ਪਰਮਜੀਤ ਢੀਂਗਰਾ
ਇਕ ਪੁਸਤਕ – ਇਕ ਨਜ਼ਰ
ਕਵਿਤਾ ਨਿੱਜੀ ਅਨੁਭਵ, ਵਿਚਾਰ, ਚਿੰਤਨ ਤੇ ਕਾਵਿ ਭਾਸ਼ਾ ਦਾ ਸੰਜੋਗੀ ਰੂਪ ਹੁੰਦੀ ਹੈ। ਹਰ ਵਿਅਕਤੀ ਅੰਦਰ ਭਾਸ਼ਾ ਵਾਂਗ ਕਵਿਤਾ ਵੀ ਪਈ ਹੁੰਦੀ ਹੈ। ਪਰ ਕਵਿਤਾ ਅਸਲ ਵਿਚ ਕਾਵਿਕਤਾ ਨੂੰ ਸ਼ਬਦ ਸੰਸਾਰ ਵਿਚ ਲਿਜਾ ਕੇ ਸ਼ਬਦਾਂ ਦੀ ਇਕ ਅਜਿਹੀ ਬਿਰਤਾਂਤਕਾਰੀ ਹੁੰਦੀ ਹੈ ਜੋ ਪਾਠਕ ਨੂੰ ਪਾਰਗਾਮੀ ਅਵਸਥਾ ਵਿਚ ਲੈ ਜਾਂਦੀ ਹੈ। ਪ੍ਰੋ. ਪੂਰਨ ਸਿੰਘ ਕੋਲ ਕਵਿਤਾ ਅਵੇਸ਼ੀ ਰੂਪ ਵਿਚ ਆਉਂਦੀ ਸੀ ਤੇ ਉਹ ਇਹਦੇ ਪ੍ਰਗਟਾਵੇ ਲਈ ਅਗੰਮੀ ਅਵਸਥਾ ਵਿਚ ਜਾ ਕੇ ਕਾਵਿ ਅਨੁਭਵ ਦੀ ਛਹਬਿਰ ਲਾ ਦੇਂਦੇ। ਹਰ ਨਿੱਕੀ-ਨਿੱਕੀ ਵਸਤ ਕਾਵਿ ਕਿਨਕੇ ਦੇ ਰੂਪ ਵਿਚ ਸਜੀਵ ਹੋ ਉਠਦੀ। ਅੱਜ ਪੰਜਾਬੀ ਵਿਚ ਬਹੁਤ ਵੱਡੀ ਪੱਧਰ ’ਤੇ ਕਵਿਤਾ ਲਿਖੀ ਜਾ ਰਹੀ ਹੈ ਪਰ ਉਸ ਵਿਚ ਕਵਿਤਾ ਕਿੰਨੀ ਹੈ ਤੇ ਅਕਵਿਤਾ ਕਿੰਨੀ, ਇਹ ਫੈਸਲਾ ਪਾਠਕ/ਅਲੋਚਕ ਦੇ ਹੱਥ ਹੈ। ਬਹੁਤ ਸਾਰੀ ਕਵਿਤਾ ਸਿਰਫ ਖਿਆਲਾਂ ਦੀਆਂ ਲੜੀ ਦੇ ਰੂਪ ਵਿਚ ਹੈ ਜਾਂ ਸ਼ਬਦ ਕਲੋਲ ਹੈ ਜਾਂ ਔਖੇ ਸ਼ਬਦਾਂ ਨੂੰ ਅਣਘਾੜਤ ਜੜ੍ਹਤ ਵਿਚ ਫਿੱਟ ਕਰਨ ਦੀ ਮੁਸ਼ੱਕਤ ਹੈ। ਕੁਝ ਕਵੀ ਅਜਿਹੇ ਹਨ ਜੋ ਸਹਿਜ ਰੂਪ ਵਿਚ ਸੰਜੋਗੀ ਅਵਸਥਾ ਵਿਚੋਂ ਕਵਿਤਾ ਰਚ ਰਹੇ ਹਨ। ਇਨ੍ਹਾਂ ਵਿਚ ਸੁਰਿੰਦਰ ਗਿੱਲ ਦਾ ਨਾਂ ਉਚੇਚਾ ਹੈ।
ਕਵੀ ਕਾਵਿ ਭਾਸ਼ਾ ਦੀ ਸਿਰਜਣਾ ਵਿਚ ਕੋਈ ਉਚੇਚ ਨਹੀਂ ਕਰਦਾ, ਨਾ ਬਹੁਤਾ ਪਰਾਹਨ ਕਰਦਾ ਹੈ। ਅਨੁਭਵ ਤੇ ਖਿਆਲ ਸੰਰਚਨਾ ਸੌਖੇ ਤੇ ਸਪਸ਼ਟ ਸ਼ਬਦਾਂ ਵਿਚ ਸੰਚਾਰ ਦੇਂਦਾ ਹੈ। ਤਨਾਓ ਬਹੁਤਾ ਕੱਸਵਾਂ ਨਹੀਂ ਪਰ ਵਿਗੋਚਾ ਕਸਵਾਂ ਹੈ। ਕਵਿਤਾ ਬੀਤੇ ਵਿਚ ਪਈ ਹੈ ਲਿਖੀ ਹੁਣ ਵਿਚ ਜਾ ਰਹੀ ਹੈ, ਕਿਉਂਕਿ ਕਵਿਤਾ ਦੇ ਬੀਜ ਉਸ ਅਨੁਭਵ ਵਿਚੋਂ ਕਸ਼ੀਦ ਹੋਏ ਹਨ ਜੋ ਚੜ੍ਹਦੀ ਉਮਰੇ ਹਰ ਮਨੁੱਖ ਨੂੰ ਹੁੰਦਾ ਹੈ। ਇਸ ਕਰਕੇ ਇਨ੍ਹਾਂ ਕਵਿਤਾਵਾਂ ਵਿਚ ਇਕ ਇਕਾਈ ਉਸ ਅਧੂਰੇ ਪਿਆਰ ਦੀ ਹੈ, ਜੋ ਪ੍ਰਵਾਨ ਨਾ ਚੜਿ੍ਹਆ। ਉਮਰ ਦੀਆਂ ਤ੍ਰਿਕਾਲਾਂ ਵੇਲੇ ਕਵੀ ਕੋਲ ਉਹ ਸੁਨਹਿਰੀ ਛਿਨ ਜੁਗਨੂੰਆਂ ਵਾਂਗ ਟਿਮਟਿਮਾ ਰਹੇ ਹਨ। ਕਵੀ ਪਿਆਰ ਦੇ ਇਨ੍ਹਾਂ ਛਿਨਾਂ ਨੂੰ ਕਵਿਤਾ ਰਾਹੀਂ ਭੋਗ ਰਿਹਾ ਹੈ। ਇਸ ਸਬੰਧੀ ਕਵਿਤਾ ਪਹਿਲਾ ਪਿਆਰ ਦੇਖੀ ਜਾ ਸਕਦੀ ਹੈ:
/ਅੱਲੜ੍ਹ ਉਮਰ ਦੇ ਪਹਿਲ ਪਲੇਠੇ ਪਿਆਰ ਦੀ ਗੱਲ ਤੁਰੇ ਤਾਂ/ਕੁਝ ਲੋਕ ਉਪਭਾਵਕ ਹੋ ਜਾਂਦੇ/ਯਾਦਾਂ ਦੇ ਖੋਭੇ ਵਿਚ ਖੁਭਦੇ/ਬੀਤੇ ਦੇ ਭਵਜਲ ਵਿਚ ਡੁੱਬਦੇ/ਆਲਾ ਦੁਆਲਾ ਭੁੱਲ ਜਾਂਦੇ ਨੇ/ਪਹਿਲੇ ਪਿਆਰ ਦਾ ਮਾਨ ਸਰੋਵਰ/ਮੈਂ ਵੀ ਤਰਿਐ/ਕੱਚੀ ਰੁੱਤ ਦੇ ਨੀਲੰਬਰ ਵਿਚ/ਮੈਂ ਵੀ ਕੁਝ ਸੁਪਨੇ ਬੀਜੇ ਸੀ/ਉਪਭਾਵਕ ਅੰਬਰ ਤੋਂ ਧਰਤੀ ਉਤੇ ਆ ਕੇ/ਨੰਗੀ ਧੁੱਪ ਸੰਗ ਨਜ਼ਰ ਮਿਲਾ ਕੇ/ਉਨ੍ਹਾਂ ਪਲਾਂ ਨੂੰ/ਧੁੱਪ ਦੀ ਤੱਕੜੀ ਸੰਗ ਤੋਲਾਂ ਤਾਂ ਮਨ ਵਿਚ ਆਵੇ/ਉਹ ਭਾਵਕ ਬਚਕਾਨਾ ਪਹਿਲਾ ਪਿਆਰ ਹੀ ਜੇਕਰ/ਪੁੱਗ ਜਾਂਦਾ ਤਾਂ/ਜੀਵਨ ਨਿਰਾ ਨਰਕ ਹੋ ਜਾਂਦਾ/ਚੰਗਾ ਹੋਇਆ/ਬਿਰਹਾ ਕੇ ਕੁਝ ਗੀਤਾਂ ਸੰਗ ਹੀ ਸਰ ਗਿਆ/
ਪਹਿਲੇ ਭਾਵੁਕ ਪਿਆਰ ਦਾ ਛਿਨ ਬੜਾ ਖੂਬਸੂਰਤ ਹੁੰਦੈ ਪਰ ਕਵੀ ਨੂੰ ਲਗਦਾ ਜੇ ਪੁੱਗ ਜਾਂਦਾ ਤਾਂ ਜ਼ਿੰਦਗੀ ਨਰਕ ਬਣ ਜਾਣੀ ਸੀ। ਅਸਲ ਵਿਚ ਕੱਚੀ ਉਮਰ ਦਾ ਪਿਆਰ ਘੱਟ ਤੇ ਆਕਰਸ਼ਨ ਜ਼ਿਆਦਾ ਹੁੰਦਾ ਹੈ। ਪਿਆਰ ਨੂੰ ਇੰਜ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ।
ਕਵੀ ਪਿਆਰ ਅਨੁਭਵ ਨੂੰ ਵੱਖ-ਵੱਖ ਪਰਤਾਂ ਵਿਚ ਪੇਸ਼ ਕਰਕੇ ਫੈਲਾਉਂਦਾ ਹੈ, ‘ਚੰਦਨ ਦਾ ਚੰਗਿਆੜਾ’ ਅਜਿਹੀ ਹੀ ਕਵਿਤਾ ਹੈ। ਉਹਨੂੰ ਲਗਦਾ ਹੈ ਕਿ ਬੀਤੇ ਦੀਆਂ ਨੁੱਕਰਾਂ ਟੋਹਣ ਨਾਲ ਕੋਈ ਸੁੱਖ ਨਹੀਂ ਮਿਲਣਾ। ਨੇਰ੍ਹੇ ਖੂੰਜਿਆਂ ਵਿਚ ਹਥ ਮਾਰਨ ਨਾਲ ਵੀ ਕੁਝ ਹੱਥ ਨਹੀਂ ਲਗਣਾ। ਇਸ ਲਈ ਇਸ ਕਹਾਣੀ ਨੂੰ ਏਥੇ ਹੀ ਛੱਡ ਦੇਣਾ ਚਾਹੀਦਾ ਹੈ। ਪਿਆਰੇ ਦਿਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ:
/ਚਲੋ ਛੱਡੋ/ਉਸ ਕਹਾਣੀ ਨੂੰ ਕਹਾਣੀ ਹੀ ਰਹਿਣ ਦੇਵੋ/ਆਪ ਕਹੀਏ/ਨਾ ਉਨ੍ਹਾਂ ਪਿਆਰੇ ਦਿਨਾਂ ਬਾਰੇ/ ਕਿਸੇ ਨੂੰ ਕੁਝ ਕਹਿਣ ਦੇਈਏ/ ਹੋਈ ਬੀਤੀ ਮੁੱਕ ਗਈ/ ਇਕ ਲਹਿਰਾਉਂਦੀ ਲਗਰ, ਬਸ ਸੁੱਕ ਗਈ/ ਹੁਣ ਜੇਕਰ ਕੋਈ ਗੱਲ ਕਰਾਂਗੇ/ ਭਾਵਾਂ ਦੀ ਸੂਖਮ ਹਿੱਕ ’ਤੇ /ਅਤਿ ਭਾਰਾ ਖਾਂਘੜ ਪੱਥਰ ਧਰਾਂਗੇ/ਆਓ/ਉਹ ਭਾਵਨਾਵਾਂ/ਦੱਬੀਆਂ ਘੁੱਟੀਆਂ ਰਹਿਣ ਦੇਵੋ/ਉਹ ਸਮਾਂ ਚੰਦਨ ਦਾ ਚੰਗਿਆੜਾ/ ਮਹਿਕ ਬਣ ਕੇ ਉਗਮਿਆ, ਜਗਿਆ/ ਅਚਾਨਕ ਬੁੱਝ ਗਿਆ /ਹੁਣ ਉਹ ਯਾਦਾਂ ਬੀਤ ਗਈਆਂ/ਮੁੱਕ ਗਈਆਂ, ਮਰ ਗਈਆਂ ਮੰਨੀਏ/ਐਵੇਂ ਵਹਿਣਾਂ ਵਿਚ ਨਾ ਪਈਏ/ਆਓ! ਹੁਣ ਉਸ ਕਹਾਣੀ ਨੂੰ ਕਹਾਣੀ ਹੀ ਰਹਿਣ ਦੇਈਏ/ਬੀਤ ਗਏ ਵਰ੍ਹਿਆਂ ਦੀਆਂ ਨੁੱਕਰਾਂ ਟੋਹਣ ਨਾਲ/ਕੋਈ ਸੁੱਖ ਨਹੀਂ ਮਿਲਣਾ/ਐਵੇਂ ਨੇਰ੍ਹੇ ਖੂੰਜਿਆਂ ਵਿੱਚ ਹੱਥ ਮਾਰਾਂਗੇ/ਚਲੋ ਛੱਡੋ/ਕਹਾਣੀ ਨੂੰ ਭੁੱਲੀ ਭੁਲਾਈ ਰਹਿਣ ਦੇਵੋ/
ਬੀਤਿਆ ਕੱਲ੍ਹ ਹਮੇਸ਼ਾ ਸੁਹਾਵਣਾ, ਲੁਭਾਵਣਾ ਅਤੇ ਲਿਸ਼ਕਦੇ ਤਾਰੇ ਵਾਂਗ ਹੁੰਦਾ ਹੈ। ਮਨੁੱਖ ਹੁਣ ਨਾਲੋਂ ਬਹੁਤਾ ਬੀਤੇ ਵਿਚ ਜਿਊਂਦਾ ਹੈ। ਕਵੀ ਉਸ ਸਮੇਂ ਨੂੰ ਗੁਆਚਣ ਨਹੀਂ ਦੇਣਾ ਚਾਹੁੰਦਾ ਤੇ ਇਸ ਨੂੰ ਕਵਿਤਾ ਰਾਹੀਂ ਰੂਪਮਾਨ ਕਰਦਾ ਹੈ:
/ਤੂੰ ਜਦੋਂ ਤੋਂ ’ਵਾਜ਼ ਮਾਰੀ ਹੈ/ਮੇਰੇ ਮਨ ਤਨ/ਆਲੇ ਦੁਆਲੇ/ਸਾਰੇ ਵਾਤਾਵਰਨ/ਖੁਸ਼ਬੂ ਘੁਲ ਗਈ ਹੈ/ਅਨੋਖੀ ਖੁਸ਼ੀ ਤਾਰੀ ਹੈ/ਇਕ ਨਸ਼ਾ ਜਿਹਾ ਹੈ/ਪੌਣਾਂ ਵਿਚ ਖੁਮਾਰੀ ਹੈ/ਚੜ੍ਹਦਾ ਸੂਰਜ/ਡੁੱਬਦਾ ਸੂਰਜ/ਇਹ ਸਾਰਾ ਬ੍ਰਹਿਮੰਡ ਆਪਣਾ ਜਾਪਦਾ ਹੈ/ਬੀਤੀਆਂ ਯਾਦਾਂ ਦਸਤਕ ਦਿਤੀ/ਮਨ ਦੇ ਚਿੱਤਰਪਟ ’ਤੇ ਤੇਰਾ ਮੁਖ ਮੁਸਕਾਇਆ/ ਤੇਰੀ ਅਵਾਜ਼ ਸੁਣਦੀ ਹੈ/ਅੱਧੀ ਸਦੀ ਪਹਿਲਾਂ ਤੁਰੇ ਸੀ ਜਿਨ੍ਹਾਂ ਰਾਹਾਂ ’ਤੇ /ਅੱਜ ਆਪਾਂ ਫਿਰ ਸਾਥ ਸਾਥ ਤੁਰੇ ਹਾਂ/
ਬੀਤੇ ਦਾ ਉਹ ਸਮਾਂ ਕਵੀ ਅੰਦਰ ਠਹਿਰ ਗਿਆ ਹੈ। ਉਹਦੇ ਅਚੇਤਨ ਨੂੰ ਅਵਾਜ਼ ਸੁਣਦੀ ਹੈ। ਅਸਲ ਵਿਚ ਇਹ ਅਵਾਜ਼ ਉਸ ਅਧੂਰੀ ਖਾਹਿਸ਼ ਦੇ ਪ੍ਰਗਟਾਓ ਦੀ ਵਿਧੀ ਹੈ। ਇਹ ਅਵਾਜ਼ ਕਵਿਤਾ ਦੇ ਰੂਪ ਵਿਚ ਫੈਲ ਕੇ ਉਸ ਸਭ ਕੁਝ ਨੂੰ ਸਜੀਵ ਕਰ ਦੇਂਦੀ ਹੈ ਜੋ ਬੀਤੇ ਵਿਚ ਗੁਆਚ ਗਿਆ ਹੈ। ਕਾਵਿ ਅਨੁਭਵ ਅਸਲ ਵਿਚ ਕਾਵਿ ਸੰਸਾਰ ਨੂੰ ਸਿਰਜਦਾ ਹੈ। ਕਵੀ ਦੇ ਅੰਦਰ ਉਹ ਬੀਜ ਰੂਪ ਵਿਚ ਪਿਆ ਹੁੰਦਾ ਹੈ, ਕਵੀ ਉਸ ਸੰਸਾਰ ਦਾ ਕਰਤਾ ਹੈ ਤੇ ਕਰਤਾ ਮਨ ਇਛਤ ਅਰਥਾਂ ਰਾਹੀਂ ਉਸ ਸੰਸਾਰ ਨੂੰ ਰੂਪ ਤੇ ਅਕਾਰ ਦੇਂਦਾ ਹੈ:
/ਤੂੰ ਜਦੋਂ ’ਵਾਜ਼ ਮਾਰੀ ਹੈ/ਮੇਰੇ ਕੰਨ, ਤਨ ਮਨ ਤੇ ਸਗਲ ਵਾਤਾਵਰਣ ਵਿਚ/ ਖੁਸ਼ਬੂ ਘੁਲ ਗਈ ਹੈ/ ਇਕ ਅਨੋਖੀ ਖੁਸ਼ੀ ਤਾਰੀ ਹੈ/ ਇਕ ਅਨੂਠਾ ਨਸ਼ਾ ਹੈ/ਪੌਣਾਂ ’ਚ ਖੁਮਾਰੀ ਹੈ/ਆਲਾ ਦੁਆਲਾ/ਚੜ੍ਹਦਾ ਸੂਰਜ/ਇਹ ਸਗਲਾ ਬ੍ਰਹਿਮੰਡ ਚੰਗਾ ਜਾਪਦਾ ਹੈ/ਬੀਤੀਆਂ ਯਾਦਾਂ ਨੇ ਆ ਅੰਗੜਾਈਆਂ ਲਈਆਂ/ ਸੋਚਾਂ ਦੇ ਕੈਨਵਸ ’ਤੇ ਤੇਰਾ ਮੁਖ ਉਭਰਦਾ ਹੈ/ਤੇਰੀ ਅਵਾਜ਼ ਸੁਣਦੀ ਹੈ/ਤੇਰੇ ਉਸ ਅਨੂਠੇ ਸਾਥ ਦੇ ਸਰੂਰ ਨੂੰ ਅੱਜ ਚਿਤਵ ਕੇ/ਮੈਂ ਮਸਤ ਹਾਂ/ ਤੇਰੀਆਂ ਯਾਦਾਂ ਨੇ ਝੁਰਮਟ ਪਾ ਲਿਆ/ ਤੇਰੇ ਬਿਨ ਕੁਝ ਵੀ ਨਹੀਂ ਸੁਝਦਾ/ਹਰ ਪਾਸੇ ਬਸ ਤੂੰ ਹੀ ਤੂੰ ਹੈ/
ਬੀਤਿਆ ਪਿਆਰ ਉਮਰ ਦੇ ਪ੍ਰੋੜ੍ਹ ਮੋੜ ’ਤੇ ਖਾਰਜ ਨਹੀਂ ਹੁੰਦਾ, ਸਗੋਂ ਤੀਬਰ ਹੁੰਦਾ ਹੈ ਪਰ ਇਹ ਉਸ ਵੇਗਵਾਨ ਨਦੀ ਵਾਂਗ ਹੈ ਜੋ ਬੀਤੇ ਵਿਚ ਤੇਜ਼ ਵਗਦੀ ਹੈ ਪਰ ਹੁਣ ਵਿਚ ਸਹਿਜ ਹੋ ਕੇ ਤੁਰ ਰਹੀ ਹੈ। ਅਜਿਹੇ ਸਮੇਂ ਵਿਚ ਮੈਂ ਨੂੰ ਇਕ ਤੌਖਲਾ ਵੀ ਹੈ ਕਿ ਹੁਣ ਉਹ ਸਮਾਂ ਵਾਪਸ ਨਹੀਂ ਆ ਸਕੇਗਾ ਤੇ ਇਸ ਹੁਣਵੇਂ ਪਲ ’ਤੇ ਆ ਕੇ ਕਵਿਤਾ ਵਿਚ ਉਹਦਾ ਪ੍ਰਗਟਾ ਹੀ ਹੋ ਸਕਦਾ ਹੈ:
/ਹੁਣ ਕਦੇ ਜੇਕਰ ਮਿਲੇ/ਹੁਣ ਜਦੋਂ ਆਪਾਂ ਮਿਲਾਂਗੇ/ਅੱਧੀ ਸਦੀ ਪੁਰਾਣਾ ਮੋਹ/ਬਸ ਚੀਕ ਉਠੇਗਾ/ ਚੀਕ ਹੀ ਉਠੇਗਾ/ਆਪਣਾ ਬੀਤਿਆ/ਇਕ ਦੂਜੇ ਦੀਆਂ ਅੱਖਾਂ ਵਿਚ ਝਾਕਦੇ/ਇਕ ਦੂਜੇ ਦੇ ਗਲ ਲਗਾਂਗੇ/ਇਕ ਦੂਜੇ ਵਿਚ ਗੁੰਮ ਹੀ ਜਾਵਾਂਗੇ/ਕਲ ਯੁੱਗ ਬਣ ਕੇ ਕਿਰ ਗਏ/ਮਹਿੰਗੇ ਵਰ੍ਹਿਆਂ ਨੂੰ ਰੋਵਾਂਗੇ/ਇਕ ਦੂਜੇ ਦੀਆਂ ਬਾਹਾਂ ਵਿਚ ਇਕਮਿਕ ਹੋਵਾਂਗੇ/ਉਹ ਪਲ ਸਾਂਭਣ ਯੋਗ ਹੋਣਗੇ/ਉਹ ਪਲ ਕਦੇ ਨਹੀਂ ਭੁਲਣਗੇ/ਪੁੱਤ ਪੋਤਿਆਂ, ਧੀਆਂ ਅਤੇ ਦੋਹਤਿਆਂ/ਵਾਲੇ ਹੋ ਕੇ/ਕੱਚੀ ਉਮਰੇ/ਚੜ੍ਹਦੀ ਉਮਰ ’ਚ ਜਾਗੇ ਮੋਹ ਨੂੰ/ਯਾਦ ਕਰਾਂਗੇ/ ਯਾਦਾਂ ਦਾ ਸੰਘਣਾ ਰੁੱਖ ਲਹਿਰਾਏਗਾ/ਫੁਲੇਗਾ ਤੇ ਫਲੇਗਾ/
ਇਸ ਤਰ੍ਹਾਂ ਇਹ ਸਾਰੀਆਂ ਕਵਿਤਾਵਾਂ ਉਸ ਅਧੂਰੇ ਪਿਆਰ ਦੀਆਂ ਦਮਿਤ ਇਛਾਵਾਂ ਵਿਚੋਂ ਫੁਟੀਆਂ ਹਨ ਜੋ ਪ੍ਰਵਾਨ ਨਾ ਚੜ੍ਹ ਸਕਿਆ। ਕਾਵਿ ਸੰਸਾਰ ਵਿਚ ਕਵੀ ਦਾ ਹੁਕਮ ਚਲਦਾ ਹੈ। ਅਧੂਰੀਆਂ ਖਾਹਸ਼ਾਂ ਏਥੇ ਅਰਥਵਾਨ ਹੁੰਦੀਆਂ ਹਨ। ਹੁਣ ਜਦੋਂ ਸਮੇਂ ਦੇ ਪੁਲਾਂ ਹੇਠੋਂ ਪਾਣੀ ਲੰਘ ਗਿਆ ਹੈ ਤੇ ਰੇਤੜ ਵਿਚ ਤਰਨ ਦਾ ਕੋਈ ਫਾਇਦਾ ਨਹੀਂ ਪਰ ਕਵੀ ਉਨ੍ਹਾਂ ਖੂਬਸੂਰਤ ਪਲਾਂ ਨੂੰ ਜਿਊਂਦਾ ਜ਼ਰੂਰ ਹੈ ਜੋ ਉਮਰ ਦੇ ਕਿਸੇ ਵੀ ਪੜਾਅ ’ਤੇ ਆ ਜਾਣ। ਕਵਿਤਾ ਦੀ ਜੀਵੰਤਤਾ ਅਜਿਹੇ ਛਿਨਾਂ ਵਿਚ ਹੀ ਸਾਕਾਰ ਹੁੰਦੀ ਹੈ:
/ਵਰ੍ਹਿਆਂ ਪਿਛੋਂ ਮੇਲ ਹੋਇਆ/ਮੇਰੇ ਸਾਹਵੇਂ ਬੈਠੀ ਮੇਰੀ ਜ਼ਿੰਦਗੀ ਮੁਸਕਾ ਰਹੀ ਸੀ/ਦਿਲ ਤਾਂ ਚਾਹੁੰਦਾ ਸੀ ਕਿ ਉਸਨੂੰ/ਆਪਣੀਆਂ ਬਾਹਾਂ ’ਚ ਘੁੱਟ ਲਾਂ/ਪਾ ਲਵਾਂ ਗਲਵੱਕੜੀ/ ਅੱਧੀ ਸਦੀ ਪੁਰਾਣੀ ਹਸਰਤ ਲੁੱਟ ਲਾਂ/
ਇਸ ਅਧੂਰੀ ਪਿਆਰ ਗਾਥਾ ਵਿਚੋਂ ਅੰਤ ’ਤੇ ਉਹ ਕੋਈ ਫੈਸਲਾ ਚਾਹੁੰਦਾ ਹੈ। ਬਿਨਾ ਨਿਸ਼ਾਨੇ ਤੋਂ ਤੁਰੇ ਜਾਣਾ ਬੇਅਰਥ ਹੈ। ਬਾਰ ਬਾਰ ਉਨ੍ਹਾਂ ਯਾਦਾਂ, ਸਿਮਰਤੀਆਂ, ਛਿਨਾਂ ਨੂੰ ਚਿਤਵਦਾ ਹੈ ਪਰ ਅਖੀਰ ਉਹ ਬੀਤੇ ਦੇ ਉਸ ਅਧੂਰੇ ਪੜਾਅ ’ਤੇ ਛਟਪਟਾ ਕੇ ਰਹਿ ਜਾਂਦਾ ਹੈ। ਪਰ ਹੁਣ ਫੈਸਲੇ ਦੀ ਘੜੀ ਆਣ ਪਹੁੰਚੀ ਹੈ:
/ਇਸ ਤਰ੍ਹਾਂ ਨਿਰਲਖਸ਼ ਹੀ ਤੁਰਦੇ ਰਹੇ/ਤਾਂ ਭਟਕ ਜਾਵਾਂਗੇ/ਹੁਣ ਕੋਈ ਫੈਸਲਾ ਕਰੀਏ/ਤੇ ਉਸ ’ਤੇ ਅਮਲ ਕਰੀਏ…/ਆ ਹੁਣ ਵਾਅਦੇ ਨਿਭਾਈਏ/ਇਕ ਹੋ ਜਾਈਏ/ਮੈਂ ਤਾਂ ਵਰ੍ਹਿਆਂ ਤੋਂ/ਤੇਰੇ ਮੂੰਹੋਂ/ਇਹ ਸੁਣਨਾ ਲੋਚਦਾ ਸੀ/ਮਾਪਿਆਂ ਦੀ ਰਾਏ ਚਾਹਾਂਗੇ/ਤੁਰਾਂਗੇ/ਨਾਂਹ ਸੁਣਨੀ ਪਈ/ਤਾਂ ਵੀ ਤੁਰਾਂਗੇ…/ਕੰਘੜੀ ਪਾ ਕੇ ਅਤੇ ਮੱਥੇ ਦਾ ਸੂਰਜ ਬਾਲ ਕੇ/ਆਪਾਂ ਤੁਰਾਂਗੇ/
ਫੈਸਲਾ ਕਰਨਾ ਤੇ ਤੁਰਨਾ ਬੜੇ ਜੀਵੰਤ ਬਿੰਬ ਹਨ ਜੋ ਕਾਵਿ ਸੰਸਾਰ ਨੂੰ ਗਤੀ ਪ੍ਰਦਾਨ ਕਰਦੇ ਹਨ। ਅਧੂਰੇ ਪਿਆਰ ਦੀ ਇਸ ਯਾਤਰਾ ਵਿਚ ਕਵੀ ਨੇ ਇਕ ਵੱਖਰੇ ਕਾਵਿ ਸੰਸਾਰ ਦੀ ਸਿਰਜਣਾ ਕੀਤੀ ਹੈ ਇਹੀ ਉਹਦੀ ਪਛਾਣ ਹੈ। ਸੁਰਿੰਦਰ ਗਿੱਲ ਬੜੀ ਸੂਖਮ, ਸਹਿਜ ਤੇ ਸਰਲ ਬਿਰਤੀ ਵਾਲਾ ਕਵੀ ਹੈ। ਉਹਦੇ ਕੋਲ ਉਚੇਚੇ ਸ਼ਬਦਾਂ ਦਾ ਭੰਡਾਰ ਨਹੀਂ ਸਗੋਂ ਸਹਿਜ ਸ਼ਬਦਾਂ ਦੀ ਚਾਲ ਹੈ। ਇਹੀ ਕਾਰਨ ਹੈ ਕਿ ਉਹਦਾ ਕਾਵਿ ਸੰਸਾਰ ਅੱਜ ਦੇ ਕਾਵਿ ਸੰਸਾਰ ਨਾਲੋਂ ਵਿੱਥ ’ਤੇ ਖੜ੍ਹਾ ਨਜ਼ਰ ਆਉਂਦਾ ਹੈ। ਇਸ ਸੰਗ੍ਰਹਿ ਵਿਚ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਹਨ ਜੋ ਵੱਖਰੀ ਤੋਰ ਵਾਲੀਆਂ ਹਨ।
ਇਸ ਵਿਚ ਕੁਝ ਗ਼ਜ਼ਲਾਂ ਵੀ ਲੇਖਕ ਨੇ ਸ਼ਾਮਲ ਕੀਤੀਆਂ ਹਨ। ਇਨ੍ਹਾਂ ਵਿਚੋਂ ਕਿਸਾਨੀ ਦਾ ਦਰਦ ਝਲਕਦਾ ਹੈ। ਕਿਰਤੀਆਂ ਦੀ ਹੋਣੀ ਨਜ਼ਰ ਆਉਂਦੀ ਹੈ ਜੋ ਮਿਹਨਤਾਂ ਕਰਦੇ, ਅੰਨ ਉਗਾਂਦੇ ਭੁੱਖੇ ਸੌਂਦੇ ਨੇ। ਅਜਿਹੇ ਸਮਰੱਥ ਸ਼ੇਅਰ ਦੇਖੇ ਜਾ ਸਕਦੇ ਹਨ:
ੳ. ਵਾਹੀ, ਬੀਜੀ, ਵੱਢੀ, ਜਿਸਨੇ ਲਹੂ ਪਸੀਨਾ ਕੀਤਾ
ਬੋਲ੍ਹ ਬਣੇ ਤਾਂ ਸੁੱਕੀ ਤੂੜੀ ਰਹਿ ਗਈ ਉਸਦੇ ਪੱਲੇ।
ਅ. ਰਿੜਕਣਿਆਂ ’ਚੋਂ ਮੱਖਣ ਲਾਹ ਕੇ ਲੈ ਗਏ ਚੰਦਰੇ ਚਾਤਰ
ਦੁੱਧ ਜਮਾਉਣ ਵਾਲੀਆਂ ਪੱਲੇ, ਛਿੱਦੀਆਂ ਵਾਲੇ ਥੱਲੇ।
ੲ. ਪਸੀਨਾ ਖੂਨ ਇਕ ਕਰਕੇ ਵੀ ਜੋ ਭੁੱਖੇ ਹੀ ਸੌਂਦੇ
ਅਜਿਹੇ ਕਿਰਤੀਆਂ ਦੇ ਸਿਰ ਸਿਰੋਪਾ ਤਾਜ ਲਿਖੀਏ।
ਇਹ ਚਰਚਾ ਸੁਰਿੰਦਰ ਗਿੱਲ ਦੇ ਕਾਵਿ ਨਕਸ਼ ਪਛਾਨਣ ਦਾ ਉਪਰਾਲਾ ਹੈ। ਕਵੀ ਆਪਣੇ ਬਾਰੇ ਕਹਿੰਦਾ ਹੈ: ‘ਮੈਂ ਇਕ ਸਿੱਧਾ ਸਾਦਾ ਮਨੁੱਖ ਹਾਂ। ਕਿਸੇ ਘਟਨਾ, ਵਿਅਕਤੀ ਜਾਂ ਵਿਚਾਰ, ਬਾਰੇ ਤੁਰੰਤ ਆਪਣੇ ਭਾਵ ਪ੍ਰਗਟਾ ਦੇਣਾ ਮੇਰਾ ਸੁਭਾਅ ਹੈ। ਉਪਮਾ ਅਲੰਕਾਰਾਂ ਦਾ ਸਹਿਜ ਪ੍ਰਵੇਸ਼ ਹੋਣਾ ਹੀ ਯੋਗ ਹੈ। ਜ਼ੋਰ ਲਾ ਕੇ ਜਾਂ ਮਨ ਮਸਤਕ ’ਤੇ ਬੋਝ ਪਾ ਕੇ ਵਰਤੇ ਉਪਮਾ ਅਲੰਕਾਰ ਕਾਵਿ ਰਚਨਾ ਨੂੰ ਹਾਸੋਹੀਣੀ ਬਣਾ ਦੇਂਦੇ ਹਨ।’
ਸੰਪਰਕ: 94173-58120