ਦਵਿੰਦਰ ਸਿੰਘ
ਯਮੁਨਾਨਗਰ, 29 ਅਗਸਤ
ਇਨੈਲੋ ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਇੱਥੇ ਇਨੈਲੋ ਦੇ ਰਾਸ਼ਟਰੀ ਉਪ ਪ੍ਰਧਾਨ ਅਸ਼ਵਨੀ ਦੱਤਾ ਦੇ ਨਿਵਾਸ ਸਥਾਨ ’ਤੇ ਪਹੁੰਚੇੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਪਣੇ ਰਾਜਨੀਤਕ ਲਾਹੇ ਲਈ ਈਡੀ, ਸੀਬੀਆਈ ਅਤੇ ਜੁਡੀਸ਼ਰੀ ਦੀ ਦੁਰਵਰਤੋਂ ਕਰ ਰਹੀ ਹੈ। ਅਜਿਹੇ ਹਾਲਾਤ ਵਿੱਚ ਆਮ ਲੋਕਾਂ ਨੂੰ ਇਨਸਾਫ਼ ਕਿਸ ਤਰ੍ਹਾਂ ਨਾਲ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਪ੍ਰਸਿਥਤੀਆਂ ਨੂੰ ਬਦਲਣਾ ਚਾਹੁੰਦੇ ਹਨ ਜਿਸ ਲਈ ਨਿਸ਼ਚਿਤ ਤੌਰ ’ਤੇ ਵਿਰੋਧੀ ਦਲ ਮਿਲ ਕੇ ਤੀਜੇ ਮੋਰਚੇ ਦਾ ਗਠਨ ਕਰਨਗੇ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਚੌਧਰੀ ਦੇਵੀ ਲਾਲ ਦੇ ਜਨਮ ਦਿਨ ’ਤੇ ਫਤਿਹਾਬਾਦ ਵਿੱਚ ਰੈਲੀ ਹੋਵੇਗੀ। ਇਸ ਵਿੱਚ ਦੇਸ਼ ਦੇ ਸਾਰੇ ਵਿਰੋਧੀ ਦਲਾਂ ਦੇ ਵੱਡੇ ਨੇਤਾ ਇੱਕ ਮੰਚ ’ਤੇ ਮੌਜੂਦ ਹੋਣਗੇ । ਉਨ੍ਹਾਂ ਕਿਹਾ ਕਿ ਇਹ ਮੋਰਚਾ ਵਰਤਮਾਨ ਸਮੇਂ ਵਿੱਚ ਧਰਮ ਅਤੇ ਜਾਤ ਪਾਤ ਦੇ ਨਾਂ ’ਤੇ ਚਲ ਰਹੀ ਲੁੱਟ ਖੋਹ ਨੂੰ ਸਮਾਪਤ ਕਰੇਗਾ। ਉਨ੍ਹਾਂ ਕਿਹਾ ਕਿ ਗੁਮਰਾਹ ਹੋ ਕੇ ਇਨੈਲੋ ਪਾਰਟੀ ਛੱਡ ਕੇ ਗਏ ਲੋਕਾਂ ਨੂੰ ਦੋਬਾਰਾ ਤੋਂ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਗੱਦਾਰ ਲੋਕਾਂ ਨੂੰਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦਾਅਵਾ ਕੀਤਾ ਕਿ ਆਦਮਪੁਰ ਉਪ ਚੋਣ ਵਿੱਚ ਇਨੈਲੋ ਉਮੀਦਵਾਰ ਦੀ ਪੱਕੀ ਜਿੱਤ ਹੋਵੇਗੀ। ਸ੍ਰੀ ਚੌਟਾਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਹਥਿਆਣਾ ਚਾਹੁੰਦੀ ਹੈ ਜਿਸ ਲਈ ਕਿਸਾਨਾਂ ਨੂੰ ਲੜਾਈ ਲੜਨੀ ਹੋਵੇਗੀ । ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਹਰ ਬੱਚੇ ਨੂੰ ਮੁਫਤ ਸਿੱਖਿਆ, ਮੁਫਤ ਇਲਾਜ ਅਤੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੰਨ 2005 ਵਿੱਚ ਗਈ ਸੀ ਤਾਂ ਸਰਕਾਰੀ ਖਜ਼ਾਨੇ ਵਿੱਚ 2 ਹਜ਼ਾਰ ਕਰੋੜ ਰੁਪਏ ਛੱਡ ਕੇ ਗਈ ਸੀ ਪਰ ਹੁਣ ਢਾਈ ਲੱਖ ਰੁਪਏ ਦਾ ਕਰਜ਼ਾ ਹੋ ਗਿਆ ਹੈ । ਹਰਿਆਣਾ ਵਿੱਚ ਵਿਕਾਸ ਨਜ਼ਰ ਨਹੀਂ ਆ ਰਿਹਾ ।