ਅਮਰਜੀਤ ਸਿੰਘ/ਰਾਜੀਵ ਕੁਮਾਰ ਗੁਪਤਾ/ਪਰਮਿੰਦਰ ਸਿੰਘ*
ਕਣਕ ਪੰਜਾਬ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਹੈ। ਪਿਛਲੇ ਸਾਲ ਇਸ ਦੀ ਕਾਸ਼ਤ ਤਕਰੀਬਨ 80.00 ਲੱਖ ਏਕੜ ਰਕਬੇ ਉੱਪਰ ਕੀਤੀ ਗਈ ਜਿਸ ਤੋਂ ਲਗਭਗ 176.2 ਲੱਖ ਟਨ ਪੈਦਾਵਾਰ ਮਿਲੀ ਅਤੇ ਇਸ ਦਾ ਔਸਤ ਝਾੜ 20.3 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋਇਆ। ਕਣਕ ਦੀ ਬਿਜਾਈ ਤੋਂ ਬਾਅਦ ਆਮ ਤੌਰ ਤੇ ਕਿਸਾਨਾਂ ਵੱਲੋਂ ਫ਼ਸਲ ਦੇ ਪੀਲੇ ਪੈਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ।
ਖੇਤ ਨੂੰ ਪਾਣੀ ਦਾ ਵੱਧ ਲੱਗਣਾ: ਕਈ ਵਾਰੀ ਕਿਸਾਨਾਂ ਵੱਲੋਂ ਝੋਨੇ ਵਾਲੇ ਰਕਬੇ ਹੇਠ ਬੀਜੀ ਕਣਕ ਵਿਚ ਲੋੜ ਨਾਲੋਂ ਵੱਧ ਪਾਣੀ ਲੱਗ ਜਾਂਦਾ ਹੈ ਜਾਂ ਫਿਰ ਪਾਣੀ ਲੱਗਣ ਤੋਂ ਬਾਅਦ ਭਾਰੀ ਮੀਂਹ ਪੈ ਜਾਂਦਾ ਹੈ। ਅਜਿਹੀ ਹਾਲਤ ਵਿਚ ਫ਼ਸਲ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਹੜੇ ਖੇਤਾਂ ਵਿਚ ਵੱਖ ਵੱਖ ਢੰਗ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਹੋਵੇ, ਉੱਥੇ ਮੌਸਮ ਦੀ ਨਜ਼ਾਕਤ ਨੂੰ ਦੇਖਦਿਆਂ ਵੱਧ ਕਿਆਰੇ ਪਾ ਕੇ ਹਲਕੇ ਪਾਣੀ ਲਗਾਉਣੇ ਚਾਹੀਦੇ ਹਨ ਤਾਂ ਜੋ ਖੇਤ ਵਿਚ ਪਾਣੀ ਜਿ਼ਆਦਾ ਚਿਰ ਨਾ ਖੜ੍ਹੇ। ਜਿਹੜੇ ਖੇਤਾਂ ਵਿਚ ਖ਼ਾਸ ਤੌਰ ਤੇ ਭਾਰੀਆਂ ਜ਼ਮੀਨਾਂ ਵਿਚ ਵੱਡੇ ਕਿਆਰੇ ਬਣਾ ਕੇ ਪਾਣੀ ਲਗਦਾ ਹੈ, ਉਨ੍ਹਾਂ ਖੇਤਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਅਜਿਹੇ ਹਾਲਾਤ ਵਿਚ ਬੂਟਿਆਂ ਦੀਆਂ ਜੜ੍ਹਾਂ ਵਿਚ ਪਾਣੀ ਜਿ਼ਆਦਾ ਦੇਰ ਖੜ੍ਹਨ ਕਰ ਕੇ ਫ਼ਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜਿਸ ਨਾਲ ਫ਼ਸਲ ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਵੰਬਰ-ਦਸੰਬਰ ਮਹੀਨਿਆਂ ਵਿਚ ਮੀਂਹ ਪੈਣ ਅਤੇ ਲੰਮੇ ਸਮੇਂ ਤੱਕ ਬੱਦਲਵਾਈ ਰਹਿਣ ਦੌਰਾਨ ਮੌਸਮ ਖੁੱਲ੍ਹਦਾ ਨਹੀਂ ਜਿਸ ਕਰ ਕੇ ਫ਼ਸਲ ਪੀਲੀ ਪੈ ਜਾਂਦੀ ਹੈ। ਅਜਿਹੇ ਹਾਲਾਤ ਵਿਚ ਫ਼ਸਲ ਤੇ 0.3 ਪ੍ਰਤੀਸ਼ਤ ਯੂਰੀਆ ਦਾ ਛਿੜਕਾਅ ਕਰਨਾ ਕਾਫ਼ੀ ਸਹਾਇਕ ਸਿੱਧ ਹੁੰਦਾ ਹੈ। ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਸਮੇਂ ਮੌਸਮ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦੇ ਹੀ ਲੋੜ ਅਨੁਸਾਰ ਪਾਣੀ ਲਾਓ। ਇਸ ਤੋਂ ਇਲਾਵਾ ਪੰਜਾਬ ਵਿਚ ਤਕਰੀਬਨ 40 ਪ੍ਰਤੀਸ਼ਤ ਰਕਬੇ ਵਿਚ ਹੇਠਲੇ ਪਾਣੀ ਲੂਣੇ ਜਾਂ ਖਾਰੇ ਹਨ। ਅਜਿਹੇ ਪਾਣੀਆਂ ਦੀ ਵਰਤੋਂ ਕਰਨ ਨਾਲ ਵੀ ਕਈ ਵਾਰ ਫ਼ਸਲ ਤੇ ਮਾੜਾ ਅਸਰ ਪੈਂਦਾ ਹੈ ਅਤੇ ਪੱਤੇ ਪੀਲੇ ਪੈ ਜਾਂਦੇ ਹਨ। ਟਿਊਬਵੈੱਲਾਂ ਦੇ ਮਾੜੇ ਪਾਣੀ ਦੀ ਪਰਖ ਕਰਵਾ ਕੇ ਸਿਫ਼ਾਰਸ਼ ਮੁਤਾਬਿਕ ਜਿਪਸਮ ਦੀ ਵਰਤੋਂ ਕਰੋ ਜਾਂ ਫਿਰ ਚੰਗੇ ਪਾਣੀ ਨਾਲ ਰਲਾ ਕੇ ਜਾਂ ਅਦਲ-ਬਦਲ ਕੇ ਵਰਤੋਂ ਕੀਤੀ ਜਾ ਸਕਦੀ ਹੈ।
ਫ਼ਸਲ ਵਿਚ ਮੈਂਗਨੀਜ਼ ਦੀ ਘਾਟ: ਜੇ ਕਣਕ ’ਚ ਮੈਂਗਨੀਜ਼ ਦੀ ਘਾਟ ਹੋਵੇ ਤਾਂ ਵੀ ਕਣਕ ਦੇ ਬੂਟੇ ਪੀਲੇ ਪੈ ਜਾਂਦੇ ਹਨ। ਮੈਂਗਨੀਜ਼ ਦੀ ਘਾਟ ਨਾਲ ਹੋਣ ਵਾਲੀ ਪਿਲੱਤਣ ਵਿਚਕਾਰਲੇ ਪੱਤਿਆਂ ਉੱਪਰ ਨਜ਼ਰ ਆਉਂਦੀ ਹੈ, ਇਹ ਪੱਤੇ ਨਾੜੀਆਂ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਪਰ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ। ਪੀਲੇ ਪਏ ਹਿੱਸੇ ਤੇ ਸਲੇਟੀ ਤੋਂ ਗੁਲਾਬੀ ਰੰਗ ਦੇ ਧੱਬੇ ਬਣ ਜਾਂਦੇ ਹਨ ਜੋ ਬਾਅਦ ਵਿਚ ਆਪਸ ਵਿਚ ਮਿਲ ਕੇ ਗੁਲਾਬੀ ਰੰਗ ਦੀਆਂ ਧਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਜਿ਼ਆਦਾਤਰ ਮੈਂਗਨੀਜ਼ ਦੀ ਘਾਟ ਰੇਤਲੀਆਂ ਜ਼ਮੀਨਾਂ ਜਿਨ੍ਹਾਂ ਵਿਚ ਪਿਛਲੇ ਕਈ ਸਾਲਾਂ ਤੋਂ ਝੋਨਾ ਲੱਗ ਰਿਹਾ ਹੋਵੇ, ਉੱਥੇ ਦੇਖਣ ਨੂੰ ਮਿਲਦੀ ਹੈ। ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਫ਼ਸਲ ਉੱਪਰ ਇੱਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਧੁੱਪ ਵਾਲੇ ਦਿਨ ਹਫ਼ਤੇ ਹਫ਼ਤੇ ਦੇ ਵਕਫ਼ੇ ਤੇ ਤਿੰਨ ਤੋਂ ਚਾਰ ਛਿੜਕਾਅ ਕਰ ਕੇ ਇਸ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਜਿਹੜੇ ਖੇਤਾਂ ਵਿਚ ਪਿਛਲੇ ਸਾਲਾਂ ਵਿਚ ਵੀ ਮੈਂਗਨੀਜ਼ ਦੀ ਘਾਟ ਦੇਖਣ ਨੂੰ ਮਿਲਦੀ ਹੈ, ਉਨ੍ਹਾਂ ਖੇਤਾਂ ਵਿਚ ਇਹ ਛਿੜਕਾਅ ਪਹਿਲਾ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਹੀ ਕਰ ਦਿਓ।
ਫ਼ਸਲ ਵਿਚ ਗੰਧਕ ਦੀ ਘਾਟ: ਕਈ ਵਾਰ ਰੇਤਲੀਆਂ ਜ਼ਮੀਨਾਂ ਵਿਚ ਬੀਜੀ ਕਣਕ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਜਦੋਂਕਿ ਹੇਠਲੇ ਪੁਰਾਣੇ ਪੱਤੇ ਹਰੇ ਹੀ ਰਹਿੰਦੇ ਹਨ। ਇਹ ਸਮੱਸਿਆ ਕਣਕ ਦੀ ਫ਼ਸਲ ਨੂੰ ਅਕਸਰ ਗੰਧਕ ਦੀ ਘਾਟ ਹੋਣ ਕਰ ਕੇ ਆਉਂਦੀ ਹੈ। ਗੰਧਕ ਦੀ ਘਾਟ ਆਉਣ ਕਰ ਕੇ ਕਣਕ ਦੇ ਬੂਟੇ ਛੋਟੇ ਰਹਿ ਜਾਂਦੇ ਹਨ ਅਤੇ ਚੰਗੀ ਤਰ੍ਹਾਂ ਜਾੜ ਨਹੀਂ ਮਾਰਦੇ। ਫ਼ਸਲ ਦੇ ਮੁੱਢਲੇ ਵਾਧੇ ਵੇਲੇ ਲੰਬੇ ਸਮੇਂ ਲਈ ਬੱਦਲਵਾਈ ਅਤੇ ਵਰਖਾ ਪੈਣ ਨਾਲ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਗੰਧਕ ਦੀ ਪੂਰਤੀ ਵਾਸਤੇ ਜਿਪਸਮ ਸਭ ਤੋਂ ਚੰਗਾ ਸਾਧਨ ਹੈ, ਭਾਵੇਂ ਇਸ ਦੀ ਵਰਤੋਂ ਬਿਜਾਈ ਤੋਂ ਪਹਿਲਾਂ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਘਾਟ ਆਉਣ ਤੇ ਖੜ੍ਹੀ ਫ਼ਸਲ ਤੇ ਵੀ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗੰਧਕ ਦੀ ਘਾਟ ਵਾਲੀ ਫ਼ਸਲ ਨੂੰ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੇਨਾਈਟ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਫ਼ਸਲ ਤੇ ਪੀਲੀ ਕੁੰਗੀ ਦਾ ਹਮਲਾ: ਕਣਕ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਨਾਲ ਵੀ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਰੋਗ ਦੇ ਹਮਲੇ ਨਾਲ ਪੱਤਿਆਂ ਤੇ ਹਲਦੀ ਰੰਗੇ ਪੀਲੇ ਤੋਂ ਸੰਤਰੀ ਰੰਗ ਦੀਆਂ ਧੂੜੇਦਾਰ ਧਾਰੀਆਂ ਪੈ ਜਾਂਦੀਆਂ ਹਨ। ਜੇ ਬਿਮਾਰੀ ਵਾਲੇ ਪੱਤੇ ਨੂੰ ਹੱਥ ਨਾਲ ਛੂਹਿਆ ਜਾਵੇ ਤਾਂ ਪੀਲਾ ਧੂੜਾ ਹੱਥਾਂ ਨੂੰ ਲੱਗ ਜਾਂਦਾ ਹੈ।
ਇਹ ਬਿਮਾਰੀ ਸਭ ਤੋਂ ਪਹਿਲਾਂ ਨੀਮ ਪਹਾੜੀ ਇਲਾਕਿਆਂ ਵਿਚ ਅੱਧ ਦਸੰਬਰ ਤੋਂ ਬਾਅਦ ਧੌੜੀਆਂ ਵਿਚ ਆਉਂਦੀ ਹੈ ਅਤੇ ਅੱਧ ਜਨਵਰੀ ਤੋਂ ਬਾਅਦ ਇਹ ਬਿਮਾਰੀ ਮੈਦਾਨੀ ਇਲਾਕਿਆਂ ਵਿਚ ਫੈਲ ਜਾਂਦੀ ਹੈ। ਇਸ ਲਈ ਨੀਮ ਪਹਾੜੀ ਇਲਾਕਿਆਂ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖ਼ਾਸ ਤੌਰ ’ਤੇ ਆਪਣੇ ਇਲਾਕਿਆਂ ਵਿਚ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਪੀਬੀਡਬਲਿਊ 725, ਉੱਨਤ ਪੀਬੀਡਬਲਿਊ 550, ਪੀਬੀਡਬਲਿਊ 752, ਡਬਲਿਊਐਚਡੀ 943, ਪੀਬੀਡਬਲਿਊ 991, ਪੀਬੀਡਬਲਿਊ 660 ਆਦਿ ਦੀ ਕਾਸ਼ਤ ਕਰਨ। ਇਨ੍ਹਾਂ ਇਲਾਕਿਆਂ ਵਿਚ ਕਣਕ ਦੀ ਬਿਜਾਈ ਨਵੰਬਰ ਮਹੀਨੇ ਕਰਨ ਨੂੰ ਤਰਜੀਹ ਦੇਣ। ਗ਼ੈਰ-ਸਿਫ਼ਾਰਸ਼ੀ ਅਤੇ ਪੀਲੀ ਕੁੰਗੀ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਜਿਵੇਂ ਐੱਚਡੀ 2733, ਐੱਚਡੀ 2894, ਐੱਚਡੀ 2932, ਡਬਲਿਊਐੱਚ 711, ਪੀਬੀਡਬਲਿਊ 343, ਸੁਪਰ 152, ਸੁਪਰ 172, ਬਰਬਟ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੈਦਾਨੀ ਇਲਾਕਿਆਂ ਵਿਚ ਉੱਪਰ ਦੱਸੀਆਂ ਕਿਸਮਾਂ ਤੋਂ ਇਲਾਵਾ ਪੀਬੀਡਬਲਿਊ 824, ਪੀਬੀਡਬਲਿਊ 803, ਪੀਬੀਡਬਲਿਊ 776, ਪੀਬੀਡਬਲਿਊ 1 ਚਪਾਤੀ, ਡੀਬੀਡਬਲਿਊ 222, ਡੀਬੀਡਬਲਿਊ 187, ਐੱਚਡੀ 3226, ਉੱਨਤਪੀਬੀਡਬਲਿਊ 343, ਪੀਬੀਡਬਲਿਊ 1 ਜ਼ਿੰਕ ਅਤੇ ਪੀਬੀਡਬਲਿਊ 677 ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਆਪਣੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਦੋਂ ਹੀ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਧੌੜੀਆਂ ਵਿਚ ਦਿਖਾਈ ਦੇਣ ਤਾਂ ਸਿਫ਼ਾਰਸ਼ ਕੀਤੇ ਕਿਸੇ ਇੱਕ ਉੱਲੀਨਾਸ਼ਕ ਕੈਵੀਅਟ 25 ਡਬਲਿਊਜੀ, ਉਪੇਰਾ 18.3 ਐਸਈ ਜਾਂ ਕਸਟੋਡੀਆ 320 ਐਸਈ ਜਾਂ ਟਿਲਟ 25 ਈਸੀ ਜਾਂ ਬੰਪਰ 25 ਈਸੀ ਜਾਂ ਸ਼ਾਇਨ 25 ਈਸੀ ਜਾਂ ਮਾਰਕਜ਼ੋਲ 25 ਈਸੀ ਜਾਂ ਕੰਮਪਾਸ 25 ਈਸੀ ਜਾਂ ਸਟਿਲਟ 25 ਈਸੀ (1 ਮਿਲੀਲਿਟਰ ਇੱਕ ਲਿਟਰ ਪਾਣੀ ਦੇ ਹਿਸਾਬ ਨਾਲ) ਦਾ ਛਿੜਕਾਅ ਕਰ ਦੇਣ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾਵਾਂ ਅਤੇ ਖੇਤਰੀ ਖੋਜ ਕੇਂਦਰ ਮੌਜੂਦ ਹਨ। ਕਿਸਾਨ ਆਪਣੀ ਫ਼ਸਲ ਦੀ ਕਿਸੇ ਵੀ ਸਮੱਸਿਆ ਦੇ ਢੁੱਕਵੇਂ ਇਲਾਜ ਬਾਰੇ ਜਾਣਕਾਰੀ ਲੈ ਸਕਦੇ ਹਨ।
*ਪੀਏਯੂ, ਲੁਧਿਆਣਾ।