ਸਤਿੰਦਰਪਾਲ ਸਿੰਘ ਬਾਵਾ
‘ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ: ਇਕ ਆਲੋਚਨਾਤਮਕ ਅਧਿਐਨ’ ਪੁਸਤਕ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ। ਇਹ ਪੁਸਤਕ ਮੈਂ ਵੀਹ ਸਾਲ ਪਹਿਲਾਂ ਖਰੀਦੀ ਸੀ। ਹੁਣ ਕੁਲਵੰਤ ਸਿੰਘ ਵਿਰਕ ਦੀ ਜਨਮ ਸ਼ਤਾਬਦੀ ਬਹਾਨੇ ਇਸ ’ਤੇ ਚਰਚਾ ਕਰਨੀ ਬਣਦੀ ਹੈ। ਇਸ ਪੁਸਤਕ ਦਾ ਪ੍ਰਕਾਸ਼ਨ ਵਰ੍ਹਾ 1979 ਹੈ ਅਤੇ ਪ੍ਰਕਾਸ਼ਕ ਲਾਹੌਰ ਬੁਕ ਸ਼ਾਪ, ਲੁਧਿਆਣਾ।
ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਸਾਰ ਬਾਰੇ ਗੱਲ ਕਰਦਿਆਂ ਆਲੋਚਕ ਦੇ ਧਿਆਨ ਵਿਚ ਪੁਸਤਕ ਪ੍ਰਕਾਸ਼ਿਤ ਕਰਵਾਉਣ ਦੀ ਮਨਸ਼ਾ ਵਿਦਿਆਰਥੀਆਂ ਦੀ ਮਦਦ ਕਰਨੀ ਹੈ ਅਤੇ ਦੂਜਾ ਇਸ ਬਹਾਨੇ ਕੁਲਵੰਤ ਸਿੰਘ ਵਿਰਕ ਨੂੰ ਸਮਝਣ ਸਮਝਾਉਣ ਦਾ ਉੱਦਮ ਹੈ।
ਕੁਲਵੰਤ ਸਿੰਘ ਵਿਰਕ (20 ਮਈ 1921 ਤੋਂ 24 ਦਸੰਬਰ 1987) ਬਾਰੇ ਆਮ ਧਾਰਨਾ ਬਣੀ ਹੋਈ ਹੈ ਕਿ ਉਹ ਆਪਣੇ ਵੇਲੇ ਦੀ ਪ੍ਰਚੱਲਤ ਪ੍ਰਗਤੀਵਾਦੀ ਲਹਿਰ ਤੋਂ ਵਿੱਥ ਬਣਾ ਕੇ ਲਿਖਦਾ ਰਿਹਾ, ਇਸ ਲਈ ਉਸ ਦੀਆਂ ਕਹਾਣੀਆਂ ਵੱਖਰਤਾ ਤੇ ਵਿਲੱਖਣਤਾ ਦੀਆਂ ਧਾਰਨੀ ਹਨ। ਪੰਜਾਬੀ ਆਲੋਚਕ ਵਿਰਕ ਨੂੰ ਮਾਨਵਵਾਦੀ ਕਹਾਣੀਕਾਰ ਵਜੋਂ ਵੀ ਸਵੀਕਾਰ ਕਰਦੇ ਆਏ ਹਨ। ਪਰ ਵਿਰਕ ਦੇ ਮਾਨਵਵਾਦ ਦੀ ਕਿਸਮ ਬਾਰੇ ਪੰਜਾਬੀ ਆਲੋਚਕ ਅੱਜ ਵੀ ਚਰਚਾ ਕਰ ਰਹੇ ਹਨ। ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਵੈਬੀਨਾਰ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਨੇ ਵਿਰਕ ਦੇ ਮਾਨਵਵਾਦ ਨੂੰ ‘ਆਧੁਨਿਕ-ਮੁਖੀ ਮਾਨਵਵਾਦ’ ਦਾ ਨਾਮ ਦਿੱਤਾ ਹੈ। ਡਾ. ਰਘਬੀਰ ਸਿੰਘ ਸਿਰਜਣਾ ਨੇ ਆਪਣੇ ਨਵੇਂ ਲੇਖ (ਸਿਰਜਣਾ 201) ਵਿਚ ਉਸ ਨੂੰ ‘ਮਾਨਵਵਾਦੀ-ਪ੍ਰਗਤੀਵਾਦੀ’ ਕਿਹਾ ਹੈ। ਇਨ੍ਹਾਂ ਵਿਸ਼ੇਸ਼ਣਾਂ ਦਾ ਆਧਾਰ ਆਧੁਨਿਕਮੁਖੀ ਵਿਚਾਰਧਾਰਾ ਅਤੇ ਪ੍ਰਗਤੀਵਾਦੀ ਵਿਚਾਰਧਾਰਾ ਬਣਦੀ ਹੈ। ਉਸ ਦੀ ਉਹ ਮਾਨਵਵਾਦੀ ਦ੍ਰਿਸ਼ਟੀ ਵਿਰਕ ਨੂੰ ਆਪਣੇ ਸਮਕਾਲੀਆਂ ਤੋਂ ਨਿਖੇੜਦੀ ਹੈ ਜਿਹੜੀ ਮਨੁੱਖ ਨੂੰ ਉਸ ਦੇ ਹੀ ਪ੍ਰਤਿਮਾਨ ਦੇ ਰੂਪ ਵਿਚ ਉਘਾੜਦੀ ਹੈ। ਵਰਿਆਮ ਸਿੰਘ ਸੰਧੂ ਅਨੁਸਾਰ ‘‘ਮਾਨਵਵਾਦੀ ਲੇਖਕ ਮਨੁੱਖਤਾ ਦਾ ਲੇਖਕ ਹੁੰਦਾ ਹੈ ਜੋ ਡੂੰਘੇ ਮਨੁੱਖੀ ਦਰਦ ਵਿਚ ਭਿੱਜ ਕੇ ਮਨੁੱਖ ਦੇ ਅੰਦਰਲੇ ਤੇ ਬਾਹਰਲੇ ਜਗਤ ਨੂੰ ਸਹਾਨਭੂਤੀ ਅਤੇ ਸੁਹਿਰਦਤਾ ਨਾਲ ਦੇਸ਼ਾਂ ਦੀਆਂ ਹੱਦਾਂ, ਜਾਤਾਂ ਤੇ ਰੰਗਾਂ ਦੇ ਭੇਦਾਂ ਤੋਂ ਉੱਚਾ ਉਠ ਕੇ ਚਿਤਰਦਾ ਹੈ।’’ ਸੋ ਮਾਨਵਵਾਦ ਦਾ ਮੁੱਢਲਾ ਸਰੋਕਾਰ ਮਨੁੱਖਤਾ ਦੇ ਦਰਦ ਨੂੰ ਬਿਆਨ ਕਰਨ ਨਾਲ ਸਬੰਧਿਤ ਹੈ ਜਿੱਥੇ ਦੇਸ਼ ਦੀਆਂ ਹੋਰ ਸਮੱਸਿਅਵਾਂ ਦੁਜੈਲੇ ਸਥਾਨ ’ਤੇ ਚਲੀਆਂ ਜਾਂਦੀਆਂ ਹਨ। ਸੁਆਲ ਪੈਦਾ ਹੁੰਦਾ ਹੈ ਕਿ ਜੇਕਰ ਲੇਖਕ ਨੇ ਦੇਸ਼ ਜਾਂ ਸੂਬੇ ਦੀਆਂ ਸਮਕਾਲੀ ਸਮੱਸਿਆਵਾਂ ਨੂੰ ਮੁਖਾਤਬਿ ਹੀ ਨਹੀਂ ਹੋਣਾ ਤਾਂ ਕੀ ਉਸ ਦੀ ਰਚਨਾ ਸਮਾਜ ਦਾ ਕੁਝ ਸੰਵਾਰ ਸਕਦੀ ਹੈ, ਪਾਠਕ ਨੂੰ ਕੋਈ ਸੇਧ ਦੇਣ ਦੇ ਸਮਰੱਥ ਹੈ? ਕਿਹਾ ਜਾ ਸਕਦਾ ਹੈ ਕਿ ਲੇਖਕ ਆਪਣੀ ਮਾਨਵਵਾਦੀ ਦ੍ਰਿਸ਼ਟੀ ਰਾਹੀਂ ਆਪਣੇ ਦੇਸ਼ ਜਾਂ ਸੂਬੇ ਦੀਆਂ ਸਮੱਸਿਆਵਾਂ ਨੂੰ ਹੀ ਚਿਤਰ ਰਿਹਾ ਹੁੰਦਾ ਹੈ; ਫ਼ਰਕ ਸਿਰਫ਼ ਉਸ ਦੇ ਦ੍ਰਿਸ਼ਟੀਕੋਣ ਰਾਹੀਂ ਹੀ ਸਿਰਜਿਆ ਜਾਂਦਾ ਹੈ ਕਿ ਉਹ ਘਟਨਾਵਾਂ ਨੂੰ ਤਰਜੀਹ ਦੇ ਰਿਹਾ ਹੈ ਜਾਂ ਮਨੁੱਖ ਤੇ ਅੰਦਰਲੇ ਅਤੇ ਬਾਹਰਲੇ ਜਗਤ ਨੂੰ ਹਮਦਰਦੀ ਅਤੇ ਸੁਹਿਰਦਤਾ ਨਾਲ ਚਿਤਰ ਰਿਹਾ ਹੈ। ਮਿਸਾਲ ਵਜੋਂ ਕੁਲਵੰਤ ਸਿੰਘ ਵਿਰਕ ਦੀਆਂ ਦੇਸ਼ ਵੰਡ (1947 ਈ.) ਨਾਲ ਸਬੰਧਿਤ ਕਹਾਣੀਆਂ ਵਿਚਾਰੀਆਂ ਜਾ ਸਕਦੀਆਂ ਹਨ ਜਿੱਥੇ ਵਿਰਕ ਕਰੂਰ ਯਥਾਰਥ ਨੂੰ ਮਾਨਵਵਾਦੀ ਅਤੇ ਆਸ਼ਾਵਾਦੀ ਨਜ਼ਰੀਏ ਤੋਂ ਚਿਤਰਨ ਦੀ ਪਹਿਲ ਕਰਦਾ ਹੈ। ਇਹ ਗਲਪ ਦ੍ਰਿਸ਼ਟੀ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਹਿੱਸੇ ਹੀ ਆਈ ਹੈ। ਵਰਿਆਮ ਸਿੰਘ ਸੰਧੂ ਵੰਡ ਨਾਲ ਸਬੰਧਿਤ ਉਸ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਸਥਾਪਨਾ ਦਰਜ ਕਰਵਾਉਂਦਾ ਹੈ ਕਿ ‘ਵਿਰਕ ਦੀਆਂ ਦੇਸ਼ ਦੀ ਵੰਡ ਸੰਬੰਧੀ ਲਿਖੀਆਂ ਕਹਾਣੀਆਂ ਜਿੱਥੇ ਦੁਖਾਂਤਕ ਰੂਪ ਵਿਚ ਪੇਸ਼ ਨਹੀਂ ਕੀਤੀਆਂ ਗਈਆਂ, ਉੱਥੇ ਨਾਲ ਹੀ ਹੋਰਨਾਂ ਕਹਾਣੀਕਾਰਾਂ ਵਾਂਗ ਉਹਦੀਆਂ ਕਹਾਣੀਆਂ ਵਿਚ ਵੰਡ ਦੇ ਅਣਮਨੁੱਖੀ ਕਾਂਡ ਵੱਲ ਨਫ਼ਰਤ ਤੇ ਗੁੱਸੇ ਦਾ ਪ੍ਰਗਟਾਵਾ ਕਰਨ ਦੀ ਥਾਂ ਉਹ, ਇਸ ਅਣਸੁਖਾਵੇਂ ਵਾਯੂਮੰਡਲ ਵਿਚ ਸੜੀ ਧਰਤੀ ਤੇ ਮਨੁੱਖਾ ਜ਼ਿੰਦਗੀ ਦੀ ਆਸ ਤੇ ਉਮੰਗ ਦੇ ਮੁੜ ਪੰਗਰਨ ਤੇ ਮੌਲਣ ਦੀ ਸਮਰੱਥਾ ਨੂੰ ਚਿਤਰਦਾ ਹੈ।’ ਇਸ ਤਰ੍ਹਾਂ ਸੰਧੂ, ਵਿਰਕ ਦੇ ਮਾਨਵਵਾਦੀ ਸੁਭਾਅ ਵਜੋਂ ਉਸ ਨੂੰ ਆਸ਼ਾਵਾਦੀ ਅਤੇ ਅਗਾਂਹਵਧੂ ਲੇਖਕ ਵਜੋਂ ਤਸਦੀਕ ਕਰਦਾ ਹੈ ਜਿਹੜਾ ਅਣਸੁਖਾਵੇਂ ਵਾਤਾਵਰਨ ਵਿਚ ਵੀ ਆਸ ਦਾ ਪੱਲਾ ਨਹੀਂ ਛੱਡਦਾ। ਜਿਸ ਨੂੰ ਸੰਧੂ ਇਹ ਕਹਿ ਕੇ ਵਡਿਆਉਂਦਾ ਹੈ ਕਿ ਵਿਰਕ ਦੀਆਂ ਕਹਾਣੀਆਂ ਵਿਚ ਉਪਭਾਵੁਕਤਾ ਨਹੀਂ ਹੁੰਦੀ ਤੇ ਨਾ ਹੀ ਜ਼ਿੰਦਗੀ ਦਾ ਦੁਖਾਂਤਕ ਤੇ ਕੁਮਲਾਇਆ ਚਿਹਰਾ ਹੁੰਦਾ ਹੈ। ਇਸ ਤਰ੍ਹਾਂ ਵਿਰਕ ਦਾ ਮਾਨਵਵਾਦ ਵਧੇਰੇ ਨਿਰਮਾਣਕਾਰੀ ਹੋ ਨਬਿੜਦਾ ਹੈ। ਪ੍ਰਸਿੱਧ ਅਤੇ ਪ੍ਰਬੁੱਧ ਪੰਜਾਬੀ ਆਲੋਚਕ ਸੰਤ ਸਿੰਘ ਸੇਖੋਂ ਦੇ ਹਾਵਾਲੇ ਨਾਲ ਵਰਿਆਮ ਸਿੰਘ ਸੰਧੂ, ਵਿਰਕ ਦੇ ਅਗਰਗਾਮੀ ਮਾਨਵਵਾਦ ਦੀ ਸ਼ਨਾਖਤ ਉਸ ਦੀਆਂ ਕਹਾਣੀਆਂ ਵਿਚੋਂ ਇਕ ਤੋਂ ਵਧੇਰੇ ਵਾਰ ਹਾਵਲਿਆਂ ਸਹਿਤ ਬਿਆਨ ਕਰਦਾ ਹੈ। ਇਸੇ ਕਾਰਨ ਵਰਿਆਮ ਸਿੰਘ ਸੰਧੂ ਦੀ ਪ੍ਰਮੁੱਖ ਸਥਾਪਨਾ ਹੈ ਕਿ ‘ਮਾਨਵਵਾਦੀ ਉਹ ਹੈ ਜੋ ਖੱਤਰੀਵਾਦੀ, ਬ੍ਰਾਹਮਣਵਾਦੀ ਤੇ ਪੂੰਜੀਵਾਦੀ ਕੀਮਤਾਂ ਨੂੰ ਰੱਦ ਕਰਦਾ ਹੈ। ਭਾਵੇਂ ਵਿਰਕ ਨਵੀਆਂ ਕੀਮਤਾਂ ਨਹੀਂ ਦਿੰਦਾ। ਇਸ ਲਈ ਉਸ ਨੂੰ ਸਮਾਜਵਾਦੀ ਲੇਖਕ ਨਹੀਂ ਕਿਹਾ ਜਾ ਸਕਦਾ ਪਰ ਉਹਦਾ ਪ੍ਰਗਤੀਵਾਦੀ ਅੰਸ਼ ਉਸਨੂੰ ਪਿਛਾਂਹ-ਖਿੱਚੂ ਨਹੀਂ ਰਹਿਣ ਦਿੰਦਾ ਸਗੋਂ ਅਗਰਗਾਮੀ ਮਾਨਵਵਾਦੀ ਬਣਾ ਦਿੰਦਾ ਹੈ।’
ਇਸ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਵਰਿਆਮ ਸਿੰਘ ਸੰਧੂ ਦਾ ਆਪਣਾ ਕਹਾਣੀ ਸੰਗ੍ਰਹਿ ‘ਲੋਹੇ ਦੇ ਹੱਥ’ (1971) ਪ੍ਰਕਾਸ਼ਿਤ ਹੋ ਚੁੱਕਾ ਸੀ। ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਵਰਿਆਮ ਸਿੰਘ ਸੰਧੂ ਦੇ ਕਹਾਣੀ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਉਤਰ ਪ੍ਰਗਤੀਵਾਦੀ ਲਹਿਰ ਨਾਲ ਸਬੰਧਿਤ ਹੋਣ ਕਾਰਨ ਇਨਕਲਾਬੀ ਸੰਘਰਸ਼ ਨੂੰ ਪ੍ਰਣਾਈਆਂ ਹੋਈਆਂ ਹਨ। ਪਰ ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਸਾਰ ਦਾ ਅਧਿਐਨ ਕਰਦਿਆਂ ਉਹ ਆਪਣੀ ਵਿਚਾਰਧਾਰਕ ਪਹੁੰਚ ਉਸ ਦੀਆਂ ਕਹਾਣੀਆਂ ਉੱਤੇ ਲਾਗੂ ਨਹੀਂ ਕਰਦਾ ਅਤੇ ਨਾ ਹੀ ਵਿਰਕ ਦੀਆਂ ਕਹਾਣੀਆਂ ਵਿਚੋਂ ਅਜਿਹੇ ਬਿਰਤਾਂਤਕ ਹਵਾਲੇ ਲੱਭਣ ਵੱਲ ਰੁਚਿਤ ਹੈ ਜਿਸ ਨਾਲ ਵਿਰਕ ਨੂੰ ‘ਕ੍ਰਾਂਤੀਕਾਰੀ’ ਸਿੱਧ ਕੀਤਾ ਜਾ ਸਕੇ। ਉਹ ਵਿਰਕ ਦੇ ਮਾਨਵਵਾਦ ਰਾਹੀਂ ਹੀ ਉਸ ਦੀ ਗਲਪ ਦ੍ਰਿਸ਼ਟੀ ਨੂੰ ਡੀਕੋਡ ਕਰਦਾ ਹੈ। ਸੰਧੂ ਪੂਰਵ ਧਾਰਨਾਵਾਂ ਰਾਹੀਂ ਵਿਰਕ ਦੀਆਂ ਕਹਾਣੀਆਂ ਵਿਚੋਂ ਕੁਝ ਲੱਭਣ ਦਾ ਯਤਨ ਨਹੀਂ ਕਰਦਾ ਸਗੋਂ ਕਹਾਣੀਆਂ ਦੇ ਪ੍ਰਵਚਨ ਅਤੇ ਪਾਸਾਰਾਂ ਦੇ ਆਧਾਰ ’ਤੇ ਆਪਣੀਆਂ ਧਾਰਨਾਵਾਂ ਬਣਾਉਂਦਾ ਹੈ। ਉਦਾਹਰਨ ਵਜੋਂ ਸੰਧੂ, ਵਿਰਕ ਨੂੰ ਪੂੰਜੀਵਾਦੀ ਕੀਮਤਾਂ ਨੂੰ ਰੱਦ ਕਰਦਾ ਅਤੇ ਵਿਕਾਸ ਦੀ ਪ੍ਰਕਿਰਿਆ ਵਿਚ ਗਤੀਸ਼ੀਲ ਸਮਾਜਿਕ ਕਦਰਾਂ ਕੀਮਤਾਂ ਦਾ ਹਮਾਇਤੀ ਦੱਸਦਾ ਹੈ। ਇਸ ਕਰਕੇ ਉਹ ਵਿਰਕ ਨੂੰ ਅਣਗੌਲੇ ਲੋਕਾਂ ਦੇ ਦਰਦ ਨੂੰ ਜ਼ੁਬਾਨ ਦੇਣ ਵਾਲਾ ਲੇਖਕ ਕਹਿੰਦਾ ਹੈ ਅਤੇ ਅਤਿ-ਭਾਵੁਕਤਾ ਤੇ ਅਤਿ-ਕਰੁਣਾ ਤੋਂ ਮੁਕਤ ਹੋ ਕੇ ਉਨ੍ਹਾਂ ਦੇ ਗੌਲਣਯੋਗ ਪੱਖ ਤੇ ਵਿਹਾਰ ਨੂੰ ਸਾਹਮਣੇ ਲਿਆਉਂਦਾ ਹੈ। ਵਰਿਆਮ ਸਿੰਘ ਸੰਧੂ ਅਨੁਸਾਰ ਵਿਰਕ ਵਰਗ ਸਮਾਜ ਦੇ ਅਦਿੱਖ ਅਤੇ ਅਪ੍ਰਤੱਖ ਸਬੰਧਾਂ ਤੇ ਸਾਰਾਂ ਨੂੰ ਵਰਤਮਾਨ ਰਾਹੀਂ ਚਿਤਰਦਿਆਂ ਭਵਿੱਖਮੁਖੀ ਨਤੀਜਿਆਂ ਨੂੰ ਧਿਆਨ ਵਿਚ ਰੱਖਦਾ ਹੈ। ਇਸ ਲਈ ਉਹ ਸਮਾਜ ਵਿਚ ਦਮਿਤ ਪਾਤਰਾਂ ਪ੍ਰਤਿ ਅਛੋਪਲੇ ਹੀ ਅਜਿਹੇ ਭਾਵਾਂ ਦਾ ਨਿਰਮਾਣ ਕਰ ਜਾਂਦਾ ਹੈ ਜਿਹੜੇ ਉਨ੍ਹਾਂ ਨੂੰ ਸਮਾਜ ਤੇ ਭਾਈਚਾਰੇ ਵਿਚ ਗੌਲਣਯੋਗ ਬਣਾ ਦਿੰਦੇ ਹਨ। ਪ੍ਰਗਤੀਵਾਦੀ ਕਹਾਣੀਕਾਰਾਂ ਵਾਂਗ ਵਿਰਕ ਵਰਗ ਸਮਾਜ ਦੀ ਸਿੱਧੀ ਟੱਕਰ ਨੂੰ ਆਪਣੀਆਂ ਕਹਾਣੀਆਂ ਪੇਸ਼ ਨਹੀਂ ਕਰਦਾ। ਸੰਧੂ ਦੇ ਸ਼ਬਦਾਂ ਵਿਚ, ‘‘ਵਿਰਕ ਭਾਵੇਂ ਵਰਗ ਸਮਾਜ ਦੇ ਸਿੱਧੇ ਚਿੱਤਰ ਘੱਟ ਹੀ ਪੇਸ਼ ਕਰਦਾ ਹੈ ਪਰ ਉਹਦੀ ਵਿਗਿਆਨਕ ਸਮਝ ਰਿਸ਼ਤਿਆਂ ਤੇ ਕੀਮਤਾਂ ਦਾ ਸਹੀ ਵਿਸ਼ਲੇਸ਼ਣ ਕਰਦੀ ਹੈ। ਉਸ ਨੂੰ ਪਤਾ ਹੈ ਕਿ ਵਰਗ ਵਿਚ ਵੰਡੇ ਸਮਾਜ ਵਿਚ ਇਕ ਜਮਾਤ ਪੈਸੇ ਦੇ ਜ਼ੋਰ ਨਾਲ ਦੂਜਿਆਂ ਦੀ ਮਿਹਨਤ ਲੁੱਟ ਰਹੀ ਹੈ ਤੇ ਆਪ ਐਸ਼ ਦਾ ਜੀਵਨ ਬਿਤਾ ਰਹੀ ਹੈ।’’ ਇਸ ਤਰ੍ਹਾਂ ਉਹ ਵਿਰਕ ਨੂੰ ਉਸ ਦੀ ਮਾਨਵਵਾਦੀ ਸੁਹਿਦਰਤਾ ਰਾਹੀਂ ਪ੍ਰਤਗਤੀਵਾਦੀ ਵਿਚਾਰਧਾਰਾ ਦੇ ਹਾਮੀਆਂ ਦੇ ਬਰਾਬਰ ਰੱਖਦਿਆਂ ਉਸ ਦੀ ਅਨੂਪਤਾ ਨੂੰ ਸਾਹਮਣੇ ਲਿਆਉਂਦਾ ਹੈ।
ਇਸ ਪੁਸਤਕ ਵਿਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚਲੇ ਕਾਮ ਅਤੇ ਪ੍ਰੇਮ ਸਬੰਧਾਂ ਨੂੰ ਵੀ ਅਧਿਐਨ ਦਾ ਕੇਂਦਰ ਬਣਾਇਆ ਗਿਆ ਹੈ। ਵਰਿਆਮ ਸਿੰਘ ਸੰਧੂ ਪਹਿਲਾਂ ਕਾਮ ਤੇ ਪ੍ਰੇਮ ਦੇ ਜਜ਼ਬੇ ਨੂੰ ਮਨੋਵਿਗਆਨਕ ਅਤੇ ਜੈਵਿਕ ਦ੍ਰਿਸ਼ਟੀ ਤੋਂ ਸਮਝਣ ਸਮਝਾਉਣ ਦਾ ਯਤਨ ਕਰਦਾ ਹੈ ਜਿਸ ਨੂੰ ਉਹ ਜੀਵਨ ਦੀ ਇਕ ਬੁਨਿਆਦੀ ਸ਼ਕਤੀ ਕਹਿੰਦਾ ਹੈ। ਇਸ ਉਪਰੰਤ ਉਹ ਵਿਰਕ ਦੀਆਂ ਕਹਾਣੀਆਂ ਵਿਚ ਇਨ੍ਹਾਂ ਸਬੰਧਾਂ ਨੂੰ ‘ਪ੍ਰਧਾਨ ਵਿਸ਼ਾ’ ਕਹਿੰਦਾ ਹੈ। ਉਸ ਨੂੰ ਵਿਰਕ ਕਾਮਨਾਵਾਂ ਦੀ ਪੂਰਤੀ ਦੇ ਹੱਕ ਵਿਚ ਆਵਾਜ਼ ਉਠਾਉਂਦਾ ਜਾਪਦਾ ਹੋਇਆ ਸਦਾਚਾਰਕ ਰੁਕਾਵਟਾਂ ਨੂੰ ਮੇਟਣ ਅਤੇ ਨਵੇਂ ਪੂੰਜੀਵਾਦੀ ਸੰਕਲਪਾਂ ਦੀ ਹਮਾਇਤ ਕਰਨ ਵਾਲਾ ਭਾਸਦਾ ਹੈ। ਉਸ ਦਾ ਮੰਨਣਾ ਹੈ ਕਿ ਪੂੰਜੀਵਾਦੀ ਪ੍ਰਬੰਧ ਦੇ ਜਿੱਥੇ ਨਾਕਾਰਾਤਮਕ ਪਹਿਲੂ ਹਨ ਉੱਥੇ ਇਸ ਪ੍ਰਬੰਧ ਕਾਰਨ ਦਮਿਤ ਇੱਛਾਵਾਂ ਤੇ ਅਕਾਂਖਿਅਵਾਂ ਨੂੰ ਤੀਬਰਤਾ ਵੀ ਦਿੱਤੀ ਹੈ, ਨਤੀਜੇ ਵਜੋਂ ਭਾਰਤੀ ਸਮਾਜ ਵਿਚ ਪਿਆਰ ਤੇ ਕਾਮ ਸਬੰਧੀ ਔਰਤ ਮਰਦ ਦਾ ਰਵੱਈਆ ਪਹਿਲਾਂ ਵਰਗਾ ਕੱਟੜ ਨਹੀਂ ਰਿਹਾ। ਇਸ ਕਾਰਨ ਸਾਹਿਤ ਵਿਚ ਵੀ ਇਨ੍ਹਾਂ ਦਾ ਪ੍ਰਗਾਟਾਵਾ ਨਿਸੰਗ ਤੇ ਬੇਰੋਕ ਹੋਇਆ ਹੈ। ਸੰਧੂ ਇਹ ਦਲੀਲ ਦਿੰਦਾ ਹੈ ਕਿ ਕੁਲਵੰਤ ਸਿੰਘ ਵਿਰਕ ਨੇ ਅਤ੍ਰਿਪਤ ਕਾਮਨਾਵਾਂ ਅਤੇ ਲੋੜੋਂ ਵੱਧ ਕਾਮ ਖੇਡ ਦੋਵੇਂ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਇਆ ਹੈ। ‘ਇਹ ਵਰਨਣ ਕਲਾਤਮਕ ਪ੍ਰਗਟਾ ਦੀ ਹੱਦ ਨੂੰ ਉਦੋਂ ਹੀ ਛੂੰਹਦਾ ਹੈ, ਜਦੋਂ ਇਹ ਪਿਆਰ ਅਤੇ ਜੀਵਨ-ਰਚਨਾ ਦੇ ਮੁੱਢਲੇ ਮਨੁੱਖੀ ਪ੍ਰਸੰਗਾਂ ਤੋਂ ਪ੍ਰੇਰਿਤ ਹੋ ਕੇ ਰਚਨਾ ਦਾ ਰੂਪ ਧਾਰਨ ਕਰਦਾ ਹੈ। ਉਲਾਰ ਅਤੇ ਵਹਿਸ਼ੀ ਕਿਸਮ ਦੀਆਂ ਲਿੰਗ ਰੁਚੀਆਂ ਵੱਲ ਹਮੇਸ਼ਾ ਵਿਅੰਗਾਤਮਕ ਟੇਢ ਦੀ ਦ੍ਰਿਸ਼ਟੀ ਨਾਲ ਵੇਖਣਾ ਅਤੇ ਮਨੁੱਖ ਦੇ ਸੂਖ਼ਮ ਬੋਧ ਲਈ ਲਿੰਗ ਸਬੰਧੀ ਗਿਆਨ ਦਾ ਸਿਹਤਮੰਦ ਰਚਨਾਤਮਿਕ ਢੰਗ ਨਾਲ ਸੰਚਾਰ ਕਰਨਾ ਵੀ ਪਿਆਰ ਤੇ ਜੀਵਨ ਰਚਨਾ ਦੇ ਮੁੱਢਲੇ ਪ੍ਰਸੰਗਾਂ ਦਾ ਵਿਸਤਾਰ ਹੈ।’ ਇਸ ਤਰ੍ਹਾਂ ਉਹ ਵਿਰਕ ਦੀਆਂ ਕਹਾਣੀਆਂ ਵਿਚ ਕਾਮ ਅਤੇ ਪ੍ਰੇਮ ਸਬੰਧਾਂ ਦੇ ਉਨ੍ਹਾਂ ਪਾਸਾਰਾਂ ਨੂੰ ਉਘਾੜਦਾ ਹੈ ਜਿਨ੍ਹਾਂ ਦਾ ਸਮਾਜਿਕ ਸਭਿਆਚਾਰਕ ਜੀਵਨ ਵਿਚ ਅਹਿਮ ਤੇ ਮੁੱਲਵਾਨ ਸਥਾਨ ਹੈ ਕਿਉਂਕਿ ਉਸ ਅਨੁਸਾਰ ਕਹਾਣੀਆਂ ਵਿਚ ਅਤ੍ਰਿਪਤੀ ਤੋਂ ਪੈਦਾ ਹੋਏ ਕੁ-ਪ੍ਰਭਾਵ ਅਤੇ ਤ੍ਰਿਪਤੀ ਤੋਂ ਪੈਦਾ ਹੋਏ ਸੁ-ਪ੍ਰਭਾਵਾਂ ਦੀ ‘ਝਾਕੀ’ ਪੇਸ਼ ਕਰਨਾ ਹੀ ਵਿਰਕ ਦੀ ਪ੍ਰਾਪਤੀ ਹੈ। ਇਹ ਦ੍ਰਿਸ਼ਟੀਗਤ ਵਿਲੱਖਣਤਾ ਹੀ ਉਸ ਨੂੰ ਕਾਮ ਅਤੇ ਪ੍ਰੇਮ ਸਬੰਧਾਂ ਦੇ ਸਹਿਜ ਤੇ ਸੁਭਾਵਿਕ ਚਿਤਰਨ ਕਰਨ ਵਿਚ ਸਹਾਇਤਾ ਕਰਦੀ ਹੋਈ ਭੂਪਵਾਦੀ ਸੰਸਕਾਰਾਂ ਤੇ ਸੰਕਲਪਾਂ ਨੂੰ ਤੋੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਉਸ ਨੂੰ ਪਿਆਰ ਸਬੰਧੀ ਆਦਰਸ਼ਵਾਦੀ ਨਜ਼ਰੀਏ ਤੋਂ ਮੁਕਤ ਕਹਾਣੀਕਾਰ ਬਣਾਉਂਦੀ ਹੈ।
ਵਰਿਆਮ ਸਿੰਘ ਸੰਧੂ ਵਿਰਕ ਦੀਆਂ ਕਹਾਣੀਆਂ ਵਿਚ ਨਵੀਂ ਔਰਤ ਦੇ ਪਛਾਣ ਚਿੰਨ੍ਹਾਂ ਦੀ ਤਲਾਸ਼ ਕਰਦਾ ਹੈ ਤਾਂ ਉਹ ਪਰਿਵਰਤਨਸ਼ੀਲ ਸਮਾਜਿਕ ਆਰਥਿਕ ਅਵਸਥਾ ਵਿਚੋਂ ਪੈਦਾ ਹੁੰਦੀ ਨਵੀਂ ਮਨੁੱਖੀ ਬਣਤਰ ਦੀ ਸ਼ਨਾਖਤ ਕਰਦਿਆਂ ਔਰਤ ਨੂੰ ਨਵੀਂ ਸੰਵੇਦਨਾ ਦਾ ਹਾਣੀ ਤਸੱਵੁਰ ਕਰਦਾ ਹੈ। ਇਸੇ ਆਧਾਰ ’ਤੇ ਹੀ ਉਹ ਵਿਰਕ ਦੀਆਂ ਕਹਾਣੀਆਂ ਵਿਚ ਪੇਸ਼ ਨਵੀਂ ਔਰਤ ਨੂੰ ਪਛਾਣਦਾ ਹੈ। ਉਸ ਦਾ ਮੰਨਣਾ ਹੈ ਕਿ ‘ਨਵੀਂ ਔਰਤ ਤੋਂ ਭਾਵ ਨਵੇਂ ਬਦਲਦੇ ਪਦਾਰਥਕ ਹਾਲਾਤ ਅਨੁਸਾਰ ਬਦਲ ਰਹੀ ਨਵੀਂ ਚੇਤਨਾ, ਨਵੀਂ ਸੰਵੇਦਨਾ ਵਾਲੀ ਔਰਤ ਤੋਂ ਹੈ।’ ਇਸ ਤਰ੍ਹਾਂ ਉਹ, ਵਿਰਕ ਦੁਆਰਾ ਔਰਤ ਦੇ ਚਿਤਰਨ ਨੂੰ ਆਧੁਨਿਕ ਦ੍ਰਿਸ਼ਟੀ ਨਾਲ ਸਮਝਦਾ ਸਮਝਾਉਂਦਾ ਹੈ।
ਸੰਧੂ ਅਨੁਸਾਰ ਕੁਲਵੰਤ ਸਿੰਘ ਵਿਰਕ ਸਮਾਜਿਕ ਆਰਥਿਕ ਸਿਧਾਂਤ ਦੇ ਅਧੀਨ ਕਹਾਣੀ ਨਹੀਂ ਲਿਖਦਾ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਭੂਪਵਾਦੀ ਕਰਦਾਂ ਕੀਮਤਾਂ ਦਾ ਹਮਾਇਤੀ ਹੈ ਜਾਂ ਉਹ ਗ਼ਰੀਬ ਤਬਕੇ ਪ੍ਰਤਿ ਅਸੰਵੇਦਨਸ਼ੀਲ ਬਿਰਤੀ ਵਾਲਾ ਲੇਖਕ ਹੈ। ਸਗੋਂ ਵਿਰਕ ਤਾਂ ਸਾਹਿਤ ਦੀ ‘ਸਮਾਜਿਕਤਾ’ ਨੂੰ ਉਭਾਰਦਾ ਹੈ। ਸੰਧੂ ਅਨੁਸਾਰ ‘ਵਿਰਕ ਕਲਾ ਦੇ ਸਮਾਜਿਕ ਅਰਥ ਤੋਂ ਸੁਚੇਤ ਹੈ। ਉਹ ਲੇਖਕ ਨੂੰ ‘ਪਤਲ-ਚੰਮਾ’ਤੇ ਸਮਾਜ ਦਾ ‘ਕੰਡ ਮੰਨਣ ਵਾਲਾ ਭਾਗ’ ਕਹਿੰਦਾ ਹੈ। ਉਸ ਅਨੁਸਾਰ ਲੇਖਕ ਹਮੇਸ਼ਾਂ ਗ਼ਰੀਬਾਂ ਦਾ ਸਾਥੀ ਹੈ ਕਿਉਂਕਿ ਹੋਰ ਲੋਕਾਂ ਨਾਲੋਂ ਉਸ ਨੂੰ ਗ਼ਰੀਬਾਂ ਦੀ ਗ਼ਰੀਬੀ ਦਾ ਅਹਿਸਾਸ ਤੇ ਦੁੱਖ ਜ਼ਿਆਦਾ ਹੁੰਦਾ ਹੈ।’ ਪਰ ਸੰਧੂ ਦੀ ਸਥਾਪਨਾ ਹੈ ਕਿ ਵਿਰਕ ਪ੍ਰਗਤੀਵਾਦੀ ਲੇਖਕਾਂ ਵਾਂਗ ‘ਉਪਭਾਵੁਕ’ ਹੋ ਕੇ ਗ਼ਰੀਬਾਂ ਜਾਂ ਹਾਸ਼ੀਆਗਤ ਵਰਗ ਦੀਆਂ ਸਮੱਸਿਆਵਾਂ ਤੇ ਸਮਾਚਾਰਾਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪਰਚਾਰ ਦਾ ਮਾਧਿਅਮ ਨਹੀਂ ਬਣਾਉਂਦਾ। ਪਰ ਦੂਜੇ ਪਾਸੇ ਮਨੁੱਖ ਹਮੇਸ਼ਾਂ ਉਸ ਦੀ ਨਜ਼ਰ ਵਿਚ ਰਹਿੰਦਾ ਹੈ। ਉਸ ਦੀ ਨਜ਼ਰ ਵਿਅਕਤੀ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਟਿਕਦੀ ਹੈ ਕਿਉਂਕਿ ਵਿਰਕ ਸਮਾਜ ਵਿਗਿਆਨ ਤੇ ਮਨੋਵਿਗਿਆਨ ਵਿਚ ਸੰਤੁਲਨ ਬਣਾ ਕੇ ਰੱਖਣ ਵਾਲਾ ਲੇਖਕ ਹੈ। ਉਹ ਵਿਰਕ ਦੀਆਂ ਕਹਾਣੀਆਂ ਦੀ ਖ਼ੂਬੀ ਬਿਆਨ ਕਰਦਾ ਕਹਿੰਦਾ ਹੈ ਕਿ ‘ਉਹ ਮੌਤ ਤੇ ਜ਼ਿੰਦਗੀ ਵਿਚਲੀ ਸਦੀਵੀ ਕਸ਼ਕਮਸ਼ ਨੂੰ ਇਕ ਟਿਕਾ ਵਿਚ ਨਿਸ਼ਚਿਤ ਕਰ ਸਕਣ ਦੇ ਯਤਨ ਵਿਚ ਹੈ ਤਾਂ ਕਿ ਇਸ ਜਦੋਜਹਿਦ ਦੀ ਕਹਾਣੀ ਸਾਂਝੀ ਹਾਰ ਦੀ ਕਹਾਣੀ ਨਾ ਬਣ ਜਾਏ।’
ਸਮਕਾਲ ਵਿਚ ਕੁਲਵੰਤ ਸਿੰਘ ਵਿਰਕ ਨੂੰ ਸਮਝਣ ਸਮਝਾਉਣ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤਾਂ ਇਸ ਦਿਸ਼ਾ ਵਿਚ ਇਹ ਪੁਸਤਕ ਸਹਾਈ ਹੋ ਸਕਦੀ ਹੈ।
ਸੰਪਰਕ: 94676-54643