ਨਵੀਂ ਦਿੱਲੀ, 18 ਅਪਰੈਲ
ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮੁਲਕ ਨੂੰ ਖ਼ਪਤਕਾਰ ਅਤੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਦੇ ਪੱਖਾਂ ਤੋਂ ‘ਵਧੇਰੇ ਅਨਿਸ਼ਚਿਤਤਾ’ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਵੇਗੀ ਤਾਂ ਸਰਕਾਰ ਅਰਥਵਿਵਸਥਾ ਨਾਲ ਜੁੜੇ ਕਦਮ ਚੁੱਕ ਸਕਦੀ ਹੈ। ਉਪ ਚੇਅਰਮੈਨ ਨੇ ਕਿਹਾ ਕਿ ਜਦ ਵੀ ਜਿੰਨੀ ਵੀ ਲੋੜ ਪਏਗੀ, ਕਦਮ ਚੁੱਕੇੇ ਜਾਣਗੇ। ਰਾਜੀਵ ਕੁਮਾਰ ਨੇ ਇਹ ਗੱਲ ਮੰਨੀ ਕਿ ਮੌਜੂਦਾ ਸਥਿਤੀ ਪਿਛਲੇ ਸਾਲ ਨਾਲੋਂ ਵੱਧ ਮੁਸ਼ਕਲ ਬਣ ਗਈ ਹੈ। ਕੁਮਾਰ ਨੇ ਆਸ ਜਤਾਈ ਕਿ ਮੌਜੂਦਾ ਵਿੱਤੀ ਵਰ੍ਹੇ (31 ਮਾਰਚ, 2022 ਤੱਕ) ਦੇਸ਼ ਦੀ ਅਰਥਵਿਵਸਥਾ 11 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਤੇ ਕਈ ਸੂਬਿਆਂ ਨੂੰ ਲੋਕਾਂ ਦੀ ਆਵਾਜਾਈ ਉਤੇ ਪਾਬੰਦੀ ਲਾਉਣੀ ਪਈ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤ ਕੋਵਿਡ-19 ਨੂੰ ਖ਼ਤਮ ਕਰਨ ਦੇ ਨੇੜੇ ਪਹੁੰਚ ਚੁੱਕਾ ਸੀ ਪਰ ਯੂਕੇ ਅਤੇ ਹੋਰ ਮੁਲਕਾਂ ਤੋਂ ਫੈਲੇ ਵਾਇਰਸ ਦੇ ਨਵੇਂ ਸਰੂਪ ਨੇ ਸਥਿਤੀ ਬਹੁਤ ਮੁਸ਼ਕਲ ਬਣਾ ਦਿੱਤੀ ਹੈ। ਉਪ ਚੇਅਰਮੈਨ ਨੇ ਕਿਹਾ ਕਿ ਸੇਵਾ ਸੈਕਟਰ ਉਤੇ ਇਸ ਦਾ ਸਿੱਧਾ ਅਸਰ ਪਵੇਗਾ, ਕਰੋਨਾ ਦੀ ਦੂਜੀ ਲਹਿਰ ਆਰਥਿਕ ਸਰਗਰਮੀ ਉਤੇ ਅਸਿੱਧੇ ਅਸਰ ਵੀ ਪਾਵੇਗੀ। ਰਾਜੀਵ ਨੇ ਕਿਹਾ ਕਿ ਵਿੱਤ ਮੰਤਰਾਲਾ ਕੋਵਿਡ ਦੀ ਦੂਜੀ ਲਹਿਰ ਦੇ ਸਿੱਧੇ ਅਤੇ ਅਸਿੱਧੇ ਅਸਰਾਂ ਦਾ ਪਹਿਲਾਂ ਅਧਿਐਨ ਕਰੇਗਾ, ਉਸ ਤੋਂ ਬਾਅਦ ਹੀ ਆਰਥਿਕ ਪੈਕੇਜ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। -ਪੀਟੀਆਈ
ਜੀਡੀਪੀ ਬਾਰੇ ਅਨੁਮਾਨ ਘਟਾਏ
ਨਵੀਂ ਦਿੱਲੀ: ਕੋਵਿਡ-19 ਦੇ ਵਧਦੇ ਜੋਖ਼ਮ ਦੇ ਮੱਦੇਨਜ਼ਰ ਮੋਹਰੀ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੇ ਮੌਜੂਦਾ ਵਿੱਤੀ ਵਰ੍ਹੇ (2021-22) ਲਈ ਭਾਰਤ ਦੀ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਪਹਿਲਾਂ ਨਾਲੋਂ ਘਟਾ ਦਿੱਤੇ ਹਨ। ‘ਨੋਮੂਰਾ’ ਨੇ ਵਿਕਾਸ ਦਰ ਦੇ 13.5 ਪ੍ਰਤੀਸ਼ਤ ਤੋਂ ਘਟ ਕੇ 12.6 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਜਦਕਿ ‘ਜੇਪੀ ਮੌਰਗਨ’ ਨੇ ਵਿਕਾਸ ਦਰ 13 ਪ੍ਰਤੀਸ਼ਤ ਤੋਂ ਘਟਾ ਕੇ 11 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਹੈ। ‘ਯੂਬੀਐੱਸ’ ਨੇ ਜੀਡੀਪੀ ਦਰ 10 ਪ੍ਰਤੀਸ਼ਤ ਰਹਿਣ ਬਾਰੇ ਕਿਹਾ ਹੈ। ਜਦਕਿ ਪਹਿਲਾਂ 11.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ‘ਸਿਟੀ’ ਨੇ ਵਿਕਾਸ ਦਰ 12 ਪ੍ਰਤੀਸ਼ਤ ਰਹਿਣ ਦੀ ਆਸ ਜਤਾਈ ਹੈ। -ਪੀਟੀਆਈ