ਅੱਬਾਸ ਧਾਲੀਵਾਲ
ਉਰਦੂ ਸਾਹਿਤ ਵਿੱਚ ਵੀਹਵੀਂ ਸਦੀ ਦੇ ਸ਼ਾਇਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਰਦੂ ਜ਼ੁਬਾਨ ਵਿਚ ਪਹਿਲੀ ਵਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਫਿਰਾਕ ਗੋਰਖਪੁਰੀ ਦਾ ਨਾਂ ਵਿਸ਼ੇਸ਼ ਰੂਪ ਵਿੱਚ ਲਿਆ ਜਾਂਦਾ ਹੈ। ਉਨ੍ਹਾਂ ਨੇ ਸ਼ਾਇਰੀ ਦੇ ਮੈਦਾਨ ਮੱਲਾਂ ਮਾਰੀਆਂ ਅਤੇ ਸਾਹਿਤ ਦੇ ਖੇਤਰ ਵਿੱਚ ਬਤੌਰ ਆਲੋਚਕ ਵੀ ਵਡਮੁੱਲਾ ਯੋਗਦਾਨ ਪਾਇਆ।
ਫਿਰਾਕ ਦਾ ਜਨਮ 28 ਅਗਸਤ 1896 ਨੂੰ ਗੋਰਖਪੁਰ, ਉੱਤਰ ਪ੍ਰਦੇਸ਼ ਦੇ ਇੱਕ ਕਾਇਸਥ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਰਘੂਪਤੀ ਸਹਾਏ ਸੀ, ਪਰ ਸਾਹਿਤ ਦੀ ਦੁਨੀਆ ਵਿਚ ਫਿਰਾਕ ਗੋਰਖਪੁਰੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੁੱਢਲੀ ਸਿੱਖਿਆ ਰਾਮ-ਕ੍ਰਿਸ਼ਨ ਦੀਆਂ ਕਹਾਣੀਆਂ ਤੋਂ ਲਈ। ਇਸ ਉਪਰੰਤ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਦਿਵਾਈ ਗਈ। ਇਸੇ ਦੌਰਾਨ 1914 ਵਿੱਚ ਪ੍ਰਸਿੱਧ ਜ਼ਿਮੀਂਦਾਰ ਵਿੰਦੇਸ਼ਵਰੀ ਪ੍ਰਸਾਦ ਦੀ ਧੀ ਕਿਸ਼ੋਰੀ ਦੇਵੀ ਨਾਲ ਉਨ੍ਹਾਂ ਦਾ ਵਿਆਹ ਹੋਇਆ।
ਫਿਰਾਕ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਬੀ.ਏ. ਵਿੱਚ ਸੂਬੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ। ਇਸ ਉਪਰੰਤ ਉਨ੍ਹਾਂ ਦੀ ਚੋਣ ਆਈ.ਸੀ.ਐੱਸ (ਇੰਡੀਅਨ ਸਿਵਲ ਸਰਵਿਸ) ਲਈ ਹੋਈ, ਪਰ ਮਹਾਤਮਾ ਗਾਂਧੀ ਦੀ ਨਾ-ਮਿਲਵਰਤਨ ਲਹਿਰ ਦੇ ਚਲਦਿਆਂ ਫਿਰਾਕ ਨੇ 1920 ਵਿੱਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਉਂ ਉਹ ਆਜ਼ਾਦੀ ਸੰਗਰਾਮ ਨਾਲ ਜੁੜ ਗਏ। ਇਸ ਦੌਰਾਨ ਉਨ੍ਹਾਂ ਨੂੰ ਡੇਢ ਸਾਲ ਜੇਲ੍ਹ ਦੀ ਸਜ਼ਾ ਵੀ ਕੱਟਣੀ ਪਈ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪੰਡਿਤ ਜਵਾਹਰਲਾਲ ਨਹਿਰੂ ਨੇ ਉਨ੍ਹਾਂ ਨੂੰ ਕੁੱਲ ਹਿੰਦ ਕਾਂਗਰਸ ਦਾ ਸਕੱਤਰ ਬਣਾਇਆ। ਜਵਾਹਰਲਾਲ ਨਹਿਰੂ ਦੇ ਯੂਰੋਪ ਚਲੇ ਜਾਣ ਮਗਰੋਂ ਉਨ੍ਹਾਂ ਨੇ ਸਕੱਤਰੀ ਵੀ ਛੱਡ ਦਿੱਤੀ।
ਇਸ ਤੋਂ ਬਾਅਦ ਫਿਰਾਕ ਗੋਰਖਪੁਰੀ ਅਲਾਹਾਬਾਦ ਯੂਨੀਵਰਸਿਟੀ ਵਿੱਚ 1930 ਤੋਂ 1959 ਤੱਕ ਬਤੌਰ ਅੰਗਰੇਜ਼ੀ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਉਹ ਪੜ੍ਹਾਈ ਕਰਾਉਣ ਦੇ ਨਾਲ ਨਾਲ ਆਪਣੀ ਸ਼ਾਇਰੀ ਦੀ ਚੇਟਕ ਵੀ ਪੂਰੀ ਕਰਦੇ ਰਹੇ। ਅੰਗਰੇਜ਼ੀ ਅਧਿਆਪਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਰਦੂ ਅਤੇ ਹਿੰਦੀ ਸਾਹਿਤਕ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ।
ਬਤੌਰ ਸ਼ਾਇਰ ਫਿਰਾਕ ਨੇ ਉਰਦੂ ਦੀ ਲਗਭਗ ਹਰ ਕਾਵਿ ਸ਼ੈਲੀ ਵਿੱਚ ਰਚਨਾ ਕੀਤੀ ਜਿਵੇਂ ਗਜ਼ਲ, ਨਜ਼ਮ, ਰੁਬਾਈ ਅਤੇ ਕਤਆਤ ਆਦਿ ਅਤੇ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਨੇ ਉਰਦੂ ਸ਼ਾਇਰੀ ਦੀਆਂ ਦਰਜਨ ਤੋਂ ਵੱਧ ਅਤੇ ਵਾਰਤਕ ਵਿੱਚ ਅੱਧੀ ਦਰਜਨ ਤੋਂ ਵਧੇਰੇ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ। ਹਿੰਦੀ ਵਿੱਚ ਵੀ ਕਿਤਾਬਾਂ ਲਿਖੀਆਂ। ਇਸ ਦੇ ਨਾਲ ਨਾਲ ਉਨ੍ਹਾਂ ਅੰਗਰੇਜ਼ੀ ਸਾਹਿਤ ਅਤੇ ਸੱਭਿਆਚਾਰਕ ਵਿਸ਼ਿਆਂ ’ਤੇ ਵੀ ਕਿਤਾਬਾਂ ਲਿਖੀਆਂ।
ਆਧੁਨਿਕ ਸ਼ਾਇਰੀ ਵਿੱਚ ਫਿਰਾਕ ਨੂੰ ਉੱਚਾ ਮੁਕਾਮ ਹਾਸਲ ਹੈ। ਅਜੋਕੀ ਸ਼ਾਇਰੀ ’ਤੇ ਉਨ੍ਹਾਂ ਦੀ ਡੂੰਘੀ ਛਾਪ ਹੈ। ਵਧੀਆ ਸ਼ਾਇਰ ਹੋਣ ਦੇ ਨਾਲ ਨਾਲ ਉਹ ਉਮਦਾ ਸ਼ਖ਼ਸੀਅਤ ਦੇ ਮਾਲਕ ਵੀ ਸਨ। ਹਾਜ਼ਰਜਵਾਬੀ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ।
ਉਨ੍ਹਾਂ ਦੇ ਸਮਕਾਲੀਆਂ ਵਿੱਚ ਪ੍ਰਸਿੱਧ ਸ਼ਾਇਰ ਡਾ. ਅੱਲਾਮਾ ਇਕਬਾਲ, ਫ਼ੈਜ਼ ਅਹਿਮਦ ਫ਼ੈਜ਼, ਕੈਫ਼ੀ ਆਜ਼ਮੀ, ਜੋਸ਼ ਮਲੀਹਾਬਾਦੀ, ਜਿਗਰ ਮੁਰਾਦਾਬਾਦੀ ਅਤੇ ਸਾਹਿਰ ਲੁਧਿਆਣਵੀ ਆਦਿ ਸ਼ਾਮਲ ਸਨ। ਇਨ੍ਹਾਂ ਮਹਾਨ ਸ਼ਾਇਰਾਂ ਦੇ ਵਿਚਕਾਰ ਫਿਰਾਕ ਗੋਰਖਪੁਰੀ ਨੇ ਆਪਣੀ ਵੱਖਰੀ ਪਛਾਣ ਬਣਾਈ ਅਤੇ ਆਪਣੀ ਚੰਗੀ ਸ਼ਾਇਰੀ ਦਾ ਲੋਹਾ ਮਨਵਾਇਆ।
ਆਮ ਉਰਦੂ ਸ਼ਾਇਰਾਂ ਵਾਂਗ ਫ਼ਿਰਾਕ ਨੇ ਵੀ ਆਪਣੀ ਸ਼ਾਇਰੀ ਦੀ ਸ਼ੁਰੂਆਤ ਗ਼ਜ਼ਲਗੋਈ ਨਾਲ ਕੀਤੀ। ਫਿਰਾਕ ਦੀ ਸ਼ਾਇਰੀ ਦਾ ਬਹੁਤਾ ਹਿੱਸਾ ਰੂਮਾਨੀਅਤ, ਰਹੱਸ ਅਤੇ ਸ਼ਾਸਤਰੀਅਤਾ ਨਾਲ ਭਰਪੂਰ ਹੈ। ਉਨ੍ਹਾਂ ਆਪਣੀਆਂ ਗ਼ਜ਼ਲਾਂ ਰਾਹੀਂ ਰੁਮਾਨੀ ਸ਼ਾਇਰੀ ਨੂੰ ਨਵੀਂਆਂ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਦੇ ਰੁਮਾਨੀ ਅਤੇ ਰਹੱਸਮਈ ਅੰਦਾਜ਼ੇ-ਬਿਆਨ ਨੂੰ ਇਨ੍ਹਾਂ ਸ਼ਿਅਰਾਂ ਵਿਚ ਪ੍ਰਤੱਖ ਵੇਖਿਆ ਸਕਦਾ ਹੈ। ਜਿਵੇਂ:
ਬਹੁਤ ਪਹਿਲੇ ਸੇ ਇਨ ਕਦਮੋਂ ਕੀ ਆਹਟ ਜਾਨ ਲੇਤੇ ਹੈਂ।
ਤੁਝੇ ਐ ਜ਼ਿੰਦਗੀ ਹਮ ਦੂਰ ਸੇ ਪਹਿਚਾਨ ਲੇਤੇ ਹੈਂ।
* * *
ਇਸੀ ਖੰਡਰ ਮੇਂ ਕਹੀਂ ਕੁੱਛ ਦੀਏ ਹੈਂ ਟੂਟੇ ਹੂਏ।
ਉਨ੍ਹੀਂ ਸੇ ਕਾਮ ਚਲਾਓ ਬੜੀ ਉਦਾਸ ਹੈ ਰਾਤ।
* * *
ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ।
ਔਰ ਹਮ ਭੂਲ ਗਏ ਹੋਂ ਤੁਝੇ ਐਸਾ ਭੀ ਨਹੀਂ।
* * *
ਗਰਜ ਕੇ ਕਾਟ ਦੀਏ ਜ਼ਿੰਦਗੀ ਕੇ ਦਿਨ ਐ ਦੋਸਤ।
ਵੋਹ ਤੇਰੀ ਯਾਦ ਮੇਂ ਹੋਂ ਯਾ ਤੁਝੇ ਭੁਲਾਨੇ ਮੇਂ।
* * *
ਸੁਨਤੇ ਹੈਂ ਇਸ਼ਕ ਨਾਮ ਕੇ ਗੁਜ਼ਰੇ ਹੈਂ ਇਕ ਬਜ਼ੁਰਗ।
ਹਮ ਲੋਗ ਭੀ ਫ਼ਕੀਰ ਉਸੀ ਸਿਲਸਿਲੇ ਕੇ ਹੈਂ।
* * *
ਮੈਂ ਮੁੱਦਤੋਂ ਜੀਆ ਹੂੰ ਕਿਸੀ ਦੋਸਤ ਕੇ ਬਗੈਰ।
ਅਬ ਤੁਮ ਭੀ ਸਾਥ ਛੋੜਨੇ ਕੋ ਕਹਿ ਰਹੇ ਹੋ ਖ਼ੈਰ।
* * *
ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ।
ਔਰ ਹਮ ਭੂਲ ਗਏ ਹੋਂ ਤੁਮਹੇਂ ਐਸਾ ਭੀ ਨਹੀਂ।
* * *
ਮੈਂ ਹੂੰ ਦਿਲ ਹੈ ਤਨਹਾਈ ਹੈ।
ਤੁਮ ਭੀ ਹੋਤੇ ਅੱਛਾ ਹੋਤਾ।
* * *
ਇਕ ਉਮਰ ਕਟ ਗਈ ਹੈ ਤੇਰੇ ਇੰਤਜ਼ਾਰ ਮੇਂ।
ਐਸੇ ਭੀ ਹੈਂ ਕਿ ਕਟ ਨਾ ਸਕੀ ਜਿਨ ਸੇ ਏਕ ਰਾਤ।
* * *
ਅਬ ਤੋ ਉਨਕੀ ਯਾਦ ਭੀ ਆਤੀ ਨਹੀਂ।
ਕਿਤਨੀ ਤਨਹਾ ਹੋ ਗਈ ਤਨਹਾਈਆਂ।
* * *
ਤੁਮ ਮੁਖਾਤਬਿ ਭੀ ਹੋ ਕਰੀਬ ਭੀ ਹੋ।
ਤੁਮ ਕੋ ਦੇਖੇਂ ਕਿ ਤੁਮ ਸੇ ਬਾਤ ਕਰੇਂ।
* * *
ਕੌਣ ਯੇਹ ਲੇ ਰਹਾ ਅੰਗੜਾਈ।
ਆਸਮਾਨੋਂ ਕੋ ਨੀਂਦ ਆਤੀ ਹੈ।
ਦਰਅਸਲ, ਫਿਰਾਕ ਨੇ ਆਪਣੀ ਸ਼ਾਇਰੀ ਅੰਦਰ ਰਵਾਇਤੀ ਭਾਵਬੋਧ ਅਤੇ ਸ਼ਬਦ-ਭੰਡਾਰ ਦੀ ਵਰਤੋਂ ਕਰਦਿਆਂ ਇਸ ਨੂੰ ਇੱਕ ਨਵੀਂ ਸ਼ੈਲੀ ਅਤੇ ਨਵੇਂ ਵਿਸ਼ਿਆਂ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਵਿੱਚ ਪਸਰੇ ਦੁੱਖ-ਦਰਦ ਨੂੰ ਨਿੱਜੀ ਅਨੁਭਵ ਬਣਾ ਕੇ ਆਪਣੀ ਸ਼ਾਇਰੀ ਵਿੱਚ ਢਾਲਣ ਦਾ ਉਪਰਾਲਾ ਕੀਤਾ। ਉਨ੍ਹਾਂ ਰੋਜ਼ਾਨਾ ਜੀਵਨ ਦੇ ਕੌੜੇ ਸੱਚ ਨੂੰ ਭਾਰਤੀ ਸੱਭਿਆਚਾਰ ਅਤੇ ਲੋਕ ਭਾਸ਼ਾ ਦੇ ਪ੍ਰਤੀਕਾਂ ਨਾਲ ਜੋੜ ਕੇ ਸ਼ਾਇਰੀ ਕੀਤੀ। ਫਿਰਾਕ ਦੇ ਵਿਆਪਕ ਅਧਿਐਨ ਅਤੇ ਫ਼ਾਰਸੀ, ਹਿੰਦੀ, ਬ੍ਰਜ ਭਾਸ਼ਾ ’ਤੇ ਡੂੰਘੀ ਪਕੜ ਦੇ ਚਲਦਿਆਂ ਉਨ੍ਹਾਂ ਦੀ ਸ਼ਾਇਰੀ ਵਿੱਚ ਭਾਰਤ ਦੀ ਮੂਲ ਪਛਾਣ ਰਚ ਗਈ ਹੈ।
ਫਿਰਾਕ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਉਰਦੂ ਭਾਸ਼ਾ ਨਾਲ ਅੰਤਾਂ ਦਾ ਲਗਾਅ ਸੀ। ਇਸ ਦਾ ਅੰਦਾਜ਼ਾ ਉਨ੍ਹਾਂ ਦੇ ਇੱਕ ਸ਼ਿਅਰ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ:
ਮੇਰੀ ਘੁੱਟੀ ਮੇਂ ਪੜੀ ਥੀ ਹੋ ਕੇ ਹਲ ਉਰਦੂ ਜ਼ੁਬਾਂ।
ਜੋ ਭੀ ਮੈਂ ਕਹਿਤਾ ਗਿਆ ਹੁਸਨ-ਏ-ਬਿਆਂ ਹੋਤਾ ਗਿਆ।
ਸ਼ਾਇਰੀ ਦੇ ਨਾਲ ਨਾਲ ਫਿਰਾਕ ਨੇ ਆਲ ਇੰਡੀਆ ਰੇਡੀਓ ’ਤੇ ਵੀ ਸੇਵਾਵਾਂ ਦਿੱਤੀਆਂ। ਇਕ ਥਾਂ ਜੀਵਨ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦਿਆਂ ਆਖਦੇ ਹਨ:
ਜ਼ਿੰਦਗੀ ਕਾ ਕੋਈ ਇਲਾਜ ਨਹੀਂ।
ਮੌਤ ਕਾ ਭੀ ਇਲਾਜ ਹੋ ਸ਼ਾਇਦ।
ਫਿਰਾਕ ਦੀਆਂ ਚੋਣਵੀਆਂ ਰਚਨਾਵਾਂ ਵਿਚ ਗੁਲ-ਏ-ਨਗਮਾ, ਮਸ਼ਆਲ, ਰੂਹੇ-ਕਾਇਨਾਤ, ਸ਼ਬਿਸਤਾਨ, ਸਰਗਮ, ਬਜ਼ਮੇ ਜ਼ਿੰਦਗੀ, ਰੰਗੇ ਸ਼ਾਇਰੀ, ਨਗਮਾ-ਏ-ਸਾਜ਼, ਗ਼ਜ਼ਲਿਸਤਾਨ ਆਦਿ ਸ਼ਾਮਲ ਹਨ। ਉਹ ਬਹੁਤ ਜ਼ਿੰਦਾਦਿਲ ਇਨਸਾਨ ਸਨ। ਫਿਰਾਕ ਦੇ ਵਿਦਿਆਰਥੀ ਜੀਵਨ ਦੀ ਇੱਕ ਘਟਨਾ ਬੇਹੱਦ ਦਿਲਚਸਪ ਹੈ। ਦਰਅਸਲ, ਫਿਰਾਕ ਗੋਰਖਪੁਰੀ ਆਗਰਾ ਯੂਨੀਵਰਸਿਟੀ ਵਿਚ ਇੰਟਰ ਸਾਇੰਸ ਦੇ ਵਿਦਿਆਰਥੀ ਸਨ। ਇਸ ਦੌਰਾਨ ਉਹ ਸਾਰੇ ਵਿਸ਼ਿਆਂ ਵਿੱਚ ਵਧੀਆ ਨੰਬਰ ਪ੍ਰਾਪਤ ਕਰਦੇ, ਪਰ ਫਿਜ਼ਿਕਸ ਵਿੱਚੋਂ ਅਕਸਰ ਫੇਲ੍ਹ ਹੋ ਜਾਂਦੇ। ਇੱਕ ਦਿਨ ਕਾਲਜ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਪੁੱਛਿਆ, ‘‘ਬਈ ਕੀ ਗੱਲ ਹੈ, ਬਾਕੀ ਵਿਸ਼ਿਆਂ ਵਿੱਚ ਤੁਹਾਡਾ ਨਤੀਜਾ ਬਹੁਤ ਵਧੀਆ ਰਹਿੰਦਾ ਹੈ, ਪਰ ਫਿਜ਼ਿਕਸ ਵਿੱਚ ਕਿਉਂ ਫੇਲ੍ਹ ਹੋ ਜਾਂਦੇ ਹੋ?’’
