ਨਵੀਂ ਦਿੱਲੀ, 15 ਅਪਰੈਲ
ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਮਾਰੇ ਗਏ 25 ਸਾਲਾ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਪੋਸਟਮਾਰਟਮ ਤੇ ਐਕਸਰੇਅ ਰਿਪੋਰਟਾਂ ਦੇ ਸਬੰਧ ਵਿਚ ਮਾਹਰਾਂ ਦੀ ਸਲਾਹ ਲੈਣ ਲਈ ਸਮਾਂ ਦੇ ਦਿੱਤਾ ਹੈ। ਜਸਟਿਸ ਯੋਗੇਸ਼ ਖੰਨਾ ਨੇ ਦਿੱਲੀ ਪੁਲੀਸ ਨੂੰ ਕਿਹਾ ਕਿ ਉਹ ਪਰਿਵਾਰ ਨੂੰ ਉਸ ਥਾਂ ਦੇ ਸੀਸੀਟੀਵੀ ਫੁਟੇਜ ਦੇਖਣ ਦੀ ਇਜਾਜ਼ਤ ਦੇਵੇ ਜਿੱਥੇ ਇਹ ਘਟਨਾ ਵਾਪਰੀ ਸੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨਿਰਧਾਰਿਤ ਕਰ ਦਿੱਤੀ ਹੈ। ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸਿਹਤ ਸਕੱਤਰ ਨੂੰ ਨਵਰੀਤ ਦੀ ਐਕਸਰੇਅ ਦੀ ਜਾਂਚ ਲਈ ਚਿਕਿਤਸਾ ਤੇ ਫੋਰੈਂਸਿਕ ਮਾਹਰਾਂ ਦੇ ਬੋਰਡ ਦਾ ਗਠਨ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਨਵਰੀਤ ਦੇ ਪਰਿਵਾਰ ਵਲੋਂ ਪੇਸ਼ ਵਕੀਲ ਨੇ ਪੁਲੀਸ ਕਾਰਵਾਈ ਸਬੰਧੀ ਸਮਾਂ ਮੰਗਿਆ ਸੀ।-ਪੀਟੀਆਈ