ਮੁੰਬਈ: ਅਦਾਕਾਰ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਦੀਆਂ ਰਸਮਾਂ ਧੂਮ-ਧਾਮ ਨਾਲ ਸ਼ੁਰੂ ਹੋ ਗਈਆਂ ਹਨ। ਅੱਜ ਰਣਬੀਰ ਦੀ ਮਾਂ ਨੀਤੂ ਕਪੂਰ ਆਪਣੀ ਧੀ ਰਿਧਿਮਾ ਕਪੂਰ ਸਾਹਨੀ, ਜੁਆਈ ਭਾਰਤ ਸਾਹਨੀ ਤੇ ਦੋਹਤੀ ਸਮਾਰਾ ਨਾਲ ਰਣਬੀਰ ਦੇ ਬਾਂਦਰਾ ਸਥਿਤ ਬੰਗਲੇ ’ਤੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਵਿੱਚ ਸ਼ਾਮਲ ਹੋਣ ਪੁੱਜੀ। ਇਸੇ ਦੌਰਾਨ ਆਲੀਆ ਦੇ ਪਿਤਾ ਮਹੇਸ਼ ਭੱਟ ਤੇ ਉਸ ਦੀ ਭੈਣ ਪੂਜਾ ਭੱਟ ਵੀ ਮਹਿੰਦੀ ਤੇ ਹਲਦੀ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਰਣਬੀਰ ਦੇ ਘਰ ਪੁੱਜੇ। ਹਾਲਾਂਕਿ ਦੋਵੇਂ ਪਰਿਵਾਰਾਂ ਨੇ ਵਿਆਹ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਇੱਕ ਸੂਚਨਾ ਅਨੁਸਾਰ ਰਣਬੀਰ ਤੇ ਆਲੀਆ ਭਲਕੇ 14 ਅਪਰੈਲ ਨੂੰ ਵਿਆਹ ਕਰਵਾਉਣਗੇ। ਇਸ ਦੇ ਨਾਲ ਹੀ ਰਣਬੀਰ ਦੀਆਂ ਭੈਣਾਂ ਕਰੀਨਾ ਕਪੂਰ ਤੇ ਕ੍ਰਿਸ਼ਮਾ ਕਪੂਰ, ਨਤਾਸ਼ਾ ਨੰਦਾ ਤੇ ਉਸ ਦੀ ਭੂਆ ਰੀਮਾ ਜੈਨ ਵੀ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਉਸ ਦੇ ਘਰ ਪੁੱਜੀਆਂ। ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਆਲੀਆ ਭੱਟ ਨੂੰ ਵਟਣਾ ਲਾਇਆ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕੁਝ ਮਹਿਮਾਨਾਂ ਨੂੰ ਲਿਆਉਣ-ਲਿਜਾਣ ਲਈ ਘਰ ਦੇ ਬਾਹਰ ਇੱਕ ਚਿੱਟੇ ਰੰਗ ਦੀ ਏਸੀ ਵੈਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਣਬੀਰ ਦਾ ਬੰਗਲਾ ‘ਵਾਸਤੂ’, ਆਰਕੇ ਸਟੂਡੀਓ ਅਤੇ ਕ੍ਰਿਸ਼ਨਾ ਰਾਜ ਬੰਗਲੇ ਦੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਸੀ। ਮਹਿੰਦੀ ਤੇ ਹਲਦੀ ਦੀ ਰਸਮ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮਹਿਮਾਨਾਂ ਨੇ ਪੀਲੇ ਤੇ ਹਰੇ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। -ਆਈਏਐੱਨਐੱਸ/ਪੀਟੀਆਈ
ਨੀਤੂ ਕਪੂਰ ਨੇ ਆਪਣੀ ਮੰਗਣੀ ਮੌਕੇ ਦੀ ਤਸਵੀਰ ਸਾਂਝੀ ਕੀਤੀ
