ਅੰਤਾਂ ਦੇ ਦੁੱਖ ਦਾ ਭਾਰ ਹੌਲਾ ਕਰਨ ਦੀ ਚਾਹਤ ਨਾਲ ਇਹ ਲੇਖ ਇਨ੍ਹਾਂ ਬਿਪਤਾ ਮਾਰੇ ਸਮਿਆਂ ਵਿਚ ਦੈਵੀ ਰਹਿਮਤ ਦੀ ਆਜਿ਼ਜ਼ੀ ਹੈ। ਇਹ ਇਕ ਪ੍ਰਾਚੀਨ ਸਮਾਜ ਦੀ ਇਖਲਾਕੀ ਕਮਜ਼ੋਰੀ ਅਤੇ ਅਪਣੱਤ ਦੀ ਅਣਹੋਂਦ ਦੀ ਵੀ ਲਿਖਤ ਹੈ ਜੋ ਸਾਡੀ ਸਹਿਹੋਂਦ ਦੀ ਲਾਜ਼ਮੀ ਸ਼ਰਤ ਗਿਣੀ ਜਾਂਦੀ ਹੈ।
ਸਾਡੇ ਮੁਲਕ ਤੇ ਮਹਾਮਾਰੀ ਦੀ ਸਾੜ੍ਹਸਤੀ ਝੁੱਲ ਰਹੀ ਹੈ ਅਤੇ ਇਸ ਦੇ ਨਾਲ ਹੀ ਨਾਉਮੀਦੀ, ਬੇਯਕੀਨੀ, ਲਾਚਾਰੀ, ਬਿਮਾਰੀ ਤੇ ਮੌਤ ਨੇ ਸਾਡੀਆਂ ਸੰਵੇਦਨਾਵਾਂ ਮਾਰ ਕੇ ਰੱਖ ਦਿੱਤੀਆਂ ਹਨ। ਹਰ ਰੋਜ਼ 3800 ਤੋਂ ਵੱਧ ਮੌਤਾਂ ਹੋ ਰਹੀਆਂ ਹਨ ਤੇ ਚਾਰ ਲੱਖ ਤੋਂ ਜ਼ਿਆਦਾ ਨਵੇਂ ਕੇਸ ਰਿਪੋਰਟ ਹੋ ਰਹੇ ਹਨ। ਕੌਮੀ ਰਾਜਧਾਨੀ ਵਿਚ ਲਾਗ ਦੀ ਦਰ 36 ਫ਼ੀਸਦ ਚੱਲ ਰਹੀ ਹੈ ਜੋ ਦੁੱਖ ਅਤੇ ਨਾਅਹਿਲੀਅਤ ਦੀ ਕਹਾਣੀ ਬਿਆਨ ਕਰਦੀ ਹੈ। ਮੁਲਕ ਦੀ ਕੁੱਲ 1 ਅਰਬ 40 ਕਰੋੜ ਆਬਾਦੀ ਵਿਚੋਂ ਅਜੇ ਤੱਕ ਦੋ ਫ਼ੀਸਦ ਤੋਂ ਵੀ ਘੱਟ ਲੋਕਾਂ ਨੂੰ ਵੈਕਸੀਨ ਲਗਾਈ ਜਾ ਸਕੀ ਹੈ ਅਤੇ ਰਾਸ਼ਟਰ ਵਜੋਂ ਸਾਡੇ ਡਗਮਗਾਉਂਦੇ ਵਤੀਰੇ ਨੂੰ ਲੰਮਾ ਅਰਸਾ ਨਾਮੁਆਫ਼ੀਯੋਗ ਗੁਨਾਹ ਵਾਂਗ ਲੋਕਾਂ ਦੇ ਮਨਮਸਤਕ ਵਿਚ ਯਾਦ ਰੱਖਿਆ ਜਾਵੇਗਾ। ਇਹ ਚੁਣੌਤੀ ਵਾਕਈ ਬਹੁਤ ਵੱਡੀ ਹੈ ਅਤੇ ਸੱਤਾ ਵਿਚ ਬੈਠੇ ਲੋਕਾਂ ਦੀ ਕਾਬਲੀਅਤ ਰਾਜ ਧਰਮ ਅਤੇ ਰਾਸ਼ਟਰ ਨੀਤੀ ਦੀ ਕਸੌਟੀ ਤੇ ਪਰਖੀ ਜਾਵੇਗੀ।
ਸੰਸਾਰ ਸਿਆਸਤ ਦੇ ਉਚ ਦੁਮਾਲੜੇ ਮੁਕਾਮ ਦੇ ਹੱਕਦਾਰ ਅਖਵਾਉਂਦੇ, ਉਭਰਦੇ ਹੋਏ ਰਾਸ਼ਟਰ ਦੇ ਮਾਣਮੱਤੇ ਨਾਗਰਿਕਾਂ ਨੂੰ ਜ਼ਿੰਦਾ ਰਹਿਣ ਲਈ ਵੈਂਟੀਲੇਟਰ, ਹਸਪਤਾਲ ਦੇ ਬੈੱਡ, ਦਵਾਈਆਂ, ਬਿਨਾਂ ਕਿਸੇ ਵਿਤਕਰੇ ਤੋਂ ਵੈਕਸੀਨ ਲਗਵਾਉਣ, ਐਂਬੂਲੈਂਸ ਸੇਵਾ, ਮੈਡੀਕਲ ਰਾਹਤ ਲਈ ਜਾਣਕਾਰੀ ਦੇ ਸਰੋਤਾਂ ਅਤੇ ਸਭ ਤੋਂ ਵੱਧ ਕੇ ਆਕਸੀਜਨ ਦਾ ਸਿਲੰਡਰ ਲੈਣ ਲਈ ਮੰਗਤੇ ਬਣਾ ਕੇ ਛੱਡ ਦਿੱਤਾ ਗਿਆ ਹੈ ਅਤੇ ਸਾਡਾ ਆਤਮ-ਸਨਮਾਨ ਤਾਰ ਤਾਰ ਕਰ ਦਿੱਤਾ ਗਿਆ ਹੈ। ਆਪਣੇ ਪਿਆਰਿਆਂ ਨੂੰ ਸਾਹਾਂ ਲਈ ਤੜਫਦੇ ਹੋਏ, ਜ਼ਿੰਦਗੀ ਲਈ ਜੱਦੋਜਹਿਦ ਕਰਦਿਆਂ ਦੇਖਣ ਦੇ ਸਦਮੇ ਦਾ ਬੋਝ ਸਾਡੇ ਮੋਢਿਆਂ ਤੋਂ ਚੁੱਕਿਆ ਨਹੀਂ ਜਾਵੇਗਾ ਅਤੇ ਮੈਨੂੰ ਇਸ ਦਾ ਇਸ ਲਈ ਇਲਮ ਹੈ, ਕਿਉਂਕਿ ਮੈਂ ਖ਼ੁਦ ਆਪਣੀ ਪਤਨੀ ਨੂੰ ਫੇਫੜੇ ਠੱਪ ਹੋਣ ਕਰ ਕੇ ਗੁਆ ਚੁੱਕਿਆ ਹਾਂ; ਹਾਲਾਂਕਿ ਉਹ ਆਕਸੀਜਨ ਦੇ ਸਿਲੰਡਰ ਦੀ ਕਮੀ ਕਰ ਕੇ ਨਹੀਂ ਗਈ ਜੋ ਅੱਜ ਦੇ ਸਮੇਂ ਵਿਚ ਰੱਬੀ ਦਾਤ ਬਣ ਗਈ ਜਾਪਦੀ ਹੈ।
ਜਦੋਂ ਸਾਡਾ ਆਤਮ-ਸਨਮਾਨ ਜ਼ਖ਼ਮੀ ਹੁੰਦਾ ਹੈ, ਜਦੋਂ ਸ਼ਮਸ਼ਾਨਘਾਟਾਂ ਵਿਚ ਸਸਕਾਰ ਲਈ ਜਗ੍ਹਾ ਨਹੀਂ ਮਿਲਦੀ, ਜਦੋਂ ਅੰਤਿਮ ਸੰਸਕਾਰ ਲਈ ਮ੍ਰਿਤਕ ਦੇਹਾਂ ਦੇ ਢੇਰ ਲਾਉਣੇ ਪੈਂਦੇ ਹਨ, ਜਦੋਂ ਹਸਪਤਾਲਾਂ ਦੇ ਬਾਹਰਵਾਰ ਆਕਸੀਜਨ ਨਾ ਮਿਲਣ ਕਰ ਕੇ ਲਾਚਾਰ ਵਿਅਕਤੀ ਰਿਕਸ਼ੇ, ਸਕੂਟਰ ਜਾਂ ਆਰਜ਼ੀ ਐਂਬੂਲੈਂਸ ਵਿਚ ਹੀ ਦਮ ਤੋੜ ਜਾਂਦੇ ਹਨ, ਜਦੋਂ ਰਿਸ਼ਤੇਦਾਰ ਤੇ ਮਿੱਤਰ ਵੀ ਪਾਸਾ ਵੱਟਣ ਲੱਗ ਪੈਂਦੇ ਹਨ ਜਾਂ ਜਦੋਂ ਮਨੁੱਖੀ ਦੁੱਖਾਂ ਦੀ ਆੜ ਹੇਠ ਮੁਨਾਫ਼ੇ ਖ਼ਾਤਰ ਨਰਸਾਂ ਜੀਵਨ ਰੱਖਿਅਕ ਦਵਾਈਆਂ ਚੋਰੀ ਕਰਨ ਲੱਗ ਪੈਣ ਤਾਂ ਸਾਡੀ ਆਤਮਾ ਦੇ ਮਰ ਜਾਣ ਕਾਰਨ ਅਸੀਂ ਹਰ ਵਾਰ ਹਜ਼ਾਰਾਂ ਮੌਤਾਂ ਮਰਦੇ ਹਾਂ। ਜਦੋਂ ਕੋਈ ਬਜ਼ੁਰਗ ਕਿਸੇ ਨੌਜਵਾਨ ਦੀ ਜਾਨ ਬਚਾਉਣ ਖ਼ਾਤਰ ਆਪਣਾ ਬੈੱਡ ਛੱਡ ਦਿੰਦਾ ਹੈ ਜਾਂ ਜਦੋਂ ਮਰੀਜ਼ ਦੀ ਉਮਰ ਦੇ ਹਿਸਾਬ ਨਾਲ ਵੈਂਟੀਲੇਟਰ ਦੀ ਸਹੂਲਤ ਮਿਲਦੀ ਹੋਵੇ, ਅਸੀਂ ਜਾਣਦੇ ਹਾਂ ਕਿ ਅਸੀਂ ਕੀ ਸਾਂ ਤੇ ਕੀ ਬਣ ਗਏ ਹਾਂ- ਵਹਿਸ਼ੀ ਸਮਾਜ। ਸਾਡੇ ਇਖ਼ਲਾਕੀ, ਸਿਆਸੀ ਤੇ ਸਮਾਜੀ ਦਮਨ ਦਾ ਸਾਦਗੀ ਨਾਲ ਪਛਤਾਵਾ ਕਰਨ ਤੋਂ ਬਿਨਾਂ ਅਸੀਂ ਸਾਹਿਰ ਲੁਧਿਆਣਵੀ ਦੇ ਇਸ ਤਿੱਖੇ ਸਵਾਲ ਦਾ ਹੋਰ ਕੀ ਜਵਾਬ ਦੇ ਸਕਦੇ ਹਾਂ: ‘ਕਹਾਂ ਹੈਂ, ਕਹਾਂ ਹੈਂ ਮੁਹੱਫਿਜ਼ ਖ਼ੁਦੀ ਕੇ’’। ਆਖਰੀ ਸਾਹਾਂ ਤੇ ਕੋਈ ਸਾਡਾ ਹੱਥ ਫੜਨ ਵਾਲਾ ਵੀ ਨਾ ਹੋਵੇ, ਸਾਡੀਆਂ ਜ਼ਿੰਦਗੀਆਂ ਦੇ ਹਰ ਸੁੱਖ ਦੁੱਖ ਵਿਚ ਸ਼ਰੀਕ ਰਹਿਣ ਵਾਲਿਆਂ ਦਾ ਨਿੱਘ ਵੀ ਨਾ ਮਾਣ ਸਕੀਏ ਤਾਂ ਇਹ ਸੋਗ ਚਿਰ ਸਥਾਈ ਹੋ ਜਾਂਦਾ ਹੈ। ਮਦਰ ਟੈਰੇਸਾ ਨੇ ਸਾਨੂੰ ਚੇਤੇ ਕਰਾਇਆ ਸੀ ਕਿ ਇਕਲਾਪਾ ਉਦੋਂ ਚੁਭਦਾ ਹੈ ਜਦੋਂ ਕੋਈ ਤੁਹਾਨੂੰ ਪਿਆਰ ਕਰਨ ਵਾਲਾ ਨਹੀਂ ਲੱਭਦਾ। ਮਨੁੱਖੀ ਰਿਸ਼ਤਿਆਂ ਦੇ ਵਿਅਰਥ ਹੋਣ ਅਤੇ ਸਾਨੂੰ ਪ੍ਰੀਭਾਸ਼ਤ ਕਰਨ ਵਾਲਿਆਂ ਦੀ ਅਣਸਰਦੀ ਲੋੜ ਦੇ ਖਿਆਲ ਬਹੁਤ ਹੀ ਵਸੀਹ ਇਕਲਾਪੇ ਦੇ ਭਾਵ ਨਾਲ ਭਰ ਦਿੰਦੇ ਹਨ। ਗੁਲਜ਼ਾਰ ਨੇ ਆਮ ਵੇਲਿਆਂ ਵਿਚ ਮਨੁੱਖੀ ਸਾਥ ਦੇ ਹਵਾਸ ਦਾ ਬਹੁਤ ਹੀ ਮਾਰਮਿਕ ਚਿਤਰਨ ਕੀਤਾ ਹੈ: ‘ਜ਼ਿੰਦਗੀ ਯੂੰ ਹੁਈ ਬਸਰ ਤਨਹਾ, ਕਾਫ਼ਿਲਾ ਸਾਥ ਔਰ ਸਫ਼ਰ ਤਨਹਾ’। ਤੇ ਹੁਣ ਸਾਨੂੰ ਮੌਤ ਦੇ ਪਲ ਵਿਚ ਵੀ ਇਕੱਲਾ ਰਹਿਣਾ ਪੈ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਉਹ ਜ਼ਿੰਦਗੀ ਨਹੀਂ ਹੈ ਜਿਸ ਦੀ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਵੱਕੋ ਕਰਦੇ ਹਾਂ।
ਵਿਲਕਦੀਆਂ ਮਾਵਾਂ, ਗਮਜ਼ਦਾ ਬੱਚੇ ਅਤੇ ਮਹਿਰੂਮਾਂ ਦੀ ਬੇਵਸੀ ਸਾਡੀ ਸਿਆਸਤ ਦਾ ਮੂੰਹ ਚਿੜਾ ਰਹੀ ਹੈ ਅਤੇ ਸਾਡੇ ਕੌਮੀ ਕਿਰਦਾਰ ਦੇ ਮਾਣਮੱਤੇ ਵਾਅਦੇ ਦੀ ਨਾਕਾਮੀ ਦਾ ਐਲਾਨ ਕਰਦੀ ਹੈ। ਸਾਡਾ ਲੋਕਤੰਤਰ ਚੁਣਾਵੀ ਜਿੱਤਾਂ ਅਤੇ ਸਿਆਸੀ ਵਿਰੋਧੀਆਂ ਨੂੰ ਚਿੱਤ ਕਰਨ ਵਿਚ ਗਲਤਾਨ ਹੋਇਆ ਪਿਆ ਹੈ ਹਾਲਾਂਕਿ ਮੁਲਕ ਦੀ ਆਤਮਾ ਛਲਣੀ ਹੋਈ ਪਈ ਹੈ। ਸਿਆਸੀ ਪਾਰਟੀਆਂ ਵੱਡੀਆਂ ਇਕੱਤਰਤਾਵਾਂ, ਸਿਆਸੀ ਲਹਿਰਾਂ ਜਾਂ ਧਾਰਮਿਕ ਇਕੱਠ ਨਾ ਹੋਣ ਦੀ ਨਾਕਾਮੀ ਵਿਚ ਰਲੀਆਂ ਹੋਈਆਂ ਹਨ ਤੇ ਇਨ੍ਹਾਂ ਸਾਰੀਆਂ ਗੱਲਾਂ ਨੇ ਮਿਲ ਕੇ ਹੀ ਮਹਾਮਾਰੀ ਦਾ ਕਹਿਰ ਝੁਲਾਉਣ ਵਿਚ ਯੋਗਦਾਨ ਪਾਇਆ ਹੈ। ਪਾਰਲੀਮੈਂਟ, ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਸਣੇ ਸਾਡੇ ਲੋਕਤੰਤਰ ਦੇ ਸਾਰੇ ਉੱਚੇ ਮਿਨਾਰ ਨਾਕਾਮ ਸਿੱਧ ਹੋਏ ਹਨ। ਮਨੁੱਖੀ ਅਧਿਕਾਰਾਂ ਬਾਰੇ ਆਪਣੇ ਸਰਬ ਪ੍ਰਵਾਨਤ ਅਧਿਕਾਰ ਖੇਤਰ ਹੋਣ ਦੇ ਬਾਵਜੂਦ ਮਹਾਮਾਰੀ ਦੌਰਾਨ ਵੱਡੀਆਂ ਚੁਣਾਵੀ ਰੈਲੀਆਂ ਕਰਨ ਖਿਲਾਫ਼ ਬੰਧੇਜਕਾਰੀ ਨਿਆਇਕ ਫ਼ਰਮਾਨ ਜਾਰੀ ਕਰਨ ਵਿਚ ਅਦਾਲਤਾਂ ਦੀ ਅਸਮੱਰਥਾ ਸਮਝ ਤੋਂ ਬਾਹਰ ਸੀ, ਕਿਉਂਕਿ ਇਸ ਗੱਲ ਦੇ ਪੁਖ਼ਤਾ ਸਬੂਤ ਸਾਹਮਣੇ ਆ ਚੁੱਕੇ ਸਨ ਕਿ ਵੱਡੀਆਂ ਇਕੱਤਰਤਾਵਾਂ ਕਾਰਨ ਸਮਾਜਿਕ ਦੂਰੀ ਅਤੇ ਕੋਵਿਡ ਨਾਲ ਸਬੰਧਤ ਹੋਰ ਕਾਨੂੰਨੀ ਨੇਮਾਂ ਦੀ ਪਾਲਣਾ ਵਿਚ ਕੁਤਾਹੀ ਵਰਤੀ ਜਾਂਦੀ ਹੈ।
ਇਕ ਪ੍ਰਮੁੱਖ ਅਖ਼ਬਾਰ ਨੇ ਅਦਾਲਤਾਂ ਦੇ ਰੁਖ਼ ਬਾਰੇ ਸੁਰਖੀ ਛਾਪੀ ਸੀ ਜਿਸ ਦਾ ਅਨੁਵਾਦ ਇੰਜ ਹੈ: ‘ਆਈਸੀਯੂ ਬੈੱਡਾਂ ਖਾਤਰ ਅਪੀਲ ਤੇ ਹਾਈ ਕੋਰਟ ਵਲੋਂ ਸੁਣਵਾਈ; ਉਡੀਕ ਕਰਦੇ ਮਰੀਜ਼ ਦੀ ਮੌਤ’ (ਇੰਡੀਅਨ ਐਕਸਪ੍ਰੈਸ, 1 ਮਈ 2021)। ਸਾਫ਼ ਹੋ ਜਾਂਦਾ ਹੈ ਕਿ ਸਾਡੀਆਂ ਸੰਸਥਾਵਾਂ ਕਿਸ ਹੱਦ ਤੱਕ ਨਾਕਾਮ ਰਹੀਆਂ ਹਨ। ਸਪੱਸ਼ਟ ਹੈ ਕਿ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਗਿਆ ਹੋਵੇ ਤਾਂ ਅਦਾਲਤਾਂ ਨਿਆਇਕ ਜ਼ਬਤ ਦੇ ਸਹਾਰੇ ਪਾਸਾ ਵੱਟ ਕੇ ਨਹੀਂ ਬੈਠ ਸਕਦੀਆਂ। ਸੰਵਿਧਾਨਕ ਅਦਾਲਤਾਂ ਨੂੰ ਇਹ ਯਾਦ ਦਿਵਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਿ ਜ਼ਿੰਦਗੀ ਦੇ ਹੱਕ ਦੀ ਰਾਖੀ ਕਰਨਾ ਉਨ੍ਹਾਂ ਦੀ ਨਿਆਇਕ ਸ਼ਕਤੀ ਦਾ ਮੂਲ ਕਾਰਜ ਹੈ ਅਤੇ ਇਸ ਅਜ਼ਮਾਇਸ਼ ਵਿਚ ਨਿਆਂ ਅਤੇ ਆਦੇਸ਼ ਇਕ ਦੂਜੇ ਤੋਂ ਵੱਖ ਨਹੀਂ ਕੀਤੇ ਜਾ ਸਕਦੇ। ਜਿੱਥੋਂ ਤੱਕ ਸਿਆਸਤਦਾਨਾਂ ਦਾ ਤਾਅਲੁਕ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਸੱਤਾ ਖਿਲਾਫ਼ ਆਦਮੀ ਦੀ ਜਦੋਜਹਿਦ ਭੁੱਲਣਯੋਗਤਾ ਖਿਲਾਫ਼ ਚੇਤੇ ਦੀ ਜਦੋਜਹਿਦ ਹੁੰਦੀ ਹੈ’ ਅਤੇ ਅੱਗੇ ਪਿੱਛੇ ਸੱਤਾ ਦੀਆਂ ਵਧੀਕੀਆਂ ਦਾ ਲੇਖਾ ਜੋਖਾ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਇਹ ਪ੍ਰਵਾਨ ਕਰਨਾ ਪਵੇਗਾ ਕਿ ਨਿਮਰਤਾ ਧਾਰਨ ਕਰ ਕੇ ਅਤੇ ਇਸ ਦੇ ਨਾਲ ਹੀ ਗੁਮਾਨ ਨੂੰ ਰੱਦ ਕਰਨਾ ਦੋਵੇਂ ਤਾਕਤ ਦਾ ਸੂਚਕ ਹੁੰਦੇ ਹਨ ਅਤੇ ਸਾਡੀ ਹੋਂਦ ਦੀ ਲਾਜ਼ਮੀ ਸ਼ਰਤ ਵੀ ਹਨ। ਹਾਲਾਂਕਿ ਇਹ ਲੇਖ ਲਿਖਣ ਪਿੱਛੇ ਕਾਰਜਸ਼ੀਲ ਗੁੱਸਾ ਤੇ ਗਹਿਰਾ ਰੰਜ਼ ਬਿਆਨ ਕਰਨਾ ਨਾਮੁਮਕਿਨ ਹੈ ਪਰ ਚੀਸ ਤੇ ਖਾਮੋਸ਼ੀ ਛੁਪਾਈ ਨਹੀਂ ਜਾ ਸਕਦੀ। ਅਸੀਂ ਜਾਣਦੇ ਹਾਂ ਕਿ ਆਪਣੇ ਅੰਤਰੀਵ ਮਨ ਵਿਚ ਪੀੜ ਅਨੁਭਵ ਕਰਨ ਨਾਲ ਹੀ ਸਾਡੀ ਹੋਂਦ ਨੂੰ ਲੱਗੇ ਜ਼ਖ਼ਮ ਭਰਦੇ ਹਨ ਹਾਲਾਂਕਿ ਸਾਡੀ ਹੋਂਦ ਤੇ ਅਕਹਿ ਭਾਰ ਹੈ ਕਿ ‘ਰੱਬ ਨੇ ਇਨਸਾਨ ਨੂੰ ਗਹਿਰੇ ਸਮੁੰਦਰ ਵਿਚ ਗਰਕ ਹੋ ਜਾਣ ਲਈ ਨਹੀਂ ਸਿਰਜਿਆ ਸਗੋਂ ਇਸ ਦੀ ਸਫ਼ਾਈ ਲਈ ਪੈਦਾ ਕੀਤਾ ਹੈ।’
*ਲੇਖਕ ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਹੈ।