ਡਾ. ਕੁਲਦੀਪ ਸਿੰਘ
ਹਰੇਕ ਸਮਾਜ ਵਿਚ ਅਧਿਆਪਕ ਦਾ ਸਥਾਨ ਬੇਹੱਦ ਅਹਿਮੀਅਤ ਰੱਖਦਾ ਹੈ। ਅਧਿਆਪਕ ਨੂੰ ਵੱਖ-ਵੱਖ ਕਮਿਸ਼ਨਾਂ ਅਤੇ ਰਿਪੋਰਟਾਂ ਵਿਚ ਰਾਸ਼ਟਰ ਦੇ ਨਿਰਮਾਤਾ ਦੇ ਤੌਰ ’ਤੇ ਦਰਜ ਕੀਤਾ ਗਿਆ। ਉਸ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਆਦਰਸ਼ਕ ਸੋਚ ਦਾ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਉਹ ਤਬਦੀਲੀ ਦਾ ਅਜਿਹਾ ਵਾਹਕ ਹੁੰਦਾ ਹੈ ਜੋ ਆਪਣੇ ਆਦਰਸ਼, ਪ੍ਰਤੀਬੱਧਤਾ ਅਤੇ ਪੜ੍ਹਾਉਣ ਦੀ ਕਾਰਗੁਜ਼ਾਰੀ ਰਾਹੀਂ ਵਿੱਦਿਅਕ ਸੰਸਥਾਵਾਂ ਵਿਚ ਜੁੜੇ ਵਿਦਿਆਰਥੀਆਂ ਵਿਚ ਨਵੀਂ ਰੌਸ਼ਨੀ ਅਤੇ ਸੂਝ ਨੂੰ ਪ੍ਰਫੁੱਲਿਤ ਕਰਦਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਡਾ. ਰਾਧਾਕ੍ਰਿਸ਼ਨਨ ਇਕ ਸ਼ਾਨਦਾਰ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਮਕਬੂਲ ਅਧਿਆਪਕ ਸਨ। ਡਾ. ਐੱਸ. ਰਾਧਾਕ੍ਰਿਸ਼ਨਨ ਨੇ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ (1948) ਵਿਚ ਸਪਸ਼ਟ ਦਰਜ ਕੀਤਾ ਕਿ ਸਾਡੀਆਂ ਸੰਸਥਾਵਾਂ ਦੇ ਕਾਰਜ ਇਸ ਤਰ੍ਹਾਂਂ ਦੇ ਹੋਣੇ ਚਾਹੀਦੇ ਹਨ ਕਿ ਅਸੀਂ ਵਿੱਦਿਆ ਪ੍ਰਦਾਨ ਕਰ ਰਹੇ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ, ਸੋਝੀ, ਕਲਾਵਾਂ, ਫਿਲਾਸਫ਼ੀ ਅਤੇ ਸਮਾਜਿਕ ਦ੍ਰਿਸ਼ਟੀਕੋਣ ਵਾਲੀ ਸੋਚ ਨੂੰ ਪ੍ਰਫੁੱਲਿਤ ਕਰੀਏ। ਪ੍ਰਸਿੱਧ ਸਿੱਖਿਆ ਸ਼ਾਸਤਰੀ ਪੌਲ ਫਰੇਰੇ ਦੀ ਪ੍ਰਸਿੱਧ ਪੁਸਤਕ ‘ਦੱਬੇ ਹੋਏ ਬੱਚਿਆਂ ਨੂੰ ਪੜ੍ਹਾਉਣ ਦਾ ਅਧਿਆਪਨ’ ’ਚ ਜ਼ਿਕਰ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪੀੜਤ ਬੱਚੇ ਜਦੋਂ ਸਕੂਲ ਵਿਚ ਆਉਂਦੇ ਹਨ ਉਨ੍ਹਾਂ ਨੂੰ ਪੜ੍ਹਾਉਂਦੇ ਸਮੇਂ ਅਧਿਆਪਕਾਂ ਨੂੰ ਅਧਿਆਪਨ ਵਿਧੀਆਂ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਭਵਿੱਖ ਵਿਚ ਉਹ ਇਕ ਸੁਤੰਤਰ ਇਨਸਾਨ ਵਾਲੇ ਸਾਰੇ ਗੁਣਾਂ ਨੂੰ ਹਾਸਲ ਕਰਨ ਦੇ ਕਾਬਲ ਹੋ ਸਕਣ। ਅਧਿਆਪਕ ਸਿਰਫ਼ ਵਿਦਿਆਰਥੀਆਂ ਤੱਕ ਗਿਆਨ ਦਾ ਸੰਚਾਰ ਹੀ ਨਹੀਂ ਕਰਦੇ ਬਲਕਿ ਉਹ ਉਨ੍ਹਾਂ ਨੂੰ ਸਚਾਈ ਦੀ ਖੋਜ ਕਰਨ ਦੇ ਰਸਤੇ ’ਤੇ ਵੀ ਅਗਾਂਹ ਤੋਰਦੇ ਹਨ।
ਅਧਿਆਪਨ ਕਾਰਜ ਦੌਰਾਨ ਸਭ ਤੋਂ ਸ਼ਾਨਦਾਰ ਅਧਿਆਪਕ ਉਸ ਨੂੰ ਮੰਨਿਆ ਜਾਂਦਾ ਹੈ ਜੋ ਵਿਦਿਆਰਥੀਆਂ ਵਿਚ ਇਕ ਨਵੇਂ ਕਿਸਮ ਦੀ ਉਤੇਜਨਾ ਅਤੇ ਰੁਚੀ ਵਿਕਸਤ ਕਰਦਾ ਹੋਵੇ ਅਤੇ ਉਸ ਨੂੰ ਇਕ ਪੂਰਨ ਇਨਸਾਨ ਸਮਝ ਕੇ ਉਸ ਦੀ ਸੋਚਣ ਸ਼ਕਤੀ ਨੂੰ ਤਾਕਤਵਰ ਬਣਾਉਂਦਾ ਹੋਵੇ। ਉਸ ਅੰਦਰ ਇਸ ਕਿਸਮ ਦੀ ਉਤੇਜਨਾ ਪੈਦਾ ਕਰੇ ਜਿਹੜੀ ਵਿਦਿਆਰਥੀਆਂ ਵਿਚ ਸਿੱਖਣ ਦੀ ਪ੍ਰਕਿਰਿਆ ਨੂੰ ਉਸਦਾ ਅਟੁੱਟ ਅੰਗ ਬਣਾ ਸਕੇ। ਡਾ. ਰਾਬਿੰਦਰਨਾਥ ਟੈਗੋਰ ਨੇ ਸਿੱਖਿਆ ਦੇ ਟੀਚੇ ਨਿਰਧਾਰਿਤ ਕਰਦਿਆਂਂ ਲਿਖਿਆ ਅਧਿਆਪਨ ਕਾਰਜ ਕਰਨ ਵਾਲਾ ਅਧਿਆਪਕ ਅਜਿਹੇ ਖ਼ੂਬਸੂਰਤ ਦਿਮਾਗ਼ ਅਤੇ ਮਨ ਦਾ ਮਾਲਕ ਹੁੰਦਾ ਹੈ, ਜਿਸ ਵਿਚ ਗਿਆਨ ਆਜ਼ਾਦ ਰੂਪ ਵਿਚ ਵਿਚਰਦਾ ਹੈ, ਜਿਸ ਦਾ ਗਿਆਨ ਛੋਟੀਆਂ ਦੀਵਾਰਾਂ ਅਤੇ ਰੁਕਾਵਟਾਂ ਤੋਂ ਕੋਹਾਂ ਦੂਰ ਸੰਸਾਰਿਕ ਦ੍ਰਿਸ਼ਟੀਕੋਣ ਨਾਲ ਭਰਿਆ ਹੁੰਦਾ ਹੈ। ਜਿਸ ਦਾ ਹਰੇਕ ਸ਼ਬਦ ਸਚਾਈ ਦੀ ਹਰੇਕ ਪਰਤ ਨਾਲ ਭਰਪੂਰ ਹੁੰਦਾ ਹੈ। ਜਿਸ ਅੰਦਰ ਪੂਰਨ ਸ਼ੁੱਧਤਾ ਵਾਲੀ ਦਲੀਲ ਦੀ ਤਾਕਤ ਹੁੰਦੀ ਹੈ। ਜਿਸ ਦਾ ਮਨ ਦੂਰ ਅਗਾਂਹ ਤੱਕ ਕਹਿਣੀ ਅਤੇ ਕਰਨੀ ਵਿਚ ਆਜ਼ਾਦ ਰੂਪ ਵਿਚ ਵਿਦਿਆਰਥੀ ਲਈ ਰਸਤੇ ਪ੍ਰਦਾਨ ਕਰਦਾ ਹੈ, ਪਰ ਇਸ ਦਾ ਮੂਲ ਆਧਾਰ ਅਧਿਆਪਕ ਦੀ ਪ੍ਰਤੀਬੱਧਤਾ ਉੱਪਰ ਨਿਰਭਰ ਕਰਦਾ ਹੈ। ਪ੍ਰਤੀਬੱਧ ਅਧਿਆਪਕ ਆਪਣੇ ਕਾਰਜ ਦੌਰਾਨ ਆਪਣੇ ਵਿਸ਼ੇ, ਵਿਚਾਰਾਂ, ਯੋਗਤਾਵਾਂ ਅਤੇ ਵਿਧੀਆਂ ਰਾਹੀਂ ਅਚੇਤ ਰੂਪ ਵਿਚ ਲੰਬੇ ਸਮੇਂ ਲਈ ਵਿਦਿਆਰਥੀ ਦੀ ਬੌਧਿਕ ਸਮਰੱਥਾ ਨੂੰ ਨਵੇਂ ਰਸਤੇ ਤੋਰਨ ਦੇ ਕਾਬਲ ਬਣਾ ਦਿੰਦਾ ਹੈ। ਜਿਸ ਕਿਸਮ ਦੀ ਸੋਝੀ ਅਤੇ ਵਿਚਾਰ ਵੱਖ-ਵੱਖ ਸੰਸਥਾਵਾਂ ਭਾਵ ਸਕੂਲ, ਘਰ ਅਤੇ ਸਮਾਜ ਆਦਿ ਵਿੱਚ ਹੋਣਗੇ ਉਨ੍ਹਾਂ ਵਿਚ ਭਾਗੀਦਾਰ ਬਣਿਆ ਵਿਦਿਆਰਥੀ ਜੀਵਨ-ਜਾਚ ਦੇ ਨਵੇਂ ਤੇ ਗੁੰਝਲਦਾਰ ਰਸਤੇ ਉੱਪਰ ਤੁਰਨ ਦੇ ਸਮਰੱਥ ਬਣਦਾ ਹੈ।
ਸਿੱਖਿਆ ਸ਼ਾਸਤਰੀਆਂ ਅਨੁਸਾਰ ਚੰਗੇ ਅਧਿਆਪਨ ਕਾਰਜ ਵਿਚ ਤਿੰਨ ਖ਼ੂਬੀਆਂ ਕਿਰਿਆਸ਼ੀਲ ਹੁੰਦੀਆਂ ਹਨ। ਪਹਿਲੀ ਉਸ ਦੇ ਅਧਿਆਪਨ ਕਾਰਜ ਵਿਚ ਨੈਤਿਕਤਾ ਦਾ ਪੱਧਰ ਕਿਸ ਹੱਦ ਤੱਕ ਉਚੇਰਾ ਹੈ, ਦੂਸਰੀ ਉਸ ਦਾ ਅਧਿਆਪਨ ਕਿਸ ਹੱਦ ਤੱਕ ਵਿਦਿਆਰਥੀਆਂ ਵਿਚ ਇਕ ਖੋਜਾਰਥੀ ਵਾਲਾ ਗੁਣ ਅਚੇਤ/ਸੁਚੇਤ ਰੂਪ ਵਿਚ ਵਿਕਸਤ ਕਰਦਾ ਹੈ, ਤੀਸਰੀ ਚੰਗੇ ਅਧਿਆਪਨ ਦੀ ਸੀਮਾ ਸਿਰਫ਼ ਤਕਨੀਕ ਜਾਂ ਵਿਗਿਆਨ ਤੱਕ ਹੀ ਨਹੀਂ ਹੁੰਦੀ ਸਗੋਂ ਇਹ ਇਕ ਅਜਿਹੀ ਪ੍ਰਤੀਬੱਧਤਾ ਵਾਲੀ ਕਲਾ ਵਿੱਚ ਹੁੰਦੀ ਹੈ ਜੋ ਵਿਦਿਆਰਥੀਆਂ ਅੰਦਰ ਕੁਝ ਨਾ ਕੁਝ ਨਵਾਂ ਕਰਨ ਦੀ ਚਾਹਤ ਵਿਕਸਤ ਕਰ ਦਿੰਦੀ ਹੈ। ਸਿੱਖਿਆ ਦਾ ਮਕਸਦ ਸਿਰਫ਼ ਡਿਗਰੀ, ਨੌਕਰੀ ਅਤੇ ਪੈਸੇ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਇਸ ਦਾ ਕੇਂਦਰ ਬਿੰਦੂ ਬੇਹੱਦ ਡੂੰਘਾ ਅਤੇ ਜੀਵਨ ਭਰ ਦੇ ਅਮਲ ਨਾਲ ਜਾ ਜੁੜਦਾ ਹੈ ਕਿ ਭਵਿੱਖ ਵਿਚ ਵਿਦਿਆਰਥੀ ਕਿਸ ਕਿਸਮ ਨਾਲ ਸੋਚੇਗਾ, ਮਹਿਸੂਸ ਕਰੇਗਾ, ਸੁਪਨੇ ਲਵੇਗਾ ਅਤੇ ਕਾਰਜ ਕਰੇਗਾ। ਸੁਹਜ, ਅੰਦਰੂਨੀ ਜਾਗ੍ਰਿਤੀ ਅਤੇ ਸੰਵੇਦਨਸ਼ੀਲਤਾ ਉਸ ਦੇ ਅਟੁੱਟ ਅੰਗ ਬਣ ਜਾਣਗੇ। ਅਮੀਰ ਵਿਦਿਆਰਥੀ ਉਹ ਹੁੰਦਾ ਹੈ ਜਿਸ ਦੇ ਅੰਦਰ ਸਮੁੱਚੀ ਮਨੁੱਖਤਾ ਵਾਲੇ ਗੁਣ ਸਮੋਏ ਹੋਣਗੇ, ਸੰਗੀਤ ਤੇ ਸੁੰਦਰਤਾ ਦੀ ਸਮਝ ਹੋਵੇਗੀ।
ਪਿਛਲੇ ਸਮੇਂ ਵਿੱਚ ਕੋਵਿਡ-19 ਕਾਰਨ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਬਾਹਰ ਰਹਿਣਾ ਪਿਆ। ਇਸ ਕਰਕੇ ਉਨ੍ਹਾਂ ਦੇ ਚੇਤਿਆਂ ’ਚੋਂ ਕਾਫ਼ੀ ਹੱਦ ਤੱਕ ਸਕੂਲ ਵਿਸਰ ਗਿਆ ਸੀ। ਅਧਿਆਪਨ ਕਾਰਜ ਵੀ ਤਕਨਾਲੋਜੀ ਦੀ ਘੇਰਾਬੰਦੀ ਵਿੱਚ ਸਿਮਟ ਗਿਆ ਸੀ ਜਿਸ ਨਾਲ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਸ਼ੀਨੀ ਕਿਸਮ ਦਾ ਬਣ ਗਿਆ ਸੀ। ਅਧਿਆਪਕਾਂ ਦੇ ਗਿਆਨ ਦੇਣ ਦੇ ਢੰਗ ਤਰੀਕੇ ਅਤੇ ਵਿਦਿਆਰਥੀਆਂ ਦੇ ਗਿਆਨ ਹਾਸਿਲ ਕਰਨ ਦੇ ਤਰੀਕੇ ਇੱਕ ਕਿਸਮ ਨਾਲ ਰੁਕ ਹੀ ਗਏ ਸਨ। ਨਵੇਂ ਕਿਸਮ ਦੀ ਤਕਨਾਲੋਜੀ ਨਾਲ ਸਕੂਲਾਂ ਦਾ ਤਾਣਾ-ਬਾਣਾ ਪੂਰੀ ਤਰ੍ਹਾਂ ਉੱਖੜ ਗਿਆ ਸੀ। ਗਿਆਨ ਦੀਆਂ ਪ੍ਰੰਪਰਾਵਾਂ ਆਪਸੀ ਆਦਾਨ-ਪ੍ਰਦਾਨ ਤੋਂ ਹਟ ਕੇ ਤਕਨੀਕੀ ਪੱਧਰ ਤੱਕ ਸੁੰਗੜ ਗਈਆਂ ਸਨ। ਤੱਤ ਰੂਪ ਵਿੱਚ ਸਥਿਤੀਆਂ ਨੇ ਬੁਰੀ ਤਰ੍ਹਾਂ ਅਧਿਆਪਕ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਉਹ ਵੀ ਸਿੱਖਿਆ ਨੂੰ ਤਕਨੀਕੀ ਗਿਆਨ ਤੱਕ ਮਹਿਦੂਦ ਕਰ ਬੈਠਾ। ਇਸ ਦਾ ਨਤੀਜਾ ਇਹ ਹੋਇਆ ਕਿ ਵੱਖ-ਵੱਖ ਕਲਾਵਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਆਪਸੀ ਆਦਾਨ-ਪ੍ਰਦਾਨ ਹੇਠਲੇ ਦਰਜੇ ਤੱਕ ਸੁੰਗੜ ਗਿਆ ਸੀ। ਹਕੀਕੀ ਰੂਪ ਵਿੱਚ ਇੰਝ ਜਾਪਣ ਲੱਗਿਆ ਕਿ ਸਿੱਖਿਆ ਨਾਲ ਸਬੰਧਿਤ ਕਲਾਸ ਰੂਮ ਕਾਰਪੋਰੇਟ ਘਰਾਣਿਆਂ ਦੀ ਤਕਨੀਕੀ ਸਰਦਾਰੀ ਤੱਕ ਰਹਿ ਗਏ। ਅਧਿਆਪਕ ਨੂੰ ਜਜ਼ਬਾਤੀ ਊਰਜਾ ਅਤੇ ਆਪਸੀ ਆਦਾਨ-ਪ੍ਰਦਾਨ ਦੀ ਤਾਕਤ ਵਿਦਿਆਰਥੀਆਂ ਨਾਲ ਆਹਮੋ-ਸਾਹਮਣੇ ਕਾਰਜ ਕਰਦੇ ਸਮੇਂ ਮਿਲਦੀ ਸੀ। ਇਸ ਦੌਰ ਵਿਚ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਿਸ ਕਿਸਮ ਨਾਲ ਪੜ੍ਹਨ-ਪੜ੍ਹਾਉਣ ਦਾ ਅਮਲ ਅਤੇ ਸੱਭਿਆਚਾਰ ਤਬਾਹ ਹੋਇਆ ਜਾਂ ਕਰ ਦਿੱਤਾ ਗਿਆ, ਉਸ ਨੂੰ ਮੁੜ ਬਹਾਲ ਕਰਨਾ ਚੁਣੌਤੀ ਭਰਿਆ ਕਾਰਜ ਹੈ।
ਅਜੋਕੀ ਸਥਿਤੀ ਸਾਡੇ ਸਨਮੁੱਖ ਗੰਭੀਰ ਰੂਪ ਵਿਚ ਖੜ੍ਹੀ ਹੋ ਗਈ ਹੈ ਜਿਸ ਵਿਚ ਅਧਿਆਪਕ ਆਪਣੇ ਆਪ ਨੂੰ ਲਾਚਾਰ ਅਤੇ ਨਿਮਾਣਾ ਜਿਹਾ ਸਮਝਦਾ ਹੈ। ਇਸ ਦਾ ਬੁਨਿਆਦੀ ਕਾਰਨ ਇਹ ਹੈ ਕਿ ਜਿਸ ਕਿਸਮ ਦਾ ਸੱਭਿਆਚਾਰ ਅਤੇ ਮਨੁੱਖੀ ਤੌਰ ਦਾ ਸਿਲਸਿਲਾ ਜੀਵਨ ਦੀ ਹਰੇਕ ਪਰਤ ਵਿਚ ਸ਼ਾਮਿਲ ਹੋ ਗਿਆ ਹੈ, ਉਸ ਨੇ ਸਮਾਜ ਦੇ ਹੋਰ ਵਰਗਾਂ ਵਾਂਗ ਅਧਿਆਪਕ ਨੂੰ ਵੀ ਆਪਣੇ ਰਸਤੇ ’ਤੇ ਤੋਰ ਲਿਆ ਹੈ। ਉਹ ਜੀਵਨ ਦੀ ਹਰੇਕ ਪਰਤ ਨੂੰ ਵੇਚਣ ਤੇ ਖ਼ਰੀਦਣ ਦੀ ਹੋੜ ਵਿਚ ਸ਼ਾਮਿਲ ਕਰ ਚੁੱਕਾ ਹੈ। ਉਸ ਨੂੰ ਆਧੁਨਿਕ ਸਮਿਆਂ ਦੀ ਮੰਡੀ ਬੇਹੱਦ ਪ੍ਰਭਾਵਿਤ ਕਰਦੀ ਹੈ। ਉਸ ਅੰਦਰ ਆਪਣੇ ਕਿਸਮ ਦਾ ਵਿਅਕਤੀਤਵ, ਪ੍ਰੇਸ਼ਾਨੀ ਅਤੇ ਤਣਾਅ ਵਿਕਸਤ ਹੋ ਗਿਆ ਹੈ ਜਿਹੜਾ ਲਗਾਤਾਰ ਅਧਿਆਪਕ ਨੂੰ ਉਸ ਦੇ ਕਾਰਜ ਖੇਤਰ ਨਾਲੋਂ ਤੋੜ ਜਾਂ ਬੇਮੁੱਖ ਕਰ ਰਿਹਾ ਹੈ। ਮੰਡੀ ਦੀ ਤਾਕਤ ਨੇ ਅਧਿਆਪਕ ਨੂੰ ਇਕ ਤਰ੍ਹਾਂ ਬੇਹੱਦ ਗ਼ਰੀਬ ਕਰ ਦਿੱਤਾ ਹੈ। ਉਹ ਇਸ ਤਾਕਤ ਦੇ ਰਸਤੇ ’ਤੇ ਇੰਨਾ ਅਗਾਂਹ ਵਧ ਗਿਆ ਹੈ ਕਿ ਉਹ ਲਗਾਤਾਰ ਆਪਣੇ ਬੌਧਿਕਤਾ ਦੇ ਪਲਾਂ ਨੂੰ ਅਧਿਆਪਨ ਕਾਰਜ ਲਈ ਸਮਰਪਿਤ ਕਰਨ ਦੀ ਥਾਂ ਆਪਣੇ ਵਿਅਕਤੀਤਵ ਖ਼ਿਆਲਾਂ ਦੀ ਸੀਮਾ ਤੱਕ ਸਿਮਟ ਗਿਆ ਹੈ।
ਅਜਿਹੀ ਸਥਿਤੀ ਨੂੰ ਮੋੜਾ ਦੇਣ ਲਈ ਸੰਜੀਦਾ ਹਿੱਸਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਧਿਆਪਨ ਖੇਤਰ ਅੰਦਰ ਕਾਰਜ ਕਰਦਿਆਂ ਆਪੋ ਆਪਣੀਆਂ ਸੰਸਥਾਵਾਂ ਨੂੰ ਸਮਾਜ ਦੇ ਬਦਲਦੇ ਕੇਂਦਰਾਂ ਦੇ ਤੌਰ ’ਤੇ ਵਿਕਸਤ ਕਰਨ ਜਿਵੇਂ ਕਦੇ 1960ਵਿਆਂ ਵਿਚ ਪੈਰਿਸ ਤੋਂ ਲੰਡਨ ਤੱਕ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵੱਡੀ ਲਹਿਰ ਨੇ ਖੜ੍ਹੇ ਕੀਤੇ ਸਨ। ਇਸ ਲਹਿਰ ਵਿਚੋਂ ਹਜ਼ਾਰਾ ਵਿਦਵਾਨ ਪੈਦਾ ਹੋਏ ਜਿਨ੍ਹਾਂ ਦਾ ਨਾਅਰਾ ਸੀ: ਉਹ ਕਾਰਜ ਕਰੋ ਜੋ ਅਸੰਭਵ ਹੈ। ਜਿਨ੍ਹਾਂ ਦੇ ਅਜੇ ਸੁਪਨੇ ਸਾਕਾਰ ਨੇ, ਜਿਹੜੇ ਸਮਝਦੇ ਨੇ ਕਿ ਜੇ ਸਾਡੇ ਅੰਦਰ ਸੁਪਨੇ ਹੋਣਗੇ ਤਦ ਹੀ ਅਸੀਂ ਉਨ੍ਹਾਂ ਹਜ਼ਾਰਾਂ ਬੱਚਿਆਂ ਦੇ ਸੁਪਨੇ ਸਾਕਾਰ ਕਰ ਸਕਾਂਗੇ ਜਿਨ੍ਹਾਂ ਨੇ ਸਾਡੇ ਰਾਹੀਂ ਗਿਆਨ ਦੇ ਅਥਾਹ ਸਮੁੰਦਰ ਵੱਲ ਅਗਾਂਹ ਵਧਣਾ ਹੈ। ਇਸ ਕਾਰਜ ਲਈ ਸਭ ਤੋਂ ਪਹਿਲਾਂ ਸਾਨੂੰ ਖ਼ੁਦ ਨੂੰ ਸਿੱਖਿਅਤ ਹੋਣਾ ਪਵੇਗਾ। ਸਾਨੂੰ ਖ਼ੁਦ ਨੂੰ ਗਿਆਨ ਦੇ ਦਰਵਾਜ਼ਿਆਂ ਵੱਲ ਅਗਾਂਹ ਵਧਣਾ ਹੋਵੇਗਾ। ਸਾਨੂੰ ਖ਼ੁਦ ਨੂੰ ਆਪਣੀ ਬੌਧਿਕ ਸ਼ਕਤੀ ਨੂੰ ਵਿਕਸਤ ਕਰਨਾ ਹੋਵੇਗਾ। ਜੇਕਰ ਅਜਿਹਾ ਕਾਰਜ ਅਜੋਕੇ ਅਧਿਆਪਕਾਂ ਨੇ ਆਪਣੇ ਜ਼ਿੰਮੇ ਨਾ ਲਿਆ ਤਾਂ ਸਮਾਜ ਅੰਦਰ ਇਸ ਖ਼ੂਬਸੂਰਤ ਕਿੱਤੇ ਨੂੰ ਤਕਨੀਕੀ ਕਾਮੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਚੁਣੌਤੀ ਨਾਲ ਸਿੱਝਣ ਲਈ ਮੁੜ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਆਪਣੇ ਕਾਰਜ ਤੇ ਗਿਆਨ ਰਾਹੀਂ ਨਵੀਂ ਰੌਸ਼ਨੀ ਪ੍ਰਦਾਨ ਕਰਨ ਲਈ ਅੱਗੇ ਵਧਣਾ ਹੋਵੇਗਾ।
ਅਧਿਆਪਕ ਵਰਗ ਨੂੰ ਸਮਾਜ ਵਿਚ ਆਪਣਾ ਅਗਵਾਨੂੰ ਰੋਲ ਸਥਾਪਤ ਕਰਦਿਆਂ ਆਪਣੇ ਵਿੱਦਿਅਕ ਅਦਾਰਿਆਂ ਵਿਚ ਅਜਿਹਾ ਮਾਹੌਲ ਵਿਕਸਤ ਕਰਨਾ ਹੋਵੇਗਾ ਜਿਸ ਨਾਲ ਭਵਿੱਖ ਦੇ ਬਿਹਤਰੀਨ ਨਾਗਰਿਕ ਤਿਆਰ ਹੋ ਸਕਣ। ਇਸ ਕਾਰਜ ਲਈ ਉਨ੍ਹਾਂ ਨੂੰ ਆਪਣੇ ਅੰਦਰ ਸੰਵੇਦਨਾ ਦਾ ਪੱਧਰ ਉੱਚਾ ਕਰਨਾ ਪਵੇਗਾ, ਆਪਣੇ ਆਪ ਨੂੰ ਜਾਗਰੂਕ ਕਰਨ ਦੀ ਚੇਸ਼ਟਾ ਉਤਪੰਨ ਕਰਨੀ ਹੋਵੇਗੀ। ਆਧੁਨਿਕ ਸਮਾਜ ਦੀਆਂ ਕਠਿਨਾਈਆਂ ਨੂੰ ਆਪਣੀਆਂ ਮਹਿਸੂਸ ਕਰਦੇ ਹੋਏ ਉਨ੍ਹਾਂ ਬਾਰੇ ਸਿੱਖਿਅਤ ਹੋਣਾ ਪਵੇਗਾ ਅਤੇ ਆਪਣੀ ਰਵਾਇਤੀ ਵਿਰਾਸਤ ਵਿਚੋਂ ਰੌਸ਼ਨੀ ਲੈਂਦਿਆਂ ਅਗਾਂਹ ਵਧਣਾ ਹੋਵੇਗਾ।
* ਸਿੱਖਿਆ ਤੇ ਸਮੁਦਾਏ ਸੇਵਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ: 098151-15429