ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 13 ਸਤੰਬਰ
ਇੱਥੇ ਅਨਾਜ ਮੰਡੀ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਟਰੱਕ ਯੂਨੀਅਨ ਦੇ ਨਾਂ ’ਤੇ ਬਿਨਾਂ ਕਿਸੇ ਅਧਿਕਾਰ ਤੋਂ ਟਰੱਕ ਦੀ ਓਵਰਲੋਡ ਦੀ ਇੱਕ ਹਜ਼ਾਰ ਰੁਪਏ ਦੀ ਪਰਚੀ ਕੱਟ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ, ਕਿਸਾਨ ਅਤੇ ਵਪਾਰੀ ਮੰਡੀ ਬੋਰਡ ਦੇ ਅਧਿਕਾਰੀ ਅਮਨਦੀਪ ਸਿੰਘ ਸੰਧੂ ਦੇ ਕੋਲ ਪਹੁੰਚੇ। ਮਾਮਲਾ ਤੂਲ ਫੜਦਾ ਦੇਖ ਕੇ ਐੱਸਐੱਚਓ ਜੰਡਿਆਲਾ ਗੁਰੂ ਦਵਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚੇ।
ਜੰਡਿਆਲਾ ਗੁਰੂ ਮੰਡੀ ਦੇ ਆੜ੍ਹਤੀਆਂ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਨਾਮ ’ਤੇ ਜੋ ਗੁੰਡਾ ਟੈਕਸ ਓਵਰਲੋਡ ਦੀ ਹਰ ਟਰੱਕ ਕੋਲੋਂ ਇੱਕ ਹਜ਼ਾਰ ਰੁਪਏ ਦੀ ਵਸੂਲੀ ਹੋ ਰਹੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਆੜ੍ਹਤੀ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਬਿਨਾਂ ਕੋਈ ਆਰਟੀਓ ਜਾਂ ਪੁਲੀਸ ਅਧਿਕਾਰੀ ਤੋਂ ਕੋਈ ਵੀ ਓਵਰਲੋਡ ਦਾ ਜੁਰਮਾਨਾ ਵਸੂਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਸਾਰੀਆਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਸਨ। ਇਸ ਕਰ ਕੇ ਇਹ ਯੂਨੀਅਨ ਹੁਣ ਕਿਸ ਤਰ੍ਹਾਂ ਵਸੂਲੀ ਕਰ ਸਕਦੀ ਹੈ। ਇਸ ਮਾਮਲੇ ਵਿੱਚ ਮੰਡੀ ਬੋਰਡ ਦੇ ਦਫਤਰ ਪਹੁੰਚੇ ਟਰੱਕ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਜੌਹਲ ਨੇ ਕਿਹਾ ਕਿ ਉਹ ਪੰਜਾਬ ਟਰੱਕ ਏਕਤਾ ਵੈੱਲਫੇਅਰ ਸੁਸਾਇਟੀ ਦੇ ਪੰਜਾਬ ਪ੍ਰਧਾਨ ਹਨ ਪਰ ਜਦੋਂ ਐੱਸਐੱਚਓ ਜੰਡਿਆਲਾ ਗੁਰੂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਅਧਿਕਾਰ ਨਾਲ ਓਵਰਲੋਡ ਦੀ ਪਰਚੀ ਕੱਟ ਰਹੇ ਹਨ ਤਾਂ ਗੁਰਨਾਮ ਸਿੰਘ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ।
ਗੁੰਡਾ ਟੈਕਸ ਵਸੂਲੀ ਖ਼ਿਲਾਫ਼ ਕਾਰਵਾਈ ਕਰਾਂਗੇ: ਈਟੀਓ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਮਾਮਲੇ ਬਾਰੇ ਕਹਿਣਾ ਹੈ ਕਿ ਉਹ ਖ਼ੁਦ ਵੀ ਇਹੋ ਜਿਹੇ ਗ਼ੈਰਕਾਨੂੰਨੀ ਕੰਮਾਂ ਦੇ ਖ਼ਿਲਾਫ਼ ਹਨ ਅਤੇ ਇਸ ਗੁੰਡਾ ਟੈਕਸ ਵਸੂਲੀ ਖ਼ਿਲਾਫ਼ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਜਾਣਗੇ।