ਲੱਖਾਂ ਲੋਕ ਭਾਰਤ ਵਿਚ ਬਣਾਏ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਖਿ਼ਲਾਫ਼ ਧਰਨੇ ਲਾ ਰਹੇ ਹਨ। ਖਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਤਹਿਤ ਖੇਤੀਬਾੜੀ ਸੈਕਟਰ ਦੀ ਵਾਗਡੋਰ ਵੱਡੇ ਸਰਮਾਏਦਾਰਾਂ ਦੇ ਹੱਥ ਦੇ ਦਿੱਤੀ ਜਾਵੇਗੀ ਅਤੇ ਛੋਟੀ ਕਿਸਾਨੀ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਮੋਰਚੇ ਵਿਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਸ਼ਮੂਲੀਅਤ ਇਸ ਸੰਘਰਸ਼ ਨੂੰ ਕੇਵਲ ਸਰਕਾਰੀ ਤਾਨਾਸ਼ਾਹੀ ਤੋਂ ਸਤੇ/ਤਪੇ ਮਰਦਾਂ ਦਾ ਘੋਲ ਹੋਣ ਦੀ ਧਾਰਨਾ ਨੂੰ ਵੰਗਾਰਦੀ ਹੈ। ਨੌਜਵਾਨ ਔਰਤਾਂ ਮੋਰਚੇ ਵਿਚ ਸਰਗਰਮ ਹੋ ਕੇ ਇਹ ਯਕੀਨੀ ਬਣਾ ਰਹੀਆਂ ਹਨ ਕਿ ਇਹ ਸੰਘਰਸ਼ ਔਰਤਾਂ ਦੀ ਸਮਾਜ ਵਿਚ ਬਰਾਬਰ ਦੀ ਹਿੱਸੇਦਾਰੀ ਲਈ ਵੀ ਇਨਕਲਾਬੀ ਹੋਵੇ। ਅਸਲ ਵਿਚ ਪੰਜਾਬ ਦੇ ਪਿੰਡਾਂ ਅਤੇ ਲਾਗਲੇ ਹਿੱਸਿਆਂ ਵਿਚੋਂ ਆਈਆਂ ਔਰਤਾਂ ਨੇ ਇਸ ਘੋਲ ਵਿਚ ਆਪਣਾ ਹਿੱਸਾ ਪਾ ਕੇ ਸਦੀਆਂ ਤੋਂ ਲੱਗੇ ਸਮਾਜਿਕ ਨਾਕੇ ਤੋੜੇ ਹਨ। ਉਨ੍ਹਾਂ ਦੀ ਇਹ ਕਾਰਗੁਜ਼ਾਰੀ ਉਨ੍ਹਾਂ ਬਾਰੇ ਬਣੀ ਆਮ ਧਾਰਨਾ ਕਿ ਔਰਤਾਂ ਸਿਆਸੀ ਸਮਝ ਵਿਚ ਅਣਭੋਲ ਹੁੰਦੀਆਂ ਹਨ, ਨੂੰ ਰੱਦ ਕਰਦੀ ਹੈ।
ਮੋਰਚੇ ਵਿਚ ਸਰਗਰਮ ਇਨ੍ਹਾਂ ਔਰਤ ਕਾਰਕੁਨਾਂ ਨੇ ਜਿੱਥੇ ਭਾਰਤ ਸਰਕਾਰ ਦੇ ਉਸ ਬਿਆਨ ਨੂੰ ਵੰਗਾਰਿਆ ਹੈ ਜਿਸ ਵਿਚ ਇਸ ਮੋਰਚੇ ਨੂੰ ਦੇਸ਼ ਦਾ ‘ਅੰਦਰੂਨੀ ਮਸਲਾ’ ਹੋਣ ਦਾ ਕਹਿ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਸਾਨ ਧਰਨਾਕਾਰੀਆਂ ਦੇ ਹੱਕ ਵਿਚ ਬਿਆਨ ਦੇਣ ਤੋਂ ਵਰਜਣ ਦਾ ਯਤਨ ਕੀਤਾ ਸੀ, ਉਥੇ ਇਹੀ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀਆਂ ਕਾਰਕੁਨ ਸਮਾਜ ਅਤੇ ਸੱਭਿਆਚਾਰ ਦੇ ਫੋਕੇ ‘ਅੰਦਰੂਨੀ ਮਸਲਿਆਂ’ ਨੂੰ ਲਲਕਾਰ ਰਹੀਆਂ ਹਨ। ਇਨ੍ਹਾਂ ਦਾ ਆਪਣੇ ਸਮਾਜ ਪ੍ਰਤੀ ਪਿਆਰ ਅਤੇ ਸੰਘਰਸ਼ ਵਿਚ ਲਾਮਬੰਦ ਹੋਣਾ ਇਨ੍ਹਾਂ ਨੂੰ ਨਿਡਰ ਬਣਾਉਂਦਾ ਹੈ।
ਇਸ ਮੋਰਚੇ ਵਿਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਸ਼ਮੂਲੀਅਤ ਸਰਕਾਰੀ ਬਿਰਤਾਂਤ ਨੂੰ ਵੰਗਾਰਦੀ ਹੈ ਜੋ ਇਸ ਸੰਘਰਸ਼ ਨੂੰ ਕੇਵਲ ਸਤੇ/ਤਪੇ ਮਰਦਾਂ ਦਾ ਘੋਲ ਦੱਸਣਾ ਚਹੁੰਦੀ ਹੈ। ਮੋਰਚੇ ਵਿਚ ਮਰਦ ਕਿਸਾਨਾਂ ਦੇ ਸੰਸੇ, ਅੱਥਰੂ ਅਤੇ ਆਪਣੀ ਜ਼ਮੀਨ ਖੁੱਸਣ ਦੇ ਡਰ ਨੂੰ ਔਰਤ ਰਿਪੋਰਟਰ ਹੀ ਕੈਮਰਿਆਂ ਵਿਚ ਕੈਦ ਕਰ ਰਹੀਆਂ ਹਨ, ਨਾਲ ਹੀ ਤਕਰੀਰਾਂ ਜ਼ਰੀਏ ਕਿਸਾਨੀ ਮੁੱਦਿਆਂ ਨੂੰ ਲੋਕਾਂ ਵਿਚ ਉਭਾਰ ਰਹੀਆਂ ਹਨ। ਇਹ ਮੋਰਚੇ ਵਿਚ ਆਈਆਂ ਉਨ੍ਹਾਂ ਔਰਤਾਂ ਲਈ ਵੀ ਆਵਾਜ਼ ਬੁਲੰਦ ਕਰ ਰਹੀਆਂ ਹਨ ਜਿਨ੍ਹਾਂ ਦੇ ਬੱਚੇ, ਪਤੀ, ਭਰਾ ਅਤੇ ਦੋਸਤ-ਮਿੱਤਰ ਖੇਤੀ ਦੇ ਕਰਜ਼ਿਆਂ ਥੱਲੇ ਆ ਕੇ ਖੁਦਕੁਸ਼ੀਆਂ ਕਰ ਗਏ।
ਹਰਿਆਣਾ ਤੋਂ ਆਈ ਅੰਜਲੀ ਸ਼ਿਓਰਾਨ ਦੱਸਦੀ ਹੈ, “ਖੇਤੀ ਅਤੇ ਪੇਂਡੂ ਬਿਰਥਾ ਸੱਚਮੁੱਚ ਨਾਰੀਵਾਦ ਦਾ ਮੁੱਦਾ ਹੈ।” ਉਹ ਕਹਿੰਦੀ ਹੈ ਕਿ ਉਹ ਸਟੂਡੈਂਟਸ ਫਾਰ ਸੁਸਾਇਟੀ ਦੀ ਮੈਂਬਰ ਹੋਣ ਨਾਤੇ ਇੱਥੇ ਆਈ ਹੈ।”
ਕਈ ਔਰਤਾਂ ਪਿੰਡਾਂ ਨੂੰ ਜਥੇਬੰਦ ਕਰ ਕੇ ਆਪਣੇ ਨਾਲ ਰਾਸ਼ਨ, ਜ਼ਰੂਰੀ ਸਮਾਨ ਅਤੇ ਹੋਰ ਮਰਦ-ਔਰਤਾਂ ਨੂੰ ਨਾਲ ਲੈ ਕੇ ਸਿੱਧਾ ਮੋਰਚੇ ਤੇ ਆ ਡਟੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿਚ ਆਈਆਂ ਇਨ੍ਹਾਂ ਔਰਤਾਂ ਨੇ ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਹਨ। ਸਿੱਖ ਸਿਧਾਂਤ ਤੇ ਖੜ੍ਹਦਿਆਂ ਇਹ ਸਾਰਿਆਂ ਵਾਸਤੇ ਜਾਤਪਾਤ, ਧਰਮ ਅਤੇ ਸਮਾਜਿਕ ਚਿੰਨ੍ਹਾਂ ਦੇ ਵਿਤਕਰੇ ਬਗੈਰ ਲੰਗਰ ਲਈ ਸੇਵਾ ਕਰਦੀਆਂ ਹਨ। ਅੰਜਲੀ ਦੱਸਦੀ ਹੈ, “ਲੰਗਰ ਦੀ ਤਿਆਰੀ ਦੌਰਾਨ ਮਰਦ ਅਤੇ ਔਰਤਾਂ ਹਰ ਕੰਮ ਬਰਾਬਰੀ ਨਾਲ ਕਰ ਰਹੇ ਹਨ। ਇਹ ਵਤੀਰਾ ਆਪਣੇ ਆਪ ਹੀ ਸਥਾਪਤ ਪਿਤਰਵਾਦੀ ਰਵਾਇਤਾਂ ਨੂੰ ਖੋਰਾ ਲਾ ਰਿਹਾ ਹੈ।”
ਇਕ ਹੋਰ ਵਿਦਿਆਰਥਣ ਕਵਲਪ੍ਰੀਤ ਕੌਰ ਦੱਸਦੀ ਹੈ ਕਿ ਸਿੱਖ ਮੁਟਿਆਰ ਹੋਣ ਦੇ ਨਾਤੇ ਉਹਨੂੰ ਯਕੀਨ ਹੈ ਕਿ ਉਨ੍ਹਾਂ ਦੀ ਸਾਰੀ ਪੀੜ੍ਹੀ ਉਸ ਵਿਦਰੋਹ ਦੀ ਉਪਜ ਹੈ ਜੋ ਪੰਜਾਬ ਨੇ ਇਤਿਹਾਸ ਵਿਚ ਜ਼ਾਲਮ ਹੁਕਮਰਾਨਾਂ ਅਤੇ ਦੇਸ਼ ਦੀਆਂ ਤਾਨਸ਼ਾਹ ਤਾਕਤਾਂ ਖਿਲ਼ਾਫ ਦਿਖਾਇਆ ਹੈ। ਉਸ ਮੁਤਾਬਿਕ, ਉਨ੍ਹਾਂ ਦੀਆਂ ਦਾਦੀਆਂ-ਨਾਨੀਆਂ ਵੀ ਇਨ੍ਹਾਂ ਧਰਨਿਆਂ ਵਿਚ ਸ਼ਾਮਿਲ ਹਨ ਅਤੇ ਉਹ ਵੀ ਸੜਕ ਉੱਤੇ ਰੋਸ ਪ੍ਰਗਟ ਕਰ ਰਹੀਆਂ ਹਨ। ਇਹ ਸਭ ਕੁਝ ਨਵੀਂ ਪੀੜ੍ਹੀ ਵਾਸਤੇ ਸੰਘਰਸ਼ ਦਾ ਆਦਰਸ਼ਵਾਦੀ ਰੂਪ ਹੈ। ਇਸ ਦੇ ਨਾਲ ਹੀ ਉਹ ਸਿਆਸੀ ਮਹੱਤਵ ਵਾਲੀ ਟਿੱਪਣੀ ਕਰਦੀ ਹੋਈ ਕਹਿੰਦੀ ਹੈ ਕਿ ਇਸ ਨਾਲ ਆਪਸੀ ਏਕਤਾ ਬਹੁਤ ਵਧੀ ਹੈ ਜਿਸ ਕਰ ਕੇ ਇੰਨੀ ਵੱਡੀ ਗਿਣਤੀ ਵਿਚ ਲੋਕ ਆਏ ਹਨ।
ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾਉਂਦੀ ਨਵਪ੍ਰੀਤ ਕੌਰ ਮੋਰਚੇ ਵਾਲੀ ਜਗ੍ਹਾ ਉੱਤੇ ਕਈ ਵਾਰ ਆ ਚੁੱਕੀ ਹੈ। ਉਹ ਕਹਿੰਦੀ ਹੈ, “ਇਹ ਸਾਰੀਆਂ ਇਹੀ ਕਹਿੰਦੀਆਂ ਹਨ ਕਿ ਉਹ ਆਪਣੀ ਰੋਜ਼ੀ ਰੋਟੀ ਉੱਤੇ ਪਈ ਭੀੜ ਕਰ ਕੇ ਇਥੇ ਆਈਆਂ ਹਨ। ਉਹ ਦੱਸਦੀਆਂ ਹਨ ਕਿ ਕੋਈ ਇਹ ਨਾ ਸੋਚੇ ਕਿ ਉਹ ਇਥੇ ਸਿਰਫ ਆਪਣੇ ਪੁੱਤਰਾਂ ਅਤੇ ਪਤੀਆਂ ਕਰ ਕੇ ਆਈਆਂ ਹਨ।” ਉਸ ਮੁਤਾਬਿਕ, “ਕੋਈ ਵੀ ਕਿਸਾਨ ਉਦੋਂ ਤੱਕ ਘਰੋਂ ਕੰਮ ਲਈ ਬਾਹਰ ਨਹੀਂ ਨਿਕਲ ਸਕਦਾ ਜਦ ਤੱਕ ਕਿਸੇ ਨੇ ਚੁੱਲ੍ਹਾ ਬਾਲ ਕੇ ਉਸ ਦਾ ਢਿੱਡ ਨਾ ਭਰਿਆ ਹੋਵੇ। ਬਾਕੀ ਗੱਲਾਂ ਛੱਡੋ, ਔਰਤਾਂ ਵੀ ਖੇਤੀ ਕਰਦੀਆਂ ਹਨ ਪਰ ਇਸ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ?” ਇਸ ਤੋਂ ਇਲਾਵਾ ਇਨ੍ਹਾਂ ਧਰਨਿਆਂ ਵਿਚ ਹਿੱਸਾ ਲੈ ਰਹੀਆਂ ਔਰਤਾਂ ਸਮਾਜ ਦੇ ਉਸ ਸੱਚ ਨਾਲ ਵੀ ਜੁੜੀਆਂ ਹਨ ਜਿੱਥੇ ਔਰਤਾਂ ਦੀ ਗਿਣਤੀ ਮਾਦਾ ਭਰੂਣ ਹੱਤਿਆ ਕਰ ਕੇ ਘੱਟ ਹੈ, ਜਿਥੇ ਸੱਭਿਆਚਾਰਕ ਤੌਰ ਤੇ ਮਰਦਪੁਣੇ ਦੇ ਦਿਖਾਵਾ ਹੁੰਦਾ ਹੈ, ਜਿਥੇ ਰੋਜ਼ਾਨਾ ਔਰਤਾਂ ਖਿ਼ਲਾਫ਼ ਹਿੰਸਾ ਹੁੰਦੀ ਹੈ, ਉਨ੍ਹਾਂ ਦੇ ਹੱਕ ਖੋਹ ਲਏ ਜਾਂਦੇ ਹਨ। ਇਸ ਸੱਚ ਤੋਂ ਨਾਰੀਵਾਦ ਸੋਚ ਰੱਖਣ ਵਾਲੀਆਂ ਔਰਤਾਂ ਅਣਜਾਣ ਨਹੀਂ। ਉਹ ਪੂਰੇ ਜੋਸ਼ ਨਾਲ ਇਸ ਮੋਰਚੇ ਵਿਚ ਹਿੱਸਾ ਲੈ ਰਹੀਆਂ ਹਨ ਪਰ ਨਾਲੋ-ਨਾਲ ਬਰਾਬਰੀ ਅਤੇ ਚੰਗੇ ਭਵਿੱਖ ਲਈ ਹਿੱਸੇਦਾਰੀ ਦਾ ਦਾਅਵਾ ਵੀ ਕਰਦੀਆਂ ਹਨ।
ਹਰਪ੍ਰੀਤ ਇਕ ਇਤਰਾਜ਼ ਵੀ ਕਰਦੀ ਹੈ, “ਸਟੇਜ ਤੋਂ ਜਦੋਂ ਇਹ ਐਲਾਨ ਹੋਇਆ ਕਿ ‘ਇਥੇ ਕੁਝ ਨੌਜਵਾਨ ਔਰਤਾਂ ਸਰਕਾਰ ਦੀਆਂ ਭੇਜੀਆਂ ਜਾਸੂਸ ਨਾ ਹੋਣ, ਇਸ ਲਈ ਉਨ੍ਹਾਂ ਤੋ ਸਾਵਧਾਨ ਰਹੋ’, ਤਾਂ ਸਾਨੂੰ ਇਹ ਸੁਣ ਕੇ ਬਹੁਤ ਧੱਕਾ ਲੱਗਾ। ਇਹ ਸ਼ਾਇਦ ਜਗੀਰਦਾਰੀ ਮਾਨਸਿਕਤਾ ਕਰ ਕੇ ਸੀ। ਅਸੀਂ ਮੋਰਚੇ ਦੇ ਸੰਚਾਲਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਆਪਣੇ ਇਹ ਬਿਆਨ ਵਾਪਸ ਲੈ ਲਏ।” ਹਰਪ੍ਰੀਤ ਕੌਰ ਅਤੇ ਅਜਿਹੀਆਂ ਹੋਰ ਜਾਗਰੂਕ ਔਰਤਾਂ ਅਜਿਹੇ ਮੁੱਦੇ ਚੁੱਕਣ ਤੋਂ ਪਿੱਛੇ ਨਹੀਂ ਹਟਦੀਆਂ। ਉਨ੍ਹਾਂ ਨੂੰ ਸੋਝੀ ਹੈ ਕਿ ਜਿ਼ਆਦਾਤਰ ਸਮਾਜਿਕ ਸੰਘਰਸ਼ ਵਿਚ ਔਰਤਾਂ ਪ੍ਰਤੀ ਅਜਿਹੀ ਪਹੁੰਚ ਵਾਲੀਆਂ ਬਣਤਰਾਂ ਦਿਸ ਜਾਂਦੀਆਂ ਹਨ।
ਅੰਜਲੀ ਮੋਰਚੇ ਦੇ ਪਹਿਲੇ ਦਿਨਾਂ ਨੂੰ ਯਾਦ ਕਰਦਿਆਂ ਉਸ ਦੌਰਾਨ ਆਈਆਂ ਮੁਸ਼ਕਿਲਾਂ ਬਾਰੇ ਗੱਲ ਕਰਦੀ ਹੈ, “ਔਰਤ ਧਰਨਾਕਾਰੀਆਂ ਨੂੰ ਸਟੇਜ ਤੋਂ ਬੋਲਣ ਵੱਲ ਮੋਰਚੇ ਦੇ ਸੰਚਾਲਕਾਂ ਨੂੰ ਧਿਆਨ ਦਿਵਾਉਣਾ ਪਿਆ ਅਤੇ ਅਗਲੇ ਦਿਨ ਹੀ ਉਨ੍ਹਾਂ ਦੀ ਸਾਥਣ ਨੇ ਉਥੇ ਭਾਸ਼ਣ ਦਿੱਤਾ। … ਜਦੋਂ ਵੀ ਕੋਈ ਸੰਘਰਸ਼ ਹੁੰਦਾ ਹੈ, ਸਮਾਜ ਦੇ ਅੱਗੇ ਵਧਣ ਦੀ ਰਫਤਾਰ ਵੀ ਤੇਜ਼ ਹੋ ਜਾਂਦੀ ਹੈ। ਬੱਸ ਉਥੇ ਆਪਣਾ ਪੱਖ ਰੱਖਣ ਲਈ ਤੁਹਾਡਾ ਹੋਣਾ ਉਥੇ ਜ਼ਰੂਰੀ ਹੈ। ਕੋਈ ਵੀ ਸੰਘਰਸ਼ ਤਾਂ ਹੀ ਅੱਗੇ ਵਧ ਸਕਦਾ ਹੈ, ਜੇ ਹਰ ਵਰਗ ਨੂੰ ਨਾਲ ਰਲਾ ਕੇ ਚੱਲੇਗਾ। ਅੱਜ ਸਾਨੂੰ ਹਰ ਹਾਲ ਸਰਕਾਰ ਅਤੇ ਸਰਮਾਏਦਾਰਾਂ ਖਿਲਾਫ ਲੜਨਾ ਚਾਹੀਦਾ ਹੈ।” ਨਾਲ ਹੀ ਉਹ ਸਵਾਲ ਕਰਦੀ ਹੈ: ਕੀ ਸਾਡੇ ਅੰਦਰ ਉਸ ਨਿਰਾਲੇ ਸੰਘਰਸ਼ ਬਾਰੇ ਸੁਣਨ ਦੀ ਹਿੰਮਤ ਹੈ ਜਿਸ ਨੂੰ ਇਹ ਔਰਤਾਂ ਦੇਖ ਹੀ ਨਹੀਂ ਰਹੀਆਂ ਸਗੋਂ ਆਕਾਰ ਵੀ ਦੇ ਰਹੀਆਂ ਹਨ?