ਪੱਤਰ ਪ੍ਰੇਰਕ
ਝੁਨੀਰ, 17 ਜੂਨ
ਝੁਨੀਰ ਖੇਤਰ ਦੀਆਂ ਸਮੂਹਿਕ ਸਹਿਕਾਰੀ ਖੇਤੀਬਾੜੀ ਸਭਾਵਾਂ ਵਿਚ ਇਸ ਸਮੇਂ ਯੂਰੀਆ ਦੀ ਭਾਰੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੂੰ ਸ਼ਹਿਰਾਂ ਦੇ ਪ੍ਰਾਈਵੇਟ ਡੀਲਰਾਂ ਤੋਂ ਕਈ-ਕਈ ਗੇੜੇ ਮਾਰਨ ਉਪਰੰਤ ਯੂਰੀਆ ਲਿਆਉਣਾ ਪੈਂਦਾ ਹੈ। ਇਸ ਖੇਤਰ ਦੇ ਉੱਦਮੀ ਕਿਸਾਨ ਹਰਦੇਵ ਸਿੰਘ ਕੋਟਧਰਮੂ, ਪਰਮਪ੍ਰੀਤ ਸਿੰਘ ਮਾਖਾ, ਗੁਰਤੇਜ ਸਿੰਘ ਨੰਦਗੜ੍ਹ ਅਤੇ ਮਲੂਕ ਸਿੰਘ ਝੁਨੀਰ ਆਦਿ ਕਿਸਾਨਾਂ ਨੇ ਦੱਸਿਆ ਕਿ ਜਦੋਂ ਜੀਰੀ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਤੀਹ ਦਿਨਾਂ ਦੇ ਅੰਦਰ ਅੰਦਰ ਪਨੀਰੀ ਦੇ ਵਾਧੇ ਲਈ ਤਿੰਨ ਵਾਰ ਯੂਰੀਆ ਖਾਦ ਦੇਣੀ ਪੈਂਦੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਯੂਰੀਆ ਦੀ ਭਾਰੀ ਤੋਟ ਹੋਣ ਕਾਰਨ ਜਦੋਂ ਕਿਸਾਨਾਂ ਨੂੰ ਸ਼ਹਿਰਾਂ ਦੇ ਪ੍ਰਾਈਵੇਟ ਡੀਲਰਾਂ ਕੋਲ ਜਾਣਾ ਪੈਂਦਾ ਹੈ ਤਾਂ ਉਹ ਕਿਸਾਨਾਂ ਨੂੰ ਯੂਰੀਆ ਦੇਣ ਵੇਲੇ ਧੱਕੇ ਨਾਲ ਹੋਰ ਗ਼ੈਰਜ਼ਰੂਰੀ ਖਾਦਾਂ ਅਤੇ ਵਸਤੂਆਂ ਦੇ ਰਹੇ ਹਨ। ਕਿਸਾਨਾਂ ਨੇ ਰਾਜ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਸਪਲਾਈ ਕਰਨ ਲਈ ਤੁਰੰਤ ਯੂਰੀਆ ਦਾ ਸਟਾਕ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਭੇਜੇ ਜਾਣ ਦੀ ਮੰਗ ਕੀਤੀ ਹੈ।