ਮੁੰਬਈ (ਪੀਟੀਆਈ): ਰਣਬੀਰ ਦੀ ਮਾਂ ਨੀਤੂ ਕਪੂਰ ਨੇ ਯਾਦਾਂ ਤਾਜ਼ਾ ਕਰਦਿਆਂ ਆਪਣੀ ਮੰਗਣੀ ਮੌਕੇ ਆਪਣੇ ਪਤੀ ਰਿਸ਼ੀ ਕਪੂਰ ਨਾਲ ਖਿਚਵਾਈ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਮਰਹੂਮ ਅਦਾਕਾਰ ਰਿਸ਼ੀ ਕਪੂਰ ਆਪਣੀ ਪਤਨੀ ਨੀਤੂ ਕਪੂਰ ਨੂੰ ਅੰਗੂਠੀ ਪਾਉਂਦਾ ਦਿਖਾਈ ਦੇ ਰਿਹਾ ਹੈ। ਨੀਤੂ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਵਿਸਾਖੀ ਵਾਲੇ ਦਿਨ ਦੀ 43 ਸਾਲ ਪਹਿਲਾਂ ਦੀ ਇੱਕ ਤਸਵੀਰ। ਸਾਡੀ ਮੰਗਣੀ 13 ਅਪਰੈਲ 1979 ਨੂੰ ਹੋਈ ਸੀ।’
ਅਯਾਨ ਤੇ ਕਰਨ ਜੌਹਰ ਵੱਲੋਂ ਰਣਬੀਰ ਤੇ ਆਲੀਆ ਨੂੰ ਵਿਆਹ ਦਾ ਤੋਹਫ਼ਾ
ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਦੇ ਕਰੀਬੀ ਦੋਸਤ ਅਯਾਨ ਮੁਖਰਜੀ ਤੇ ਕਰਨ ਜੌਹਰ ਨੇ ਅੱਜ ਅਦਾਕਾਰ ਜੋੜੀ ਨੂੰ ਵਿਆਹ ਦਾ ਤੋਹਫ਼ਾ ਦਿੰਦਿਆਂ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਰਣਬੀਰ ਤੇ ਆਲੀਆ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਦੇ ਨੇੜੇ ਆਏ ਸਨ ਤੇ ਇਸ ਫਿਲਮ ਦੀ ਸ਼ੂਟਿੰਗ ਅੱਠ ਸਾਲ ਵਿੱਚ ਮੁਕੰਮਲ ਹੋਈ ਹੈ। ਅਯਾਨ ਨੇ ਆਪਣੀ ਨਵੀਂ ਆ ਰਹੀ ਫਿਲਮ ‘ਬ੍ਰਹਮਾਸਤਰ’ ਵਿੱਚੋਂ ਰਣਬੀਰ ਤੇ ਆਲੀਆ ’ਤੇ ਫਿਲਮਾਏ ਇੱਕ ਗੀਤ ‘ਕੇਸਰੀਆ’ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਅਯਾਨ ਨੇ ਆਖਿਆ, ‘ਇਹ ਤੋਹਫ਼ਾ ਰਣਬੀਰ ਤੇ ਆਲੀਆ ਲਈ…ਉਸ ਪਵਿੱਤਰ ਸਫ਼ਰ ਲਈ, ਜੋ ਉਹ ਛੇਤੀ ਹੀ ਸ਼ੁਰੂ ਕਰਨ ਜਾ ਰਹੇ ਹਨ..! ਇਸ ਦੁਨੀਆਂ ਵਿਚ ਰਣਬੀਰ ਤੇ ਆਲੀਆ ਮੇਰੇ ਸਭ ਤੋਂ ਕਰੀਬ ਅਤੇ ਮੇਰੇ ਅਜ਼ੀਜ਼ ਹਨ…ਉਨ੍ਹਾਂ ਮੇਰੀ ਜ਼ਿੰਦਗੀ ਵਿੱਚ ਹਰ ਕਮੀ ਪੂਰੀ ਕੀਤੀ।’’ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਇਹ ਟੀਜ਼ਰ ਸਾਂਝਾ ਕਰਦਿਆਂ ਆਖਿਆ, ‘ਪਿਆਰ ਰੌਸ਼ਨੀ ਹੈ ਤੇ ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਪਿਆਰ ਨਾਲ ਇੱਕ-ਦੂਜੇ ਦੀ ਜ਼ਿੰਦਗੀ ਅਤੇ ਸਾਡੇ ਜੀਵਨ ਵਿੱਚ ਬੇਤਹਾਸ਼ਾ ਰੌਸ਼ਨੀ ਲਿਆਂਦੀ ਹੈ। ਇੱਕ ਨਵੀਂ ਸ਼ੁਰੂਆਤ ਲਈ#ਰਣਬੀਰਕਪੂਰ @ਆਲੀਆਭੱਟ#ਬ੍ਰਹਮਾਸਤਰ।’ -ਪੀਟੀਆਈ