ਗੁਰਬਚਨ ਸਿੰਘ ਭੁੱਲਰ
ਪ੍ਰਸਿੱਧ ਧਾਰਮਿਕ ਸਥਾਨ, ਦਮਦਮਾ ਸਾਹਿਬ, ਤਲਵੰਡੀ ਸਾਬੋ ਮੇਰੇ ਪਿੰਡ ਪਿੱਥੋ ਤੋਂ ਅਠਾਰਾਂ ਕੋਹ ਵਾਟ ਹੈ। ਉਥੋਂ ਦੇ ਕਈ ਇਤਿਹਾਸਕ ਗੁਰਦੁਆਰਿਆਂ ਵਿਚੋਂ ਇਕ ਲਿੱਖਣਸਰ ਹੈ। ਤਲਵੰਡੀ ਸਾਬੋ ਲਗਦਾ ਵਿਸਾਖੀ ਦਾ ਮੇਲਾ ਹੁਣ ਤਾਂ ਸੜਕਾਂ ਤੇ ਆਵਾਜਾਈ ਦੇ ਸਾਧਨਾਂ ਸਦਕਾ ਭਰਨਾ ਹੀ ਹੋਇਆ, ਪੈਦਲ ਜਾਂ ਪਸੂ-ਸਵਾਰੀ ਦੇ ਉਸ ਜ਼ਮਾਨੇ ਵਿਚ ਵੀ ਖ਼ੂਬ ਰੌਣਕਾਂ ਹੋ ਜਾਂਦੀਆਂ। ਮਸ਼ੀਨੀਕਰਨ ਤੋਂ ਪਹਿਲਾਂ ਹਾੜ੍ਹੀ ਦੀ ਹੱਥੀਂ ਵਾਢੀ ਦੇ ਜ਼ੋਰੋ-ਜ਼ੋਰ ਕੰਮ ਦੇ ਬਾਵਜੂਦ ਦੂਰੋਂ-ਦੂਰੋਂ ਲੋਕ ਅਸ਼ਨਾਨ ਕਰਨ ਤੇ ਮੇਲਾ ਦੇਖਣ ਵਾਸਤੇ ਹੁੰਮਹੁੰਮਾ ਕੇ ਪੁਜਦੇ। ਪੜ੍ਹਾਈ ਸ਼ੁਰੂ ਹੋਈ ਤਾਂ ਅਸੀਂ ਸਕੂਲੀ ਵਿਦਿਆਰਥੀ ਇਸ ਭਰੋਸੇ ਨਾਲ ਵੀ ਤਲਵੰਡੀ ਦੇ ਮੇਲੇ ਜਾਂਦੇ ਕਿ ਗੁਰਦੁਆਰਾ ਲਿੱਖਣਸਰ ਦੇ ਵਿਹੜੇ ਵਿਚ ਅੱਖਰ ਲਿਖਣ ਨਾਲ ਵਿੱਦਿਆ ਬਹੁਤੀ ਆਉਂਦੀ ਹੈ। ਇਹ ਉਹ ਸਥਾਨ ਹੈ ਜਿਥੇ ਇਕ ਕੱਚੇ ਟੋਭੇ ਦੇ ਕਿਨਾਰੇ ਤੰਬੂ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਵੇਂ ਗੁਰੂ ਜੀ ਦੀ ਸੰਪਾਦਿਤ ਬੀੜ ਵਿਚ ਰਾਗਾਂ ਦੇ ਪੱਖੋਂ ਢੁੱਕਵੀਆਂ ਥਾਂਵਾਂ ਉੱਤੇ ਨੌਵੇਂ ਗੁਰੂ ਜੀ ਦੀ ਬਾਣੀ ਸ਼ਾਮਲ ਕੀਤੀ ਅਤੇ ਸੰਪੂਰਨ ਬੀੜ ਨਵੇਂ ਸਿਰਿਉਂ ਲਿਖਵਾਈ। ਇਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਜੋ ਹੁਣ ਪ੍ਰਕਾਸ਼ਮਾਨ ਹੈ।
ਮਨ ਵਿਚ ਜਦੋਂ ਲਿਖ ਸਕਣ ਦਾ ਤੇ ਫੇਰ ਲਿਖਣ ਦਾ ਵਿਚਾਰ ਲਗਰਾਂ ਛੱਡਣ ਲਗਿਆ, ਇਕ ਵੱਡੀ ਰੁਕਾਵਟ ਸਾਡੇ ਇਲਾਕੇ ਦਾ, ਜਿਸ ਨੂੰ ਓਦੋਂ ਜੰਗਲ ਕਿਹਾ ਜਾਂਦਾ ਸੀ, ਸਾਹਿਤਕਾਰਾਂ ਤੋਂ ਸੱਖਣਾ ਹੋਣਾ ਸੀ। ਭਾਈ ਕਾਨ੍ਹ ਸਿੰਘ ਜੱਦੀ-ਪੁਸ਼ਤੀ ਤਾਂ ਮੇਰੇ ਪਿੰਡ ਦੇ ਸਨ, ਪਰ ਉਹਨਾਂ ਦੀ ਪਰਵਰਿਸ਼ ਤੇ ਵਿੱਦਿਆ-ਸਿੱਖਿਆ ਨਾਭੇ ਰਹਿੰਦਿਆਂ ਹੋਈ ਤੇ ਉਹਨਾਂ ਦੇ ਨਾਂ ਨਾਲ ਨਾਭਾ ਹੀ ਜੁੜ ਗਿਆ। ਦੇਵਿੰਦਰ ਸਤਿਆਰਥੀ ਤੇ ਬਲਵੰਤ ਗਾਰਗੀ ਮੇਰੇ ਇਲਾਕੇ ਦੇ ਜੰਮ-ਪਲ ਜ਼ਰੂਰ ਸਨ ਪਰ ਉਹ ਵੀ ਦੂਰ-ਵਸੇਂਦੇ ਬਣ ਗਏ ਸਨ। ਲੇਖਕ ਕਿਤੇ ਲੁਧਿਆਣੇ ਵੱਲ ਤੇ ਉਸ ਤੋਂ ਵੀ ਅੱਗੇ ਜਲੰਧਰ-ਅੰਮ੍ਰਿਤਸਰ ਤੇ ਜਾਂ ਫੇਰ ਦੂਜੇ ਪਾਸੇ ਦਿੱਲੀ ਹੁੰਦੇ ਸਨ। ਚਿੱਤ ਵਿਚ ਆਉਂਦਾ, ਜਿਵੇਂ ਕੋਈ ਜ਼ਮੀਨ ਕਿਸੇ ਫਸਲ ਨੂੰ ਰਾਸ ਨਹੀਂ ਆਉਂਦੀ, ਲੇਖਕ ਵੀ ਸਾਡੇ ਇਲਾਕੇ ਵਿਚ ਨਹੀਂ ਰਹਿੰਦੇ-ਵਸਦੇ। ਅਜਿਹੇ ਮੌਕੇ ਲਿੱਖਣਸਰ ਦਾ ਚਾਨਣ ਦਿਖਾਈ ਦੇਣ ਲਗਦਾ।
ਪ੍ਰਸਿੱਧ ਧਾਰਮਿਕ ਸਥਾਨ, ਦਮਦਮਾ ਸਾਹਿਬ, ਤਲਵੰਡੀ ਸਾਬੋ ਮੇਰੇ ਪਿੰਡ ਪਿੱਥੋ ਤੋਂ ਅਠਾਰਾਂ ਕੋਹ ਵਾਟ ਹੈ। ਉਥੋਂ ਦੇ ਕਈ ਇਤਿਹਾਸਕ ਗੁਰਦੁਆਰਿਆਂ ਵਿਚੋਂ ਇਕ ਲਿੱਖਣਸਰ ਹੈ। ਤਲਵੰਡੀ ਸਾਬੋ ਲਗਦਾ ਵਿਸਾਖੀ ਦਾ ਮੇਲਾ ਹੁਣ ਤਾਂ ਸੜਕਾਂ ਤੇ ਆਵਾਜਾਈ ਦੇ ਸਾਧਨਾਂ ਸਦਕਾ ਭਰਨਾ ਹੀ ਹੋਇਆ, ਪੈਦਲ ਜਾਂ ਪਸੂ-ਸਵਾਰੀ ਦੇ ਉਸ ਜ਼ਮਾਨੇ ਵਿਚ ਵੀ ਖ਼ੂਬ ਰੌਣਕਾਂ ਹੋ ਜਾਂਦੀਆਂ। ਮਸ਼ੀਨੀਕਰਨ ਤੋਂ ਪਹਿਲਾਂ ਹਾੜ੍ਹੀ ਦੀ ਹੱਥੀਂ ਵਾਢੀ ਦੇ ਜ਼ੋਰੋ-ਜ਼ੋਰ ਕੰਮ ਦੇ ਬਾਵਜੂਦ ਦੂਰੋਂ-ਦੂਰੋਂ ਲੋਕ ਅਸ਼ਨਾਨ ਕਰਨ ਤੇ ਮੇਲਾ ਦੇਖਣ ਵਾਸਤੇ ਹੁੰਮਹੁੰਮਾ ਕੇ ਪੁਜਦੇ। ਪੜ੍ਹਾਈ ਸ਼ੁਰੂ ਹੋਈ ਤਾਂ ਅਸੀਂ ਸਕੂਲੀ ਵਿਦਿਆਰਥੀ ਇਸ ਭਰੋਸੇ ਨਾਲ ਵੀ ਤਲਵੰਡੀ ਦੇ ਮੇਲੇ ਜਾਂਦੇ ਕਿ ਗੁਰਦੁਆਰਾ ਲਿੱਖਣਸਰ ਦੇ ਵਿਹੜੇ ਵਿਚ ਅੱਖਰ ਲਿਖਣ ਨਾਲ ਵਿੱਦਿਆ ਬਹੁਤੀ ਆਉਂਦੀ ਹੈ। ਇਹ ਉਹ ਸਥਾਨ ਹੈ ਜਿਥੇ ਇਕ ਕੱਚੇ ਟੋਭੇ ਦੇ ਕਿਨਾਰੇ ਤੰਬੂ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਵੇਂ ਗੁਰੂ ਜੀ ਦੀ ਸੰਪਾਦਿਤ ਬੀੜ ਵਿਚ ਰਾਗਾਂ ਦੇ ਪੱਖੋਂ ਢੁੱਕਵੀਆਂ ਥਾਂਵਾਂ ਉੱਤੇ ਨੌਵੇਂ ਗੁਰੂ ਜੀ ਦੀ ਬਾਣੀ ਸ਼ਾਮਲ ਕੀਤੀ ਅਤੇ ਸੰਪੂਰਨ ਬੀੜ ਨਵੇਂ ਸਿਰਿਉਂ ਲਿਖਵਾਈ। ਇਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਜੋ ਹੁਣ ਪ੍ਰਕਾਸ਼ਮਾਨ ਹੈ।
ਗੁਰੂ ਜੀ ਇਸ ਇਲਾਕੇ ਵਿਚ ਆਮ ਉਗਦੇ ਸਰਕੜੇ ਦੀਆਂ ਕਲਮਾਂ ਆਪਣੇ ਹੱਥੀਂ ਘੜਦੇ ਅਤੇ ਲਿਖਾਰੀ ਤੋਂ ਲਿਖਾਈ ਕਰਦਿਆਂ ਘਸ ਕੇ ਮੋਟੀ ਹੋਣ ਲੱਗੀ ਕਲਮ ਨੂੰ ਪਾਸੇ ਸਾਂਭਦਿਆਂ ਨਵੀਂ ਘੜੀ ਹੋਈ ਕਲਮ ਦੇ ਦਿੰਦੇ। ਸਮੁੱਚੇ ਕਾਰਜ ਦੀ ਸੰਪੂਰਨਤਾ ਮਗਰੋਂ ਉਹਨਾਂ ਨੇ ਕੁਝ ਹੋਰ ਨਵੀਆਂ ਕਲਮਾਂ ਘੜੀਆਂ ਅਤੇ ਬੀੜ ਲਿਖਣ ਤੋਂ ਬਚੀ ਹੋਈ ਸਿਆਹੀ ਤੇ ਵਰਤੀਆਂ ਹੋਈਆਂ ਕਲਮਾਂ ਸਮੇਤ ਟੋਭੇ ਦੀ ਭੇਟ ਕਰ ਦਿੱਤੀਆਂ। ਉਸ ਟੋਭੇ ਨੂੰ ਉਹਨਾਂ ਨੇ ਲਿੱਖਣਸਰ ਦਾ ਨਾਂ ਦਿੱਤਾ ਅਤੇ ਵਚਨ ਕੀਤਾ ਕਿ ਇਹ ਸਥਾਨ ‘ਗੁਰੂ ਕੀ ਕਾਸ਼ੀ’ ਹੈ ਜਿਸ ਸਦਕਾ ਭਵਿੱਖ ਵਿਚ ਇਸ ਇਲਾਕੇ ਵਿਚ ਵਿੱਦਿਆ ਦਾ ਚਾਨਣ ਹੋਵੇਗਾ ਅਤੇ ਵਿਦਵਾਨ ਤੇ ਸ਼ਬਦ ਦੇ ਧਨੀ ਪੈਦਾ ਹੋਣਗੇ। ਯਾਤਰੀ ਗੁਰਦੁਆਰਾ ਲਿੱਖਣਸਰ, ਜੋ ਉਸ ਸਮੇਂ ਪੁਰਾਤਨ ਕੱਚੇ ਕਮਰੇ ਦੇ ਰੂਪ ਵਿਚ ਹੀ ਸਾਂਭਿਆ ਹੋਇਆ ਸੀ, ਦੇ ਰੇਤਲੇ ਵਿਹੜੇ ਵਿਚ ਕਿਤੇ ਵੀ ਬੈਠ ਕੇ ਹਥੇਲੀ ਨਾਲ ਥਾਂ ਸਾਫ਼ ਕਰਦੇ ਅਤੇ ਚਿਰਾਂ ਤੋਂ ਆਉਂਦਾ ੳ-ਅ ਇਕ ਵਾਰ ਫੇਰ ਉਂਗਲ ਨਾਲ ਲਿਖਦੇ। ਪੈਰਾਂ ਹੇਠ ਆ ਕੇ ਅੱਖਰਾਂ ਦੀ ਬੇਅਦਬੀ ਹੋਣ ਦੇ ਡਰੋਂ ਉਹ ਉਥੋਂ ਤੁਰਨ ਤੋਂ ਪਹਿਲਾਂ ਉਹਨਾਂ ਨੂੰ ਆਪ ਹੀ ਹਥੇਲੀ ਨਾਲ ਸਾਫ਼ ਵੀ ਕਰ ਦਿੰਦੇ। ਜਦੋਂ ਅਸੀਂ ਵਿਦਿਆਰਥੀ ਇਹ ਰੀਤ ਨਿਭਾ ਕੇ ਉਠਦੇ, ਯਕੀਨ ਹੋ ਜਾਂਦਾ ਕਿ ਵੱਧ ਨਹੀਂ ਤਾਂ ਸੌ ਵਿਚੋਂ ਪੰਜਾਹ ਨੰਬਰ ਤਾਂ ਪੱਕੇ ਹਨ! ਬਚਪਨ ਦੀ ਮਾਸੂਮ ਰੁੱਤ ਵਿਚ ਭਾਸ਼ਾ ਤੇ ਲਿਪੀ ਵਾਸਤੇ ਸਿੱਖੇ ਇਸੇ ਅਦਬ ਨੇ ਅੱਗੇ ਚੱਲ ਕੇ ਸੂਝ-ਸੋਝੀ ਵਾਲ਼ੀ ਉਮਰੇ ਆਦਤ ਦਾ ਰੂਪ ਧਾਰ ਲਿਆ।
ਲਿੱਖਣਸਰ ਨਾਲ ਵਾਹ ਤਾਂ ਪੁਰਾਣਾ, ਗੋਦੀ ਦੀ ਉਮਰ ਵੇਲੇ ਦਾ ਸੀ, ਪਰ ਉਹਦੀ ਸ਼ਬਦ-ਪ੍ਰੇਰਕ ਸ਼ਕਤੀ ਦੀ ਸੋਝੀ ਹੁਣ, ਰਚਨਾ-ਕਾਰਜ ਦੇ ਆਰੰਭ ਵੇਲ਼ੇ ਆਉਣ ਲੱਗੀ ਸੀ। ਮਨ ਵਿਚ ਵਿਸ਼ਵਾਸ ਜਾਗਦਾ, ਮੇਰੇ ਬੇਮਿਸਾਲ ਪੁਰਖੇ ਨੇ, ਜੋ ਆਪ ਮਹਾਨ ਕਵੀ, ਕਈ ਭਾਸ਼ਾਵਾਂ ਦੇ ਗਿਆਤਾ ਤੇ ਸ਼ਬਦ ਦੇ ਸਰਪਰਸਤ ਸਨ, ਲਿੱਖਣਸਰ ਨੂੰ ਇਕ ਕਲਮ ਤੇ ਇਕ ਬੁਘਤੀ ਸਿਆਹੀ ਜ਼ਰੂਰ ਮੇਰੇ ਨਾਂ ਦੀ ਵੀ ਸੌਂਪੀ ਹੋਈ ਹੈ! ਦਮਦਮਾ ਸਾਹਿਬ ਬਾਰੇ ਇਸ ਸਾਰੇ ਵਰਤਾਰੇ ਨੂੰ ਮੈਂ ਇਕ ਲੇਖ ਦਾ ਰੂਪ ਦਿੱਤਾ ਹੋਇਆ ਸੀ। ਪੁਸਤਕ ਤਿਆਰ ਕਰਨ ਦਾ ਵਿਚਾਰ ਬਣਿਆ ਤਾਂ ਪਹਿਲੀ ਨਜ਼ਰ ਇਸੇ ਲੇਖ ਉੱਤੇ ਜਾ ਟਿਕੀ। ਲੇਖ ਗੁਰੂ ਗੋਬਿੰਦ ਸਿੰਘ ਜੀ ਦੇ ਉਥੋਂ ਦੇ ਲਗਭਗ ਨੌਂ ਮਹੀਨਿਆਂ ਦੇ ਨਿਵਾਸ ਬਾਰੇ ਸਰਬਪੱਖੀ ਜਾਣਕਾਰੀ ਦਿੰਦਾ ਹੈ। ਦਮਦਮੀ ਬੀੜ ਦੀ ਲਿਖਾਈ ਸੰਪੂਰਨ ਹੋਣ ਤੋਂ ਮਗਰੋਂ ਉਹਨਾਂ ਦਾ ਸਿਆਹੀ-ਕਲਮਾਂ ਭਵਿੱਖ ਲਈ ਸਰੋਵਰ ਦੇ ਹਵਾਲੇ ਕਰਨਾ ਚੇਤੇ ਆਇਆ ਤਾਂ ਪੁਸਤਕ ਦਾ ਨਾਂ ਵੀ ‘ਕਲਮ-ਸਿਆਹੀ’ ਸੁੱਝ ਗਿਆ। ਅਸਲ ਵਿਚ ਤਾਂ ਗੁਰੂ ਜੀ ਦੀ ਇਹ ਸ਼ੁਭ-ਇੱਛਕ ਭਵਿੱਖਬਾਣੀ ਇਸ ਪੁਸਤਕ ਦੇ ਸਾਰੇ ਲੇਖਾਂ ਦੇ ਸਾਹਿਤਕ ਨਾਇਕਾਂ-ਨਾਇਕਾਵਾਂ ਦੇ ਕਾਰਜਾਂ ਵਿਚ ਰਮੀ ਹੋਈ ਦਿਸਦੀ ਹੈ।
ਮੱਧਕਾਲ ਵਿਚ ਜਦੋਂ ਉੱਤਰੀ ਭਾਰਤ ਵਿਚ ਹਿੰਦੂ ਤੇ ਮੁਸਲਮਾਨ ਧਰਮ ਆਪਸੀ ਕਲਾਹ-ਕਲੇਸ਼ਾਂ ਵਿਚ ਗ਼ਰਕੇ ਹੋਏ ਸਨ, ਸਿੱਖ ਧਰਮ ਦਾ ਹੋਂਦ ਵਿਚ ਆਉਣਾ ਸਮਾਜ ਦੇ ਜ਼ਖ਼ਮਾਂ ਲਈ ਮਲ੍ਹਮ ਸੀ। ਹਿੰਦੂ ਜਾਂ ਮੁਸਲਮਾਨ ਨਾ ਹੋ ਕੇ ਮਨੁੱਖ ਹੋਣ ਦਾ ਹੋਕਾ ਦੇਣਾ ਬਾਬਾ ਨਾਨਕ ਦਾ ਵੱਡਾ ਸਮਾਜਕ, ਸਭਿਆਚਾਰਕ ਤੇ ਧਾਰਮਿਕ ਇਨਕਲਾਬ ਸੀ। ਨਵੇਂ ਧਰਮ ਨੇ ਨਵਾਂ ਫ਼ਲਸਫ਼ਾ ਤੇ ਅਨੇਕ ਨਵੇਂ ਸ਼ਬਦ ਤੇ ਕਥਨ ਲਿਆਉਣ ਦੇ ਨਾਲ-ਨਾਲ ਕਈ ਪੁਰਾਣੀਆਂ ਧਾਰਨਾਵਾਂ ਨੂੰ ਬਦਲਦਿਆਂ ਅਨੇਕ ਪੁਰਾਣੇ ਸ਼ਬਦਾਂ ਤੇ ਕਥਨਾਂ ਦੇ ਅਰਥ ਵੀ ਨਵਿਆ ਦਿੱਤੇ। ਇਸ ਹਾਲਤ ਦੀ ਮੰਗ ਸੀ ਕਿ ਸਿੱਖ ਧਰਮ ਦੇ ਸਭ ਅਜਿਹੇ ਸ਼ਬਦਾਂ ਤੇ ਕਥਨਾਂ ਨੂੰ ਸਾਧਾਰਨ ਪਾਠਕ ਦੇ ਸਮਝਣਜੋਗ ਬਣਾਉਣ ਵਾਸਤੇ ਕੋਈ ਕੋਸ਼ ਹੋਵੇ। ਅੱਜ-ਕੱਲ੍ਹ ਲਿਖਣ-ਕਾਰਜ ਵਿਚ ਵੱਡੀ ਹੱਦ ਤੱਕ ਸਹਾਈ ਅਨੇਕ ਸਾਧਨਾਂ ਤੇ ਸਹੂਲਤਾਂ ਤੋਂ ਉੱਕਾ ਹੀ ਵਿਰਵੇ ਉਸ ਜ਼ਮਾਨੇ ਵਿਚ ਭਾਈ ਕਾਨ੍ਹ ਸਿੰਘ ਨੇ ਸਮੇਂ ਦੀ ਇਸ ਵੰਗਾਰ ਨੂੰ ਪਰਵਾਨ ਕੀਤਾ ਅਤੇ ਕਰੜੀ ਭਾਸ਼ਾਈ-ਸਾਹਿਤਕ ਘਾਲਨਾ ਘਾਲ ਕੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਕੀਤੀ ਜਿਸ ਦਾ ਮਹੱਤਵ ਮੂਲ ਸਿੱਖ ਸਾਹਿਤ ਵਾਂਗ ਸਦੀਵੀ ਹੈ। ਇਉਂ ਭਾਈ ਕਾਨ੍ਹ ਸਿੰਘ ਦਾ ਜੀਵਨ ਵੀ ਸ਼ਾਮਲ ਹੋ ਗਿਆ।
ਸਭ ਧਰਮਾਂ ਦੇ ਆਪਣੇ-ਆਪਣੇ ਪਵਿੱਤਰ ਗ੍ਰੰਥ ਹਨ ਜੋ ਸੰਬੰਧਿਤ ਧਰਮ ਦੇ ਵਿਸ਼ਵਾਸੀਆਂ ਦੀ ਜੀਵਨ-ਜਾਚ ਮਿਥਦੇ ਹਨ। ਸੰਸਾਰ ਵਿਚ ਇਕੋ ਗੁਰੂ ਗ੍ਰੰਥ ਸਾਹਿਬ ਹੈ ਜੋ ਸਿਰਫ਼ ਆਪਣੇ ਮੰਨਣ ਵਾਲ਼ਿਆਂ ਨੂੰ ਹੀ ਨਹੀਂ, ਸਮੁੱਚੀ ਮਨੁੱਖਜਾਤੀ ਨੂੰ ਕਲਾਵੇ ਵਿਚ ਲੈਂਦਾ ਹੈ। ਤੇ ਇਹ ਇਸ ਪੱਖੋਂ ਵੀ ਸੰਸਾਰ ਦਾ ਇਕੋ-ਇਕ ਗ੍ਰੰਥ ਹੈ ਕਿ ਇਹ ਸਾਰਾ ਰਾਗਾਂ ਅਨੁਸਾਰ ਗਾਇਆ ਜਾ ਸਕਦਾ ਹੈ ਤੇ ਗਾਇਆ ਜਾਂਦਾ ਹੈ। ਇਸੇ ਕਰਕੇ ਜਦੋਂ ਪੰਜਾਬ ਦਾ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਕਸ ਆਰਥਰ ਮੈਕਾਲਿਫ਼ ਸਿੱਖ ਧਰਮ ਬਾਰੇ ਤੇ ਬਾਣੀ ਦੀ ਭਾਸ਼ਾ ਬਾਰੇ ਕੁਛ ਵੀ ਨਾ ਜਾਣਦਿਆਂ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸ਼ੋਭਾ ਸੁਣ ਕੇ ਉਥੇ ਪਹੁੰਚਿਆ, ਗਾਈ ਜਾ ਰਹੀ ਬਾਣੀ ਨੇ ਜਿਵੇਂ ਉਸ ਉੱਤੇ ਟੂਣਾ ਹੀ ਕਰ ਦਿੱਤਾ। ਜਦੋਂ ਉਹਨੇ ਅੰਗਰੇਜ਼ੀ ਪੜ੍ਹੇ ਹੋਏ ਕਿਸੇ ਪੰਜਾਬੀ ਤੋਂ ਜਾਣਕਾਰੀ ਹਾਸਲ ਕੀਤੀ, ਬਾਣੀ ਨੂੰ ਅੰਗਰੇਜ਼ੀ ਵਿਚ ਅਨੁਵਾਦਣਾ ਪਹਿਲਾਂ ਉਹਦਾ ਸੁਫ਼ਨਾ, ਫੇਰ ਕਾਰਜ ਅਤੇ ਅੰਤ ਨੂੰ ਜ਼ਿੰਦਗੀ ਦਾ ਮਨੋਰਥ ਬਣ ਗਿਆ। ਸਿੱਖਾਂ ਦੇ ਇਕ ਹਿੱਸੇ ਦੀਆਂ ਖੜ੍ਹੀਆਂ ਕੀਤੀਆਂ ਦੁਖਦਾਈ ਮੁਸ਼ਕਿਲਾਂ ਸਮੇਤ ਜੋ-ਜੋ ਮੁਸ਼ਕਿਲਾਂ ਉਹਦੇ ਰਾਹ ਦੀਆਂ ਸੂਲ਼ਾਂ ਬਣਦੀਆਂ ਰਹੀਆਂ, ਉਹਨਾਂ ਵੱਲ ਦੇਖਦਿਆਂ ਆਪਣੇ ਮਨੋਰਥ ਦੀ ਪੂਰਤੀ ਵਿਚ ਉਹਦੇ ਭਰੋਸੇ ਤੇ ਸਿਦਕ-ਸਿਰੜ ਦੀ ਅਡੋਲਤਾ ਯਕੀਨਨ ਧੰਨ ਕਹੇ ਜਾਣ ਦੀ ਹੱਕਦਾਰ ਹੈ। ਮੈਕਾਲਿਫ਼ ਦੀ ਇਸ ਘਾਲਨਾ ਨੇ ਤਾਂ ਪੁਸਤਕ ਦਾ ਅੰਗ ਬਣਨਾ ਹੀ ਸੀ।
ਮੈਕਾਲਿਫ਼ ਤੋਂ ਗੱਲ ਅਨੁਵਾਦ ਤੱਕ ਪੁੱਜ ਗਈ। ਦੁਨੀਆ ਦੇ ਬਹੁਤੇ ਲੇਖਕ ਆਪਣੀ ਭਾਸ਼ਾ ਵਿਚ ਹੀ ਸਾਹਿਤ ਰਚਦੇ ਹਨ ਜੋ ਇਕ ਸਹਿਜ-ਸੁਭਾਵਿਕ ਵਰਤਾਰਾ ਹੈ। ਤੇ ਇਉਂ ਉਹਨਾਂ ਦੀ ਰਚਨਾ ਉਹਨਾਂ ਦੀ ਭਾਸ਼ਾ ਦੇ ਜਾਣਕਾਰ ਪਾਠਕਾਂ ਤੱਕ ਹੀ ਰਹਿ ਜਾਂਦੀ ਹੈ। ਜਿਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੂੰ ਹੋਰ ਭਾਸ਼ਾਵਾਂ ਵਾਲ਼ੇ ਪਾਠਕਾਂ ਤੱਕ ਪਹੁੰਚਣ ਦਾ ਸੁਭਾਗ ਹਾਸਲ ਹੁੰਦਾ ਹੈ, ਉਹ ਅਨੁਵਾਦ ਦਾ ਪੁਲ ਪਾਰ ਕਰ ਕੇ ਹੀ ਹੁੰਦਾ ਹੈ। ਇਉਂ ਅਨੁਵਾਦ ਦੋ ਭਾਸ਼ਾਵਾਂ ਵਿਚਕਾਰ ਹੀ ਨਹੀਂ, ਦੋ ਸਾਹਿਤਾਂ ਤੇ ਦੋ ਸਭਿਆਚਾਰਾਂ ਵਿਚਕਾਰ ਵੀ ਖ਼ੂਬਸੂਰਤ ਪੁਲ਼ ਬਣ ਜਾਂਦਾ ਹੈ। ਮੇਲਜੋਲ ਜਾਂ ਟਕਰਾਉ ਸਮੇਂ ਗੱਲਬਾਤ ਦੀ ਲੋੜ ਤਾਂ ਮੁੱਢ-ਕਦੀਮ ਵਿਚ ਅਧੂਰੀਆਂ-ਅਵਿਕਸਿਤ ਭਾਸ਼ਾਵਾਂ ਵਾਲ਼ੇ ਜੰਗਲਵਾਸੀ ਕਬੀਲਿਆਂ ਨੂੰ ਹੀ ਪੈ ਗਈ ਸੀ। ਇਸ਼ਾਰਿਆਂ ਨਾਲ ਇਕ ਦੂਜੇ ਦੀ ਗੱਲ ਸਮਝਣ ਦੇ ਉਹ ਪਲੇਠੇ ਯਤਨ ਅਨੁਵਾਦ ਦਾ ਆਰੰਭ ਹੀ ਸਨ। ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਮਨੁੱਖੀ ਵਿਕਾਸ ਨੂੰ ਅਨੁਵਾਦ ਦੀ ਦੇਣ ਬਹੁਤ ਵੱਡੀ ਰਹੀ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਦਿਆਂ ਮਨੁੱਖੀ ਇਤਿਹਾਸ ਵਿਚ ਕਈ ਸਿਦਕੀ-ਸਿਰੜੀ ਅਨੁਵਾਦਕਾਂ ਨੂੰ ਤਾਂ ਆਪਣੀ ਜਾਨ ਦੀ ਕੁਰਬਾਨੀ ਤੱਕ ਦੇਣੀ ਪਈ। ਅੱਜ ਹਰ ਕੋਈ ਅਨੁਵਾਦ ਦੇ ਮਹੱਤਵ ਨੂੰ ਪਰਵਾਨਦਾ ਹੈ। ਇਕ ਲੇਖ ਅਨੁਵਾਦ ਦੇ ਇਤਿਹਾਸ ਦੀ ਜਾਣਕਾਰੀ ਦਿੰਦਾ ਹੈ।
ਜਿਨ੍ਹੀਂ ਦਿਨੀਂ ਮੈਂ ਅਨੁਵਾਦ ਬਾਰੇ ਲੇਖ ਲਿਖ ਰਿਹਾ ਸੀ, ਮੈਨੂੰ ਜਸਬੀਰ ਭੁੱਲਰ ਦੀ ਕੀਤੀ ਹੋਈ ਸੁਖਵੰਤ ਕੌਰ ਮਾਨ ਨਾਲ ਗੱਲਬਾਤ ਪੜ੍ਹਨ ਦਾ ਮੌਕਾ ਮਿਲਿਆ। ਸੁਖਵੰਤ ਨੇ ਇਕ ਅਜਿਹੀ ਗੱਲ ਵੱਲ ਧਿਆਨ ਦੁਆਇਆ ਸੀ ਜੋ ਲਗਭਗ ਅਣਗੌਲੀ ਰਹੀ ਸੀ ਪਰ ਇਸਤਰੀ-ਕਾਵਿ ਦੇ ਨਜ਼ਰੀਏ ਤੋਂ ਬੜੀ ਅਹਿਮ ਸੀ, ਅਰਥਾਤ ਸਿੱਖ ਫਲਸਫੇ ਨਾਲ ਮੇਲ ਖਾਂਦੇ ਮੱਧਕਾਲੀ ਭਗਤੀ-ਕਾਵਿ ਵਿਚ ਕਿਸੇ ਇਸਤਰੀ ਰਚਨਾਕਾਰ ਦਾ ਸ਼ਾਮਲ ਨਾ ਹੋਣਾ। ਉਹਦੀ ਇਸ ਗੱਲ ਨੇ ਮੇਰਾ ਧਿਆਨ ਪੰਜਾਬ ਦੇ ਇਸਤਰੀ-ਕਾਵਿ ਦੇ ਉਦੈ ਤੇ ਇਤਿਹਾਸ ਵੱਲ ਮੋੜ ਦਿੱਤਾ। ਜਦੋਂ ਪਿੱਛਲ-ਝਾਤ ਸ਼ੁਰੂ ਕੀਤੀ, ਮੇਰੀ ਨਜ਼ਰ ਤੁਰਦੀ-ਤੁਰਦੀ ਵਰਤਮਾਨ ਪੰਜਾਬ ਦੀ ਧਰਤੀ ਉੱਤੇ ਰਚੇ ਗਏ ਦੁਨੀਆ ਦੇ ਪਹਿਲੇ ਗ੍ਰੰਥ ‘ਰਿਗਵੇਦ’ ਤੱਕ ਜਾ ਪਹੁੰਚੀ। ਰਿਗਵੇਦ ਵਿਚ ਅਨੇਕ ਰਿਸ਼ੀਆਂ ਦੇ ਨਾਲ-ਨਾਲ ਤੀਹ ਤੋਂ ਵੱਧ ਪੰਜਾਬ-ਵਾਸੀ ਰਿਸ਼ਿਕਾਵਾਂ ਦੀ ਰਚਨਾ ਵੀ ਸ਼ਾਮਲ ਹੈ। ਇਸ ਪਿੱਛੋਂ ਲੋਕਗੀਤਾਂ ਦੇ ਖ਼ਜ਼ਾਨੇ ਵਿਚ ਸੀਰ ਪਾਉਣ ਵਾਲ਼ੀਆਂ ਸੈਆਂ-ਹਜ਼ਾਰਾਂ ਗੁਣਵੰਤ ਪੰਜਾਬਣਾਂ ਨੂੰ ਧੰਨ ਕਹਿਣਾ ਬਣਦਾ ਹੈ। ਹੋਰ ਅੱਗੇ ਤੁਰਦਿਆਂ ਨੌਰੰਗੀ ਦੇਵੀ ਤੇ ਪੀਰੋ ਪ੍ਰੇਮਣ ਵਰਗੀਆਂ ਕਈ ਪਹਿਲ-ਪਲੇਠੀਆਂ ਸੰਤ ਕਵਿੱਤਰੀਆਂ ਦੇ ਡੇਰਿਆਂ ਦੀਆਂ ਸਰਦਲਾਂ ਉੱਤੇ ਮੱਥਾ ਆਪਣੇ ਆਪ ਟੇਕਿਆ ਜਾਂਦਾ ਹੈ। ਚਾਰ ਕਦਮ ਹੋਰ, ਹਰਨਾਮ ਕੌਰ ਨਾਭਾ ਤੇ ਉਹਦੀਆਂ ਅਨੇਕ ਛੋਟੀਆਂ-ਵੱਡੀਆਂ ਹਾਣਨਾਂ ਨਾਲ ਮੇਲ ਹੋ ਜਾਂਦਾ ਹੈ ਜਿਨ੍ਹਾਂ ਦੀ ਕਤਾਰ ਦੇ ਅੰਤ ਉੱਤੇ ਇਕ ਨਵੀਂ ਕਤਾਰ ਦੀ ਸ਼ੁਰੂਆਤ ਬਣ ਕੇ ਅੰਮ੍ਰਿਤਾ ਪ੍ਰੀਤਮ ਖਲੋਤੀ ਦਿੱਸ ਪੈਂਦੀ ਹੈ। ਵਰਤਮਾਨ ਵਿਚ ਪਹੁੰਚ ਕੇ ਤਾਂ ਕਵਿੱਤਰੀਆਂ ਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਰਹੀ। ਜਿਵੇਂ ਸੰਬੰਧਿਤ ਲੇਖ ਤੋਂ ਉਜਾਗਰ ਹੁੰਦਾ ਹੈ, ਪੰਜਾਬੀ ਇਸਤਰੀ-ਕਾਵਿ ਦਾ ਇਤਿਹਾਸ ਲੰਮਾ ਵੀ ਹੈ, ਦਿਲਚਸਪ ਵੀ ਤੇ ਮਾਣਜੋਗ ਵੀ।
