ਲੰਡਨ, 12 ਅਪਰੈਲ
‘ਡਿਊਕ ਆਫ਼ ਸਸੈਕਸ’ ਸ਼ਹਿਜ਼ਾਦਾ ਹੈਰੀ ਆਪਣੇ ਦਾਦੇ ਰਾਜਕੁਮਾਰ ਫ਼ਿਲਿਪ ਦੀਆਂ ਅੰਤਿਮ ਰਸਮਾਂ ਵਿਚ ਹਿੱਸਾ ਲੈਣ ਲਈ ਸ਼ਨਿਚਰਵਾਰ ਬਰਤਾਨੀਆ ਪਹੁੰਚ ਗਿਆ ਹੈ। 36 ਸਾਲਾ ਸ਼ਹਿਜ਼ਾਦਾ ਲਾਸ ਏਂਜਲਸ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਰਾਹੀਂ ਹੀਥਰੋ ਹਵਾਈ ਅੱਡੇ ’ਤੇ ਪੁੱਜਾ। ਉੱਥੋਂ ਉਸ ਨੂੰ ਕੇਨਸਿੰਗਟਨ ਪੈਲੇਸ ਲਿਜਾਇਆ ਗਿਆ। ਹਵਾਈ ਅੱਡੇ ’ਤੇ ਸੁਰੱਖਿਆ ਸਟਾਫ਼ ਹੈਰੀ ਨੂੰ ਮਿਲਿਆ ਤੇ ਕਾਲੀ ਰੇਂਜ ਰੋਵਰ ਵਿਚ ਉਸ ਦੀ ਪੁਰਾਣੀ ਰਿਹਾਇਸ਼ ’ਤੇ ਲੈ ਗਿਆ। ਬਕਿੰਘਮ ਪੈਲੇਸ ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਹੈਰੀ ‘ਡਿਊਕ ਆਫ਼ ਐਡਿਨਬਰਾ’ ਦੀਆਂ ਅੰਤਿਮ ਰਸਮਾਂ ਵਿਚ ਹਿੱਸਾ ਲੈਣਗੇ ਪਰ ਉਸ ਦੀ ਪਤਨੀ ਮੇਗ਼ਨ ਮਰਕਲ ਨਹੀਂ ਆ ਸਕੇਗੀ ਕਿਉਂਕਿ ਉਹ ਜੋੜੇ ਦੇ ਦੂਜੇ ਬੱਚੇ ਨਾਲ ਗਰਭਵਤੀ ਹੈ। ਉਸ ਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਮਨ੍ਹਾਂ ਕੀਤਾ ਹੈ। ਹੈਰੀ ਕੋਵਿਡ-19 ਦੀ ਨੈਗੇਟਿਵ ਟੈਸਟ ਰਿਪੋਰਟ ਲੈ ਕੇ ਆਏ ਹਨ। ਸ਼ਨਿਚਰਵਾਰ ਨੂੰ ਫ਼ਿਲਿਪ ਦੇ ਤਾਬੂਤ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਲੈਂਡ ਰੋਵਰ ਵਿਚ ਅੰਤਿਮ ਰਸਮਾਂ ਲਈ ਲਿਜਾਇਆ ਜਾਵੇਗਾ। -ਪੀਟੀਆਈ