ਵਾਸ਼ਿੰਗਟਨ: ਜਹਾਜ਼ ਕੰਪਨੀਆਂ ਨੇ ਅਮਰੀਕਾ ਵਿੱਚ ਵੀਰਵਾਰ ਨੂੰ 1500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਦੇ ਲਿਹਾਜ਼ ਨਾਲ ਵੀਰਵਾਰ ਦਾ ਦਿਨ ਹੁਣ ਤੱਕ ਦੇ ਸਭ ਤੋਂ ਬੁਰੇ ਦਿਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਟਰੈਕਿੰਗ ਸਰਵਿਸ ਫਲਾਈਟਅਵੇਅਰ ਮੁਤਾਬਕ, ਨਿਊਯਾਰਕ ਵਿੱਚ ਲਾਗਾਰਡੀਆ ਹਵਾਈ ਅੱਡੇ ’ਤੇ ਇੱਕ ਤਿਹਾਈ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਨਿਊਜਰਸੀ ਦੇ ਨੇੜਲੇ ਨੇਵਾਰਕ ਲਬਿਰਟੀ ਹਵਾਈ ਅੱਡੇ ’ਤੇ ਇੱਕ ਚੌਥਾਈ ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਜਹਾਜ਼ ਕੰਪਨੀਆਂ ਨੇ ਕੁੱਝ ਹੀ ਹਫ਼ਤੇ ਪਹਿਲਾਂ ‘ਮੈਮੋਰੀਅਲ ਡੇਅ’ ਛੁੱਟੀਆਂ ਦੇ ਹਫ਼ਤੇ ਦੌਰਾਨ ਪੰਜ ਦਿਨਾਂ ਵਿੱਚ ਲਗਪਗ 2800 ਉਡਾਣਾਂ ਰੱਦ ਕੀਤੀਆਂ ਸਨ। ਇਸ ਸਬੰਧੀ ਟਰਾਂਸਪੋਰਟ ਮੰਤਰੀ ਪੀਟ ਬੁਟੀਗੀਗ ਨੇ ਹਵਾਈ ਜਹਾਜ਼ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਵਰਚੁਅਲ ਮੀਟਿੰਗ ਕੀਤੀ। -ਏਪੀ