ਮੁੰਬਈ: ਟੈਲੀਵਿਜ਼ਨ ਦੇ ਹਰਮਨਪਿਆਰੇ ਲੜੀਵਾਰ ‘ਰਾਮਾਇਣ’ ਵਿੱਚ ਆਰਿਆ ਸੁਮੰਤ ਦਾ ਕਿਰਦਾਰ ਨਿਭਾਉਣ ਵਾਲੇ ਤੇ ਫਿਲਮ ‘ਚਾ ਚਾ ਚਾ’ ਤੇ ‘ਸੁਰੰਗ’ ਰਾਹੀਂ ਪਛਾਣ ਬਣਾਉਣ ਵਾਲੇ ਉੱਘੇ ਅਦਾਕਾਰ ਚੰਦਰਸ਼ੇਖਰ ਦਾ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਉਨ੍ਹਾਂ ਦੇ ਪੁੱਤਰ ਤੇ ਪ੍ਰੋਡਿਊਸਰ ਅਸ਼ੋਕ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਆਖ਼ਰੀ ਸਾਹ ਲਿਆ। ਸ਼ੇਖਰ ਨੇ ਦੱਸਿਆ, ‘ਉਹ ਪਰਿਵਾਰ ਦੀ ਮੌਜੂਦਗੀ ਵਿਚ ਸੁੱਤੇ ਪਏ ਹੀ ਰਹਿ ਗਏ ਜਿਵੇਂ ਉਹ ਚਾਹੁੰਦੇ ਸਨ। ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ। ਇਹ ਸਿਰਫ਼ ਉਮਰ ਕਾਰਨ ਹੋਇਆ ਹੈ। ਉਨ੍ਹਾਂ ਨੇ ਵਧੀਆ ਜ਼ਿੰਦਗੀ ਬਤੀਤ ਕੀਤੀ।’ ਹੈਦਰਾਬਾਦ ਵਿੱਚ ਜੰਮੇ ਚੰਦਰਸ਼ੇਖਰ ਨੇ ਜੂਨੀਅਰ ਕਲਾਕਾਰ ਵਜੋਂ ਸਿਨੇ ਜਗਤ ਵਿੱਚ ਸ਼ੁਰੂਆਤ ਕੀਤੀ ਤੇ 1954 ਵਿੱਚ ਬਤੌਰ ਹੀਰੋ ਉਨ੍ਹਾਂ ਦੀ ਪਹਿਲੀ ਫਿਲਮ ‘ਸੁਰੰਗ’ ਸੀ। ਉਨ੍ਹਾਂ ਨੇ ਫਿਲਮ ‘ਕਵੀ’, ‘ਮਸਤਾਨਾ’, ‘ਬਸੰਤ ਬਹਾਰ’, ‘ਕਾਲੀ ਟੋਪੀ ਲਾਲ ਰੁਮਾਲ’ ਤੇ ‘ਬਰਸਾਤ ਕੀ ਰਾਤ’ ਵਿੱਚ ਕੰਮ ਕੀਤਾ। 1964 ਵਿੱਚ ਉਨ੍ਹਾਂ ਨੇ ਫਿਲਮ ‘ਚਾ ਚਾ ਚਾ’ ਰਾਹੀਂ ਪ੍ਰੋਡਕਸ਼ਨ ਤੇ ਨਿਰਦੇਸ਼ਨ ਦੇ ਖੇਤਰ ’ਚ ਪੈਰ ਰੱਖਿਆ, ਜਿਸ ਵਿੱਚ ਅਦਾਕਾਰਾ ਹੈਲਨ ਪਹਿਲੀ ਵਾਰ ਮੁੱਖ ਭੂਮਿਕਾ ’ਚ ਨਜ਼ਰ ਆਈ। 1987 ਵਿੱਚ ਉਨ੍ਹਾਂ ਨੂੰ ਟੀਵੀ ਸੀਰੀਅਲ ‘ਰਾਮਾਇਣ’ ਵਿੱਚ ਆਰਿਆ ਸੁਮੰਤ ਦਾ ਰੋਲ ਮਿਲਿਆ। 250 ਤੋਂ ਵੱਧ ਫਿਲਮਾਂ ’ਚ ਕੰਮ ਕਰਨ ਵਾਲੇ ਚੰਦਰਸ਼ੇਖਰ ਨੇ 1972-1976 ਤੱਕ ਲੇਖਕ ਤੇ ਫਿਲਮਸਾਜ਼ ਗੁਲਜ਼ਾਰ ਦੇ ਸਹਾਇਕ ਵਜੋਂ ਵੀ ਕੰਮ ਕੀਤਾ। -ਪੀਟੀਆਈ