ਮਹਾਂਵੀਰ ਮਿੱਤਲ
ਜੀਂਦ, 30 ਅਕਤੂਬਰ
ਚੋਣ ਕਮਿਸ਼ਨ ਵੱਲੋਂ ਮਿਥੀ ਗਈ ਤਾਰੀਕ ਅਨੁਸਾਰ ਅੱਜ ਜੀਂਦ ਜ਼ਿਲ੍ਹੇ ਵਿੱਚ ਗ੍ਰਾਮੀਣ ਸਰਕਾਰ ਬਣਾਉਣ ਲਈ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਵੋਟਾਂ ਪਈਆਂ।
ਡੀਸੀ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜੀਂਦ ਜ਼ਿਲ੍ਹਾ ਪਰਿਸ਼ਦ ਦੇ 25 ਵਾਰਡਾਂ ਵਿੱਚ 159 ਉਮੀਦਵਾਰ ਹਨ। ਇਨ੍ਹਾਂ ਵਿੱਚ 86 ਪੁਰਸ਼, 72 ਮਹਿਲਾਵਾਂ ਹਨ। ਇਨ੍ਹਾਂ ਵਿੱਚ ਅਨੁਸੂਚਿਤ ਜਾਤੀ ਦੇ 51, ਪੱਛੜੇ ਵਰਗ ਦੇ 22 ਅਤੇ ਆਮ ਵਰਗ ਦੇ 86 ਉਮੀਦਵਾਰ ਸ਼ਾਮਲ ਹਨ। ਮਹਿਲਾ ਉਮੀਦਵਾਰਾਂ ਵਿੱਚ ਕਈ ਮਹਿਲਾ ਉਮੀਦਵਾਰ ਅਜਿਹੀਆਂ ਵੀ ਹਨ, ਕਿ ਉਨ੍ਹਾਂ ਦੀ ਨਜ਼ਰ ਜੀਂਦ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਪਦ ਉੱਤੇ ਟਿਕੀ ਹੋਈ ਹੈ ਕਿਉਂਕਿ ਜੀਂਦ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਪਦ ਦੀ ਸੀਟ ਮਹਿਲਾ ਲਈ ਰਾਖਵੀਂ ਕੀਤੀ ਗਈ ਹੈ ਪਰੰਤੂ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਣਨ ਲਈ ਪਹਿਲਾਂ ਇਸ ਦਾ ਮੈਂਬਰ ਬਣਨਾ ਜ਼ਰੂਰੀ ਹੈ ਜਿਸ ਦੀ ਪ੍ਰੀਕਿਰਿਆ ਅੱਜ ਕੀਤੀ ਗਈ। ਇਸੇ ਤਰ੍ਹਾਂ ਜੀਂਦ ਜ਼ਿਲ੍ਹੇ ਦੇ 7 ਪੰਚਾਇਤ ਸਮਿਤੀਆਂ ਦੀ ਚੋਣਾਂ ਵਿੱਚ 594 ਉਮੀਦਵਾਰ ਹਨ। ਇਨ੍ਹਾਂ ਉਮੀਦਵਾਰਾਂ ਵਿੱਚ 329 ਪੁਰਸ਼ ਅਤੇ 265 ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਅਨੁਸੂਚਿਤ ਜਾਤੀ ਦੀਆਂ 192, ਪੱਛੜੇ ਵਰਗ ਤੋਂ 132 ਅਤੇ ਆਮ ਵਰਗ ਤੋਂ 270 ਹਨ। ਡੀਸੀ ਡਾ. ਮਨੋਜ ਕੁਮਾਰ ਅਤੇ ਐੱਸਪੀ ਨਰਿੰਦਰ ਬਿਜਾਰਨੀਆ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਵਿੱਚ ਬਣਾਏ ਗਏ ਕੁੱਲ 882 ਮੱਤਦਾਨ ਕੇਂਦਰਾਂ ਉੱਤੇ ਮੱਤਦਾਨ ਕਰਵਾਇਆ ਗਿਆ। ਮੱਤਦਾਨ ਨੂੰ ਸਾਂਤੀ ਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਸੁਰੱਖਿਆ ਵਜੋਂ 2200 ਜਵਾਨ ਮੱਤਦਾਨ ਏਰੀਏ ਦੇ ਚੱਪੇ-ਚੱਪੇ ਉੱਤੇ ਤਾਇਨਾਤ ਕੀਤੇ ਗਏ ਸੀ। ਹਰ ਮੱਤਦਾਨ ਕੇਂਦਰ ਉੱਤੇ ਪਾਣੀ, ਬਿਜਲੀ, ਭੋਜਨ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਕਰਵਾ ਦਿੱਤਾ ਗਿਆ ਸੀ।
ਡੀਸੀ ਅਤੇ ਐੱਸਪੀ ਨੇ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਬੁਝਵਾਈ
ਜੀਂਦ: ਜੀਂਦ ਜ਼ਿਲ੍ਹੇ ਵਿੱਚ ਕਰਵਾਈ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਚੋਣਾਂ ਦਾ ਜਾਇਜ਼ਾ ਲੈਣ ਜਦੋਂ ਡੀਸੀ ਡਾ. ਮਨੋਜ ਕੁਮਾਰ ਅਤੇ ਐੱਸਪੀ ਨਰਿੰਦਰ ਬਿਜਾਰਨੀਆਂ ਸਾਂਝੇ ਤੌਰ ਉੱਤੇ ਪਿੰਡਾਂ ਦਾ ਮੁਆਇਨਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਨਗੂਰਾਂ ਦੇ ਖੇਤਾਂ ਵਿੱਚ ਕਿਸਾਨ ਸੀਸ਼ਪਾਲ ਦੁਆਰਾ ਪਰਾਲੀ ਨੂੰ ਅੱਗ ਲਗਾਉਂਦੇ ਹੋਏ ਵੇਖਿਆ। ਇਸ ਨੂੰ ਵੇਖਦੇ ਹੋਏ ਉਨ੍ਹਾਂ ਨੇ ਤੁਰੰਤ ਅਪਣੀ ਗੱਡੀਆਂ ਦਾ ਕਾਫ਼ਲਾ ਰੁਕਵਾਇਆ ਅਤੇ ਕਿਸਾਨ ਦੇ ਖੇਤ ਵਿੱਚ ਪਹੁੰਚਕੇ ਪੁਲੀਸ ਕਰਮਚਾਰੀਆਂ ਨੇ ਪਰਾਲੀ ਵਿੱਚ ਲਗਾਈ ਗਈ ਅੱਗ ਨੂੰ ਬੁਝਾਇਆ ਅਤੇ ਡੀਸੀ ਅਤੇ ਐੱਸਪੀ ਨੇ ਨਗੂਰਾਂ ਦੇ ਕਿਸਾਨ ਸੀਸ਼ਪਾਲ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਤੋਂ ਜਾਣੂ ਕਰਵਾਇਆ ਅਤੇ ਅੱਗੇ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਹਦਾਇਤਾਂ ਕੀਤੀਆਂ।