ਮਲਵਿੰਦਰ
ਜਗਵਿੰਦਰ ਜੋਧਾ ਨੌਜਵਾਨ ਵਿਦਵਾਨ, ਚਿੰਤਕ ਅਤੇ ਸ਼ਾਇਰ ਹੈ। ਸਾਹਿਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਉਣ ਲਈ ਜਗਵਿੰਦਰ ਕੋਈ ਸਮਝੌਤਾ ਜਾਂ ਜੁਗਾੜਬੰਦੀ ਨਹੀਂ ਕਰਦਾ। ‘ਮੈਂ-ਅਮੈਂ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ਹੈ। ਪਹਿਲੀਆਂ ਪੁਸਤਕਾਂ ਤੋਂ ਹੱਟ ਕੇ ਜੋਧਾ ਇਸ ਪੁਸਤਕ ਵਿਚ ਇੱਕ ਨਵਾਂ ਤਜ਼ਰਬਾ ਕਰਦਾ ਹੈ। ਰਿਸ਼ਤਿਆਂ ਦੀ ਹੋਂਦ ਦੇ ਅਸਤਿਤਵ ਨਾਲ ਸੰਵਾਦ ਰਚਾਉਂਦਾ ਉਹ ਘਰ, ਪਿਤਾ, ਮਾਂ, ਬੀਵੀ, ਮਹਬਿੂਬ ਅਤੇ ਮੈਂ ਨੂੰ ਵਾਰੋ ਵਾਰੀ ਮੁਖ਼ਾਤਬ ਹੁੰਦਾ ਹੈ। ਇਸ ਪੁਸਤਕ ਨੂੰ ਪੰਜਾਂ ਪਰਤਾਂ ਵਿਚ ਵੰਡਿਆ ਹੈ। ਪਹਿਲੀ ਪਰਤ ਵਿਚ ਉਹ ਘਰ ਨਾਲ ਸੰਵਾਦ ਰਚਾਉਂਦਾ ਹੈ। ਘਰ ਦੇ ਸੁਖ ਅੰਦਰ ਲੁਪਤ ਦਰਦਾਂ ਨੂੰ ਸਮਝਣਾ, ਮਹਿਸੂਸ ਕਰਨਾ ਅਤੇ ਗ਼ਜ਼ਲ ਰਾਹੀਂ ਪੇਸ਼ ਕਰਨਾ ਜਗਵਿੰਦਰ ਦੇ ਹਿੱਸੇ ਆਇਆ ਹੈ:
ਮੇਰੀ ਭਟਕਣ ਦੀ ਆਖ਼ਰਲੀ ਪਨਾਹ ਬਣਦਾ ਰਿਹਾ ਹੈ ਘਰ
ਪਰ ਅਕਸਰ ਹੀ ਸਫ਼ਰ ਦੇ ਰਾਹ ਵਿਚ ਰੋੜਾ ਰਿਹਾ ਹੈ ਘਰ
ਮੈਂ ਘਰ ਮੁੜਿਆ ਤਾਂ ਮੇਰੇ ਨਾਲ ਮੁੜਿਆ ਹੈ ਸਫ਼ਰ ਥੱਕਿਆ
ਮੈਂ ਤੁਰਿਆ ਹਾਂ ਤਾਂ ਮੇਰੇ ਨਾਲ ਹੀ ਤੁਰਦਾ ਰਿਹਾ ਹੈ ਘਰ
ਇਸ ਪਹਿਲੀ ਪਰਤ ਰਾਹੀਂ ਸਾਡੇ ਜੀਵਨ ਵਿਚ ਘਰ ਦੀ ਭੂਮਿਕਾ ਦਾ ਸਮੁੱਚ ਪੇਸ਼ ਹੋਇਆ ਹੈ। ਦੂਜੀ ਪਰਤ ਵਿਚ ਬਾਪੂ ਦੀਆਂ ਪਰਤਾਂ ਨੂੰ ਫਰੋਲਿਆ ਗਿਆ ਹੈ। ਉਹ ਪ੍ਰਚਲਿਤ ਧਾਰਨਾਵਾਂ ਨੂੰ ਤੋੜਦਿਆਂ ਧਰਾਤਲ ਨਾਲ ਜੁੜੇ ਯਥਾਰਵਾਦੀ ਵਿਚਾਰਾਂ ਨੂੰ ਬੇਬਾਕੀ ਨਾਲ ਪੇਸ਼ ਕਰਦਾ ਹੈ। ਬਾਪੂ ਮੋਢੇ ’ਤੇ ਬਿਠਾ ਕੇ ਹੂਟੇ ਦੇਣ ਵਾਲਾ ਬੰਦਾ ਹੀ ਨਹੀਂ ਹੁੰਦਾ, ਸਾਡੇ ਚਾਵਾਂ ਦੇ ਪੈਰੀਂ ਰੋੜ ਬਣ ਚੁਭਦਾ ਰਿਹਾ ਮਨੁੱਖ ਵੀ ਹੁੰਦਾ ਹੈ। ਕਿਰਸਾਨੀ ਨਾਲ ਜੁੜੇ ਬੰਦੇ ਦੀ ਮਾਨਸਿਕਤਾ ਨੂੰ ਜਿੰਨੀ ਸੂਖ਼ਮਤਾ ਨਾਲ ਜੋਧੇ ਨੇ ਫੜਿਆ ਹੈ, ਉਸ ਨੂੰ ਆਪਣੇ ਅੰਦਰ ਵਸਾ ਲੈਣ ਦੀ ਕਾਵਿਕ ਸਮਰੱਥਾ ਨੂੰ ਪਰਖਣ ਦੀ ਲੋੜ ਹੈ। ਮਾਂ ਵਾਲੀ ਪਰਤ ਵਿਚ ਕੁਲ ਦੁਨੀਆਂ ਦੀਆਂ ਮਾਵਾਂ ਜਾਂ ਇੰਝ ਕਹਿ ਲਵੋ ਕਿ ਔਰਤਾਂ ਦੀ ਤ੍ਰਾਸਦੀ ਨੂੰ ਮਮਤਾ ਦੀ ਤਰਲਤਾ ਤੋਂ ਨਿਖੇੜ ਕੇ ਵੇਖਿਆ ਤੇ ਪੇਸ਼ ਕੀਤਾ ਗਿਆ ਹੈ। ਬੀਵੀ ਤੇ ਮਹਬਿੂਬ ਨਾਲ ਸੰਵਾਦ ਰਚਾਉਂਦੀ ਚੌਥੀ ਤੇ ਪੰਜਵੀਂ ਪਰਤ ਵਿਚ ਔਰਤ ਦੀ ਹੋਂਦ ਨਾਲ ਜੁੜੇ ਭਾਵਨਾਤਮਕ ਰਿਸ਼ਤਿਆਂ ਨੂੰ ਸਮਝਣ ਤੇ ਮਹਿਸੂਸ ਕਰਨ ਦੀ ਕਲਾਤਮਿਕ ਚਰਚਾ ਹੈ।
ਆਖ਼ਰੀ ਪਰਤ ਵਿਚ ਜੋਧਾ ਅਮੈਂ ਤੋਂ ਮੈਂ ਵੱਲ ਮੁੜਦਾ ਹੈ। ਮੈਂ, ਅਮੈਂ ਦਾ ਹੀ ਹੇਰਵਾ ਹੈ। ਇਸ ਹੇਰਵੇ ਅੰਦਰ ਮੈਂ ਦੀ ਤਲਾਸ਼ ਹੈ। ਇਸ ਤਲਾਸ਼ ਵਿਚ ਕਵਿਤਾ ਹੋਵੇ ਤਾਂ ਵਰਤਾਰਾ ਚਿੰਤਨੀ ਅਤੇ ਕਾਵਿਕ ਹੋ ਜਾਂਦਾ ਹੈ। ਜਗਵਿੰਦਰ ਜੋਧੇ ਦੀ ਮੈਂ ਪਾਠਕ ਨਾਲ ਸੰਵਾਦ ਰਚਾੳਂਦੀ ਹੈ। ਆਪਣੇ ਅੰਦਰ ਝਾਕਣਾ ਤੇ ਅੰਦਰਲੇ ਹਨੇਰਿਆਂ ’ਚ ਰੌਸ਼ਨੀ ਦੀ ਭਾਲ ਕਰਨੀ ਤੇ ਬੇਬੱਸੀ ਦੀਆਂ ਬੇਰਹਿਮ ਸਥਿਤੀਆਂ ਨਾਲ ਲੜਨਾ ਕਠਿਨ ਕਾਰਜ ਹੈ। ਇਹ ਕਠਿਨ ਕਾਰਜ ਮੈਂ-ਅਮੈਂ ਦੇ ਸਮੁੱਚੇ ਬਿਰਤਾਂਤ ਦੇ ਅੰਗ-ਸੰਗ ਹੈ। ਇਹ ਕਾਰਜ ਹੀ ਇਸ ਕਿਰਤ ਦੀ ਵਡੱਤਣ ਬਣਦੀ ਹੈ।