ਹਰਜੀਤ ਸਿੰਘ ਪਰਮਾਰ
ਬਟਾਲਾ, 20 ਅਪਰੈਲ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ 48 ਘੰਟਿਆਂ ਵਿੱਚ ਸਿੱਧੀ ਅਦਾਇਗੀ ਕਰਨ ਦੇ ਦਾਅਵੇ ਠੁੱਸ ਹੋ ਚੁੱਕੇ ਹਨ। ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਦੇ ਫ਼ੈਸਲੇ ਨੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਪ੍ਰੇਸ਼ਾਨ ਕੀਤਾ ਹੋਇਆ ਹੈ। ਪੰਜਾਬ ਅਨਾਜ ਖ਼ਰੀਦ ਪੋਰਟਲ ਪੇਚੀਦਾ ਹੋਣ ਕਾਰਨ ਅਜੇ ਤੱਕ ਬਹੁ ਗਿਣਤੀ ਕਿਸਾਨਾਂ ਦੀ ਰਜਿਸਟਰੇਸ਼ਨ ਹੀ ਨਹੀਂ ਹੋ ਸਕੀ।
ਬਟਾਲਾ ਮੰਡੀ ਦੇ ਕੁੱਝ ਆੜ੍ਹਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਅਨਾਜ ਖ਼ਰੀਦ ਪੋਰਟਲ ’ਤੇ ਕਿਸਾਨ ਦੀ ਰਜਿਸਟਰੇਸ਼ਨ ਕਰਨ ਦਾ ਕੰਮ ਬਹੁਤ ਪੇਚੀਦਾ ਹੈ ਅਤੇ ਅਜੇ ਤੱਕ ਕੁੱਝ ਕੁ ਕਿਸਾਨਾਂ ਦੀ ਰਜਿਸਟਰੇਸ਼ਨ ਹੀ ਕੀਤੀ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਹ ਕਿ ਜ਼ਿਆਦਾਤਰ ਸਮਾਂ ਪੋਰਟਲ ਬੰਦ ਹੀ ਰਹਿੰਦਾ ਹੈ ਤੇ ਜਦੋਂ ਚੱਲਦਾ ਹੈ ਤਾਂ ਵੀ ਸੁਸਤ ਚਾਲ ਨਾਲ ਕੰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਕਿਸਾਨ ਨੇ ਖ਼ੁਦ ਜਾਂ ਖ਼ਰੀਦ ਏਜੰਸੀ ਨੇ ਕਿਸਾਨ ਦੀ ਰਜਿਸਟਰੇਸ਼ਨ ਕਰਨੀ ਹੈ ਪਰ ਖ਼ਰੀਦ ਏਜੰਸੀਆਂ ਇਸ ਕੰਮ ਦਾ ਬੋਝ ਆੜ੍ਹਤੀਆਂ ਸਿਰ ਮੜ੍ਹ ਰਹੀਆਂ ਹਨ।
ਦੂਜੇ ਪਾਸੇ, ਇਸ ਪ੍ਰਣਾਲੀ ਕਾਰਨ ਕਿਸਾਨ ਵੀ ਪ੍ਰੇਸ਼ਾਨ ਹਨ। ਸਰਕਾਰ ਦੇ 48 ਘੰਟਿਆਂ ਦਾਅਵਿਆਂ ਦੇ ਬਾਵਜੂਦ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਦਾਇਗੀ ਨਹੀਂ ਹੋਈ।
ਇਸ ਸਬੰਧੀ ਡੀਐਫਐਸੀ ਗੁਰਦਾਸਪੁਰ ਸ਼ਵੇਤਾ ਦੇਵਗਨ ਨੇ ਦੱਸਿਆ ਕਿ ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਰੀਬ ਡੇਢ ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਆਨਲਾਈਨ ਅਦਾਇਗੀ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਨਾਜ ਖ਼ਰੀਦ ਪੋਰਟਲ ’ਤੇ ਕਿਸਾਨਾਂ ਦੀ ਰਜਿਸਟਰੇਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸਾਰੇ ਕਿਸਾਨਾਂ ਦੀ ਰਜਿਸਟਰੇਸ਼ਨ ਹੋਣ ਉਪਰੰਤ ਸਾਰੇ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਕਰਨ ਵਿੱਚ ਤੇਜ਼ੀ ਆ ਜਾਵੇਗੀ।
ਪੱਟੀ (ਬੇਅੰਤ ਸਿੰਘ ਸੰਧੂ): ਅਨਾਜ ਮੰਡੀ ਪੱਟੀ ਵਿੱਚ ਕਣਕ ਦੀ ਫ਼ਸਲ ਦੀ ਖ਼ਰੀਦ ਨਾ ਮਾਤਰ ਹੋਣ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਨੇ ਸੂਬਾ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੇ ਸਵਾਲ ਚੁੱਕੇ ਹਨ। ਅਨਾਜ ਮੰਡੀ ਪੱਟੀ ਵਿਚ 6 ਲੱਖ ਤੋੜਾ ਕਣਕ ਦੀ ਆਮਦ ਹੋਣ ਦਾ ਅਨੁਮਾਨ ਹੈ ਜਦੋਂਕਿ ਹੁਣ ਤੱਕ ਪਨਗ੍ਰੇਨ, ਪਨਸਪ, ਐੱਫਸੀਆਈ ਤੇ ਮਾਰਕਫੈੱਡ ਵੱਲੋਂ 1,80,000 ਤੋੜੇ ਦੇ ਕਰੀਬ ਕਣਕ ਖ਼ਰੀਦੀ ਗਈ ਹੈ। ਬਾਰਦਾਨੇ ਦੀ ਘਾਟ ਕਾਰਨ ਖ਼ਰੀਦੀ ਕਣਕ ਦੀ ਪੂਰੀ ਭਰਾਈ ਨਹੀਂ ਹੋ ਸਕੀ। ਵੇਅਰਹਾਊਸ ਨੇ ਹੁਣ ਤਕ ਸਭ ਤੋਂ ਘੱਟ ਕਣਕ ਖ਼ਰੀਦੀ ਹੈ।
‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਕਣਕ ਦੀ ਖ਼ਰੀਦ ਲਈ ਬਾਰਦਾਨੇ ਦਾ ਪ੍ਰਬੰਧ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ। ਪੱਟੀ ਮੰਡੀ ਦੇ ਆੜ੍ਹਤੀਆਂ ਵੱਲੋਂ ਬਾਰਦਾਨੇ, ਖ਼ਰੀਦ ਤੇ ਅਦਾਇਗੀ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਮਾਰਕੀਟ ਕਮੇਟੀ ਦੇ ਚੈਅਰਮੈਨ ਮੇਜਰ ਸਿੰਘ ਨਾਲ ਮੁਲਾਕਾਤ ਕਰ ਕੇ ਖ਼ਰੀਦ ਪ੍ਰਬੰਧਾਂ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ। ਖ਼ਰੀਦ ਪ੍ਰਬੰਧਾਂ ਸਬੰਧੀ ਚੈਅਰਮੈਨ ਧਾਰੀਵਾਲ ਨੇ ਕਿਹਾ ਕਿ ਵੇਅਰਹਾਊਸ ਵੱਲੋਂ ਭਲਕ ਤੱਕ ਖ਼ਰੀਦ ਪ੍ਰਬੰਧਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਰ ਕੇ ਅੱਜ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਤੇ ਆੜ੍ਹਤੀਆਂ ਨੂੰ ਖ਼ਰੀਦ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਭਾਵੇਂ ਕੱਲ੍ਹ ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਬਾਰਦਾਨੇ ਦੀ ਘਾਟ ਨੂੰ ਅਫ਼ਵਾਹ ਕਰਾਰ ਦਿੰਦਿਆਂ ਕਿਹਾ ਸੀ ਕਿ ਲੋੜ ਪੈਣ ’ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀ-ਕਲਾਸ ਦਾ ਬਾਰਦਾਨਾ ਵੀ ਵਰਤਿਆ ਜਾ ਸਕਦਾ ਹੈ ਭਾਵੇਂ ਕਿ ਅਜਿਹੀ ਨੌਬਤ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ| ਤਰਨ ਤਰਨ ਤੋਂ ਇਲਾਵਾ ਝਬਾਲ, ਸਰਾਏ ਅਮਾਨਤ ਖਾਂ, ਨੌਸ਼ਹਿਰਾ ਪੰਨੂੰਆਂ ਤੇ ਸਰਹਾਲੀ ਆਦਿ ਮੰਡੀਆਂ ਵਿੱਚ ਵੀ ਬਾਰਦਾਨੇ ਦੀ ਘਾਟ ਕਰ ਕੇ ਖ਼ਰੀਦ ਏਜੰਸੀਆਂ ਵਲੋਂ ਅੱਜ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਸਕੀ| ਤਰਨ ਤਾਰਨ ਦੀ ਦਾਣਾ ਮੰਡੀ ਦੇ ਆੜ੍ਹਤੀਆ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਨੇ ਕਿਹਾ ਕਿ ਪ੍ਰਸ਼ਾਸਨ ਖ਼ੁਦ ਹੀ ਬਾਰਦਾਨੇ ਦੀ ਘਾਟ ਹੋਣ ਨੂੰ ਸਵੀਕਾਰ ਕਰ ਚੁੱਕਾ ਹੈ, ਇਸ ਤਹਿਤ ਡੀਸੀ ਨੇ ਕਿਹਾ ਸੀ ਕਿ ਮੰਡੀਆਂ ਵਿੱਚ ਕੁੱਲ ਲੋੜ ਦਾ ਅੱਧਾ ਹਿੱਸਾ ਬਾਰਦਾਨਾ ਆੜ੍ਹਤੀਆਂ ਕੋਲ ਹੈ ਅਤੇ ਲੋੜ ਪੈਣ ’ਤੇ ਹੋਰ ਦੇ ਦਿੱਤਾ ਜਾਵੇਗਾ।
ਪਿੰਡ ਸ਼ਹਾਬਪੁਰ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਈ ਦਿਨਾਂ ਤੋਂ ਬਾਰਦਾਨਾ ਨਾ ਆਉਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ| ਮੌਸਮ ਲਗਾਤਾਰ ਖ਼ਰਾਬ ਰਹਿਣ ਕਰ ਕੇ ਕਿਸਾਨਾਂ ਦੀ ਸਮੱਸਿਆ ਹੋਰ ਵਧ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਾਜਿਸ਼ ਤਹਿਤ ਬਾਰਦਾਨੇ ਦੀ ਘਾਟ ਪੈਦਾ ਕੀਤੀ ਗਈ ਹੈ| ਆਮ ਆਦਮੀ ਪਾਰਟੀ ਦੇ ਆਗੂ ਜਸਬੀਰ ਸਿੰਘ ਸੁਰਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਪਿੰਡ ਸੁਰਸਿੰਘ ਤੋਂ ਇਲਾਵਾ ਸਰਹੱਦੀ ਖੇਤਰ ਅੰਦਰ ਖਾਲੜਾ, ਅਮਰਕੋਟ, ਖੇਮਕਰਨ, ਅਲਗੋਂ, ਹਰੀਕੇ ਆਦਿ ਮੰਡੀਆਂ ਵਿੱਚ ਵੀ ਬਾਰਦਾਨੇ ਦੀ ਘਾਟ ਕਰ ਕੇ ਮੰਡੀਆਂ ਵਿੱਚ ਕਣਕ ਦਾ ਨੁਕਸਾਨ ਹੋ ਰਿਹਾ ਹੈ|
ਮੌਤ ਦੇ ਫੰਦੇ ਨੇ ਪ੍ਰਸ਼ਾਸਨ ਜਗਾਇਆ
ਭੁਲੱਥ (ਦਲੇਰ ਸਿੰਘ ਚੀਮਾ): ਇਬਰਾਹੀਮਵਾਲ ਮੰਡੀ ’ਚ ਖ਼ਰੀਦ ਨਾ ਹੋਣ ’ਤੇ ਕਿਸਾਨ, ਆੜ੍ਹਤੀ ਤੇ ਮਜ਼ਦੂਰਾਂ ਵੱਲੋਂ ਲਗਾਏ ਧਰਨੇ ਦੀ ਕਰੀਬ 4 ਘੰਟੇ ਤੱਕ ਕੋਈ ਸੁਣਵਾਈ ਨਾ ਹੋਣ ’ਤੇ ਕਿਸਾਨਾਂ ਨੇ ਮੰਡੀ ਦੇ ਨੇੜੇ ਰੁੱਖ ਨਾਲ ਮੌਤ ਦਾ ਫੰਦਾ ਤਿਆਰ ਕਰ ਲਿਆ। ਇਸ ਦੀ ਸੂਚਨਾ ਮਿਲਣ ’ਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਮੌਕੇ ਮੌਈ ਐਸਐਚਓ ਬੇਗੋਵਾਲ ਰਮਨ ਕੁਮਾਰ ਨੇ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਕਰੀਬ 4 ਘੰਟੇ ਬਾਅਦ ਪ੍ਰਸ਼ਾਸਨ ਵੱਲੋਂ ਇੰਸਪੈਕਟਰ ਅਮਨਦੀਪ ਸਿੰਘ ਢਿੱਲੋਂ ਮੌਕੇ ’ਤੇ ਪੁੱਜੇ ਅਤੇ ਵਿਸ਼ਵਾਸ਼ ਦਿਵਾਇਆ ਕਿ ਸਵੇਰੇ 10 ਵਜੇ ਹਰ ਹਾਲਤ ’ਚ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਇਸ ਉਪਰੰਤ ਆਗੂਆਂ ਨੇ ਧਰਨਾ ਮੁਲਤਵੀ ਕਰਨ ਤੇ ਐਲਾਨ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਖ਼ਰੀਦ ਨਾ ਸ਼ੁਰੂ ਹੋਈ ਤਾਂ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ।