਤੇ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਡਾਕੂਆਂ, ਲੁਟੇਰਿਆਂ, ਮਜ਼੍ਹਬੀ ਜਨੂਨੀਆਂ ਆਦਿ ਦੇ ਰੂਪ ਵਿਚ ਚਿਤਰਿਆ ਸੀ। ਸਾਵਰਕਰ ਨੇ ਆਪਣੀ ਪੁਸਤਕ ਵਿਚ ਇੰਡੀਆ ਆਫਿਸ ਲਾਇਬਰੇਰੀ ਦੇ ਰਿਕਾਰਡ ਦੀ ਘੋਖ ਪੜਤਾਲ ਕਰ ਕੇ ਅਜਿਹੇ ਹਵਾਲੇ ਦਿੱਤੇ ਸਨ ਜਿਨ੍ਹਾਂ ਤੋਂ ਇਹ ਅੰਗਰੇਜ਼ ਦੀ ਗੁਲਾਮੀ ਵਿਚੋਂ ਨਿਕਲ ਕੇ ਆਜ਼ਾਦੀ ਲਈ ਲੜਿਆ ਕੌਮੀ ਜੰਗ ਸਿੱਧ ਹੁੰਦਾ ਸੀ। ਇਸ ਕਾਰਨ ਭਗਤ ਸਿੰਘ ਨੇ ਮਹਿਸੂਸ ਕੀਤਾ ਕਿ ਇਹ ਕਿਤਾਬ ਹਰ ਦੇਸ਼ ਭਗਤ ਹਿੰਦੁਸਤਾਨੀ ਨੂੰ ਪੜ੍ਹਨੀ ਚਾਹੀਦੀ ਹੈ ਪਰ ਇਹ ਪੁਸਤਕ ਸਰਕਾਰ ਦੁਆਰਾ ਜ਼ਬਤ ਕੀਤੀ ਹੋਣ ਕਾਰਨ ਆਮ ਨਹੀਂ ਸੀ ਮਿਲਦੀ, ਇਸ ਲਈ ਭਗਤ ਸਿੰਘ ਨੇ ਸ੍ਰੀ ਸ਼ਾਸਤਰੀ ਦੇ ਸਹਿਯੋਗ ਨਾਲ ਇਸ ਨੂੰ ਦੋ ਭਾਗਾਂ ਵਿਚ ਵੰਡ ਕੇ ਮੁੜ ਛਪਵਾਇਆ ਅਤੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਇਸ ਦੀਆਂ ਕਾਪੀਆਂ ਖੁਦ ਦੇ ਕੇ ਆਇਆ। ਗੱਲ ਕੀ, ਉਹ ਆਪਣੇ ਸਾਥੀਆਂ ਦੀ ਸੋਚ-ਧਾਰਾ ਨੂੰ ਸੇਧ ਦੇਣ ਲਈ ਯਤਨਸ਼ੀਲ ਰਹਿੰਦਾ ਸੀ। ਇਸ ਮਨੋਰਥ ਲਈ ਉਸ ਨੇ ਆਪਣੇ ਮਿੱਤਰ ਦਵਾਰਕਾ ਦਾਸ ਲਾਇਬਰੇਰੀ ਦੇ ਲਾਇਬਰੇਰੀਅਨ ਰਾਜਾ ਰਾਮ ਸ਼ਾਸਤਰੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਛਬੀਲ ਦਾਸ ਲਿਖਤ ਕਈ ਲੇਖ ਜਿਵੇਂ ‘ਕੀ ਪੜ੍ਹੀਏ?’, ‘ਭਾਰਤ ਮਾਤਾ’, ‘ਸੋਸ਼ਲਿਜ਼ਮ ਕੀ ਹੈ?’ ਆਦਿ ਤੋਂ ਬਿਨਾ ਪ੍ਰਿੰਸ ਕਰਪਾਟਕਿਨ ਦਾ ਲੇਖ ‘ਐਨ ਅਪੀਲ ਟੂ ਦਿ ਯੰਗ’ ਵੀ ਕਿਤਾਬਚਿਆਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਏ ਅਤੇ ਵਿਦਿਆਰਥੀਆਂ ਵਿਚ ਵੰਡੇ। ਪੁਲੀਸ ਵੱਲੋਂ ਹਿੰਦੋਸਤਾਨ ਸੋਸ਼ਿਅਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਆਗਰਾ, ਕਾਨਪੁਰ ਆਦਿ ਟਿਕਾਣਿਆਂ ਦੀ ਤਲਾਸ਼ੀ ਲਏ ਜਾਣ ਸਮੇਂ ਵੱਡੀ ਗਿਣਤੀ ਵਿਚ ਉੱਪਰ ਵਰਣਿਤ ਬਹੁਤੀਆਂ ਪੁਸਤਕਾਂ ਦਾ ਫੜਿਆ ਜਾਣਾ ਵੀ ਇਸ ਤੱਥ ਦਾ ਪ੍ਰਮਾਣ ਹੈ ਕਿ ਨਾ ਕੇਵਲ ਭਗਤ ਸਿੰਘ ਖੁਦ ਵੱਧ ਤੋਂ ਵੱਧ ਪੜ੍ਹਨ ਵਿਚ ਦਿਲਚਸਪੀ ਰੱਖਦਾ ਸੀ ਸਗੋਂ ਆਪਣੇ ਸਾਥੀਆਂ ਵਿਚ ਵੀ ਅਜਿਹੀ ਰੁਚੀ ਪੈਦਾ ਕਰਨ ਵੱਲ ਅਹੁਲਦਾ ਰਹਿੰਦਾ ਸੀ।
ਭਗਤ ਸਿੰਘ ਦੀ ਪੜ੍ਹਨ-ਰੁਚੀ ਬਾਰੇ ਉਸ ਦੇ ਸਾਥੀ ਜਤਿੰਦਰ ਨਾਥ ਸਨਿਆਲ ਦਾ ਕਹਿਣਾ ਹੈ, “ਭਗਤ ਸਿੰਘ ਬਹੁਤ ਵੱਡੀ ਹੱਦ ਤੱਕ ਪੜ੍ਹਨ ਵਾਲਾ ਸ਼ਖ਼ਸ ਸੀ ਅਤੇ ਉਸ ਦੀ ਪੜ੍ਹਾਈ ਦਾ ਵਿਸ਼ੇਸ਼ ਖੇਤਰ ਸਮਾਜਵਾਦ ਸੀ। ਲਾਹੌਰ ਸਾਜ਼ਿਸ਼ ਮੁਕੱਦਮੇ ਵਿਚ ਸ਼ਾਮਲ ਲਾਜ਼ਮੀ ਤੌਰ ’ਤੇ ਬੁੱਧੀਜੀਵੀਆਂ ਦੀ ਟੋਲੀ ਸੀ ਪਰ ਇਨ੍ਹਾਂ ਵਿਚ ਭਗਤ ਸਿੰਘ ਆਪਣੀ ਬੌਧਿਕ ਚੜ੍ਹਤ ਕਾਰਨ ਸਿਰਮੌਰ ਸੀ।” ਸੋ, ਸ਼ਹੀਦ ਭਗਤ ਸਿੰਘ ਦੀ ਸੋਚ ਦੇ ਪਹਿਰੇਦਾਰ ਨੌਜਵਾਨਾਂ ਨੂੰ ਭਗਤ ਸਿੰਘ ਦੇ ਪੁਸਤਕ ਪ੍ਰੇਮ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਵੱਧ ਤੋਂ ਵੱਧ ਪੜ੍ਹਨ ਦਾ ਕੀ ਲਾਭ ਹੋਵੇਗਾ? ਇਸ ਪ੍ਰਸ਼ਨ ਦਾ ਉੱਤਰ ਭਗਤ ਸਿੰਘ ਨੇ ਖੁਦ ਆਪਣੇ ਉੱਤੇ ਢੁਕਾ ਕੇ ਇਉਂ ਦਿੱਤਾ ਸੀ, “ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ।” ਅਧਿਐਨ ਸਦਕਾ ਆਪਣੀ ਸੋਚ ਵਿਚ ਆਈ ਤਬਦੀਲੀ ਦਾ ਜ਼ਿਕਰ ਉਸ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ, “ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ਼ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੋਮਾਂਸ ਇੰਨਾ ਭਾਰੂ ਸੀ, ਹੁਣ ਉਹ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।” ਭਗਤ ਸਿੰਘ ਦੇ ਇਨ੍ਹਾਂ ਸ਼ਬਦਾਂ ਵਿਚ ਬੜੇ ਡੂੰਘੇ ਅਰਥ ਸਮੋਏ ਹੋਏ ਹਨ।
ਸੰਪਰਕ: 94170-49417
23 ਮਾਰਚ, 1931
ਭੂਸ਼ਨ ਧਿਆਨਪੁਰੀ
ਉਨੀ ਸੌ ਕੱਤੀ ਈਸਵੀ
ਮਾਰਚ ਦੀ ਤੇਈ ਤਾਰੀਖ ਸੀ
ਵਕਤ ਹੈ ਸੀ ਸ਼ਾਮ ਦਾ
ਸੌਣ ਤੇ ਆਰਾਮ ਦਾ
ਲਾਹੌਰ ਵੱਡੀ ਜੇਲ੍ਹ ਦੇ
ਉਸ ਡਰਾਵਣੇ ਬੂਹੇ ਅੱਗੇ
ਲੋਕੀ ਸੀ ਕੱਠੇ ਹੋ ਰਹੇ
ਕਿਸਮਤ ਦੇ ਤਾਈਂ ਰੋ ਰਹੇ
ਰਲ ਕੇ ਸਭੇ ਹੱਥ ਜੋੜਦੇ
ਰੱਬਾ! ਇਹ ਬੂਹਾ ਤੋੜ ਦੇ
ਵੀਰਾਂ ਦੇ ਦਰਸ਼ਨ ਕਰ ਲਈਏ
ਤੱਕ ਤੱਕ ਕੇ ਨਜ਼ਰਾਂ ਭਰ ਲਈਏ
ਬਹਿ ਕੇ ਗੁਜ਼ਾਰੀ ਰਾਤ ਏ
ਹੁਣ ਹੋ ਚਲੀ ਪ੍ਰਭਾਤ ਏ
ਭਈ ਦਰੋਗਾ! ਕਿਉਂ ਨਹੀਂ ਬੋਲਦਾ
ਤੂੰ ਬੂਹਾ ਕਿਉਂ ਨਹੀਂ ਖੋਲ੍ਹਦਾ
ਲੋਕਾਂ ਦਾ ਤਾਂ ਇਹ ਹਾਲ ਸੀ
ਓਧਰ ਵੀ ਚੱਲ ਗਈ ਚਾਲ ਸੀ
ਚੋਰਾਂ ਨੇ ਮੌਕਾ ਤਾੜਿਆ
ਕੰਧ ਮਗਰਲੀ ਨੂੰ ਪਾੜਿਆ
ਲੈ ਗਏ ਤਿੰਨਾਂ ਨੂੰ ਕੱਢ ਕੇ
ਸਭਨਾਂ ਨੂੰ ਰੋਂਦੇ ਛੱਡ ਕੇ
ਅੱਖਾਂ ਦਾ ਪਾਣੀ ਚੋ ਗਿਆ
ਰੋਂਦੇ ਸਵੇਰਾ ਹੋ ਗਿਆ
ਅਹੁ ਧਿਆਨ ਪਿੱਛੇ ਪੈ ਗਿਆ
ਗੋਰੇ ਦਾ ਭੱਠਾ ਬਹਿ ਗਿਆ
ਬਸ ਹੌਸਲੇ ਸਭ ਢਹਿ ਗਏ
ਮੱਥੇ ਨੂੰ ਫੜ ਕੇ ਬਹਿ ਗਏ
ਬੱਝੇ ਕਿਸੇ ਦੇ ਪਿਆਰ ਦੇ
ਰੋਂਦੇ ਤੇ ਢਾਹੀਂ ਮਾਰਦੇ
ਉੱਠ ਕੇ ਘਰਾਂ ਨੂੰ ਆ ਗਏ
ਵੀਰੇ ਜੁਦਾਈਆਂ ਪਾ ਗਏ
ਤਿੰਨਾਂ ਨੂੰ ਫਾਂਸੀ ਹੋ ਗਈ
ਪਬਲਿਕ ਨਿਰਾਸੀ ਹੋ ਗਈ
ਵੇਖੇ ਜਿਨ੍ਹਾਂ ਨੇ ਲਟਕਦੇ
ਹੰਝੂ ਨਾ ਅੱਖੀਂ ਅਟਕਦੇ
ਖ਼ੂਨੀ ਨੇ ਹੋਈਆਂ ਵਰਦੀਆਂ
ਚਿਹਰੇ ’ਤੇ ਛਾਈਆਂ ਜ਼ਰਦੀਆਂ
ਗੈਰਾਂ ਦੇ ਹਾਸੇ ਹੋ ਗਏ
ਮਾਤਮ ਚੁਪਾਸੇ ਹੋ ਗਏ
ਕਹਿੰਦੇ ਸ਼ੇਰਾਂ ਦੇ ਮਾਂ ਪਿਉ
ਲਾਸ਼ਾਂ ਤਾਂ ਸਾਨੂੰ ਦੇ ਦਿਉ
ਲੱਖਾਂ ਹੀ ਪਾਏ ਵਾਸਤੇ
ਪਰ ਫਿਰਿਆ ਪਾਣੀ ਆਸ ’ਤੇ
ਮੰਨੀ ਨਾ ਚੰਦਰੇ ਇਕ ਵੀ
ਸੁੱਕ ਗਈ ਦਰਸ ਦੀ ਸਿੱਕ ਵੀ
ਆਖਰ ਕੰਢੇ ਸਤਲੁਜ ਦੇ
ਲਾਸ਼ਾਂ ਨੂੰ ਲੈ ਕੇ ਪੁੱਜਦੇ
ਰੋਂਦੇ ਨੇ ਰਾਹ ਤੇ ਗਲੀਆਂ
ਮੋਇਆਂ ’ਤੇ ਛੁਰੀਆਂ ਚੱਲੀਆਂ
ਵਗੀਆਂ ਜਾਂ ਖ਼ੂਨੀ ਧਾਰੀਆਂ
ਸਤਲੁਜ ਨੇ ਢਾਹੀਂ ਮਾਰੀਆਂ
ਗੁੱਸੇ ’ਚ ਲਹਿਰਾਂ ਉੱਠੀਆਂ
ਹੋ ਹੋ ਕੇ ਸਿੱਧੀਆਂ ਪੁੱਠੀਆਂ
ਆਖੇ, ਮੈਂ ਕੰਢੇ ਤੋੜ ਕੇ
ਜ਼ਾਲਮ ਨੂੰ ਲੈ ਜਾਂ ਰੋੜ੍ਹ ਕੇ
ਮੈਂ ਜ਼ੁਲਮ ਦੇ ਨਾਲ ਖਹਿ ਲਵਾਂ
ਵੀਰਾਂ ਦਾ ਬਦਲਾ ਲੈ ਲਵਾਂ
ਰੱਬਾ! ਮੈਂ ਹੁੰਦਾ ਮਰਦ ਜੇ
ਸੀਨਾ ਨਾ ਹੁੰਦਾ ਸਰਦ ਜੇ
ਜੇ ਕੰਮ ਹੁੰਦਾ ਵੱਸ ਦਾ
ਕੁਝ ਕਰਕੇ ਮੈਂ ਵੀ ਦੱਸਦਾ
ਮੇਰਾ ਨਾ ਕੋਈ ਦੋਸ਼ ਜੇ
ਮੈਂ ਹਿੰਦੀਓ! ਨਿਰਦੋਸ਼ ਜੇ
ਮੈਨੂੰ ਨਾ ਮਿਹਣੇ ਮਾਰਿਉ
ਬਾਜ਼ੀ ਨਾ ਜਿੱਤੀ ਹਾਰਿਉ
ਨਿਰਮਲ ਤੁਸਾਂ ਦਾ ਚਿੱਤ ਜੇ
ਆਖਰ ਤੁਹਾਡੀ ਜਿੱਤ ਜੇ
ਇਹ ਕਹਿੰਦਿਆਂ ਗਲ ਭਰ ਗਿਆ
ਲਾਚਾਰ ਹੁਣ ਚੁੱਪ ਕਰ ਗਿਆ
ਝੋਲੀ ’ਚ ਟੁਕੜੇ ਪਾ ਲਏ
ਸੀਨੇ ਦੇ ਨਾਲ ਗ਼ਮ ਲਾ ਲਏ
ਤੁਰਿਆ ਹੀ ਤੁਰਿਆ ਜਾ ਰਿਹਾ
ਰੌਲੀ ਕਦੋਂ ਦਾ ਪਾ ਰਿਹਾ
ਹਿੰਦੀਉ! ਕਦਮ ਨਾ ਰੋਕਿਉ
ਗੁਲਾਮੀ ’ਚ ਹਿੰਦ ਨਾ ਝੋਕਿਉ
ਮੁਸ਼ਕਲ ਤੋਂ ਨਹੀਂ ਘਬਰਾਵਣਾ
ਤੁਰਿਆ ਹੀ ਤੁਰਿਆ ਜਾਵਣਾ
ਰੱਖਣਾ ਜੇ ਹਿੰਦ ਆਬਾਦ ਤੂੰ
ਕੁਰਬਾਨੀਆਂ ਕਰ ਯਾਦ ਤੂੰ
ਸਭ ਤਿਆਗ ਮਮਤਾ ਜਿੰਦ ਦੀ
ਜੈ ਬੋਲ ‘ਭੂਸ਼ਨ’ ਹਿੰਦ ਦੀ