ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ ਡਿੱਗ ਗਿਆ ਹੈ ਤੇ ਲੋਕਾਂ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਸ਼ਹਿਰ ਦਾ ਤਾਪਮਾਨ ਪਿਛਲੇ ਦਿਨਾਂ ਨਾਲੋਂ 7 ਤੋਂ 8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸਿਟੀ ਬਿਊਟੀਫੁੱਲ ਵਿੱਚ ਅਗਲੇ 72 ਘੰਟਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਤੋਂ ਹੁਣ ਤੱਕ ਸ਼ਹਿਰ ਵਿੱਚ 12.8 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਨਾਲ ਤਾਪਮਾਨ ਵੀ ਡਿੱਗਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਘੱਟ ਹੈ। ਲੰਘੀ ਸ਼ਾਮ ਨੂੰ ਆਈ ਹਨੇਰੀ ਤੋਂ ਬਾਅਦ ਮੀਂਹ ਰਾਤ ਭਰ ਰੁਕ-ਰੁਕ ਕੇ ਪੈਂਦਾ ਰਿਹਾ। ਸਵੇਰੇ ਕੁਝ ਸਮੇਂ ਲਈ ਧੁੱਪ ਨਿਕਲੀ, ਪਰ ਬਾਅਦ ਵਿੱਚ ਅਸਮਾਨ ਵਿੱਚ ਕਾਲੀ ਘਟਾ ਤੋਂ ਬਾਅਦ ਤੇਜ਼ ਮੀਂਹ ਪੈਣ ਕਰਕੇ ਮੌਸਮ ਸੁਹਾਵਨਾ ਹੋ ਗਿਆ। ਦੁਪਹਿਰੇ ਸ਼ਹਿਰ ਵਿੱਚ ਧੁੱਪ ਨਿਕਲੀ ਜਿਸ ਤੋਂ ਬਾਅਦ ਬਾਜ਼ਾਰਾਂ ਅਤੇ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ ਸਣੇ ਹੋਰਨਾਂ ਥਾਵਾਂ ’ਤੇ ਲੋਕਾਂ ਦੀ ਭਾਰੀ ਭੀੜ ਰਹੀ।
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਅਗਲੇ 72 ਘੰਟੇ ਮੀਂਹ ਪੈਣ ਦੇ ਆਸਾਰ ਹਨ। ਅਗਲੇ ਹਫ਼ਤੇ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਅਨੁਸਾਰ ਜੂਨ ਦੇ ਅਖੀਰ ਵਿੱਚ ਉੱਤਰੀ ਭਾਰਤ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ।