ਪੱਤਰ ਪ੍ਰੇਰਕ
ਤਰਨ ਤਾਰਨ, 2 ਦਸੰਬਰ
ਆਮ ਆਦਮੀ ਪਾਰਟੀ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਦਾ ਘਰ ਘਰ ਤੱਕ ਪ੍ਰਚਾਰ ਕਰਨ ਲਈ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਅੰਦਰ ਮਾਰਚ ਕੀਤਾ| ਪਾਰਟੀ ਨੇ ਲੋਕਾਂ ਨੂੰ ਬਿਹਤਰ ਸਮਾਜ ਦੀ ਸਿਰਜਣਾ ਕਰਨ ਲਈ ਸੂਬੇ ਅੰਦਰ ਅਰਵਿੰਦ ਕੇਜਰੀਵਾਲ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ| ਵਰਕਰਾਂ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਸੰਧੂ ਨੇ ਕੀਤੀ| ਇਹ ਮਾਰਚ ਗੁਰੂ ਤੇਗ ਬਹਾਦਰ ਨਗਰ, ਦੀਪ ਐਵੀਨਿਊ, ਨਾਨਕਸਰ ਆਦਿ ਤੱਕ ਕੀਤਾ ਗਿਆ| ਪਾਰਟੀ ਵਰਕਰਾਂ ਨੇ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਹ ਸਹੂਲਤਾਂ ਦਿਵਾਉਣ ਲਈ ਸੂਬੇ ਅੰਦਰ ‘ਆਪ’ ਦੀ ਸਰਕਾਰ ਬਣਾਉਣੀ ਸਮੇਂ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅੱਜ ਤੱਕ ਕਾਂਗਰਸ, ਅਕਾਲੀ ਦਲ, ਭਾਜਪਾ ਨੇ ਰਾਜ ਕੀਤਾ ਹੈ ਜਿਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਬਾਰੇ ਭੋਰਾ ਭਰ ਵੀ ਨਹੀਂ ਸੋਚਿਆ ਜਿਸ ਲਈ ਲੋਕਾਂ ਨੂੰ ਕੇਜਰੀਵਾਲ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ|