ਨਵੀਂ ਦਿੱਲੀ, 19 ਮਈ
ਦਿੱਲੀ ਦੀ ਇੱਕ ਅਦਾਲਤ ਨੇ ਅਤਿਵਾਦੀ ਫੰਡਿੰਗ ਨਾਲ ਸਬੰਧਤ ਮਾਮਲੇ ’ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਲਾਏ ਗਏ ਦੋਸ਼ਾਂ ਸਮੇਤ ਸਾਰੇ ਦੋਸ਼ ਸਵੀਕਾਰ ਕਰਨ ਵਾਲੇ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਅੱਜ ਦੋਸ਼ੀ ਠਹਿਰਾਇਆ ਹੈ।
ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਐੱਨਆਈਏ ਅਥਾਰਿਟੀ ਨੂੰ ਮਲਿਕ ਨੂੰ ਜੁਰਮਾਨਾ ਲਾਉਣ ਲਈ ਉਸ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਦਾ ਨਿਰਦੇਸ਼ ਦਿੱਤੇ ਅਤੇ ਸਜ਼ਾ ’ਤੇ ਦਲੀਲਾਂ ਲਈ ਮਾਮਲੇ ਦੀ ਸੁਣਵਾਈ 25 ਮਈ ਨੂੰ ਤੈਅ ਕੀਤੀ ਹੈ। ਮਲਿਕ ਨੇ ਅਦਾਲਤ ’ਚ ਕਿਹਾ ਸੀ ਕਿ ਉਹ ਖੁਦ ਖ਼ਿਲਾਫ਼ ਲਾਏ ਗਏ ਦੋਸ਼ਾਂ ਦਾ ਵਿਰੋਧ ਨਹੀਂ ਕਰਦਾ। ਅਦਾਲਤ ਨੇ ਇਸ ਤੋਂ ਪਹਿਲਾਂ ਕਸ਼ਮੀਰੀ ਵੱਖਵਾਦੀ ਅਗੂ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ, ਸ਼ੱਬੀਰ ਸ਼ਾਹ, ਮਸੱਰਤ ਆਲਮ, ਮੁਹੰਮਦ ਯੂਸੁਫ਼ ਸ਼ਾਹ, ਆਫਤਾਬ ਅਹਿਮਦ ਸ਼ਾਹ, ਅਲਤਾਫ਼ ਅਹਿਮਦ ਸ਼ਾਹ, ਨਈਮ ਖਾਨ, ਮੁਹੰਮਦ ਅਹਿਮਦ ਖਾਂਡੇ, ਰਾਜਾ ਮਹਿਰਾਜੂੱਦੀਨ ਕਲਵਲ, ਬਸ਼ੀਰ ਅਹਿਮਦ ਭੱਟ, ਜ਼ਹੂਰ ਅਹਿਮਦ ਸ਼ਾਹ ਵਤਾਨੀ, ਸ਼ਬੀਰ ਅਹਿਮਦ ਸ਼ਾਹ, ਅਬਦੁਲ ਰਸ਼ੀਦ ਸ਼ੇਖ ਤੇ ਨਵਲ ਕਿਸ਼ੋਰ ਕਪੂਰ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਲਸ਼ਕਰ-ਏ-ਤਾਇਬਾ ਦੇ ਬਾਨੀ ਹਾਫਿਜ਼ ਸਈਦ ਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਖ਼ਿਲਾਫ਼ ਵੀ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। -ਪੀਟੀਆਈ
ਪਾਕਿਸਤਾਨ ਵੱਲੋਂ ਭਾਰਤੀ ਦੂਤਾਵਾਸ ਦਾ ਅਧਿਕਾਰੀ ਤਲਬ
ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੂੰ ਇੱਥੇ ਵਿਦੇਸ਼ ਮੰਤਰਾਲੇ ’ਚ ਤਲਬ ਕਰਕੇ ਉਨ੍ਹਾਂ ਨੂੰ ਆਪਣੇ ਇਤਰਾਜ਼ ਸਬੰਧੀ ਦਸਤਾਵੇਜ਼ ਸੌਂਪਿਆ ਜਿਸ ’ਚ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਖ਼ਿਲਾਫ਼ ਦੋਸ਼ ਲਾਏ ਜਾਣ ਦੀ ਸਖਤ ਨਿੰਦਾ ਕੀਤੀ ਗਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਸ਼ਮੀਰੀ ਹੁਰੀਅਤ ਆਗੂ ਮਲਿਕ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਬਿਆਨ ’ਚ ਕਿਹਾ ਗਿਆ, ‘ਭਾਰਤੀ ਦੂਤਾਵਾਸ ਨੂੰ ਪਾਕਿਸਤਾਨ ਦੀ ਚਿੰਤਾ ਤੋਂ ਜਾਣੂ ਕਰਵਾਇਆ ਗਿਆ ਹੈ ਕਿ ਭਾਰਤ ਸਰਕਾਰ ਨੇ ਕਸ਼ਮੀਰੀ ਲੋਕਾਂ ਦੀ ਆਵਾਜ਼ ਦਬਾਉਣ ਲਈ ਮਲਿਕ ਨੂੰ ਫਰਜ਼ੀ ਮਾਮਲੇ ’ਚ ਫਸਾਇਆ ਹੈ।’ -ਪੀਟੀਆਈ