ਡਾ. ਲਖਵੀਰ ਸਿੰਘ ਨਾਮਧਾਰੀ
ਪੰਜਾਬ ਦੇ ਪਿੰਡਾਂ ਦਾ ਇਤਿਹਾਸ ਕ੍ਰਾਂਤੀਕਾਰੀ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸੇ ਤਰ੍ਹਾਂ ਦੇਸ਼ ਦੀ ਮੰਡੀ ਕਲਾਂ ਦੇ ਗਿਆਨੀ ਰਤਨ ਸਿੰਘ ਨੇ ਵੀ ਦੇਸ਼ ਦੀ ਆਜ਼ਾਦੀ ਲਈ ਵਡਮੁੱਲਾ ਯੋਗਦਾਨ ਪਾਇਆ। ਮੰਡੀ ਕਲਾਂ (ਬਠਿੰਡਾ) ਵਿੱਚ ਜਨਮੇ ਰਤਨ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੀ ਤਾਜੋ ਪੱਤੀ ਵਿੱਚ ਬਣੇ ਡੇਰੇ ’ਚੋਂ ਬਾਬਾ ਆਂਚਲ ਸਿੰਘ ਤੋਂ ਲਈ। ਤੇਜ਼ ਬੁੱਧੀ ਬਾਲਕ ਹੋਣ ਕਰਕੇ ਬਾਬਾ ਆਂਚਲ ਸਿੰਘ ਦੇ ਕਹਿਣ ’ਤੇ ਰਤਨ ਸਿੰਘ ਨੂੰ ਲਾਹੌਰ ਪੜ੍ਹਨ ਭੇਜਿਆ ਗਿਆ। ਉੱਥੇ ਉਹ ਗੁਰਬਾਣੀ ਅਤੇ ਸੰਸਕ੍ਰਿਤ ਦਾ ਅਧਿਐਨ ਕਰਕੇ ਉੱਚਕੋਟੀ ਦੇ ਵਿਦਵਾਨ ਬਣੇ ਅਤੇ ਗਿਆਨੀ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋਏ। ਗਿਆਨੀ ਰਤਨ ਸਿੰਘ ਦੀ ਪ੍ਰਤਿਸ਼ਠਾ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲ ਗਈ, ਜਿਸ ਦੀ ਚਰਚਾ ਸੁਣ ਕੇ ਉਨ੍ਹਾਂ ਨੂੰ ਪਟਿਆਲੇ ਦੇ ਰਾਜ ਘਰਾਣੇ ਵਿੱਚ ਬੁਲਾ ਲਿਆ ਗਿਆ। ਉਥੇ ਉਨ੍ਹਾਂ ਨੇ ਸ਼ਾਹੀ ਘਰਾਣਿਆਂ ਵਿੱਚ ਗੁਰਬਾਣੀ ਅਤੇ ਗੁਰ ਇਤਿਹਾਸ ਦਾ ਪ੍ਰਚਾਰ ਕੀਤਾ।
ਪਿੰਡ ਮੰਡੀ ਕਲਾਂ ਵਿੱਚ ਬਾਬਾ ਆਂਚਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਪਿੰਡ ਵਾਸੀ ਪਟਿਆਲੇ ਰਾਜ ਘਰਾਣੇ ਵਿੱਚ ਗਏ ਅਤੇ ਗਿਆਨੀ ਰਤਨ ਸਿੰਘ ਨੂੰ ਪਟਿਆਲੇ ਤੋਂ ਮੰਡੀ ਕਲਾਂ ਲੈ ਆਏ। ਗਿਆਨੀ ਰਤਨ ਸਿੰਘ ਨੂੰ ਡੇਰੇ ਦਾ ਮਹੰਤ ਥਾਪ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਬਸਤੀਵਾਦੀ ਅੰਗਰੇਜ਼ ਦਾ ਗੁਲਾਮ ਹੋ ਚੁੱਕਿਆ ਸੀ। ਦੇਸ਼ੀ ਰਾਜੇ-ਮਹਾਰਾਜੇ ਅੰਗਰੇਜ਼ਾਂ ਦੀ ਕਠਪੁਤਲੀ ਬਣ ਗਏ ਸਨ। ਮੰਦਰਾਂ, ਗੁਰਦੁਆਰਿਆਂ ਵਿੱਚ ਵੀ ਅੰਗਰੇਜ਼ਾਂ ਦੇ ਸੋਹਲੇ ਗਾਏ ਜਾਣ ਲੱਗ ਪਏ ਸਨ। ਅਜਿਹੇ ਅੰਧਕਾਰ ਦੇ ਸਮੇਂ ਵਿੱਚ ਲੋਕਾਂ ਨੂੰ ਗੁਰਸਿੱਖੀ, ਆਪਣੀ ਅਮੀਰ ਵਿਰਾਸਤ ਨਾਲ ਜੋੜਨ ਅਤੇ ਅੰਗਰੇਜ਼ਾਂ ਤੋਂ ਮੁਕਤੀ ਦਿਵਾਉਣ ਲਈ ਕੂਕਾ ਅੰਦੋਲਨ ਦਾ ਉਥਾਨ ਹੋਇਆ। ਕੂਕਾ ਲਹਿਰ ਦੇ ਬਾਨੀ ਗੁਰੂ ਰਾਮ ਸਿੰਘ ਨੇ ਜਿੱਥੇ ਸਮਾਜ ਸੁਧਾਰ ਲਈ ਕ੍ਰਾਂਤੀਕਾਰੀ ਕਦਮ ਉਠਾਏ, ਉੱਥੇ ਹੀ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਨਾ-ਮਿਲਵਰਤਨ ਅਤੇ ਸਵਦੇਸ਼ੀ ਦਾ ਅਜਿਹਾ ਹਥਿਆਰ ਵਰਤਿਆ, ਜਿਸ ਨਾਲ ਅੰਗਰੇਜ਼ ਅੰਦਰ ਤੱਕ ਕੰਬ ਗਏ।
ਨਾਮਧਾਰੀ ਲਹਿਰ ਦੀ ਵਧਦੀ ਲੋਕਪ੍ਰਿਅਤਾ ਦੇਖ ਕੇ ਮੰਡੀ ਕਲਾਂ ਦੇ ਗਿਆਨੀ ਰਤਨ ਸਿੰਘ ਭੈਣੀ ਸਾਹਿਬ ਗਏ ਅਤੇ ਗੁਰੂ ਰਾਮ ਸਿੰਘ ਵੱਲੋਂ ਗੁਰਸਿੱਖੀ ਪ੍ਰਚਾਰ, ਪ੍ਰਸਾਰ ਅਤੇ ਆਜ਼ਾਦੀ ਦੀ ਪ੍ਰਾਪਤੀ ਲਈ ਆਰੰਭੇ ਸੰਘਰਸ਼ ਕੂਕਾ ਅੰਦੋਲਨ ਵਿੱਚ ਕੁੱਦ ਪਏ। ਗੁਰੂ ਰਾਮ ਸਿੰਘ ਨੇ ਗਿਆਨੀ ਰਤਨ ਸਿੰਘ ਦੀ ਵਿਦਵਤਾ ਨੂੰ ਵੇਖਦਿਆਂ ਉਨ੍ਹਾਂ ਨੂੰ ਕੂਕਾ ਅੰਦੋਲਨ ਦਾ ‘ਸੂਬਾ’ ਥਾਪ ਦਿੱਤਾ । ਸੂਬਾ ਗਿਆਨੀ ਰਤਨ ਸਿੰਘ ਸਿੱਖੀ ਸਿਧਾਂਤਾਂ ਅਤੇ ਅੰਗਰੇਜ਼ਾਂ ਵਿਰੁੱਧ ਨਾ-ਮਿਲਵਰਤਣ ਦਾ ਪ੍ਰਚਾਰ ਕਰਨ ਵਾਲੇ ਪ੍ਰਮੁੱਖ ਸੂਬਿਆਂ ’ਚੋਂ ਸਰਗਰਮ ਹੋ ਕੇ ਨਿੱਤਰੇ। ਅੰਗਰੇਜ਼ ਸਰਕਾਰ ਦੀਆਂ ਜ਼ਿਆਦਤੀਆਂ ਵਿਰੁੱਧ ਸਖ਼ਤ ਪ੍ਰਚਾਰ ਕਰਨ ਕਰਕੇ ਸੂਬਾ ਗਿਆਨੀ ਰਤਨ ਸਿੰਘ ਅੰਗਰੇਜ਼ਾਂ ਦੀਆਂ ਨਜ਼ਰਾਂ ’ਚ ਰੜਕਣ ਲੱਗੇ।
15 ਜੁਲਾਈ 1871 ਨੂੰ ਰਾਏਕੋਟ ਦੇ ਬੁੱਚੜਖਾਨੇ ’ਤੇ ਹਮਲਾ ਹੋ ਗਿਆ, ਜੋ ਕਿ ਟਾਹਲੀਆਣਾ ਗੁਰਦੁਆਰੇ ਕੋਲ ਅੰਗਰੇਜ਼ਾਂ ਨੇ ਖੁੱਲ੍ਹਵਾਇਆ ਹੋਇਆ ਸੀ। ਇਸ ਦੋਸ਼ ਵਿੱਚ ਗਵਾਹੀਆਂ ਦੇ ਆਧਾਰ ’ਤੇ ਪਿੱਥੋ ਪਿੰਡ ਦੇ ਨਾਮਧਾਰੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਟਨਾ ਨਾਲ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਵੀ ਵਾਅਦਾਮੁਆਫ਼ ਗਵਾਹ ਗੁਲਾਬ ਸਿੰਘ ਨੇ ਗਿਆਨੀ ਰਤਨ ਸਿੰਘ ’ਤੇ ਝੂਠਾ ਦੋਸ਼ ਲਾ ਦਿੱਤਾ। ਸ਼ਹੀਦ ਗਿਆਨੀ ਰਤਨ ਸਿੰਘ ਅਤੇ ਉਸ ਦੇ ਸਾਥੀ ਰਤਨ ਸਿੰਘ ਨਾਈਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਾਏਕੋਟ ਘਟਨਾ ਨਾਲ ਸਬੰਧਤ ਨਾਮਧਾਰੀ ਸਿੰਘਾਂ ਨੂੰ 27 ਜੁਲਾਈ 1871 ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ ਨਾਈਵਾਲਾ ਨੂੰ 20 ਜੁਲਾਈ 1871 ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਜੱਜ ਕੇ. ਐਸ. ਕੈਂਪਬੈਲ ਤੇ ਜੱਜ ਲਿੰਡਸੇ ਨੇ 23 ਨਵੰਬਰ 1871 ਨੂੰ ਦੋਹਾਂ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਅਤੇ 26 ਨਵੰਬਰ 1871 ਨੂੰ ਦੋਵਾਂ ਸਿੰਘਾਂ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਦੇ ਅੱਗੇ ਫਾਂਸੀ ਦੇ ਦਿੱਤੀ ਗਈ।
ਸੰਪਰਕ: 98768-50680