ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਗਸਤ
ਰੱਖੜੀ ਦੇ ਤਿਉਹਾਰ ਮੌਕੇ ਸਮੇਂ ਦੀਆਂ ਸਰਕਾਰਾਂ ਧੀਆਂ ਦੇ ਸਿਰ ’ਤੇ ਹੱਥ ਰੱਖਣ ਦਾ ਹਰ ਸਾਲ ਵਾਅਦਾ ਕਰਦੀਆਂ ਹਨ, ਪਰ ਸੂਬੇ ਵਿੱਚ ਲੰਬੇ ਸਮੇਂ ਤੋਂ ਹਕੂਮਤਾਂ ਵੱਲੋਂ ਧੀਆਂ ਨੂੰ ‘ਆਸ਼ੀਰਵਾਦ’ ਨਹੀਂ ਦਿੱਤਾ ਗਿਆ। ਮਾਨਸਾ ਦੇ ਮਿਨੀ ਸਕੱਤਰੇਤ ਵਿਖੇ ਹਰ-ਰੋਜ਼ ਦਰਜਨਾਂ ਬੁਰਜ਼ਗ ਹੱਥਾਂ ਵਿਚ ਡੰਗੋਰੀ ਫੜ੍ਹੀ ਆਪਣੀਆਂ ਬੱਚੀਆਂ ਦੇ ਸ਼ਗਨ ਸਕੀਮ ਦੇ ਪੈਸੇ ਲੈਣ ਲਈ ਅਫ਼ਸਰਾਂ ਦੀਆਂ ਆਰਜੋਈਆਂ ਕਰਦੇ ਫਿਰਦੇ ਹਨ, ਪਰ ਚੱਲਣ-ਫਿਰਨ ਤੋਂ ਆਰੀ ਇਹ ਲੋਕ ਹਰ ਵਾਰ ਨਿਰਾਸ਼ ਹੋਕੇ ਘਰਾਂ ਨੂੰ ਮੁੜ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਾਦਲਾਂ ਦੀ ਸਰਕਾਰ ਵੇਲੇ ਇਸ ਸਕੀਮ ਦਾ ਸ਼ਗਨ ਸਕੀਮ (31000) ਸੀ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਗੌਰਮਿੰਟ ਵੇਲੇ ਇਸਦਾ ਨਾਂ ਅਸ਼ੀਰਵਾਦ ਸਕੀਮ (51000) ਪੈ ਗਿਆ।
ਪੰਜਾਬ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 1 ਜਨਵਰੀ, 2019 ਵਿੱਚ ਹੋਇਆ ਸੀ ਅਤੇ ਸਾਰੇ ਕਾਗਜ਼-ਪੱਤਰ ਪੂਰੇ ਕਰਕੇ ਦੇਣ ਦੇ ਬਾਵਜੂਦ 50 ਹਜ਼ਾਰ ਵਿਚੋਂ ਅੱਜ ਤੱਕ ਇੱਕ ਧੇਲਾ ਵੀ ਨਹੀਂ ਮਿਲਿਆ। ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਵੀਰ ਕੌਰ ਨੱਤ ਨੇ ਦੱਸਿਆ ਕਿ ਉਸ ਕੋਲ ਸੈਂਕੜੇ ਐਸੀਆਂ ਉਦਾਹਰਨਾਂ ਜਿਨ੍ਹਾਂ ਦੀਆਂ ਅਰਜ਼ੀਆਂ ਦਿੱਤੀਆਂ ਨੂੰ ਕਈ-ਕਈ ਸਾਲ ਹੋ ਗਏ ਹਨ ਅਤੇ ਧੀਆਂ ਕੋਲ ਅੱਗੇ ਬੱਚੀਆਂ ਵੀ ਪੈਦਾ ਹੋ ਗਈਆਂ ਹਨ, ਪਰ ਸਰਕਾਰ ਦਾ ਸਿਰ ’ਤੇ ਹੱਥ ਨਹੀਂ ਟਿਕਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਪਿੰਡ ਟਿੱਬੀ ਹਰੀ ਸਿੰਘ ਦੇ ਤਰਸੇਮ ਸਿੰਘ ਕੱਦਾ ਦੀਆਂ ਦੋ ਧੀਆਂ ਬਾਲ-ਬੱਚੇਦਾਰ ਵੀ ਹੋ ਗਈਆਂ ਹਨ, ਪਰ ਉਨ੍ਹਾਂ ਨੂੰ ਸ਼ਗਨ ਸਕੀਮ ਤਹਿਤ ਕੋਈ ਪੈਸਾ ਨਹੀਂ ਮਿਲਿਆ ਹੈ ।
ਕੁਝ ਕੇਸ ਪੈਂਡਿਗ: ਅਰੋੜਾ
ਮਾਨਸਾ ਦੇ ਭਲਾਈ ਅਫ਼ਸਰ ਪਰਦੀਪ ਕੁਮਾਰ ਅਰੋੜਾ ਨੇ ਮੰਨਿਆ ਕਿ ਕੁੱਝ ਕੇਸ ਪੈਂਡਿੰਗ ਪਏ ਹਨ ਅਤੇ ਕੁੱਝ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਵੰਬਰ-2021 ਤੱਕ ਦੇ ਪੈਸੇ ਅਸ਼ੀਰਵਾਦ ਸਕੀਮ ਤਹਿਤ ਦਿੱਤੇ ਜਾ ਚੁੱਕੇ ਹਨ। ਇਸੇ ਦੌਰਾਨ ਵਿਧਾਇਕ ਪ੍ਰਿਸੀਪਲ ਬੁੱਧਰਾਮ (ਬੁਢਲਾਡਾ) ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ (ਸਰਦੂਲਗੜ੍ਹ) ਨੇ ਕਿਹਾ ਕਿ ਜਿਹੜੇ ਲੋਕਾਂ ਦੇ ਕੇਸ ਰੱਦ ਹੋਏ ਹਨ ਅਤੇ ਫਸੇ ਪਏ ਹਨ, ਦਾ ਰੀਵਿਊ ਕਰਕੇ ਜਲਦੀ ਪੈਸੇ ਦਿਵਾਉਣ ਦਾ ਉਪਰਾਲਾ ਕੀਤਾ ਜਾਵੇਗਾ।