ਫਿਰਾਕ ਨੇ ਫ਼ੌਰੀ ਉੱਤਰ ਦਿੰਦਿਆਂ ਕਿਹਾ, ‘‘ਜਨਾਬ, ਇਸ ਲਈ ਕਿ ਮੈਂ ਫਿਜ਼ੀਕਲੀ ਕਮਜ਼ੋਰ ਹਾਂ।’’
ਫਿਰਾਕ ਨੂੰ ਉਨ੍ਹਾਂ ਦੇ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਸਦਕਾ ਬਹੁਤ ਸਾਰੇ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਸੰਦਰਭ ਵਿੱਚ 1969 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਉਰਦੂ ਸ਼ਾਇਰੀ ਦੀ ਪੁਸਤਕ ‘ਗੁਲ-ਏ-ਨਗਮਾ’ ਲਈ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 1960 ਵਿੱਚ ਉਰਦੂ ਦਾ ਸਾਹਿਤ ਅਕੈਡਮੀ ਐਵਾਰਡ, 1968 ਵਿੱਚ ਪਦਮ ਭੂਸ਼ਣ, 1968 ਵਿੱਚ ਸੋਵੀਅਤ ਲੈਂਡ ਨਹਿਰੂ ਇਨਾਮ, 1970 ਵਿੱਚ ਸਾਹਿਤ ਅਕੈਡਮੀ ਫੈਲੋਸ਼ਿਪ, 1981 ਵਿੱਚ ਗ਼ਾਲਬਿ ਅਕੈਡਮੀ ਐਵਾਰਡ ਮਿਲੇ। ਇਸੇ ਦੌਰਾਨ 1970 ਵਿੱਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ। ਫਿਰਾਕ ਗੋਰਖਪੁਰੀ ਦੀਆਂ ਰਚਨਾਵਾਂ ਵਿੱਚ ਖ਼ੂਬਸੂਰਤ ਨਜ਼ਮਾਂ ਅਤੇ ਰੁਬਾਈਆਂ ਵੀ ਸ਼ਾਮਲ ਹਨ। ਉਨ੍ਹਾਂ ਇੱਕ ਨਾਵਲ ਸਾਧੂ ਔਰ ਕੁਟੀਆ ਅਤੇ ਕਈ ਕਹਾਣੀਆਂ ਵੀ ਲਿਖੀਆਂ।
ਉਰਦੂ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਇਹ ਹਰਮਨ ਪਿਆਰਾ ਲੇਖਕ ਫਿਰਾਕ ਗੋਰਖਪੁਰੀ ਲੰਬੀ ਬਿਮਾਰੀ ਦੇ ਚਲਦਿਆਂ ਅਖੀਰ 3 ਮਾਰਚ 1982 ਨੂੰ ਪਚਾਸੀ ਸਾਲ ਉਮਰ ਵਿਚ ਅਲਵਿਦਾ ਆਖ ਗਿਆ। ਉਨ੍ਹਾਂ ਨੇ ਆਪਣੇ ਅੰਤਿਮ ਸਾਹ ਦਿੱਲੀ ਵਿਖੇ ਲਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਲਾਹਾਬਾਦ ਲਿਜਾਇਆ ਗਿਆ ਜਿੱਥੇ ਗੰਗਾ ਜਮਨਾ ਦੇ ਸੰਗਮ ’ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਸੰਪਰਕ: 98552-59650