ਵਿਲਮਿੰਗਟਨ (ਅਮਰੀਕਾ), 31 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਧਮਕੀ ਭਰੀ ਚਿਤਾਵਨੀ ਦਿੱਤੀ ਕਿ ਜੇ ਰੂਸ ਨੇ ਯੂਕਰੇਨ ਖ਼ਿਲਾਫ਼ ਹੋਰ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਉਸ ’ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ ਅਤੇ ਇਸ ’ਤੇ ਰੂਸੀ ਰਾਸ਼ਟਰਪਤੀ ਨੇ ਵੀ ਇਸ ਤਰ੍ਹਾਂ ਦੇ ਸੁਰ ਵਿੱਚ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਦੋਵਾਂ ਨੇਤਾਵਾਂ ਨੇ ਯੂਕਰੇਨ ਨੇੜੇ ਰੂਸੀ ਫੌਜ ਦੀ ਵਧਦੀ ਦਖਲਅੰਦਾਜ਼ੀ ‘ਤੇ ਕਰੀਬ ਇਕ ਘੰਟੇ ਤੱਕ ਖੁੱਲ੍ਹ ਕੇ ਗੱਲਬਾਤ ਕੀਤੀ। ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਦੁਆਰਾ ਹੋਰ ਪਾਬੰਦੀਆਂ ਲਗਾਉਣਾ ਗੰਭੀਰ ਨਤੀਜਿਆਂ ਵਾਲੀ ਵੱਡੀ ਗਲਤੀ ਹੋਵੇਗੀ, ਜਿਸ ਦੇ ਗੰਭੀਰ ਨਤੀਜੇ ਨਿਕਲਣਗੇ। ਸ਼ਾਕੋਵ ਨੇ ਮਾਸਕੋ ਵਿੱਚ ਪੱਤਰਕਾਰਾਂ ਨੂੰ ਬਾਇਡਨ ਅਤੇ ਪੁਤਿਨ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਤਿਨ ਨੇ ਬਾਇਡਨ ਨੂੰ ਕਿਹਾ ਕਿ ਜੇ ਅਮਰੀਕਾ ਦੀਆਂ ਸਰਹੱਦਾਂ ਦੇ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਜਾਂਦੇ ਹਨ ਤਾਂ ਰੂਸ ਵੀ ਅਜਿਹਾ ਕਰੇਗਾ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਫੋਨ ‘ਤੇ ਹੋਈ ਗੱਲਬਾਤ ਬਾਰੇ ਕੋਈ ਖੁੱਲ੍ਹ ਕੇ ਜਾਣਕਾਰੀ ਨਹੀਂ ਦਿੱਤੀ।