ਆਖ਼ਰ ਗੱਲ ਇਹਨਾਂ ਸਾਰੇ ਲੇਖਾਂ ਦੀ ਸਾਂਝੀ ਤੰਦ, ਭਾਵ ਪੰਜਾਬੀ ਭਾਸ਼ਾ ਤੱਕ ਪਹੁੰਚ ਗਈ। ਕੁਛ ਸਾਲ ਪਹਿਲਾਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਨੇ ਮੈਨੂੰ, ਹਰ ਸਾਲ ਹੋਣ ਵਾਲ਼ਾ, ਭਾਪਾ ਪ੍ਰੀਤਮ ਸਿੰਘ ਜੀ ਯਾਦਗਾਰੀ ਭਾਸ਼ਨ, ਆਪਣੀ ਚੋਣ ਦੇ ਕਿਸੇ ਵੀ ਵਿਸ਼ੇ ਨੂੰ ਲੈ ਕੇ, ਦੇਣ ਦਾ ਸੱਦਾ ਦਿੱਤਾ। ਮੈਂ ਸੋਚਿਆ, ਚੰਗਾ ਹੋਵੇ ਜੇ ਮੇਰੇ ਭਾਸ਼ਨ ਦਾ ਵਿਸ਼ਾ ਸਮਕਾਲ ਵਿਚ ਚਰਚਿਤ ਤੇ ਅਹਿਮ ਵੀ ਹੋਵੇ ਅਤੇ ਉਹ ਭਾਪਾ ਜੀ ਨਾਲ ਸਿੱਧਾ ਸੰਬੰਧਿਤ ਵੀ ਹੋਵੇ। ਪੰਜਾਬੀ ਭਾਸ਼ਾ ਨੂੰ ਸਰਕਾਰ ਦੇ ਨਾਲ-ਨਾਲ ਮਾਤਭਾਸ਼ਾ ਦੇ ਮਹੱਤਵ ਦੀ ਸਮਝ ਤੋਂ ਕੋਰੇ ਅਨੇਕ ਪੰਜਾਬੀਆਂ ਵੱਲੋਂ ਅਣਗੌਲ਼ੀ ਕੀਤੇ ਜਾਣ ਦਾ ਵਿਸ਼ਾ ਤਾਂ ਅਨੇਕ ਸਾਲਾਂ ਤੋਂ ‘ਸਮਕਾਲੀ’ ਹੀ ਹੈ ਤੇ ਜ਼ਾਹਿਰ ਹੈ, ਇਸ ਤੋਂ ਅਹਿਮ ਵਿਸ਼ਾ ਲੇਖਕ ਲਈ ਹੋਰ ਕਿਹੜਾ ਹੋ ਸਕਦਾ ਹੈ! ਇਹਦੇ ਨਾਲ ਹੀ ਪੰਜਾਬੀ ਦੀ ਤਰੱਕੀ ਭਾਪਾ ਜੀ ਦੇ ਜੀਵਨ ਦਾ ਉਦੇਸ਼ ਸੀ ਤੇ ਉਹਨਾਂ ਦੀਆਂ ਸਰਗਰਮੀਆਂ ਦਾ ਧੁਰਾ ਸੀ। ਦੋਵੇਂ ਪੱਖ ਦੇਖਦਿਆਂ ਮੈਂ ਪੰਜਾਬੀ ਭਾਸ਼ਾ ਦੇ ਕੌਮੀ ਤੇ ਕੌਮਾਂਤਰੀ ਭਵਿੱਖ ਦੀ ਗੱਲ ਕਰਨਾ ਵਾਜਬ ਸਮਝਿਆ। ਭਾਸ਼ਨ ਨੂੰ ਹੁਣ ਇਸ ਪੁਸਤਕ ਵਿਚ ਸ਼ਾਮਲ ਕਰਨ ਦੇ ਨਜ਼ਰੀਏ ਨਾਲ ਪੜ੍ਹਿਆ ਤਾਂ ਕਈ ਥਾਂ ਮਹਿਸੂਸ ਹੋਇਆ ਕਿ ਭਾਸ਼ਨ ਦਿੱਤੇ ਜਾਣ ਤੋਂ ਮਗਰੋਂ ਦੇ ਸਮੇਂ ਵਿਚ ਭਾਸ਼ਾਈ ਦ੍ਰਿਸ਼ ਵਿਚ ਕਈ ਕਿਸਮ ਦੀਆਂ ਤਬਦੀਲੀਆਂ ਆ ਚੁੱਕੀਆਂ ਸਨ। ਤੇ ਇਹ ਗੱਲ ਕੋਈ ਅਣਹੋਣੀ ਤਾਂ ਕੀ, ਹੈਰਾਨੀ ਵਾਲ਼ੀ ਵੀ ਨਹੀਂ, ਕਿਉਂਕਿ ਪੜ੍ਹਨ-ਲਿਖਣ ਦੀ ਤਕਨਾਲੋਜੀ ਵਿਚ ਤੇਜ਼ ਰਫ਼ਤਾਰ ਨਾਲ ਲਾਗੂ ਹੋ ਰਹੀਆਂ ਕਾਢਾਂ ਦੇ ਅਸਰ ਸਦਕਾ ਭਾਸ਼ਾਵਾਂ ਵਿਚ ਤੇ ਉਹਨਾਂ ਵੱਲ ਰਵਈਏ ਵਿਚ ਵੀ ਤੇਜ਼-ਰਫ਼ਤਾਰ ਤਬਦੀਲੀਆਂ ਹੋ ਰਹੀਆਂ ਸਨ। ਅਜਿਹੇ ਤੱਥ-ਸੱਚ ਨੂੰ ਸ਼ਾਮਲ ਕਰ ਕੇ ਇਸ ਭਾਸ਼ਨੀ ਲੇਖ ਨੂੰ ਨਵਿਆ ਦਿੱਤਾ ਗਿਆ।
ਇਹਨਾਂ ਛੇ ਲੇਖਾਂ ਦਾ ਸੰਗ੍ਰਹਿ ਹੈ ‘ਕਲਮ-ਸਿਆਹੀ’ ਜਿਸ ਨੂੰ ਨਵਯੁਗ ਪਬਲਿਸਰਜ਼, ਕੇ-24, ਹੌਜ਼ ਖਾਸ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ।
ਸੰਪਰਕ: 011-42502364