ਕਾਠਮੰਡੂ, 28 ਨਵੰਬਰ
ਨੇਪਾਲ ਦੇ ਪਧਾਨ ਮੰਤਰੀ ਕੇ.ਪੀ. ਓਲੀ ਨੇ ਨੇਪਾਲ ਕਮਿਊਨਿਸਟ ਪਾਰਟੀ (ਸੀਪੀਐੱਨ) ਦੇ ਨੇਤਾ ਪੁਸ਼ਪ ਕਮਲ ਦਹਲ ‘ਪ੍ਰਚੰਡ’ ਵੱਲੋਂ ਲਾਏ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਉਹ ਪਾਰਟੀ ਨਾਲ ਸਲਾਹ ਮਸ਼ਵਰੇ ਤੋਂ ਬਿਨਾਂ ਹੀ ਸਰਕਾਰ ਚਲਾ ਰਹੇ ਹਨ। ਸੱਤਧਾਰੀ ਸੀਪੀਐੱਨ ਦੀ ਅੱਜ ਹੋਈ ਬੈਠਕ ਦੌਰਾਨ ਪ੍ਰਧਾਨ ਮੰਤਰੀ ਓਲੀ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ‘ਪ੍ਰਚੰਡ’ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ’ਚ 38 ਸਫ਼ਿਆਂ ਦਾ ਇੱਕ ਵੱਖਰਾ ਸਿਆਸੀ ਦਸਤਾਵੇਜ਼ ਵੀ ਸੌਂਪਿਆ। ਪਾਰਟੀ ਦੀ ਸਥਾਈ ਸਮਿਤੀ ਦੇ ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ‘ਪ੍ਰਚੰਡ’ ਵੱਲੋਂ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਵੱਖਰੇ ਤੌਰ ’ਤੇ ਇੱਕ ਰਿਪੋਰਟ ਸੌਂਪੀ। ਓਲੀ ਨੇ ਆਪਣੀ ਰਿਪੋਰਟ ’ਚ ਪ੍ਰਚੰਡ ’ਤੇ ਪਾਰਟੀ ਦੇ ਮਾਮਲਿਆਂ ਨੂੰ ਸੰਭਾਲਣ ’ਚ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। -ਪੀਟੀਆਈ