ਮਨਦੀਪ ਰਿੰਪੀ
ਕੱਲ੍ਹ ਸ਼ਾਮ ਦਾ ਮੀਂਹ ਨੇ ਕਣਤਾਇਆ ਪਿਆ। ਕਦੇ ਭੱਜ-ਭੱਜ ਕੇ ਆਉਂਦਾ ਤੇ ਕਦੇ ਤਿੱਪ-ਤਿੱਪ ਕਰਨ ਲੱਗਦਾ… ਪਰ ਬੱਦਲ ਸਾਫ਼ ਹੋਣ ਦਾ ਨਾਂ ਨਹੀਂ ਲੈਂਦੇ। ਉਹ ਦੋਵੇਂ ਮਾਵਾਂ-ਧੀਆਂ ਸਬਾਤ ਵਿੱਚ ਬੈਠੀਆਂ ਚੁੱਪ-ਚਾਪ ਕਦੇ ਮੀਂਹ ਵੱਲ ਵੇਖਣ ਲੱਗਦੀਆਂ ਤੇ ਕਦੇ ਕੱਚੇ ਵਿਹੜੇ ਵੱਲ। ਰਾਤ ਮੱਝ ਦਾ ਸੰਗਲ ਸ਼ਾਇਦ ਢਿੱਲਾ ਬੰਨ੍ਹਿਆ ਗਿਆ। ਉਹ ਖੁਰਲੀ ਤੋਂ ਖੁੱਲ੍ਹ ਕੇ ਨੇੜੇ ਪਏ ਪੱਠੇ ਖਾ ਗਈ। ਜਦੋਂ ਸੁਵਖਤੇ ਮਾਵਾਂ ਧੀਆਂ ਉੱਠੀਆਂ ਮੱਝ ਰੱਜ ਕੇ ਬੈਠੀ ਜੁਗਾਲੀ ਕਰ ਰਹੀ ਸੀ। ਬਲਵੀਰੋ ਮੱਝ ਦੀਆਂ ਪੈੜਾਂ ਨਾਲ ਕੱਚੇ ਵਿਹੜੇ ’ਚ ਪਏ ਗਾਹ ਨੂੰ ਵੇਖ ਖਿੱਝੀ ਹੋਈ ਰਮਨ ਨੂੰ ਚਾਹ ਧਰਨ ਲਈ ਆਖ, ਪੱਲੀ ਚੁੱਕ ਪੱਠੇ ਲਿਆਉਣ ਦੀ ਤਿਆਰੀ ਕਰਨ ਲੱਗੀ।
ਉਹ ਮੂੰਹ ’ਚ ਬੁੜ-ਬੁੜ ਕਰਦੀ ਹੋਈ ਆਖਣ ਲੱਗੀ, ‘‘ਚੰਦਰੀ! ਸਾਰੇ ਪੱਠੇ ਖਾ ਗਈ… ਹੁਣ ਮੂੰਹ ਚੁੱਕ-ਚੁੱਕ ਵੇਖਦੀ ਐ ਮੇਰੇ ਵੱਲ… ਅੱਜ ਭੋਗ ’ਤੇ ਵੀ ਜਾਣਾ… ਕਬੀਲਦਾਰੀ ’ਚ ਸਭ ਕੁਝ ਵੇਖਣਾ ਪੈਂਦਾ… ਜੇ ਨਾ ਜਾਵਾਂ ਤਾਂ ਔਖਾ… ਕਿੱਥੇ-ਕਿੱਥੇ ਮਰਾਂ? ਆਪ ਤਾਂ ਮਰ ਖਪ ਗਿਆ… ਮੈਂ ਜਿਊਂਦੀ ਜੀਅ ਕੀ ਕਰਾਂ… ਕੀ ਨਾ ਕਰਾਂ?’’
ਰਮਨ ਰਸੋਈ ’ਚ ਚਾਹ ਧਰਦੀ ਹੋਈ ਆਪਣੀ ਮਾਂ ਨੂੰ ਸਮਝਾਉਣ ਦੇ ਲਹਿਜੇ ’ਚ ਆਖਣ ਲੱਗੀ, ‘‘ਬਸ ਕਰ ਮਾਂ… ਸਵੇਰੇ-ਸਵੇਰੇ ਕਾਹਨੂੰ ਸ਼ੁਰੂ ਹੋ ਗਈ?’’
‘‘ਆਹੋ! ਮੈਨੂੰ ਝੱਲ ਚੜ੍ਹਿਆ… ਮੈਂ ਤਾਂ ਰੋਂਦੀ ਆਂ ਆਪਣੇ ਭਾਗਾਂ ਨੂੰ।’’
‘‘ਮਾਂ! ਸਵੇਰੇ-ਸਵੇਰੇ ਰੱਬ ਦਾ ਨਾਂ ਲਿਆ ਕਰ… ਜੋ ਸਾਡੇ ਕਰਮਾਂ ’ਚ ਹੋਊ ਸਾਨੂੰ ਮਿਲ ਜਾਣਾ।’’
ਰਮਨ ਇੱਕ ਗਲਾਸ ’ਚ ਚਾਹ ਪਾ ਲਿਆਈ ਤੇ ਆਪਣੀ ਮਾਂ ਦੇ ਹੱਥ ’ਚ ਗਲਾਸ ਫੜਾ ਆਪ ਫਹੁੜੇ ਨਾਲ ਮੱਝ ਥੱਲਿਓਂ ਗੋਹਾ ’ਕੱਠਾ ਕਰਨ ਲੱਗੀ। ਐਨੇ ਨੂੰ ਬੂਹੇ ’ਤੇ ਆ ਕਿਸੇ ਨੇ ‘‘ਭਾਈ ਬਲਵੀਰੋ’’ ਕਹਿ ਹਾਕ ਮਾਰੀ। ਰਮਨ ਦਾ ਮੂੰਹ ਗੁੱਸੇ ਨਾਲ ਵੱਟਿਆ ਗਿਆ ਤੇ ਮੱਥਾ ਤਿਊੜੀਆਂ ਨਾਲ ਭਰ ਗਿਆ। ਬਲਵੀਰੋ ਮੰਜੇ ਤੋਂ ਉੱਠ ਇੱਕ ਹੱਥ ’ਚ ਫੜਿਆ ਚਾਹ ਦਾ ਗਿਲਾਸ ਮੰਜੇ ਥੱਲੇ ਧਰ ਅਤੇ ਦੂਜੇ ਹੱਥ ਨਾਲ ਸਿਰ ਦੀ ਚੁੰਨੀ ਸੁਆਰਦੀ ਹੋਈ ਬੂਹਾ ਖੋਲ੍ਹਣ ਤੁਰ ਪਈ।
ਬੂਹੇ ’ਤੇ ਹਰਬੰਸ ਸਿੰਹੁ ਖੜ੍ਹਾ ਸੀ। ਕਿੰਨੇ ਦਿਨ ਹੋ ਗਏ ਉਹਨੂੰ ਚੱਕਰ ਕੱਟਦੇ ਹੋਏ। ਹੁਣ ਤਾਂ ਤੀਏ ਦਿਨ ਦਾ ਕੰਮ ਹੋ ਗਿਆ। ਆਨੇ-ਬਹਾਨੇ ਮੱਝ ਵੇਖਣ ਆ ਜਾਂਦਾ। ਬਲਵੀਰੋ ਆਪਣੀ ਗਰਜ਼ ਸਾਰਨ ਲਈ ਮੱਝ ਵੇਚਣਾ ਚਾਹੁੰਦੀ ਸੀ। ਜਦੋਂ ਉਹਨੇ ਆਪਣੇ ਪੁੱਤ ਅਮਨ ਨੂੰ ਬਾਹਰ ਘੱਲਿਆ ਸੀ ਤਾਂ ਰੋਸ਼ਨ ਲਾਲ ਤੋਂ ਪੰਜਾਹ ਹਜ਼ਾਰ ਰੁਪਏ ਉਧਾਰ ਲਏ ਸਨ। ਉਦੋਂ ਰੋਸ਼ਨ ਲਾਲ ਉਨ੍ਹਾਂ ਨੂੰ ਰੱਬ ਬਣ ਕੇ ਟੱਕਰਿਆ ਜਿਹਨੇ ਪੰਜ-ਛੇ ਮਹੀਨੇ ਰੁਪਇਆਂ ਬਾਰੇ ਕੋਈ ਗੱਲ ਨਾ ਛੇੜੀ, ਪਰ ਹੁਣ ਉਹਨੂੰ ਲੋੜ ਸੀ। ਉਹਦਾ ਮੰਜੇ ’ਤੇ ਪਿਆ ਪਿਓ ਚੜ੍ਹਾਈ ਕਰ ਗਿਆ। ਉਹਦੇ ਭੋਗ ’ਤੇ ਅਚਨਚੇਤ ਆਏ ਖਰਚ ਲਈ ਉਹਨੇ ਬਲਵੀਰੋ ਦਾ ਬੂਹਾ ਆਣ ਖੜਕਾਇਆ। ਬਲਵੀਰੋ ਨੇ ਵਿਆਜੂ ਰੁਪਏ ਲੈ ਰੋਸ਼ਨ ਲਾਲ ਦਾ ਕਰਜ਼ਾ ਤਾਂ ਲਾਹ ਦਿੱਤਾ, ਪਰ ਹੁਣ ਉਹਨੂੰ ਚੜ੍ਹੇ ਮਹੀਨੇ ਵਿਆਜ ਦੇਣਾ ਬਹੁਤ ਚੁੱਭਦਾ।
ਆਪਣੇ ਦਿਉਰ ਤੇ ਜੇਠ ਦਾ ਉਹਨੇ ਅੱਜ ਤਾਈਂ ਕਦੇ ਕੋਈ ਸਾਨ ਨਹੀਂ ਸੀ ਝੱਲਿਆ। ਝੱਲਦੀ ਵੀ ਕਿਉਂ? ਉਨ੍ਹਾਂ ਵੀ ਤਾਂ ਛੇਤੀ ਹੀ ਮੂੰਹ ਫੇਰ ਲਿਆ ਸੀ ਸ਼ਮਸ਼ੇਰ ਦੇ ਮਰਨ ਤੋਂ ਬਾਅਦ। ਗੱਲ ਵੀ ਕੋਈ ਬਹੁਤੀ ਵੱਡੀ ਨਹੀਂ ਸੀ, ਪਰ ਕੁਝ ਜ਼ਿਆਦਾ ਹੀ ਰੱਫੜ ਪਾ ਕੇ ਬਹਿ ਗਏ ਉਹ ਸਾਰੇ। ਉਂਝ ਜੇ ਉਹਦੇ ਵੱਲੋਂ ਵੇਖਿਆ ਜਾਵੇ ਤਾਂ ਗੱਲ ਕੋਈ ਬਹੁਤੀ ਛੋਟੀ ਵੀ ਨਹੀਂ ਸੀ, ਪਰ ਹੁਣ ਸਮਝਾਵੇ ਵੀ ਕੌਣ? ਕਿਹਨੂੰ? ਜਿਹੜਾ ਸਮਝਾਵੇ ਉਹਨੂੰ ਹੀ ਖਾਣ ਨੂੰ ਪੈਂਦਾ ਸਾਰਾ ਟੱਬਰ। ਨਾਲੇ ਕਹਿੰਦੇ ਨੇ ਕਿ ਸਹੁਰੇ ਘਰ ਜ਼ਨਾਨੀ ਦੀ ਪੁੱਛ ਆਦਮੀ ਨਾਲ ਹੀ ਹੁੰਦੀ ਹੈ। ਜਦੋਂ ਆਦਮੀ ਸਿਰ ’ਤੇ ਨਾ ਰਹੇ ਤਾਂ ਉਹ ਚਾਹੇ ਮਰੇ …ਚਾਹੇ ਖਪੇ… ਕਿਸੇ ਨੂੰ ਕੀ?
ਸ਼ਮਸ਼ੇਰ ਨੇ ਹਿੱਸੇ ਆਈ ਥੋੜ੍ਹੀ ਜਿਹੀ ਜ਼ਮੀਨ ’ਤੇ ਪਾਪੂਲਰ ਦੇ ਬੂਟੇ ਲਾਏ ਹੋਏ ਸਨ ਤੇ ਉਸੇ ਖੇਤ ’ਚ ਉਹ ਆਪਣੇ ਪਸ਼ੂਆਂ ਲਈ ਪੱਠੇ ਬੀਜ ਲੈਂਦਾ। ਬੂਟੇ ਪਾਲਦੇ ਨੂੰ ਉਹਨੂੰ ਚਾਰ ਸਾਲ ਹੋ ਗਏ ਸਨ ਤੇ ਪੰਜਵੇਂ ਸਾਲ ਇੱਕ ਦੁਰਘਟਨਾ ਵਿੱਚ ਉਹ ਆਪ ਚੱਲ ਵਸਿਆ। ਜਦੋਂ ਬੂਟੇ ਪੰਜ ਸਾਲ ਦੇ ਹੋ ਗਏ ਉਹਦੇ ਜੇਠ ਤੇ ਦਿਓਰ ਚੁੱਪਚਾਪ ਬਿਨਾਂ ਬਲਵੀਰੋ ਨੂੰ ਪੁੱਛੇ ਆਪਣੇ ਬੂਟਿਆਂ ਦੇ ਨਾਲ ਹੀ ਉਹਦੇ ਬੂਟੇ ਵੀ ਵੱਢ ਕੇ ਸ਼ਹਿਰ ਸੁੱਟ ਆਏ। ਬਲਵੀਰੋ ਕਈ ਦਿਨ ਚੁੱਪੀ ਧਾਰ ਕੇ ਬੈਠੀ ਰਹੀ ਕਿ ਉਹ ਆਪੇ ਬੂਟਿਆਂ ਦਾ ਹਿਸਾਬ ਕਿਤਾਬ ਕਰਨਗੇ… ਪਰ ਜਦੋਂ ਮਹੀਨਾ ਕੁ ਬੀਤ ਗਿਆ, ਕਿਸੇ ਨੇ ਕੋਈ ਗੱਲ ਨਾ ਛੇੜੀ ਅਤੇ ਨਾ ਹੀ ਉਹਦੇ ਹੱਥ ਕੋਈ ਰੁਪਿਆ ਧਰਿਆ ਤਾਂ ਉਹ ਇੱਕ ਦਿਨ ਆਥਣ ਵੇਲੇ ਬੂਟਿਆਂ ਦਾ ਹਿਸਾਬ ਮੰਗਣ ਆਪਣੇ ਜੇਠ ਦੇ ਘਰ ਜਾ ਪਹੁੰਚੀ। ਉਹਦਾ ਜੇਠ ਰੁਪਏ ਦੇਣ ਤੋਂ ਸਾਫ਼ ਮੁੱਕਰ ਗਿਆ ਤੇ ਆਖਣ ਲੱਗਿਆ, ‘‘ਜਦੋਂ ਸ਼ਮਸ਼ੇਰ ਦਾ ਐਕਸੀਡੈਂਟ ਹੋਇਆ ਉਦੋਂ ਉਹਨੇ ਇਲਾਜ ਲਈ ਪੱਲਿਓਂ ਰੁਪਏ ਲਾਏ। ਹਾਲੇ ਤਾਂ ਉਹੀ ਪੂਰੇ ਨਹੀਂ ਹੋਏ। ਹੁਣ ਮੈਂ ਕਿਹੜੇ ਰੁਪਏ ਦਿਆਂ? ਮੈਂ ਤਾਂ ਵਿਆਜੂ ਰੁਪਏ ਫੜ ਕੇ ਲਾਏ ਸਨ ਸ਼ਮਸ਼ੇਰ ਦੇ ਇਲਾਜ ’ਤੇ… ਜੀਹਦੇ ਜੀਹਦੇ ਦੇਣੇ ਸਨ ਦੇ ਦਿੱਤੇ।’’ ਬਲਵੀਰੋ ਨੂੰ ਜੇਠ ਦਾ ਝੂਠ ਸੂਲਾਂ ਵਾਂਗੂੰ ਚੁੱਭਿਆ ਕਿਉਂਕਿ ਸ਼ਮਸ਼ੇਰ ਤਾਂ ਦੁਰਘਟਨਾ ਤੋਂ ਬਾਅਦ ਦੂਜੇ ਦਿਨ ਹੀ ਚੱਲ ਵਸਿਆ ਤੇ ਹਸਪਤਾਲ ਦਾ ਸਾਰਾ ਖਰਚਾ ਘਰ ’ਚ ਅੜਦੇ ਥੁੜ੍ਹਦੇ ਨੂੰ ਰੱਖੇ ਰੁਪਿਆਂ ਨਾਲ ਉਹਨੇ ਆਪ ਤਾਰਿਆ ਸੀ। ਉਹਨੇ ਆਪਣੇ ਜੇਠ ਤੋਂ ਤਾਂ ਕੀ, ਕਿਸੇ ਤੋਂ ਵੀ ਕੋਈ ਰੁਪਿਆ ਨਹੀਂ ਸੀ ਲਿਆ।
ਬਲਵੀਰੋ ਉਦੋਂ ਤਾਂ ਘਰ ਪਰਤ ਆਈ, ਪਰ ਤੜਕੇ ਹੀ ਉਹਨੇ ਸਰਪੰਚ ਦੇ ਘਰ ਦਾ ਬੂਹਾ ਜਾ ਖੜਕਾਇਆ। ਉਂਜ ਵੀ ਐਦਾਂ ਭਲਾ ਆਪਣੇ ਜੁਆਕਾਂ ਦਾ ਹੱਕ ਛੱਡ ਹੁੰਦੈ? ਜੇ ਘਰ ਦੀ ਮਾਲੀ ਹਾਲਤ ਠੀਕ ਹੋਵੇ ਤਾਂ ਵੀ ਬੰਦਾ ਔਖਾ ਸੌਖਾ ਜਰ ਲੈਂਦਾ ਏ, ਪਰ ਜਦ ਹੱਥ ਪੱਲੇ ਵੀ ਕੁਝ ਨਾ ਹੋਵੇ ਤਾਂ ਆਪਣਾ ਹੱਕ ਖੋਹਣਾ ਹੀ ਪੈਂਦੈ। ਬਲਵੀਰੋ ਨੇ ਵੀ ਉਹੀ ਕੀਤਾ। ਭਰੀ ਪੰਚਾਇਤ ਵਿੱਚ ਜਦੋਂ ਬਲਵੀਰੋ ਦੇ ਦਿਓਰ ਤੇ ਜੇਠ ਨੂੰ ਸੱਦਿਆ ਗਿਆ ਤਾਂ ਉਹ ਹੋਰ ਵੀ ਔਖੇ ਭਾਰੇ ਹੋ ਗਏ। ਅਖੇ, ਸਾਡੇ ’ਤੇ ਪੰਚਾਇਤਾਂ ਕਰਦੀ ਫਿਰਦੀ ਐ… ਘਰ ਦੀ ਗੱਲ ਘਰ ਨਈਂ ਰੱਖ ਹੋਈ। ਪੰਚਾਇਤ ਦੇ ਵਿੱਚ ਪੈਣ ਕਰਕੇ ਪਾਪੂਲਰ ਦੇ ਅੱਧ-ਪਚੱਧੇ ਰੁਪਏ ਜੇਠ ਨੂੰ ਦੇਣੇ ਹੀ ਪਏ। ਰੁਪਏ ਤਾਂ ਭਾਵੇਂ ਜੇਠ ਨੇ ਦੇ ਦਿੱਤੇ, ਪਰ ਬਲਵੀਰੋ ਲਈ ਸਾਰੇ ਟੱਬਰ ਦੇ ਮਨ ਵਿੱਚ ਕੁੜੱਤਣ ਭਰ ਗਈ। ਉਹ ਆਨੇ-ਬਹਾਨੇ ਉਸ ’ਤੇ ਝਈਆਂ ਲੈ-ਲੈ ਪੈਂਦੇ।
ਹੁਣ ਬਲਵੀਰੋ ਨੇ ਮੁੜ ਕਦੇ ਖੇਤ ਵਿਚ ਬੂਟੇ ਨਾ ਲਾਏ। ਉਹ ਆਪਣੀ ਮੱਝ ਲਈ ਪੱਠੇ ਤੇ ਆਪਣੇ ਖਾਣ ਲਈ ਦਾਣੇ ਬੀਜ ਲੈਂਦੀ। ਜ਼ਨਾਨੀ ਹੋ ਕੇ ਆਦਮੀਆਂ ਵਾਂਗੂੰ ਕੰਮ ਕਰਦੀ। ਉਹਨੇ ਔਖਾ-ਸੌਖਾ ਆਪਣਾ ਪੁੱਤ ਬਾਹਰ ਘੱਲ ਦਿੱਤਾ। ਉਹ ਦੋਵੇਂ ਮਾਵਾਂ ਧੀਆਂ ਘਰ ਵਿੱਚ ਕਿਸੇ ਨੂੰ ਵਾਧੂ ਨਹੀਂ ਸਨ ਝੱਲਦੀਆਂ। ਬਲਵੀਰੋ ਇੱਕ ਦਿਨ ਖੇਤ ਦੀ ਗਿੱਲੀ ਵੱਟ ਤੋਂ ਤਿਲ੍ਹਕ ਗਈ ਜਿਸ ਕਰਕੇ ਉਹਦਾ ਗੋਡਾ ਮੁੜ ਗਿਆ। ਉਹਦਾ ਗੋਡਾ ਤਾਂ ਪਹਿਲਾਂ ਹੀ ਉਹਨੂੰ ਟਿਕਣ ਨਹੀਂ ਸੀ ਦਿੰਦਾ। ਹੁਣ ਉਹ ਘਰ ਨੂੰ ਪੱਠੇ ਮਸਾਂ ਹੀ ਖਿੱਚ-ਧੂਹ ਕਰ ਕੇ ਲਿਆਉਂਦੀ। ਉਹਦੀ ਧੀ ਬਾਰਾਂ ਪੜ੍ਹ ਕੇ ਸਿਲਾਈ ਕਢਾਈ ’ਚ ਆਪਣੇ ਹੱਥ ਸਿੱਧੇ ਕਰਨ ਲੱਗੀ। ਪਿਓ ਦੇ ਹੁੰਦਿਆਂ ਕਦੇ ਪੱਠਿਆਂ ਲਈ ਉਹਨੇ ਖੇਤਾਂ ’ਚ ਜਾ ਕੇ ਨਹੀਂ ਸੀ ਵੇਖਿਆ। ਇਸ ਲਈ ਬਲਵੀਰੋ ਨਹੀਂ ਸੀ ਚਾਹੁੰਦੀ ਕਿ ਹੁਣ ਉਹ ਪੱਠਿਆਂ ਦੀਆਂ ਪੰਡਾਂ ਢੋਂਹਦੀ ਫਿਰੇ। ਬਲਵੀਰੋ ਵਿੱਚ ਹੁਣ ਪਹਿਲਾਂ ਵਰਗੀ ਜਾਨ ਨਹੀਂ ਸੀ। ਦੋਵੇਂ ਮਾਵਾਂ-ਧੀਆਂ ਤੇ ਇੱਕ ਮੱਝ, ਤਿੰਨ ਜੀਅ ਸਨ ਘਰ ਵਿੱਚ। ਬਲਵੀਰੋ ਦੇ ਪੁੱਤ ਦਾ ਜਦੋਂ ਬਾਹਰੋਂ ਫੋਨ ਆਉਂਦਾ ਉਹ ਹਰ ਵਾਰ ਆਪਣੀ ਮਾਂ ਨੂੰ ਬਹੁਤੀ ਖੇਚਲ ਨਾ ਕਰਨ ਲਈ ਆਖਦਾ। ਉਹ ਸੁੱਖ ਨਾਲ ਚੜ੍ਹੇ ਮਹੀਨੇ ਸੋਹਣੇ ਰੁਪਏ ਘੱਲਣ ਲੱਗਿਆ ਜਿਸ ਨਾਲ ਘਰ ਦਾ ਗੁਜ਼ਾਰਾ ਵਧੀਆ ਤੁਰ ਪਿਆ… ਪਰ ਵਿਆਜੂ ਫੜੇ ਰੁਪਏ ਹਾਲੇ ਉੱਥੇ ਦੇ ਉੱਥੇ ਹੀ ਖੜ੍ਹੇ ਸਨ। ਇਸ ਲਈ ਦੋਵਾਂ-ਮਾਵਾਂ ਧੀਆਂ ਨੇ ਮੱਝ ਵੇਚਣ ਦੀ ਸਲਾਹ ਬਣਾਈ ਕਿਉਂਕਿ ਹੁਣ ਬਲਵੀਰੋ ਤੋਂ ਪੱਠਿਆਂ ਦੀ ਖੇਚਲ ਵੀ ਨਹੀਂ ਸੀ ਹੁੰਦੀ ਤੇ ਦੂਸਰਾ ਉਹ ਕਰਜ਼ਾ ਲਾਹ ਸੁਰਖਰੂ ਹੋਣਾ ਚਾਹੁੰਦੇ ਸਨ।
ਉਨ੍ਹਾਂ ਨੇ ਮੱਝ ਵੇਚਣ ਲਈ ਲਾ ਦਿੱਤੀ। ਹਰਬੰਸ ਸਿਹੁੰ ਦੂਏ ਤੀਏ-ਦਿਨ ਕਿਸੇ ਨਾ ਕਿਸੇ ਨੂੰ ਲੈ ਘਰ ਆ ਵੜਦਾ ਮੱਝ ਵਿਖਾਉਣ ਲਈ। ਮੱਝ ਭਾਰੀ ਸੀਲ ਸੀ… ਪਰ ਹਰਬੰਸ ਸਿਹੁੰ ਮੁਫ਼ਤ ਵਾਲਾ ਸੌਦਾ ਭਾਲਦਾ ਸੀ। ਮੱਝ ਦਾ ਬਣਦਾ ਮੁੱਲ ਤਾਂ ਸੱਤਰ ਪਝੰਤਰ ਹਜ਼ਾਰ ਦੇ ਗੇੜ ਸੀ, ਪਰ ਫੇਰ ਵੀ ਬਲਵੀਰੋ ਨੇ ਪੰਜਾਹ ਹਜ਼ਾਰ ਰੁਪਿਆ ਹੀ ਰੱਖਿਆ ਤਾਂ ਕਿ ਛੇਤੀ ਤੋਂ ਛੇਤੀ ਮੱਝ ਵੇਚ ਵਿਆਜ ਦਾ ਫਾਹਾ ਵੱਢਿਆ ਜਾਵੇ। ਇੱਕ ਦਿਨ ਹਰਬੰਸ ਸਿਹੁੰ ਆਪਣੀ ਧੀ ਨੂੰ ਮੱਝ ਵਿਖਾਉਣ ਲਈ ਲਿਆਇਆ। ਧੀ ਨੇ ਤਾਂ ਮੱਝ ਚੋਅ ਕੇ ਵੀ ਵੇਖੀ ਤੇ ਦੁੱਧ ਦੀ ਭਰੀ ਬਾਲਟੀ ਵੇਖ ਉਹ ਮੱਝ ਲੈਣ ਲਈ ਰਾਜ਼ੀ ਹੋ ਗਈ। ਜਦੋਂ ਉਹ ਸਾਈ ਦੇਣ ਲੱਗੀ ਤਾਂ ਹਰਬੰਸ ਸਿਹੁੰ ਨੇ ਮੁਕਰਾ ਦਿੱਤੀ। ਅਖੇ, ਘਰੇ ਸਲਾਹ ਕਰ ਕੇ ਵੇਖ ਪਹਿਲਾਂ। ਉਹਨੇ ਸਾਈ ਦਿੰਦੀ ਦਿੰਦੀ ਨੇ ਆਪਣਾ ਹੱਥ ਮੀਟ ਲਿਆ ਤੇ ਬਟੂਏ ’ਚੋਂ ਕੱਢੇ ਰੁਪਏ ਮੁੜ ਬਟੂਏ ’ਚ ਪਾ ਦਿੱਤੇ। ਮੁੜ ਪੰਜ ਚਾਰ ਦਿਨ ਉਹਨੇ ਕੋਈ ਗੱਲ ਨਾ ਛੇੜੀ।
ਐਦਾਂ ਹੀ ਚਾਰ ਪੰਜ ਦਿਨ ਲੰਘ ਗਏ ਤੇ ਹਰਬੰਸ ਸਿੰਹੁ ਦੇ ਘਰੋਂ ਕੋਈ ਸੁਨੇਹਾ ਨਾ ਆਇਆ। ਹਰਬੰਸ ਸਿਹੁੰ ਘਰੋਂ ਕੋਈ ਸੁਨੇਹਾ ਨਾ ਆਉਣ ਕਾਰਨ ਦੋਵਾਂ ਮਾਵਾਂ ਧੀਆਂ ਨੇ ਅੰਦਾਜ਼ਾ ਲਾਇਆ ਕਿ ਉਹਨੇ ਮੱਝ ਨਹੀਂ ਲੈਣੀ। ਇਨ੍ਹਾਂ ਦਿਨਾਂ ਵਿੱਚ ਹੀ ਹਰਬੰਸ ਸਿਹੁੰ ਦਾ ਗੁਆਂਢੀ ਪਾਲੀ ਆਪਣੀ ਭੈਣ ਨਾਲ ਮੱਝ ਵੇਖਣ ਆਇਆ। ਮੱਝ ਵੇਖਦੇ ਸਾਰ ਉਹ ਦੋ ਹਜ਼ਾਰ ਰੁਪਏ ਸਾਈ ਦੇ ਬਲਵੀਰੋ ਦੇ ਹੱਥ ਧਰ ਅਗਲੇ ਦਿਨ ਮੱਝ ਲੈ ਜਾਣ ਦੀ ਗੱਲ ਆਖ ਉੱਥੋਂ ਚਲਾ ਗਿਆ।
ਅੱਜ ਜਦੋਂ ਪਾਲੀ ਨੇ ਮੱਝ ਲੈਣ ਆਉਣਾ ਸੀ ਉਹਤੋਂ ਪਹਿਲਾਂ ਹੀ ਸੁਵਖਤੇ ਹਰਬੰਸ ਸਿਹੁੰ ਨੇ ਆ ਬੂਹਾ ਖੜਕਾਇਆ ਤੇ ਅੜ ਕੇ ਬੈਠ ਗਿਆ… ਅਖੇ, ਤੁਸੀਂ ਪਾਲੀ ਨੂੰ ਮੱਝ ਦੇਣ ਤੋਂ ਮੁੱਕਰ ਜਾਓ। ਉਹਦੀ ਸਾਈ ਮੋੜ ਦਿਓ… ਭਲਾ ਮੈਥੋਂ ਦੋ-ਚਾਰ ਹਜ਼ਾਰ ਵੱਧ ਲੈ ਲਓ, ਪਰ ਉਹ ਦੋਵੇਂ ਮਾਵਾਂ ਧੀਆਂ ਅੜੀਆਂ ਰਹੀਆਂ। ਅਖੇ, ਜ਼ੁਬਾਨ ਨਾਂ ਦੀ ਵੀ ਕੋਈ ਚੀਜ਼ ਹੁੰਦੀ। ਜਦੋਂ ਹਰਬੰਸ ਸਿਹੁੰ ਨੂੰ ਦੋ-ਚਾਰ ਹਜ਼ਾਰ ਵੱਧ ਦਾ ਲਾਲਚ ਦੇ ਕੇ ਵੀ ਗੱਲ ਬਣਦੀ ਨਾ ਦਿਸੀ ਤਾਂ ਉਹ ਬੂਹੇ ਵੱਲ ਤੁਰ ਪਿਆ ਤੇ ਜਾਂਦਾ ਹੋਇਆ ਆਖਣ ਲੱਗਾ, ‘‘ਵੱਡੀ ਆਈ! ਜ਼ੁਬਾਨ ਦੀ ਗੱਲ ਕਰਦੀ ਐ… ਤੀਵੀਆਂ ਦੀ ਕਾਹਦੀ ਜ਼ੁਬਾਨ… ਤੇਰੀ ਜ਼ੁਬਾਨ ਦੇ ਤਾਂ ਪੁਆੜੇ ਨੇ… ਤਾਹੀਂ ਤਾਂ ਦਿਉਰਾਂ ਜੇਠਾਂ ਨਾਲੋਂ ਟੁੱਟ ਕੇ ਬੈਠੀ ਐਂ ਅੱਜ…।’’
ਹਰਬੰਸ ਸਿਹੁੰ ਦੀ ਗੱਲ ਸੁਣ ਕੇ ਬਲਵੀਰੋ ਦਾ ਚਿਹਰਾ ਗੁੱਸੇ ਨਾਲ ਭਖ ਗਿਆ। ਉਹ ਮੰਜੇ ’ਤੇ ਬਹਿ ਗਈ। ਹਰਬੰਸ ਸਿਹੁੰ ਦੇ ਪੈਰ ਬੂਹੇ ’ਚੋਂ ਬਾਹਰ ਹੋਣ ਦੀ ਦੇਰ ਸੀ ਕਿ ਰਮਨ ਨੇ ਜ਼ੋਰ ਦੇਣੀ ਦਰਵਾਜ਼ਾ ਬੰਦ ਕਰ ਦਿੱਤਾ ਜਿਵੇਂ ਹਰਬੰਸ ਸਿਹੁੰ ਦਾ ਸਾਰਾ ਗੁੱਸਾ ਦਰਵਾਜ਼ੇ ’ਤੇ ਲਾਹ ਦਿੱਤਾ ਹੋਵੇ। ਬਲਵੀਰੋ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਗੁੱਸੇ ਅਤੇ ਹੰਝੂਆਂ ਨਾਲ। ਉਹ ਸੋਚ ਰਹੀ ਸੀ ਕਿ ਉਹਦੀ ਹਿੰਮਤ ਕਿੰਜ ਪੈ ਗਈ ਅਜਿਹਾ ਕਹਿਣ ਦੀ? ਉਹ ਆਪਣੇ ਦਿਓਰ ਤੇ ਜੇਠ ਬਾਰੇ ਸੋਚਣ ਲੱਗੀ ਕਿ ਮੈਂ ਤਾਂ ਕਦੇ ਸ਼ਮਸ਼ੇਰ ਦੇ ਹੁੰਦਿਆਂ ਵੀ ਉਨ੍ਹਾਂ ਨੂੰ ਚੰਗਾ-ਮਾੜਾ ਨਹੀਂ ਕਿਹਾ, ਜੇ ਅੱਜ ਮੇਰੇ ਘਰਵਾਲੇ ਦੇ ਮਰਨ ਤੋਂ ਬਾਅਦ ਉਨ੍ਹਾਂ ਅੱਖਾਂ ਫੇਰ ਲਈਆਂ ਤਾਂ ਇਸ ’ਚ ਮੇਰੀ ਜ਼ੁਬਾਨ ਦਾ ਕੀ ਕਸੂਰ?
ਉਹ ਬੈਠੀ-ਬੈਠੀ ਆਪਣੇ ਵੱਡੇ ਭਰਾ ਦਾ ਉਹਦੇ ਨਾਲੋਂ ਟੁੱਟ ਜਾਣ ਬਾਰੇ ਸੋਚਣ ਲੱਗੀ। ਉਹ ਮੰਗਲ ਸਿਹੁੰ ਦੀ ਸੁੱਘੜ ਸਿਆਣੀ ਧੀ ਦਾ ਸਾਕ ਆਪਣੇ ਭਤੀਜੇ ਲਈ ਬੜੇ ਮਾਣ ਨਾਲ ਲਿਆਈ ਸੀ। ਉਹਨੂੰ ਪੂਰਾ ਭਰੋਸਾ ਸੀ ਕਿ ਮੇਰਾ ਵੀਰ ਤੇ ਭਤੀਜਾ ਮੇਰੀ ਕਦੇ ਨਾ ਮੋੜੂ। ਨਾਲੇ ਕੁੜੀ ’ਚ ਕਿਹੜਾ ਕੋਈ ਕੱਜ ਸੀ ਜਿਹੜਾ ਉਨ੍ਹਾਂ ਮੁੱਕਰਨਾ ਸੀ ਸਾਕ ਲੈਣ ਤੋਂ। ਸੁਖ ਨਾਲ ਸੋਹਣੀ ਸੁਨੱਖੀ, ਹੱਥਾਂ ਦੀ ਸਚਿਆਰੀ ਸੀ ਕੁੜੀ। ਮੈਂ ਤਾਂ ਭਲਾ ਹੀ ਸੋਚਿਆ ਸੀ, ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਪੇਕਿਆਂ ਨੇ ਵੀ ਮੇਰੇ ਨਾਲੋਂ ਟੁੱਟ ਜਾਣਾ। ਮੇਰੇ ਭਤੀਜੇ ਨੇ ਪਹਿਲਾਂ ਤਾਂ ਕੁੜੀ ਨੂੰ ਵੇਖਦੇ ਸਾਰ ਹੀ ਹਾਂ ਕਰ ਦਿੱਤੀ। ਫੇਰ ਪਤਾ ਨਹੀਂ ਕੀਹਨੇ ਭਾਨੀ ਮਾਰੀ ਤੇ ਉਹਨੂੰ ਮੁਕਰਾ ਦਿੱਤਾ। ਉਹਨੇ ਮੇਰੇ ਝਾਟੇ ’ਚ ਸੁਆਹ ਪਾਉਣ ਲੱਗਿਆਂ ਦੇਰ ਨਾ ਲਾਈ। ਮੇਰਾ ਵੀਰਾ ਤਰਲੇ ਮਿੰਨਤਾਂ ਕਰੇ, ਅਖੇ, ਸਾਕ ਨਹੀਂ ਕਰਨਾ… ਮੇਰਾ ਪੁੱਤ ਕੁਝ ਕਰ ਬੈਠੂ… ਜੇ ਉਹਦੇ ਨਾਲ ਧੱਕਾ ਕਰਿਆ… ਮੈਂ ਆਪਣੀ ਬਥੇਰੀ ਵਾਹ ਲਾਈ, ਪਰ ਵੀਰਾ ਤੇ ਭਤੀਜਾ ਦੋਵੇਂ ਟੱਸ ਤੋਂ ਮੱਸ ਨਾ ਹੋਏ। ਵੀਰਾ ਆਖਣ ਲੱਗਿਆ, ਅੱਜਕੱਲ੍ਹ ਧੀਆਂ ਪੁੱਤਾਂ ਦੇ ਕਿਹੜਾ ਕੋਈ ਢਿੱਡ ’ਚ ਵੜਿਐ? ਹੁਣ ਕੀ ਪਤਾ ਵਿਚਲੀ ਗੱਲ ਕੀ ਸੀ? ਮੈਂ ਗੁੱਸੇ ਵਿੱਚ ਉਨ੍ਹਾਂ ਨੂੰ ਆਖ ਦਿੱਤਾ ਕਿ ਜੇ ਮੇਰੀ ਜ਼ੁਬਾਨ ਦਾ ਮਾਣ ਨਹੀਂ ਰੱਖਣਾ ਤਾਂ ਅੱਜ ਤੋਂ ਬਾਅਦ ਮੈਂ ਵੀ ਪੇਕੇ ਘਰ ਵੱਲ ਕਦੇ ਮੂੰਹ ਨਹੀਂ ਕਰਨਾ ਤੇ ਮੈਂ ਪੱਕੀ ਰਹੀ ਆਪਣੀ ਜ਼ੁਬਾਨ ਦੀ। ਮੈਂ ਮੁੜ ਕਦੇ ਵੱਡੇ ਵੀਰੇ ਦੇ ਘਰ ਪੈਰ ਨਾ ਪਾਇਆ। ਛੋਟੇ ਵੀਰੇ ਦੇ ਹੀ ਆਉਂਦੀ-ਜਾਂਦੀ ਤੇ ਮੰਗਲ ਸਿੰਹੁ ਦੀ ਕੁੜੀ ਦਾ ਸਾਕ ਫੇਰ ਮੈਂ ਆਪਣੀ ਸਹੇਲੀ ਦੇ ਪੁੱਤ ਨੂੰ ਕਰਵਾ ਕੇ ਹੀ ਸਾਹ ਲਿਆ। ਅਗਲੇ ਬਥੇਰਾ ਇੱਜ਼ਤ ਮਾਣ ਕਰਦੇ ਨੇ ਮੇਰਾ। ਆਖਦੇ, ਇਹ ਪਿਓ ਦੀ ਧੀ ਆਪਣੀ ਜ਼ੁਬਾਨ ਦੀ ਪੱਕੀ ਨਿਕਲੀ… ਪਰ ਹੁਣ ਇਹ ਕਿਹੜਾ ਤਾਅਨਾ ਮਾਰ ਗਿਆ। ਉਹ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਅਚਾਨਕ ਮੁੜ ਦਰਵਾਜ਼ਾ ਖੜਕਿਆ। ਉਹਦੀ ਦਰਵਾਜ਼ਾ ਖੋਲ੍ਹਣ ਦੀ ਭੋਰਾ ਹਿੰਮਤ ਨਹੀਂ ਸੀ। ਰਮਨ ਨੇ ਜਦੋਂ ਬੂਹਾ ਖੋਲ੍ਹਿਆ ਤਾਂ ਬਾਹਰ ਪਾਲੀ ਤੇ ਉਸ ਦੀ ਭੈਣ ਖੜ੍ਹੇ ਸਨ। ਉਹ ਦੋਵੇਂ ਬੇਝਿਜਕ ਅੰਦਰ ਆ ਕੇ ਬਲਵੀਰੋ ਕੋਲ ਡਹੇ ਦੂਜੇ ਮੰਜੇ ’ਤੇ ਬੈਠ ਗਏ।
ਪਾਲੀ ਦੀ ਭੈਣ ਨੇ ਅਠਤਾਲੀ ਹਜ਼ਾਰ ਰੁਪਏ ਕੱਢ ਕੇ ਬਲਵੀਰੋ ਦੀ ਤਲੀ ’ਤੇ ਧਰ ਦਿੱਤੇ। ਬਲਵੀਰੋ ਬਿਨਾਂ ਕੁਝ ਬੋਲਿਆਂ ਕੰਬਦੇ ਹੱਥਾਂ ਨਾਲ ਰੁਪਏ ਸਾਂਭਦੀ ਹੋਈ ਮੱਝ ਦੇ ਸਿਰ ’ਤੇ ਹੱਥ ਫੇਰਨ ਲੱਗੀ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਉਹ ਮੱਝ ਨੂੰ ਪਲੋਸਦੀ ਹੋਈ ਉਸ ਦਾ ਸੰਗਲ ਖੋਲ੍ਹ ਕੇ ਜਦੋਂ ਪਾਲੀ ਦੀ ਭੈਣ ਦੇ ਹੱਥ ਫੜਾਉਣ ਲੱਗੀ ਤਾਂ ਪਾਲੀ ਠਰੰਮੇ ਨਾਲ ਗਲਾ ਸਾਫ਼ ਕਰਦਾ ਹੋਇਆ ਆਖਣ ਲੱਗਿਆ, ‘‘ਭੈਣ ਤਾਂ ਰਾਤ ਈ ਆ ਗਈ ਸੀ… ਸਵੇਰ ਦੀ ਕਾਹਲ਼ੀ ਚੁੱਕੀ ਹੋਈ ਮੱਝ ਲੈ ਜਾਣ ਦੀ… ਅਖੇ, ਦੋ ਪੈਸੇ ਵੱਧ ਦੇ ਕੇ ਮੱਝ ਕੋਈ ਹੋਰ ਨਾ ਲੈ ਜਾਵੇ… ਮੈਂ ਕਿਹਾ ਤੂੰ ਘਾਬਰ ਨਾ ਬਲਵੀਰੋ ਦੀ ਜ਼ੁਬਾਨ ਐ… ਭਾਵੇਂ ਦੁਨੀਆਂ ਏਧਰ ਦੀ ਉੱਧਰ ਹੋ ਜਾਏ… ਬਲਵੀਰੋ ਆਪਣੀ ਜ਼ੁਬਾਨ ਪੁਗਾ ਕੇ ਰਹੂਗੀ।’’ ਪਾਲੀ ਦੀ ਗੱਲ ਸੁਣ ਕੇ ਬਲਵੀਰੋ ਦੀਆਂ ਭਰੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਉਹ ਸਾਂਭੇ ਰੁਪਇਆਂ ਵਿਚੋਂ ਦੋ ਹਜ਼ਾਰ ਦਾ ਨੋਟ ਕੱਢ ਪਾਲੀ ਦੀ ਭੈਣ ਨੂੰ ਫੜਾਉਂਦੀ ਹੋਈ ਆਖਣ ਲੱਗੀ, ‘‘ਮੇਰੇ ਵੱਲੋਂ ਪਿਆਰ।’’
ਸੰਪਰਕ: 98143-85918