ਵਿਵੇਕ ਕੁਮਾਰ ਤੇ ਵਜਿੰਦਰ ਪਾਲ
ਪੰਜਾਬ ਵਿੱਚ ਕਣਕ ਹਾੜ੍ਹੀ ਰੁੱਤ ਦੀ ਸਭ ਤੋਂ ਪ੍ਰਮੁੱਖ ਫ਼ਸਲ ਹੈ। ਇਸ ਦੀ ਬਿਜਾਈ ਤਕਰੀਬਨ 35 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਚੰਗਾ ਝਾੜ ਲੈਣ ਲਈ ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਹੁੰਦਾ ਹੈ। ਇਸ ਦੀ ਲਗਭਗ 90 ਫ਼ੀਸਦੀ ਬਿਜਾਈ ਇਸੇ ਸਮੇਂ ਦੇ ਦੌਰਾਨ ਹੀ ਕੀਤੀ ਜਾਂਦੀ ਹੈ। ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਝੋਨੇ ਦੀ ਫ਼ਸਲ ਸਹੀ ਸਮੇਂ ’ਤੇ ਕਣਕ ਦੀ ਬਿਜਾਈ ਲਈ ਖੇਤ ਖਾਲੀ ਕਰ ਦਿੰਦੀ ਹੈ ਪਰ ਕੁਝ ਹੋਰ ਫ਼ਸਲੀ ਚੱਕਰਾਂ ਜਿਵੇਂ ਕਿ ਮੱਕੀ/ਝੋਨਾ-ਆਲੂ-ਕਣਕ, ਮੂੰਗਫਲੀ-ਆਲੂ/ਤੋਰੀਆ/ਮਟਰ/ਪਛੇਤਾ ਸਾਉਣੀ ਰੁੱਤ ਦਾ ਚਾਰਾ-ਕਣਕ, ਬਾਸਮਤੀ-ਕਣਕ, ਨਰਮਾ-ਕਣਕ ਆਦਿ ਵਿੱਚ ਕਣਕ ਦੀ ਬਿਜਾਈ ਵਿੱਚ ਅਕਸਰ ਦੇਰੀ ਹੋ ਜਾਂਦੀ ਹੈ। ਕਈ ਵਾਰ ਖ਼ਾਸ ਹਾਲਤਾਂ ਵਿੱਚ ਜਿਵੇਂ ਕਿ ਖਾਰੀਆਂ ਜ਼ਮੀਨਾਂ, ਘੱਟ ਪਾਣੀ ਜ਼ੀਰਨ ਦੀ ਸਮਰੱਥਾ ਅਤੇ ਲੰਮੇ ਸਮੇਂ ਤੱਕ ਜ਼ਮੀਨ ਵਿੱਚ ਵਧੇਰੇ ਨਮੀ ਦੇ ਕਾਰਨ ਝੋਨੇ/ਬਾਸਮਤੀ ਦੀ ਕਟਾਈ ਲੇਟ ਹੋਣ ਕਰਕੇ ਵੀ ਕਣਕ ਦੀ ਬਿਜਾਈ ਪਛੇਤੀ ਹੋ ਸਕਦੀ ਹੈ। ਬਿਜਾਈ ਪਿਛੇਤੀ ਹੋਣ ਕਰ ਕੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੁੰਦਾ ਹੈ। ਆਮ ਤੌਰ ’ਤੇ ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਕਣਕ ਦੀ ਪਛੇਤੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖ਼ਾਸ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਅਪਣਾ ਕੇ ਪਛੇਤੀ ਬਿਜਾਈ ਵਾਲੀ ਕਣਕ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ।
ਕਿਸਮਾਂ ਦੀ ਚੋਣ: ਸਹੀ ਸਮੇਂ ’ਤੇ ਬੀਜੀਆਂ ਜਾਣ ਵਾਲੀਆਂ ਕਿਸਮਾਂ ਪਛੇਤੀ ਬਿਜਾਈ ਵਿੱਚ ਵਧੀਆ ਝਾੜ ਨਹੀਂ ਦੇ ਸਕਦੀਆਂ। ਇਸ ਲਈ ਪਛੇਤੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਦੀ ਚੋਣ ਕਰਨੀ ਚਾਹੀਦੀ ਹੈ ਇਹ ਕਿਸਮਾਂ ਪੱਕਣ ਲਈ 130-133 ਦਿਨ ਦਾ ਸਮਾਂ ਲੈਂਦੀਆਂ ਹਨ ਅਤੇ 17.6-19.2 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਹਨ।
ਖੇਤ ਦੀ ਤਿਆਰੀ: ਜੇ ਪਛੇਤੀ ਕਣਕ ਬਾਸਮਤੀ ਤੋਂ ਬਾਅਦ ਬੀਜਣੀ ਹੋਵੇ ਤਾਂ ਪਰਾਲੀ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਪਰਾਲੀ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰ ਕੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੰਬਾਈਨ ਦੇ ਪਿੱਛੇ ਲੱਗੇ ਪਰਾਲੀ ਖਿਲਾਰਨ ਵਾਲੇ ਯੰਤਰ ਨਾਲ ਕੱਟੀ ਬਾਸਮਤੀ ਦੇ ਵੱਢ ਵਿੱਚ ਪਛੇਤੀ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਸੁਪਰ ਨਾਲ ਕੀਤੀ ਜਾ ਸਕਦੀ ਹੈ। ਜੇ ਖੇਤ ਵਿੱਚ ਨਦੀਨਾਂ ਦੀ ਅਤੇ ਪਰਾਲ਼ੀ ਦੀ ਕੋਈ ਖ਼ਾਸ ਸਮੱਸਿਆ ਨਾ ਹੋਵੇ ਤਾਂ ਬਿਜਾਈ ਬਿਨਾਂ ਵਾਹ-ਵਹਾਈ ਦੇ ਜ਼ੀਰੋ ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਪਛੇਤੀ ਕਣਕ ਦੀ ਬਿਜਾਈ ਲਈ ਬਿਨਾਂ ਵਹਾਈ ਵਾਲੇ ਤਰੀਕਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਬਿਜਾਈ ਦਾ ਸਮਾਂ: ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਖੇਤ ਖਾਲੀ ਹੋਣ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ, ਬਿਜਾਈ ਕਰ ਦਿੱਤੀ ਜਾਵੇ। ਕਣਕ ਦੀ ਬਿਜਾਈ ਜੇ 20 ਦਸੰਬਰ ਤੱਕ ਹੋ ਜਾਵੇ ਤਾਂ ਝਾੜ ਵਿੱਚ ਕੋਈ ਜ਼ਿਆਦਾ ਕਮੀ ਨਹੀਂ ਆਉਂਦੀ ਪਰ ਇਸ ਤੋਂ ਪਛੇਤੀ ਬਿਜਾਈ ਨਾਲ ਪੌਦੇ ਦਾ ਪੂਰਾ ਵਾਧਾ ਵਿਕਾਸ ਨਹੀਂ ਹੁੰਦਾ, ਜਿਸ ਨਾਲ ਝਾੜ ਕਾਫ਼ੀ ਘਟ ਜਾਂਦਾ ਹੈ।
ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ: ਪਛੇਤੀ ਬਿਜਾਈ ਵਾਲੀ ਕਣਕ ਦਾ ਚੰਗਾ ਝਾੜ ਲੈਣ ਲਈ ਆਮ ਤੌਰ ’ਤੇ 40 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈ ਬੀਜ ਦੀ ਮਾਤਰਾ ਸਿਫ਼ਾਰਸ਼ ਤੋਂ 5-10 ਕਿਲੋ ਪ੍ਰਤੀ ਏਕੜ ਵੱਧ ਰੱਖਣੀ ਚਾਹੀਦੀ ਹੈ। ਕਣਕ ਦੀ ਪਛੇਤੀ ਬਿਜਾਈ ਵਿੱਚ ਉੱਗਣ ਸ਼ਕਤੀ ਨੂੰ ਵਧਾਉਣ ਲਈ ਬੀਜ ਨੂੰ 4-6 ਘੰਟੇ ਭਿਉਂ ਕੇ ਅਤੇ ਬਾਅਦ ਵਿੱਚ 24 ਘੰਟੇ ਸੁਕਾ ਕੇ ਬਿਜਾਈ ਕਰਨੀ ਲਾਹੇਵੰਦ ਹੁੰਦੀ ਹੈ। ਪਛੇਤੀ ਬਿਜਾਈ ਸਮੇਂ ਸਿਆੜਾਂ ਦਰਮਿਆਨ ਫ਼ਾਸਲਾ 15 ਸੈਂਟੀਮੀਟਰ ਰੱਖਣਾ ਚਾਹੀਦਾ ਹੈ ਅਤੇ ਡਰਿੱਲ ਨੂੰ ਵਰਤਣ ਤੋਂ ਪਹਿਲਾਂ ਸੈੱਟ ਕਰ ਲੈਣਾ ਚਾਹੀਦਾ ਹੈ ਤਾਂ ਕਿ ਬੀਜ ਅਤੇ ਖਾਦ ਦੀ ਲੋੜੀਂਦੀ ਮਾਤਰਾ ਪੋਰੀ ਜਾ ਸਕੇ।
ਖਾਦ ਪ੍ਰਬੰਧਨ: ਆਮ ਤੌਰ ’ਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ’ਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਿੱਟੀ ਦੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ 110 ਕਿਲੋ ਯੂਰੀਆ ਅਤੇ 55 ਕਿਲੋ ਡੀਏਪੀ ਜਾਂ 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਪੋਟਾਸ਼ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਂਦੀ ਹੈ। ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਬਿਜਾਈ ਵੇਲੇ ਪੋਰ ਦੇਣੀ ਚਾਹੀਦੀ ਹੈ। ਜੇ ਫ਼ਾਸਫੋਰਸ ਤੱਤ ਲਈ ਡੀ ਏ ਪੀ ਖਾਦ ਪਾਈ ਗਈ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਪਾਉਣ ਦੀ ਲੋੜ ਨਹੀਂ, ਪਰ ਜੇ ਫ਼ਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ 20 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਅੱਧ ਦਸੰਬਰ ਤੋਂ ਪਹਿਲਾਂ ਬੀਜੀ ਕਣਕ ਨੂੰ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਹ ਗੱਲ ਖ਼ਾਸ ਧਿਆਨ ਦੇਣ ਯੋਗ ਹੈ ਕਿ ਪਛੇਤੀ ਬਿਜਾਈ ਵਾਲੀ ਕਣਕ ਵਿੱਚ ਆਮ ਤੌਰ ’ਤੇ ਕਿਸਾਨ ਵਧੇਰੇ ਖਾਦਾਂ ਪਾਉਂਦੇ ਹਨ ਜਦੋਂਕਿ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25% ਨਾਈਟ੍ਰੋਜਨ ਘੱਟ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜੇ ਮੀਹਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਣ ਦਾ ਖਦਸ਼ਾ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਲਈ ਬਿਜਾਈ ਵੇਲੇ 55 ਕਿਲੋ ਡੀਏਪੀ ਅਤੇ 45 ਕਿਲੋ ਯੂਰੀਆ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਉਣੀਆਂ ਚਾਹੀਦੀਆਂ ਹਨ। ਯੂਰੀਆ ਪਾਉਣ ਤੋਂ ਤੁਰੰਤ ਬਾਅਦ ਪਾਣੀ ਲਾ ਦੇਣਾ ਚਾਹੀਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੇ ਡਰ ਤੋਂ 33 ਕਿਲੋ ਯੂਰੀਆ ਬਿਜਾਈ ਤੋਂ ਪਹਿਲਾਂ ਅਤੇ ਬਾਕੀ 55 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਪਹਿਲਾ ਛੱਟੇ ਨਾਲ ਪਾਈ ਜਾ ਸਕਦੀ ਹੈ।